ਲੋਹੜੀ ਦੀ ਬਾਲੀ ਧੂਣੀ ‘ਚ ਹੋਇਆ ਜ਼ਬਰਦਸਤ ਧਮਾਕਾ

ਹਰਿਆਣਾ ਤੇ ਪੰਜਾਬ ਵਿੱਚ ਦੋ ਥਾਵਾਂ ’ਤੇ ਲੋਹੜੀ ਲਈ ਬਾਲੀ ਧੂਣੀ ਵਿਚ ਧਮਾਕਾ ਹੋਇਆ। ਅੰਮ੍ਰਿਤਸਰ ਅਤੇ ਫਤਿਹਾਬਾਦ ‘ਚ ਸ਼ਨੀਵਾਰ ਰਾਤ ਨੂੰ ਪਰਿਵਾਰ ਤਿਉਹਾਰ ਮਨਾ ਰਹੇ ਸਨ ਅਤੇ ਧੂਣੀ ਸੇਕ ਰਹੇ ਸਨ। ਅਚਾਨਕ ਜ਼ੋਰਦਾਰ ਧਮਾਕੇ ਨਾਲ ਚੰਗਿਆੜੀਆਂ ਨਿਕਲੀਆਂ। ਅੰਮ੍ਰਿਤਸਰ ‘ਚ ਧੂਣੀ ਸੇਕ ਰਹੇ ਪ੍ਰਵਾਰਕ ਮੈਂਬਰਾਂ ਦੇ ਕੱਪੜੇ ਸੜ ਗਏ।ਜਦਕਿ ਫਤਿਹਾਬਾਦ ‘ਚ ਅੱਗ ਦੀਆਂ ਤੇਜ਼ ਲਪਟਾਂ ‘ਚੋਂ ਔਰਤਾਂ ਅਤੇ ਬੱਚੇ ਵਾਲ-ਵਾਲ ਬਚ ਗਏ। ਦੋਵੇਂ ਵਾਰਦਾਤਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ। ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਛੀਨਾ ਦੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਰਾਤ ਪੂਰਾ ਪਰਿਵਾਰ ਲੋਹੜੀ ਮਨਾ ਰਿਹਾ ਸੀ। ਪਰਿਵਾਰ ਦੇ ਸਾਰੇ ਮੈਂਬਰ ਘਰ ਦੇ ਬਾਹਰ ਲੱਗੀ ਲੋਹੜੀ ਦੀ ਧੂਣੀ ਦੇ ਆਲੇ ਦੁਆਲੇ ਬੈਠੇ ਸਨ। ਸਾਰੀਆਂ ਰਸਮਾਂ ਪੂਰੀਆਂ ਕਰਕੇ ਪ੍ਰਵਾਰ ਧੂਣੀ ਸੇਕ ਰਿਹਾ ਸੀ।ਅਚਾਨਕ ਜ਼ੋਰਦਾਰ ਧਮਾਕਾ ਹੋਇਆ। ਸਾਰੇ ਪਰਿਵਾਰ ‘ਤੇ ਚੰਗਿਆੜੀਆਂ ਪੈ ਗਈਆਂ। ਚੰਗਿਆੜੀਆਂ ਨਾਲ ਕਿਸੇ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਸਾਰਿਆਂ ਦੇ ਕੱਪੜੇ ਸੜ ਗਏ। ਜਸਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਕੰਕਰੀਟ ਦੇ ਫਰਸ਼ ‘ਤੇ ਸਿੱਧੀ ਧੂਣੀ ਲਗਾਈ ਗਈ ਸੀ। ਜਿਸ ਕਾਰਨ ਫਰਸ਼ ‘ਚ ਤਰੇੜਾਂ ਆ ਗਈਆਂ ਅਤੇ ਜ਼ਬਰਦਸਤ ਧਮਾਕਾ ਹੋਇਆ। ਅੱਗ ਲਗਾਉਣ ਤੋਂ ਪਹਿਲਾਂ ਫਰਸ਼ ‘ਤੇ ਰੇਤ ਫੈਲਾਉਣੀ ਚਾਹੀਦੀ ਸੀ ਜਾਂ ਇੱਟਾਂ ਰੱਖੀਆਂ ਜਾਣੀਆਂ ਚਾਹੀਦੀਆਂ ਸਨ ਤਾਂ ਜੋ ਅੱਗ ਸਿੱਧੇ ਫਰਸ਼ ਦੇ ਸੰਪਰਕ ਵਿਚ ਨਾ ਆਵੇ।ਦੂਜੇ ਪਾਸੇ ਸ਼ਨੀਵਾਰ ਰਾਤ ਲੋਹੜੀ ਦੌਰਾਨ ਫਤਿਹਾਬਾਦ ਦੇ ਜਗਜੀਵਨਪੁਰਾ ‘ਚ ਧਮਾਕਾ ਹੋਇਆ। ਔਰਤਾਂ ਅੱਗ ਦੇ ਕੋਲ ਬੈਠੀਆਂ ਹੋਈਆਂ ਸਨ। ਚੰਗਿਆੜੀਆਂ ਪੈਣ ਨਾਲ ਔਰਤਾਂ ਇਧਰ-ਉਧਰ ਭੱਜੀਆਂ। ਹਾਲਾਂਕਿ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਸਾਂਝਾ ਕਰੋ