ਹੋਲਾ ਮੁਹੱਲਾ ਦੇ ਇਤਿਹਾਸ ਅੇਤ ਮਹੱਤਤਾ

ਭਾਰਤ ਬਹੁਤ ਸਾਰੇ ਮੌਸਮੀ, ਸੱਭਿਆਚਾਰਕ ਅਤੇ ਇਤਿਹਾਸਕ ਤਿਉਹਾਰਾਂ ਦਾ ਦੇਸ਼ ਹੈ। ਸਿੱਖ ਕੌਮ ਦਾ ਇਤਿਹਾਸ ਬਹੁਤ ਸਾਰੀਆਂ ਕੁਰਬਾਨੀਆਂ ਨਾਲ ਭਰਿਆਂ ਹੋਇਆ ਹੈ। ਸਿੱਖਾਂ ਦੀ ਬਹਾਦਰੀ ਅਤੇ ਸ਼ਹਾਦਤ ਨੂੰ ਯਾਦ ਕਰਦਿਆਂ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ।  ਹੋਲੇ ਮੁਹੱਲੇ ਦੀ ਸ਼ੁਰੂਆਤ ਸਿੱਖਾਂ ਦੇ ਦੱਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਵਿੱਚ ਕੀਤੀ ਸੀ। ਹੋਲਾ ਮਹੱਲਾ ਖਾਲਸਾ ਪੰਥ ਦਾ ਪ੍ਰਤੀਕ ਹੈ ਜਿਸ ਨੂੰ ਖਾਲਸਾ ਪੰਥ ਦੇ ਸਥਾਪਨ ਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਮਨਾਇਆ ਜਾਂਦਾ ਹੈ।

 ਹੋਲੇ ਮਹੱਲੇ ਦਾ ਆਗਾਜ਼ ਸ੍ਰੀ ਅਨੰਦਪੁਰ ਸਾਹਿਬ ਤੋਂ ਬੀਤੇ ਸੋਮਵਾਰ 6 ਮਾਰਚ ਤੋਂ ਹੋ ਚੁੱਕਾ ਹੈ।

ਮੌਸਮੀ ਤਬਦੀਲੀ ਦੇ ਪੱਖ ਤੋਂ ‘ਹੋਲੀ’ ਬਸੰਤ ਰੁੱਤ ਦੇ ਆਗਮਨ ਦੇ ਨਾਲ ਨਾਲ ਖੇੜੇ ਤੇ ਖੁਸ਼ੀਆਂ ਦਾ ਤਿਉਹਾਰ ਹੋਣ ਕਰਕੇ ਮਾਨਵ ਚੇਤਨਾ ਵਿਚ ਵਿਸ਼ੇਸ਼ ਮਹੱਤਵ ਰੱਖਦੀ ਹੈ। ਪੱਤਝੜ ਤੋਂ ਬਾਅਦ ਬਸੰਤ ਰੁੱਤ ਆਉਂਦੀ ਹੈ ਅਤੇ ਸਾਰੇ ਪਾਸੇ ਖੇੜਾ ਹੀ ਖੇੜਾ ਹੁੰਦਾ ਹੈ। ਗੁਰੂ ਸਾਹਿਬਾਨ ਨੇ ਇਹ ਤਿਉਹਾਰ ਸਿਮਰਨ, ਸਤਿਸੰਗ ਤੇ ਸੇਵਾ ਵਿਚ ਜੁੜ ਕੇ ਮਨਾਉਣ ਦਾ ਉਪਦੇਸ਼ ਦਿੱਤਾ ਹੈ:

ਨਾਨਕ ਤਿਨਾ ਬਸੰਤੁ ਹੈ ਜਿਨ੍‍ ਘਰਿ ਵਸਿਆ ਕੰਤੁ॥

ਜਿਨ ਕੇ ਕੰਤ ਦਿਸਾਪੁਰੀ

ਸੇ ਅਹਿਨਿਸਿ ਫਿਰਹਿ ਜਲੰਤ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 791)

ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਛੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁੱਜ ਕੇ ਬੜੇ ਉਤਸ਼ਾਹ ਤੇ ਜੋਸ਼ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ। ਭਾਰੀ ਦੀਵਾਨ ਸਜਦੇ ਹਨ, ਨਿਹੰਗ ਸਿੰਘਾਂ ਦੇ ਜਥੇ ਤੇ ਖਾਲਸਾ ਪੰਥ ਦੀ ਫ਼ੌਜ ਦੇ ਹੋਰ ਦਸਤੇ ਰਲ-ਮਿਲ ਕੇ ਨਗਰ ਕੀਰਤਨ ਸਜਾਉਂਦੇ ਹਨ। ਘੋੜ ਸਵਾਰੀ ਤੇ ਗਤਕੇਬਾਜ਼ੀ ਦੇ ਜੰਗਜੂ ਕਰਤੱਵ ਦੇਖਣਯੋਗ ਹੁੰਦੇ ਹਨ। ਇਸ ਦੀ ਅਲੌਕਿਕ ਮਹਿਮਾ ਦਾ ਵਰਣਨ ‘ਕਹਿਬੇ ਕਉ ਸੋਭਾ ਨਹੀ’, ਦੇਖਾ ਹੀ ਪ੍ਰਵਾਨ’ ਅਨੁਸਾਰ ਕੇਵਲ ਕਥਨ ਕਰਨ ਨਾਲ ਹੀ ਨਹੀਂ ਸਗੋਂ ਅੱਖੀਂ ਦੇਖਣ ਨਾਲ ਪਤਾ ਲਗਦਾ ਹੈ। ਖਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕਢਦਾ ਹੈ। ਕਵੀ ਸੁਮੇਰ ਸਿੰਘ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ਾਂ ਨੂੰ ਇਸ ਤਰ੍ਹਾਂ ਲਿਖਦੇ ਹਨ:

ਔਰਨ ਕੀ ਹੋਲੀ ਮਮ ਹੋਲਾ।

ਕਹਯੋ ਕ੍ਰਿਪਾਨਿਧ ਬਚਨ ਅਮੋਲਾ।

ਅਜੋਕੇ ਸਮੇਂ ਵਿਚ ਨਵੀਂ ਪੀੜ੍ਹੀ ਸ਼ਾਨਾਂ-ਮੱਤੇ ਸਿੱਖ ਇਤਿਹਾਸ, ਗੌਰਵਮਈ ਵਿਰਸੇ, ਜੰਗਾਂ-ਯੁੱਧਾਂ ਵਿਚ ਸ਼ਕਤੀ ਦੇ ਪ੍ਰਦਰਸ਼ਨ ਤੇ ਬੀਰ-ਰਸੀ ਰਵਾਇਤਾਂ ਨੂੰ ਭੁਲਦੀ ਜਾ ਰਹੀ ਹੈ ਅਤੇ ਸ਼ਸਤਰਾਂ ਪ੍ਰਤੀ ਪਿਆਰ ਵੀ ਘਟਦਾ ਜਾ ਰਿਹਾ ਹੈ। ਆਪਣੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਖਾਲਸਾ ਪੰਥ ਦੀ ਨਿਆਰੀ ਹੋਂਦ ਨੂੰ ਦਰਸਾਉਂਦਾ ਇਹ ਕੌਮੀ ਤਿਉਹਾਰ ਪ੍ਰੇਰਨਾ ਸਰੋਤ ਹੈ। ਆਓ! ਇਸ ਪਵਿੱਤਰ ਤਿਉਹਾਰ ਨੂੰ ਮਨਾਉਂਦੇ ਹੋਏ ਆਪਣੇ ਗੌਰਵਮਈ ਵਿਰਸੇ ਅਤੇ ਜੁਝਾਰੂ ਬਿਰਤੀ ਦੀ ਸ਼ਕਤੀ ਨਾਲ ਨਸ਼ਿਆਂ ਤੇ ਪਤਿੱਤਪੁਣੇ ਵਿਰੁੱਧ ਜੂਝੀਏ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦਾ ਪ੍ਰਣ ਲਈਏ ਅਤੇ ਖੰਡੇ-ਬਾਟੇ ਦੀ ਪਾਹੁਲ ਛੱਕ ਕੇ ਸਰਬੰਸ-ਦਾਨੀ ਦਸਮੇਸ਼ ਪਿਤਾ ਦੇ ਸੱਚੇ ਸਪੂਤ ਬਣੀਏ।

ਦੂਰੋ-ਦੂਰੋਂ ਸੰਗਤ ਇਸ ਖਾਸ ਮੌਕੇ ਉੱਤੇ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਇਸ ਮੌਕੇ ਪੂਰੇ ਅਨੰਦਪੁਰ ਸਾਹਿਬ ਦੇ ਗੁਰੂ ਘਰਾਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਸੰਗਤ ਲਈ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ, ਇੱਥੇ ਸੱਜੀਆਂ ਵੱਖ-ਵੱਖ ਦੁਕਾਨਾਂ ਵੀ ਇਸ ਹੋਲੇ ਮਹੱਲੇ ਦੀ ਦਿਖ ਨੂੰ ਹੋਰ ਵਧਾ ਰਹੀਆਂ ਹਨ। ਸਿੱਖੀ ਸਰੂਪ ਵਿੱਚ ਦਿਖਦੇ ਕਈ ਚਿਹਰੇ ਖਿੱਚ ਦਾ ਕੇਂਦਰ ਬਣ ਰਹੇ ਹਨ।

ਹੋਲੇ ਮਹੱਲੇ ਦਾ ਇਤਿਹਾਸ:

ਹੋਲਾ ਇੱਕ ਅਰਬੀ ਸ਼ਬਦ ਹੈ ‘ਜੋ ਹੁਲ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ‘ਚੰਗੇ ਕੰਮਾਂ ਲਈ ਲੜਨਾ’ ਅਤੇ ਮਹੱਲਾ ਦਾ ਅਰਥ ਹੈ ‘ਜਿੱਤ ਤੋਂ ਬਾਅਦ ਵਸਣ ਦੀ ਥਾਂ।’ ਹੋਲਾ ਮਹੱਲਾ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1700 ਵਿੱਚ ਹੋਲਗੜ੍ਹ ਕਿਲ੍ਹੇ ਤੋਂ ਕੀਤੀ ਸੀ। ਹੋਲਾ ਮੁਹੱਲਾ ਮਨਾਉਣ ਦਾ ਮੁੱਖ ਕਾਰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਹੈ ਜਿਸ ਦੌਰਾਨ ਗੁਰੂ ਜੀ ਆਪਣੀ ਫੌਜ ਵਿੱਚ ਜੋਸ਼ ਅਤੇ ਭਾਵਨਾ ਪੈਦਾ ਕਰਨ ਲਈ ਨਕਲੀ ਲੜਾਈਆਂ ਕਰਵਾਉਂਦੇ ਸੀ ਅਤੇ ਜੇਤੂ ਫੌਜ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ।

ਇਸ ਵਿਚ ਬਖਤਰਬੰਦ ਸ਼ੇਰ ਪੈਦਲ ਅਤੇ ਘੋੜੇ ‘ਤੇ ਸਵਾਰ ਹੋ ਕੇ ਦੋ ਟੀਮਾਂ ਬਣਾ ਕੇ ਕਿਸੇ ਖਾਸ ਹਮਲੇ ਵਾਲੀ ਥਾਂ ‘ਤੇ ਹਮਲਾ ਕਰਦੇ ਸਨ ਅਤੇ ਕਈ ਤਰ੍ਹਾਂ ਦੇ ਸਟੰਟ ਕਰਦੇ ਸਨ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਆਪ ਇਸ ਜੰਗ ਨੂੰ ਦੇਖਦੇ ਸਨ ਅਤੇ ਦੋਹਾਂ ਧਿਰਾਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ ਸਨ। ਇਸ ਮੌਕੇ ਦੀਵਾਨ ਸਜਾਏ ਜਾਂਦੇ, ਕਥਾ-ਕੀਰਤਨ ਹੁੰਦਾ, ਵੀਰ ਰਸ ਦੀਆਂ ਵਾਰਾਂ ਗਾਇਨ ਕੀਤਾ ਜਾਂਦਾ। ਵੱਖ-ਵੱਖ ਫੌਜੀ ਅਭਿਆਸ ਕਰਦੇ ਹੋਏ ਵਿਖਾਈ ਦਿੰਦੇ ਅਤੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੁੰਦਾ ਸੀ। ਗੁਰੂ ਸਾਹਿਬ ਆਪ ਇਨ੍ਹਾਂ ਸਾਰੇ ਕਾਰਜਾਂ ਵਿਚ ਹਿੱਸਾ ਲੈਂਦੇ ਸਨ ਅਤੇ ਸਿੱਖਾਂ ਦੇ ਉਤਸ਼ਾਹ ਵਿਚ ਵਾਧਾ ਕਰਦੇ ਸਨ। ਉਦੋ ਤੋਂ ਹੀ ਇਹ ਪਰੰਪਰਾ ਸ਼ੁਰੂ ਹੋ ਗਈ ਜਿਸ ਨੂੰ ਅੱਜ ਵੀ ਹੋਲੇ ਮੁਹੱਲੇ ਵਜੋਂ ਮਨਾਇਆ ਜਾਂਦਾ ਹੈ।

ਖਾਲਸਾਈ ਰੰਗ ਵਿੱਚ ਰੰਗਿਆ ਜਾਂਦਾ ਸ੍ਰੀ ਅਨੰਦਪੁਰ ਸਾਹਿਬ :

ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਵਿਸ਼ਵ ਪ੍ਰਸਿੱਧ ਹੋਲਾ ਮੁਹੱਲਾ ਖਾਲਸਾ ਜਾਹੋ-ਜਲਾਲ ਦੇ ਪ੍ਰਤੀਕ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਹੋਲਾ ਮੁਹੱਲਾ 3 ਮਾਰਚ ਤੋਂ 8 ਮਾਰਚ ਤੱਕ ਮਨਾਇਆ ਜਾ ਜਾਂਦਾ ਹੈ। ਹੋਲਾ ਮੁਹੱਲਾ 3 ਤੋਂ 5 ਮਾਰਚ ਤੱਕ ਸ੍ਰੀ ਕੀਰਤਪੁਰ ਸਾਹਿਬ ਅਤੇ 6 ਤੋਂ 8 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਨ੍ਹਾਂ 6 ਦਿਨਾਂ ਤੱਕ ਸ਼੍ਰੀ ਆਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖਾਲਸਾਈ ਰੰਗ ਵਿੱਚ ਰੰਗ ਜਾਂਦਾ ਹੈ। ਹੋਲੀ ਦੇ ਅਗਲੇ ਦਿਨ ਆਨੰਦਪੁਰ ਸਾਹਿਬ ਵਿਖੇ ਬਹੁਤ ਵੱਡਾ ਮੇਲਾ ਲੱਗਦਾ ਹੈ ਜਿਸ ਨੂੰ ‘ਹੋਲਾ ਮਹੱਲਾ’ ਕਿਹਾ ਜਾਂਦਾ ਹੈ।

 

ਸਾਂਝਾ ਕਰੋ