(ਵਿਅੰਗ)/“ਇਕ ਗਰਮ ਚਾਏ ਕੀ ਪਿਆਲੀ ਹੋ”/ਪ੍ਰੋ. ਜਸਵੰਤ ਸਿੰਘ ਗੰਡਮ

ਪਿੱਛੇ ਜਿਹੇ ਸਾਡੇ ਗੁਆਂਢੀ ਮੁਲਕ ਦੇ ਇਕ ਮੰਤਰੀ ਨੇ ਆਪਣੇ ਲੋਕਾਂ ਨੂੰ ਇਕ-ਦੋ ਕੱਪ ਘੱਟ ਚਾਹ ਪੀਣ ਦੀ ਸਲਾਹ ਦਿਤੀ ਤਾਂ ਸੋਸ਼ਲ ਮੀਡੀਆ ਉਪਰ ਬਵਾਲ ਮਚ ਗਿਆ।

“ ਆਪਣੇ ਪੈਸਿਆਂ ਦੀ ਪੀਂਦੇ ਹਾਂ,ਸਰਕਾਰ ਦੇ ਪੈਸਿਆਂ ਦੀ ਤਾਂ ਨਹੀਂ ਪੀਂਦੇ’,”ਕਿਉਂ ਕਮ ਕਰੂੰ ਮੈਂ ਮਰ ਜਾਉਂ’?’ਸਾਡੀ ਜਾਨ ਲੈ ਲਉ,ਕਦੀ ਕਹਿੰਦੇ  ਹੋ ਚਾਹ ਅਦਭੁਤ ਹੈ ਕਦੀ ਕਹਿੰਦੇ ਹੋ ਘੱਟ ਪੀਉ’।ਗੁਆਂਢੀ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਸਾਬਕਾ ਪਤਨੀ ਨੇ ਤਾਂ ਗੁੱਸੇ ਵਿਚ ਇਥੋਂ ਤਕ ਕਹਿ ਦਿਤਾ ਕਿ ਪਹਿਲਾਂ ਰੋਟੀ ਅੱਧੀ ਖਾਣ ਲਈ ਕਿਹਾ ਹੁਣ ਚਾਹ ਤੇ ਕੱਟ ਲਾਉਣ ਨੂੰ ਕਹਿ ਰਹੇ ਹੋ।ਨਹੀਂ ਸ਼੍ਰੀਮਾਨ,ਇਹ ਨਹੀਂ ਚਲੇਗਾ”।ਹੋਰ ਤਾਂ ਹੋਰ,’ਹਮਸਾਏ ਮਾਂ ਪਿੳੇ ਜਾਏ ਦੀ ਕਹਾਵਤ’ ਨੂੰ ਸੱਚ ਕਰਦਿਆਂ ਸਾਡੇ ਲ਼ੋਕਾਂ ਵਲੋਂ ਵੀ ਸੋਸ਼ਲ ਮੀਡੀਆ ਉਪਰ ਓਧਰਲੇ ਚਾਹ-ਪ੍ਰੇਮੀਆਂ ਦੀ ਹਮਾਇਤ ਹੋਣ ਲਗ ਪਈ।ਬੌਲੀਵੁਡ ਵਾਲੇ ਵੀ ਮੈਦਾਨ ਵਿਚ ਆ ਗਏ ਅਤੇ ‘ਚਾਏ ਪੇ ਕੱਟ’ ਦਾ ਵਿਰੋਧ ਕਰਨ ਲਗ ਪਏ।

ਕਹਿੰਦੇ ਹਨ ਕਿ ਗੁਆਂਢੀ ਮੁਲਕ ਦੇ ਕਈ ਸ਼ਹਿਰਾਂ ਵਿਚ ਇਸ ਸੁਝਾਅ ਵਿਰੁੱਧ ਟੀ-ਸਟਾਲ ਅਪਰੇਟਰਾਂ ਨੇ ਰੋਸ ਮਾਰਚ ਵੀ ਕੀਤੇ।

ਮੰਤਰੀ ਜੀ ਨੇ ਤਾਂ ਬਸ ਲੋਕਾਂ ਨੂੰ ਐਨਾਂ ਹੀ ਕਿਹਾ ਸੀ ਕਿ ‘ਚਾਏ ਕੀ ਏਕ ਏਕ ਪਿਆਲੀ ਦੋ ਦੋ ਪਿਆਲੀਆਂ ਕਮ ਕਰ ਦੇਂ ਕਿਉਂਕਿ ਉਧਾਰ ਲੇ ਕੇ ਚਾਇ ਦਰਾਮਦ ਕਰਨੀ ਪੜਤੀ ਹੈ’ ਜਿਸ ਕਾਰਨ ਪਹਿਲਾਂ ਤੋਂ ਹੀ ਆਰਥਕ ਸੰਕਟ ਨਾਲ ਗ੍ਰਸਤ ਮੁਲਕ ਵਿਚ ਬਦੇਸ਼ੀ ਮੁਦਰਾ ਦੇ ਭੰਡਾਰ ਨੂੰ ਖੋਰਾ ਲਗ ਰਿਹਾ ਹੈ।

ਚਾਹ ਦੇ ਰੋਜ਼ਾਨਾਂ ਪੀਏ ਜਾਣ ਵਾਲੇ ਕੱਪਾਂ ‘ਚ ਕੱਟ ਲਾਉਣ ਦੇ ਸੁਝਾ ਪਿਛੇ ਇਹ ਤਲਖ ਸਚਾਈ ਕੰਮ ਕਰ ਰਹੀ ਸੀ ਕਿ ਸਬੰਧਤ ਮੁਲਕ ਵਿਸ਼ਵ ਭਰ ਵਿਚ ਸਭ ਤੋਂ ਵਧੇਰੇ ਚਾਹ ਦਰਾਮਦ ਕਰਨ ਵਾਲੇ ਮੁਲਕਾਂ ਵਿਚ ਹੈ।ਮੀਡੀਆ ਰਿਪੋਰਟਾਂ ਅਨੁਸਾਰ 2021-22 ਦੇ ਵਿਤੀ ਵਰ੍ਹੇ ਦੌਰਾਨ ਉਸ ਮੁਲਕ ਵਿਚ 83.88 ਅਰਬ ਰੁਪਏ(400 ਮਿਲੀਅਨ ਅਮਰੀਕੀ ਡਾਲਰ) ਦੀ ਚਾਹ ਪੀਤੀ ਗਈ ਸੀ।ਇਸ ਕਾਰਨ ਉਹਨਾਂ ਨੂੰ 13 ਅਰਬ ਰੁਪਏ(60 ਮਿਲੀਅਨ ਅਮਰੀਕੀ ਡਾਲਰ) ਦੀ ਕੀਮਤ ਦੀ ਵਧੇਰੇ ਚਾਹ ਦਰਾਮਦ ਕਰਨੀ ਪਈ।

ਪਰ ਕਰੀਏ ਕੀ,’ਛੁਟਤੀ ਨਹੀਂ ਹੈ ਕੰਮਬਖਤ ਮੂੰਹ ਕੋ ਲਗੀ ਹੂਈ’!ਗੁਆਢੀਆਂ ਨੂੰ ਕੀ ਕਹਿਣਾ,ਅਸੀਂ ਆਪ ਗਰਮਾਂ ਗਰਮ ਚਾਹ ਦੇ ਕੱਪ ਵਿਚੋਂ ਨਿਕਲਦੀ ਭਾਫ ਦੇ ਆਸ਼ਕ ਹਾਂ।ਸਿਆਲ ਨੂੰ ਤਾਂ ਇਹ ਨਜ਼ਾਰਾ ਸਵਰਗੀ ਹੁੰਦੈ!ਅਸੀਂ ਚਾਹ ਦੇ ਕੱਪ ਤਾਂ 2 ਕੁ ਹੀ ਪੀਂਦੇ ਹਾਂ ਪਰ ਸਾਡੀ ਸ਼ਰੀਕੇ-ਹਯਾਤ ਦਿਹਾੜੀ ‘ਚ 5-7 ਕੱਪ ਲਪੇਟ ਜਾਂਦੀ ਐ!

ਸਾਡੇ ਇਕ ਜਾਣਕਾਰ ਨੂੰ ’ਟੀ-ਅਡਿਕਸ਼ਨ’(ਚਾਹ ਦੀ ਲਤ) ਐਨੀ ਹੈ ਕਿ ਉਹ ਸਵੇਰ ਸਾਰ ਉਠਕੇ ਓਨੀ ਦੇਰ ਤਕ ‘ਹਲਕਾ’ ਨਹੀਂ ਹੋ ਸਕਦਾ ਜਿੰਨੀ ਦੇਰ ਉਹ 6-7 ਚਾਹ ਦੇ ਕੱਪ ਅਤੇ ਰੱਜ ਕੇ ਅਨੇਕਾਂ ਕਛ  ਨਾਂ ਲਾ ਲਵੇ!

ਹਮਸਾਏ ਮੁਲਕ ਦੇ ਮੰਤਰੀ ਜੀ,ਸਾਡੇ ਤਾਂ ਇਧਰ ਰਿਸ਼ਤੇ ਹੀ ਚਾਹ ਦੇ ਕੱਪ ਉਪਰ ਹੁੰਦੇ ਹਨ,ਜੇ ਚਾਹ ਹੀ ਘਟਾ ਦਿਤੀ ਤਾਂ ਰਿਸ਼ਤੇ ਭਲਾ ਕਿਵੇਂ ਹੋਣਗੇ?ਇਹ ਗੱਲ ਤੁਹਾਡੇ ਵਲ ਵੀ ਜ਼ਰੂਰ ਲਾਗੂ ਹੁੰਦੀ ਹੋਏਗੀ।ਸ਼ਾਇਦ ਤੁਸੀਂ ਵੀ 1983 ਦੀ ਹਿੰਦੀ ਫਿਲਮ ‘ਸੌਂਤਨ’ ਦਾ ਗੀਤ ਸੁਣਿਆਂ ਹੋਵੇ-

‘ਸ਼ਾਇਦ ਮੇਰੀ ਸ਼ਾਦੀ ਕਾ ਖਯਾਲ ਦਿਲ ਮੇਂ ਆਯਾ ਹੈ,

ਇਸੀ ਲੀਏ ਮੰਮੀ ਨੇ ਮੇਰੀ ਤੁਮੇ ਚਾਏ ਪੇ ਬੁਲਾਇਆ ਹੈ’।

ਨਾਲੇ ਜਨਾਬ! ਭਾਫ ਛਡਦੀ ਗਰਮਾਂ ਗਰਮ ਚਾਹ ਹੋਵੇ ਅਤੇ ਨਾਲ ਚਾਅ-ਭਰੀ ਚਾਹ ਨਾਲ ਪਿਲਾਉਣ ਵਾਲੀ ਚੀਚ ਵਹੁਟੀ ਵਰਗੀ ਸੁੰਦਰ ਸਖੀ ਹੋਵੇ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ।ਸੰਨ 2000 ਦੀ ਫਿਲਮ ਹਰ ‘ਦਿਲ ਜੋ ਪਿਆਰ ਕਰੇਗਾ’ ਵਿਚ ਇਕ ਗੀਤ ਹੈ-

‘ਇਕ ਗਰਮ ਚਾਇ ਕੀ ਪਿਆਲੀ ਹੋ,

ਕੋਈ ਉਸ ਕੋ ਪਿਲਾਨੇ ਵਾਲੀ ਹੋ,

ਚਾਹੇ ਗੋਰੀ ਹੋ ਯਾ ਕਾਲੀ ਹੋ,

ਸੀਨੇ ਸੇ ਲਗਾਨੇ ਵਾਲੀ ਹੋ’।

 

ਅਜੀਤ ਅਖਬਾਰ ਦੇ ਬਾਨੀ ਸੰਪਾਦਕ ਅਤੇ ਪ੍ਰਸਿੱਧ ਗਜ਼ਲਗੋ ਡਾ. ਸਾਧੂ ਸਿੰਘ ਹਮਦਰਦ ਦੇ ਸ਼ੇਅਰ ਦੀ ਇਕ ਸਤਰ ਹੈ-

‘ਸਾਡਾ ਦਿਲ ਬਹਿਲਾ ਦਿਤਾ ਏ ਕੱਪ ਚਾਹ ਦੇ ਨਾਲ’।

 

ਮੇਰੇ ਇਕ ਮਿੱਤਰ ਦਾ ਸ਼ੇਅਰ ਹੈ-

ਤੇਰੀ ਚਾਹ ਦਾ ਮਾਰਾ ਇਥੇ ਆਉਂਦਾ ਹਾਂ,

ਵਰਨਾਂ ਚਾਹ ਕੀ ਹੈਨੀਂ ਸ਼ਹਿਰ ਫਗਵਾੜੇ ਵਿਚ’?

 

ਇਕ ਵੱਖਰੀ ਵੰਨਗੀ ਦਾ ਸ਼ੇਅਰ ਵੀ ਦੇਖ ਲਉ-

‘ਸੱਜਨਾਂ ਨੂੰ ਚਾਹ ਸੀ ਮੇਰੀ ਮੌਤ ਦੀ,

ਚਾਹ ਪਿਲਾ ਪਿਲਾ ਕੇ ਮੈਨੂੰ ਮਾਰਿਆ’।

 

ਸਾਡੇ ਤਾਂ ਬੌਲੀਵੁਡ ਫਿਲਮਾਂ ਦੇ ਖਲਨਾਇਕਾਂ ਦੇ ਚਮਚੇ ਵੀ ਹੀਰੋ ਨੂੰ ਚਾਹ-ਮਲਵੀਂ ਧਮਕੀ ਦੇਣ ਵੇਲੇ ਵੀ ਅਦਰਕ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ!’ਸਿੰਘਮ’ ਫਿਲਮ ਵਿਚ ਮੁੱਖ ਗੁੰਡੇ ਦਾ ਲੰਗੋਟੀ-ਚੁੱਕ ਫਿਲਮ ਦੇ ਨਾਇਕ ਨੂੰ ਕਹਿੰਦਾ ਹੈ-ਚਲ, ਕੜਕ ਚਾਇ ਮੰਗਾ,ਅਦਰਕ ਮਾਰ ਕੇ।ਕਈ ਵਾਰ ਅਜਿਹੇ ਚਮਚਿਆਂ ਵਲੋਂ‘ਮਲਾਈ-ਮਾਰਵੀਂ’ ਕੜਕ ਚਾਇ ਮੰਗਾਏ ਜਾਣ ਦੀ ਵੀ ਫਰਮਾਇਸ਼ ਕੀਤੀ ਜਾਂਦੀ ਹੈ।

ਵਿਸ਼ਵ ਵਿਚ ਪੀਣ ਵਾਲੇ ਪਦਾਰਥਾਂ ਵਿਚ ਚਾਹ ਸਭ ਤੋਂ ਵਧ ਪਿਆਰੇ ਪਦਾਰਥਾਂ ਵਿਚ ਸ਼ੁਮਾਰ ਹੁੰਦੀ ਹੈ।ਚਾਹ ਇਕ ਅਨੂਠਾ ਪ੍ਰੇਮ ਹੈ,ਇਕ ਅਦਭੁਤ ਭਾਵ ਹੈ।ਇਹ ਜ਼ਿੰਦਗੀ ਦੀ ਨੀਰਸਤਾ\ਥਕਾਨ ਨੂੰ ਕੱਪ ‘ਚੋਂ ਨਿਕਲਦੀ ਭਾਫ ਨਾਲ ਉਡਾਉਣ ਦਾ ਨਿਵੇਕਲਾ ਮਾਧਿਅਮ ਹੈ!

 

ਅੱਜ-ਕੱਲ੍ਹ ਤਾਂ ਚਾਹ ਵੀ ਕਈ ਕਿਸਮ ਦੀ ਹੈ-ਵਾਈਟ,ਬਲ਼ੈਕ,ਗਰੀਨ,ਰੈਗੂਲਰ,ਲਾਰਜ,ਗਰਮ,ਠੰਡੀ,ਲੂਣੀ,ਮਿੱਠੀ,ਆਈਸਡ,ਹਨੀ,ਫਿੱਕੀ,ਮਸਾਲੇਦਾਰ,ਅਦਰਕ,ਪੁਦੀਨਾਂ,ਹਰਬਲ ਚਾਹ,ਗਾੜ੍ਹੇ ਦੁੱਧ ਅਤੇ ਮਿੱਠੇ ਵਾਲੀ ਚਾਹ(ਜੋ ਰਵਾਇਤੀ ਪਰਿਵਾਰਾਂ ਵਿਚ ਬਹੁਤ ਹਰਮਨ-ਪਿਆਰੀ ਹੈ)।

ਸਾਡੇ ਬਚਪਨ ਵੇਲੇ ਸਿਰਫ ਗੁੜ ਵਾਲੀ ਚਾਹ ਹੀ ਬਣਦੀ ਸੀ,ਖੰਡ ਵਾਲੀ ਕਿਸੇ ਆਏ-ਗਏ ਵੇਲੇ ਹੀ ਬਣਦੀ ਸੀ(ਉਹ ਵੀ ਸਿਰਫ ਪ੍ਰਾਹੁਣੇ ਲਈ ਨਾਂ ਕਿ ਬਾਕੀ ਪਰਿਵਾਰ ਲਈ)।

ਵੈਸੇ 50 ਕੁ ਸਾਲ ਪਹਿਲਾਂ ਪਿੰਡਾਂ ਵਿਚ ਬਹੁਤੀ ਚਾਟੀ ਵਾਲੀ ਲੱਸੀ ਪੀਤੀ ਜਾਂਦੀ ਸੀ,ਚਾਹ ਘੱਟ-ਵਧ ਹੀ ਪੀਂਦੇ ਸਨ।ਹੁਣ ਤਾਂ ਚਾਰੇ-ਪਾਸੇ ਚਾਹ ਦੀ ਚੌਧਰ ਹੈ।

ਚਾਹ ਪੀਣ ਦੇ ਵੀ ਕਈ ਢੰਗ ਹਨ-ਚਾਹ ਦੀਆਂ ਚੁਸਕੀਆਂ ਲੈ ਲੈ ਚਾਹ ਪੀਣਾ,ਸੁਰਕੜੇ ਮਾਰ ਮਾਰ ਚਾਹ ਪੀਣਾ,ਸਿੱਪ ਸਿੱਪ ਕਰਕੇ ਪੀਣਾ,ਚਾਹ ਦੇ ਘੁੱਟ ਭਰ ਭਰ ਪੀਣਾ,ਮਲਕੜੇ ਜਿਹੇ ਬੁੱਲ ਛੁਹਾ ਕੇ ਇਸ ਤਰਾਂ ਪੀਣਾ ਜਿਵੇਂ ਚਾਹ ਦੇ ਕੱਪ ਨੂੰ ਪੁੱਛ ਰਹੇ ਹੋਈਏ ਕਿ ਤੈਨੂੰ ‘ਟੱਚ’ ਕੀਤਿਆਂ ਦਰਦ ਤਾਂ ਨਹੀਂ ਹੋਏਗਾ!

ਸਾਡਾ ਤਾਂ ਪੈੱਗ ਵੀ ਚਾਹ ਹੈ ਅਤੇ ਪਟਿਆਲਾ ਪੈੱਗ ਵੀ ਚਾਹ ਦਾ ਪਿਆਲਾ ਹੀ ਹੈ!ਸੋ ਅਸੀਂ ਤਾਂ ਚਾਹ ਦਾ ਕੱਪ ਐਨੇ ਚਾਅ ਨਾਲ ਪੀਂਦੇ ਹਾਂ ਜਿਦਾਂ ਸ਼ਾਮ ਨੂੰ ਪੈੱਗ ਦੀ ਮਹਿਫਲ ਲਾਉਣ ਵਾਲੇ ‘ਡਰਿੰਕ’ ਕਰਦੇ ਹਨ।ਬਸ,ਜ਼ਰਾ ਸਨੈਕਸ ਜਾਂ ਸਲਾਦ ਹੀ ਨਹੀਂ ਰਖੀਦਾ,ਉਂਜ ਪੂਰੀ ਮਹਿਫਲ ਸਜਾਈ ਦੀ ਹੈ।

ਚਾਹ ਚੀਨ ਤੋਂ ਪੈਦਾ ਹੋਈ।ਮਹਾਨਕੋਸ਼ ਵਿਚ ਇਸ ਸਬੰਧੀ ਇਕ ਚੀਨੀ ਮਿੱਥ ਦਾ ਵਰਨਣ ਹੈ। ਇਸ ਅਨੁਸਾਰ ਚੀਨੀਆਂ ਦਾ ਮੰਨਣਾ ਹੈ ਕਿ ਚਾਯ ਦੀ ਉਤਪਤੀ ਇਕ ਰਿਖੀ ਦੇ ਭੌਹਾਂ(ਭਰਵੱਟੇ) ਦੇ ਵਾਲਾਂ ਤੋਂ ਹੋਈ ਹੈ।ਕੋਸ਼ ਅਨੁਸਾਰ ਚਾਯ ਫਾਰਸੀ ਦਾ ਸ਼ਬਦ ਹੈ ਅਤੇ ਅੰਗਰੇਜ਼ੀ ਦੇ ਟੀ ਦਾ ਮੂਲ ਲਾਤੀਨੀ ਕੈਮੀਲੀਆ ਥੀਅ ਹੈ।

ਬਲੈਕ,ਗਰੀਨ ਅਤੇ ਊਲੌਂਗ ਚਾਹ-ਪੱਤੀ ‘ਕੈਮੀਲੀਆ ਸਿਨੈਨਸਿਸ’ ਨਾਮ ਦੇ ਪੌਦੇ ‘ਚੋਂ ਪੈਦਾ ਹੁੰਦੀ ਹੈ ਜੋ ਚੀਨ,ਭਾਰਤ ਅਤੇ ਜਾਪਾਨ ਵਿਚ ਹੁੰਦਾ ਹੈ।

17 ਵੀਂ ਸਦੀ ‘ਚ ਚੀਨ ਦੇ ਫੂਜੀਅਨ ਪ੍ਰਾਂਤ ਦੀ ਅਮੌਇ ਬੰਦਰਗਾਹ ਤੋਂ ਡੱਚ ਵਪਾਰੀ ਚਾਹ ਦਾ ਕਾਰੋਬਾਰ ਕਰਦੇ ਸਨ।ਉਥੋਂ ਦੀ ਸਥਾਨਕ ਭਾਸ਼ਾ ਵਿਚ ਇਸ ਨੂੰ ‘ਤੇ’ ਕਹਿੰਦੇ ਸਨ।ਇਸ ਦਾ ਮੂਲ ਪੁਰਾਤਨ ਚੀਨੀ ਭਾਸ਼ਾ ਦਾ ਸ਼ਬਦ ‘ਦਾ’ ਹੈ (ਸਰੋਤ-ਕੋਲਿਨਜ਼ ਇੰਗਲਿਸ਼ ਡਿਕਸ਼ਨਰੀ)।

ਡੱਚ ਵਪਾਰੀਆਂ ਰਾਹੀਂ ਚਾਹ ਯੂਰਪ ਪੁੱਜੀ ਅਤੇ ਸ਼ਬਦ ‘ਟੀ’ ਬਣ ਗਿਆ ਜੋ ਅੰਗਰੇਜ਼ੀ,ਲਾਤੀਨੀ ਸਮੇਤ ਅਨੇਕਾਂ ਭਾਸ਼ਾਵਾਂ ਵਿਚ ਪ੍ਰਚਲਤ ਹੋ ਗਿਆ।1599 ਵਿਚ ਇਹ ਯੂਰਪ ਵਿਚ ਪਹੁੰਚ ਚੁੱਕਾ ਸੀ।

ਪਰ ਪੁਰਤਗਾਲੀਆਂ ਨੇ ਹਾਂਗਕਾਂਗ,ਮਕਾਊ,ਕੈਂਟਨ,ਗੁਆਗਜ਼ਹੋਊ ਤੋਂ ‘ਚਾ\ਚਾਇ’ ਸ਼ਬਦ ਅਪਣਾਇਆ।ਭਾਰਤ ਵਿਚ ਇਹ ਸ਼ਬਦ ਪਹਿਲਾਂ ਹੀ ਪ੍ਰਚਲਤ ਹੋ ਗਿਆ ਸੀ ਕਿਉਂਕਿ ਭਾਰਤ 1511 ਤੋਂ ਹੀ ਪੁਰਤਗਾਲੀਆਂ ਦੀ ਕਲੋਨੀ ਸੀ।

ਸੋ ਚੀਨੀ ‘ਤੇ’ ਮਾਲੇ ਅਤੇ ਮੈਂਡਾਰਿਨ ਦਾ ‘ਚਾ\ਚਾਇ’ 17ਵੀਂ ਸਦੀ ਦੇ ਮੱਧ ਵਿਚ ‘ਟੀ’-ਟੀ.ਈ.ਏ. ਵਾਲਾ ਅਤੇ ‘ਟੀ’-ਟੀ.ਈ.ਈ. ਵਾਲਾ ਸ਼ਬਦ ਵਰਤੋਂ ਵਿਚ ਆਉਣ ਲਗ ਪਿਆ।ਚਾਹ ਦੇ ਹੋਰ ਵੀ ਕਈ ਨਾਮ ਹਨ-ਫਰਾਂਸਿਸੀ ਵਿਚ ‘ਦੇ’,ਤਾਮਿਲ ਵਿਚ ‘ਤੇ’,ਜਰਮਨ ਵਿਚ ‘ਦੀ’ ਆਦਿ।

ਪੁਰਤਗਾਲੀਆਂ ਵਿਚ ਇਸ ਦੇ ਸੰਖੇਪ ਸ਼ਬਦ ਬਨਣ ਬਾਰੇ ਦੋ ਗੱਲਾਂ ਪ੍ਰਚੱਲਤ ਹਨ।ਕਹਿੰਦੇ ਹਨ ਕਿ ਪੁਰਤਗਾਲੀ ਆਪਣੇ ਚਾਹ ਦੇ ਡੱਬਿਆਂ ਉਪਰ ‘ਕੈਕਸਾ ਹੈਰਵਾਸ ਐਰੋਮੈਟਿਕਸ’ ਲਿਖਦੇ ਸਨ ਜਿਸ ਦਾ ਸੰਖੇਪ ‘ਚਾ’ (ਸੀ.ਐਚ.ਏ.) ਬਣਦਾ ਸੀ(ਕੈਕਸਾ ਦੇ ਪਹਿਲੇ ਅੱਖਰ ਦੇ ‘ਕ’ ਦਾ ਉਚਾਰਨ ‘ਸੀ’ ਹੈ)।

ਇਕ ਹੋਰ ਧਾਰਨਾਂ ਹੈ। ਡੱਬਿਆਂ ਉਪਰ ‘ਟਰਾਂਸਪੋਰਟੇ ਦੇ ਐਰਵਾਸ ਐਰੋਮੈਟਿਕਸ’ ਲਿਖਿਆ ਜਾਂਦਾ ਸੀ ਜਿਸ ਦਾ ਸੰਖੇਪ ‘ਟੀ’(ਟੀ.ਈ.ਏ.) ਬਣਦਾ ਹੈ।

ਵਿਲੀਯਮ ਐਚ. ਯੂਕਰਜ਼ ਆਪਣੀ ਪੁਸਤਕ ‘ਦਾ ਰੋਮਾਂਸ ਆਫ ਟੀ’ ਵਿਚ ਜਾਣਕਾਰੀ ਦਿੰਦਾ ਹੈ ਕਿ ‘ਟੀ’ ਸ਼ਬਦ ਨਾਂ ਤਾਂ ਸ਼ੇਕਸਪੀਅਰ ਨੇ ਕਿਧਰੇ ਵਰਤਿਐ ਅਤੇ ਨਾਂ ਹੀ ਇਹ ਸ਼ਬਦ ਬਾਈਬਲ ਵਿਚ ਮਿਲਦਾ ਹੈ।ਉਸ ਅਨੁਸਾਰ ਇਸ ਦਾ ਪਹਿਲਾ ਉਚਾਰਨ ਵੀ ‘ਟੇ’ ਸੀ।

ਵਿਸ਼ੇਸ਼ ਵਰਗ\ਖਿੱਤੇ ਦੀ ਭਾਸ਼ਾ ਵਿਚ ‘ਟੀ’ ਦਾ ਅਰਥ ‘ਮੈਰਿਜੁਆਨਾ’(ਇਕ ਨਸ਼ਾ) ਵੀ ਹੁੰਦਾ ਹੈ।

ਬਰਤਾਨੀਆਂ ਵਿਚ ਲੌਢੇਵੇਲੇ ਦੀ ਚਾਹ ਵੀ ਹੁੰਦੀ ਹੈ ਜੋ ਹਲਕੇ ਖਾਣੇ ਨਾਲ ਪੀਤੀ ਜਾਂਦੀ ਹੈ।ਸ਼ਾਇਦ ਅੰਗਰੇਜ਼ਾਂ ਦੀ ਦੇਖਾ-ਦੇਖੀ ਸਾਡੇ ਵੀ ਇਧਰ ਕਈ ਲੋਕ ਲੌਢੇਵੇਲੇ\ਸ਼ਾਮ ਦੀ ਚਾਹ ਪੀਂਦੇ ਹਨ।ਬਰਤਾਨੀਆਂ ਅਤੇ ਆਸਟਰੇਲੀਆ ਵਿਚ ‘ਹਾਈ ਟੀ’ ਵੀ ਹੁੰਦੀ ਹੈ ਜੋ ਸ਼ਾਮ ਦਾ ਮੁਖ ਖਾਣਾ ਹੁੰਦੈ।

ਖੈਰ! ਚਾਹ ਦੀਆਂ ਚੁਸਕੀਆਂ ਤਾਂ ਗੁਆਂਢੀ ਮੁਲਕ ਵਿਚ ਵੀ ਚਲਦੀਆਂ ਹੀ ਰਹਿਣਗੀਆਂ ਅਤੇ ਸਾਡੇ ਇਥੇ ਵੀ(ਭਾਰਤ ਤਾਂ ਵਿਸ਼ਵ ਵਿਚ ਪਹਿਲੇ 5 ਚਾਹ-ਬਰਾਮਦਕਾਰ ਮੁਲਕਾਂ ‘ਚ ਹੈ ਅਤੇ ਕੁਲ ਬਰਾਮਦ ‘ਚ ਕਰੀਬ 10% ਯੋਗਦਾਨ ਪਾਉਂਦੈ)।ਸਾਡੇ ਤਾਂ ਹੁਣ ਇਥੇ ਛੋਟੇ ਛੋਟੇ ਸ਼ਹਿਰਾਂ ਵਿਚ ਵੀ ‘ਚਾਇ ਸੂਟਾ ਬਾਰ’,’ਚਾਇਔਪ’,ਚਾਇ-ਕਛ’ ਵਰਗੇ ਵਿਲੱਖਣ ਨਾਵਾਂ ਵਾਲੇ ਚਾਹਖਾਨੇ ਖੁਲ ਗਏ ਹਨ ਜਿਥੇ ਕੁੱਲੜਾਂ ‘ਚ ਚਾਹ ਪਰੋਸੀ ਜਾਂਦੀ ਹੈ,ਵਡੇ ਸ਼ਹਿਰਾਂ ਬਾਰੇ ਤਾਂ ਆਪ ਹੀ ਸੋਚ ਲਉ!

ਸਾਡੇ ‘ਚਾਏ ਪੇ ਚਰਚਾ’ ਹੁੰਦੀ ਰਹਿੰਦੀ ਹੈ।ਸੁਸਤਾਉਣ ਲਈ ਵੀ ਅਤੇ ਤਰੋ-ਤਾਜ਼ਾ ਹੋਣ ਲਈ ਵੀ ਚਾਹ ਪੀਤੀ ਜਾਂਦੀ ਹੈ।ਕਈ ਤਾਂ ਵਿਸ਼ੇਸ਼ ਕਿਸਮ ਦੇ ਵਡੇ ਵਡੇ ਮੱਗਾਂ\ਕੱਪਾਂ ਵਿਚ ਚਾਹ ਪੀਂਦੇ ਹਨ। ਲੰਮੇ ਰੂਟ ਦੀ ਡਰਾਈਵਿੰਗ ਵਾਲੇ,ਖਾਸ ਤੌਰ ਤੇ ਟਰੱਕ ਡਰਾਈਵਰ ਤਾਂ ਚਲਦੇ ਹੀ ਚਾਹ ਦੇ ਸਿਰ ਤੇ ਹਨ।

ਸਾਡੇ ਤਾਂ ਪ੍ਰਧਾਨ ਸੇਵਕ ਦਾ ਵੀ ਚਾਹ ਨਾਲ ਗਹਿਰਾ ਰਿਸ਼ਤਾ ਹੈ।

ਹਾਂ,ਜੇ ਕੋਈ ਬਹੁਤੀ ਤਿੜ-ਫਿੜ ਕਰੇ ਤਾਂ ਸਾਡੇ ‘ਚ੍ਹਾਟਾ ਛਕਾਉਣ’ ਦਾ ਰਿਵਾਜ ਵੀ ਹੈ!

ਉਂਝ ਆਏ-ਗਏ ਨੂੰ ਚਾਹ-ਪਾਣੀ ਨਾ ਪੁੱਛਣਾ ਮਿਸਾਲੀ ਪੰਜਾਬੀ ਪ੍ਰਾਹੁਣਚਾਰੀ ਨੂੰ ਮੇਹਣਾ ਮਾਰਨ ਬਰਾਬਰ ਹੈ।

ਆਪਣੇ ਤਾਂ ਬਹੁਤੇ ਦਫਤਰਾਂ ਵਿਚ ਕਿਸੇ ਦਾ ਓਨੀਂ ਦੇਰ ਕੰਮ ਨਹੀਂ ਹੁੰਦਾ ਜਿੰਨੀ ਦੇਰ ਉਹ ਓਥੇ ‘ਚਾਹ-ਪਾਣੀ’ ਦਾ ਪ੍ਰਬੰਧ ਨਹੀਂ ਕਰਦਾ।ਪਰ ਇਹ ਦਫਤਰੀ ਚਾਹ-ਪਾਣੀ ਪ੍ਰਾਹੁਣਚਾਰੀ ਨਹੀਂ,ਲਾਚਾਰੀ ਹੈ।

ਚਾਹ ਮੇਲ-ਮਿਲਾਪ ਦਾ ਵੀ ਸਾਧਨ ਹੈ।ਕਈ ਪਰਿਵਾਰਾਂ ਵਿਚ ਅਜੇ ਵੀ ਇਕੱਠਿਆਂ ਬੈਠ ਕੇ ਚਾਹ ਪੀਣ ਦਾ ਮੁਹੱਬਤੀ ਵਰਤਾਰਾ ਮੌਜੂਦ ਹੈ।

ਇਕ ਟੀਵੀ ‘ਐਡ’ ਵਿਚ ਜਦ ਇਕ ਵਿਆਹੀ ਭੈਣ ਨੂੰ ਮਿਲਣ ਆਈ ਦੂਜੀ ਭੈਣ ਆਉਂਦੇ ਸਾਰ ਹੀ ਚਾਹ ਪੀਣ ਦੀ ਇੱਛਾ ਪ੍ਰਗਟ ਕਰਦੀ ਹੈ ਤਾਂ ਮੇਜ਼ਬਾਨ ਭੈਣ ਦੇ ਇਹ ਪੁੱਛਣ ‘ਤੇ ਕਿ ਚਾਹ ਘਰ ‘ਚ ਨਹੀਂ ਸੀ ਤਾਂ ਮਹਿਮਾਨ ਭੈਣ ਜਵਾਬ ਦਿੰਦੀ ਹੈ-“ਘਰ ਪੇ ਚਾਇ ਤੋ ਥੀ ਪਰ ‘ਦੀ’ (ਭੈਣ) ਨਹੀਂ ਥੀ”।

ਵੈਸੇ ਵਧੇਰੇ ਚਾਹ ਪੀਣਾ ਵਧੀਆ ਗੱਲ ਨਹੀਂ। ਮਹਾਨਕੋਸ਼ ਵਿਚ ਕਿਹਾ ਗਿਐ ਕਿ ‘ਚਾਯ ਦੀ ਤਾਸੀਰ ਗਰਮ ਖੁਸ਼ਕ ਹੈ,ਗਰਮ ਦੇਸ਼ਾਂ ਵਿਚ ਇਸ ਦੇ ਨਿਤ ਪੀਣ ਤੋਂ ਬਹੁਤ ਨੁਕਸਾਨ ਹੁੰਦੇ ਹਨ’।

ਇਹ ਵੀ ਕਿਹਾ ਜਾਂਦੈ ਕਿ ਬਹੁਤੀ ਚਾਹ ਪੀਣ ਨਾਲ ਬੇਚੈਨੀ,ਤਣਾਵ,ਜਲਨ,ਘਬਰਾਹਟ,ਸਿਰ-ਦਰਦ,ਨੀਂਦ-ਸਮੱਸਿਆ,ਪਾਚਣ-ਪ੍ਰਣਾਲੀ ‘ਚ ਖਲਲ ਆਦਿ ਹੁੰਦੇ ਹਨ।ਚਾਹ ਵਿਚ ਮੌਜੂਦ ਕੈਫੀਨ ਦੀ ਵਧੇਰੇ ਮਾਤਰਾ ਪੌਸ਼ਟਕ ਤੱਤਾਂ ਨੂੰ ਸਰੀਰ ‘ਚ ਜਜ਼ਬ ਹੋਣ ‘ਚ ਵਿਘਨ ਪਾਉਂਦੀ ਹੈ।ਗਰਭਵਤੀ ਔਰਤਾਂ ਨੂੰ ਵੀ ਵਧੇਰੇ ਮਾਤਰਾ ‘ਚ ਚਾਹ ਨਹੀਂ ਪੀਣੀ ਚਾਹੀਦੀ।

ਬਹੁਤੀ ਚਾਹ ਪੀਣ ਨਾਲ ਸਾਡੀ ਚਾਹ\ਕੈਫੀਨ ਉਪਰ ਨਿਰਭਰਤਾ ਵਧ ਜਾਂਦੀ ਹੈ ਅਤੇ ਅਸੀਂ ਇਕ ਕਿਸਮ ਦੇ ਚਾਹ-ਨਸ਼ੇੜੀ ਜਾਂ ਚਾਹ-ਅਮਲੀ ਬਣ ਜਾਂਦੇ ਹਾਂ!

ਆਉ!ਹੁਣ ਇਕ ਮਜ਼ੇਦਾਰ ਗੱਲ ਨਾਲ ਚਾਹ ਦਾ ਇਹ ਕੱਪ ਮੁਕਾਉਂਦੇ ਹਾਂ।ਗੱਲ ਹੈ ਵੀ ਚਾਹ ਬਾਰੇ।ਇਕ ਮੇਜ਼ਬਾਨ ਅਤੇ ਮਹਿਮਾਨ ਵਿਚ ਰੌਚਕ ਸੰਵਾਦ ਹੈ-

ਸ.ਚਾਹ,ਕੌਫੀ,ਠੰਡਾ ਜਾਂ ਲੱਸੀ ਪੀਉਗੇ?ਜ.ਚਾਹ।ਸ.ਵਾਈਟ,ਬਲੈਕ,ਗਰੀਨ,ਹਰਬਲ,ਅਦਰਕ,ਲੈਮਨ,ਮਸਾਲਾ ਜਾਂ ਪੁਦੀਨਾ ਚਾਹ?ਜ.ਵਾਈਟ(ਭਾਵ ਦੁੱਧ ਵਾਲੀ)। ਸ.ਦੁੱਧ ਇਕ ਚਮਚ ਕਿ ਦੋ? ਜ.ਦੋ। ਸ.ਚਮਚ ਵਡੇ ਕਿ ਛੋਟੇ”? ਜ.ਛੋਟੇ।ਸ.ਚਾਹ ਮਿੱਠੀ,ਘੱਟ ਮਿੱਠੇ ਵਾਲੀ,ਫਿੱਕੀ ਕਿ ਸ਼ੂਗਰ ਫਰੀ?ਜ.’ਮਿੱਠੀ’।ਸ.ਖੰਡ,ਗੁੜ,ਸ਼ਹਿਦ,ਕਿਊਬਜ਼,ਪਾਊਚ\ਸੈਸ਼ੇ ਕਿ ਗੋਲੀਆਂ ਵਾਲੀ?

ਇਸ ਤੋਂ ਪਹਿਲਾਂ ਕਿ ਮੇਜ਼ਬਾਨ ਇਹਨਾਂ ਵਿਚੋਂ ਦਸੀ ਜਾਣ ਵਾਲੀ ਕਿਸੇ ਇਕ ਦੀ ਮਾਤਰਾ ਬਾਰੇ ਪੁਛਦਾ,ਮਹਿਮਾਨ ਚਾਹ ਪੀਤੇ ਬਿਨਾਂ ਕੰਨ ਲਪੇਟਦਾ ਸੁੱਚੇ ਮੂੰਹ ਹੀ ਤਿੱਤਰ ਹੋ ਗਿਆ!

-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ-98766-55055

 

 

ਸਾਂਝਾ ਕਰੋ