ਨਵਾਜ਼ ਸ਼ਰੀਫ਼ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿੱਚ ਦੋਸ਼ ਤੈਅ

ਪਾਕਿਸਤਾਨ ਦੇ ਬਰਤਰਫ਼ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਖ਼ਿਲਾਫ਼ ਮੁਲਕ ਦੀ ਇਕ ਭ੍ਰਿਸ਼ਟਾਚਾਰ ਰੋਕੂ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਤੀਜੇ ਮਾਮਲੇ ਵਿੱਚ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਨਿਵੇਸ਼ ਅਤੇ ਬੇਹਿਸਾਬੀ ਜਾਇਦਾਦ ਬਣਾਉਣ ਨਾਲ ਸਬੰਧਤ ਹੈ।
ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਨੇ 67 ਸਾਲਾ ਸ੍ਰੀ ਸ਼ਰੀਫ਼ ਖ਼ਿਲਾਫ਼ ਆਮਦਨ ਦੇ ਜ਼ਾਹਰਾ ਵਸੀਲਿਆਂ ਤੋਂ ਵੱਧ ਜਾਇਦਾਦ ਇਕੱਤਰ ਕਰਨ ਦੇ ਦੋਸ਼ ਤੈਅ ਕੀਤੇ ਹਨ। ਗ਼ੌਰਤਲਬ ਹੈ ਕਿ ਕੌਮੀ ਜਵਾਬਦੇਹੀ ਬਿਊਰੋ ਨੇ ਸ੍ਰੀ ਸ਼ਰੀਫ਼ ਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਖ਼ਿਲਾਫ਼ 8 ਸਤੰਬਰ ਨੂੰ ਭ੍ਰਿਸ਼ਟਾਚਾਰ ਦੇ ਤਿੰਨ ਕੇਸ ਦਰਜ ਕੀਤੇ ਸਨ, ਜਿਨ੍ਹਾਂ ਵਿੱਚੋਂ ਇਹ ਇਕ ਹੈ। ਇਹ ਕੇਸ ਸ੍ਰੀ ਸ਼ਰੀਫ਼ ਨੂੰ ਸੁਪਰੀਮ ਕੋਰਟ ਵੱਲੋਂ ਬੀਤੀ 28 ਜੁਲਾਈ ਨੂੰ ਪਨਾਮਾ ਦਸਤਾਵੇਜ਼ ਮਾਮਲੇ ਵਿੱਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਦਰਜ ਕੀਤੇ ਗਏ ਹਨ।
ਇਸ ਮੌਕੇ ਸ੍ਰੀ ਸ਼ਰੀਫ਼ ਅਦਾਲਤ ਵਿੱਚ ਹਾਜ਼ਰ ਨਹੀਂ ਸਨ ਤੇ ਜੱਜ ਨੇ ਚਾਰਜਸ਼ੀਟ ਉਨ੍ਹਾਂ ਦੇ ਵਕੀਲ ਜ਼ਾਫਿਰ ਖ਼ਾਨ ਅੱਗੇ ਪੜ੍ਹ ਕੇ ਸੁਣਾਈ, ਜਦੋਂਕਿ ਸ੍ਰੀ ਖ਼ਾਨ ਨੇ ਅਦਾਲਤ ਅੱਗੇ ਸ੍ਰੀ ਸ਼ਰੀਫ਼ ਨੂੰ ਬੇਗੁਨਾਹ ਕਰਾਰ ਦਿੰਦਿਆਂ ਦਲੀਲਾਂ ਦਿੱਤੀਆਂ।
ਸ੍ਰੀ ਸ਼ਰੀਫ਼ ਇਸ ਵਕਤ ਲੰਡਨ ਵਿੱਚ ਆਪਣੀ ਪਤਨੀ ਕੁਲਸੂਮ ਕੋਲ ਹਨ, ਜੋ ਗਲੇ ਦੇ ਕੈਂਸਰ ਤੋਂ ਪੀੜਤ ਹੈ ਤੇ ਉਨ੍ਹਾਂ ਦੇ ਤਿੰਨ ਅਪਰੇਸ਼ਨ ਹੋ ਚੁੱਕੇ ਹਨ। ਉਨ੍ਹਾਂ ਉਥੇ ਮੀਡੀਆ ਨਾਲ ਗੱਲ ਕਰਦਿਆਂ ਅਦਾਲਤ ਵੱਲੋਂ ਖ਼ੁਦ ਅਯੋਗ ਕਰਾਰ ਦਿੱਤੇ ਜਾਣ ਦੀ ਨਿਖੇਧੀ ਕੀਤੀ ਅਤੇ ਆਪਣੀ ਗ਼ੈਰਹਾਜ਼ਰੀ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾਣ ਨੂੰ ‘ਇਨਸਾਫ਼ ਦਾ ਕਤਲ’ ਕਰਾਰ      ਦਿੱਤਾ। ਉਨ੍ਹਾਂ ਇਹ ਐਲਾਨ ਵੀ      ਕੀਤਾ ਕਿ ਉਹ ਮਾਮਲੇ ਦੀ 26 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਤੋਂ ਪਹਿਲਾਂ ਵਤਨ ਪਰਤ ਆਉਣਗੇ।

Post Author: admin

Leave a Reply

Your email address will not be published. Required fields are marked *