ਨਿਊਜ਼ੀਲੈਂਡ ‘ਚ  ਨਵੀਂ ਸਰਕਾਰ ਬਨਣ ਲਈ ਰਾਹ ਪੱਧਰਾ

ਨਿਊਜ਼ੀਲੈਂਡ ‘ਚ  ਨਵੀਂ ਸਰਕਾਰ ਬਨਣ ਲਈ ਰਾਹ ਪੱਧਰਾ
ਲੇਬਰ ਪਾਰਟੀ ਦੀ ਨੇਤਾ ਜੈਸਿੰਡਾ ਅਰਡਨ (37) ਬਣੇਗੀ   ਦੇਸ਼ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ
– ਨਿਊਜ਼ੀਲੈਂਡ ਫਸਟ ਪਾਰਟੀ ਨੇਤਾ ਸ੍ਰੀ ਵਿਨਸਨ ਪੀਟਰਜ਼ ਹੋਣੇਗੇ ਉਪ ਪ੍ਰਧਾਨ ਮੰਤਰੀ
ਔਕਲੈਂਡ 20 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ 52ਵੀਂ ਸੰਸਦ ਦੀ ਚੋਣ ਬੀਤੇ ਦਿਨੀਂ ਹੋਈ ਸੀ ਅਤੇ ਕਿਸੇ ਵੀ ਪਾਰਟੀ ਕੋਲ ਅਸਲ ਬਹੁਮਤ ਨਾ ਹੋਣ ਕਾਰਨ ਪਿਛਲੇ 26 ਦਿਨਾਂ ਤੋਂ ਤੈਅ ਨਹੀਂ ਸੀ ਹੋ ਰਿਹਾ ਕਿ ਕਿਸ ਦੀ ਸਰਕਾਰ ਬਣ ਸਕਦੀ ਹੈ। ਪਰ ਬੀਤੇ ਕੱਲ੍ਹ ਸਾਫ ਹੋ ਗਿਆ ਕਿ ਦੇਸ਼ ਦੀ ਅਗਲੀ 40ਵੀਂ ਪ੍ਰਧਾਨ ਮੰਤਰੀ ਲੇਬਰ ਪਾਰਟੀ ਦੀ 37 ਸਾਲਾ ਨੇਤਾ ਜੈਸਿੰਡਾ ਕੇਟ ਲੌਰਿਲ ਅਰਡਨ (ਜੈਸਿੰਡਾ ਅਰਡਨ) ਹੋਵੇਗੀ। ਇਹ ਮਹਿਲਾ ਨਿਊਜ਼ੀਲੈਂਡ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ ਅਤੇ ਸਭ ਤੋਂ ਘੱਟ ਉਮਰ ਵਿਚ ਪ੍ਰਧਾਨ ਮੰਤਰੀ ਬਨਣ ਵਾਲੀ ਪਹਿਲੀ ਪ੍ਰਧਾਨ ਮੰਤਰੀ।
ਨਿਊਜ਼ੀਲੈਂਡ ਦੇ ਵਿਚ ਵੋਟਾਂ ਦੀ ਗਿਣਤੀ 23 ਸਤੰਬਰ ਨੂੰ ਹੋ ਗਈ ਸੀ ਫਿਰ ਇਸ ਤੋਂ ਬਾਅਦ 7 ਅਕਤੂਬਰ ਨੂੰ ਸਪੈਸ਼ਲ ਵੋਟਾਂ ਦੀ ਗਿਣਤੀ ਹੋਈ ਸੀ। ਅੰਤਲੇ ਨਤੀਜਿਆਂ ਦੇ ਵਿਚ ਨੈਸ਼ਨਲ ਪਾਰਟੀ ਕੋਲ 56, ਲੇਬਰ ਪਾਰਟੀ ਕੋਲ 46, ਨਿਊਜ਼ੀਲੈਂਡ ਫਸਟ ਕੋਲ 9, ਗ੍ਰੀਨ ਪਾਰਟੀ ਕੋਲ 8 ਅਤੇ ਐਕਟ ਪਾਰਟੀ ਕੋਲ 1 ਸੀਟ ਸੀ।
ਜੈਸਿੰਡਾ ਅਰਡਨ 2008 ਤੋਂ ਸੰਸਦ ਮੈਂਬਰ ਬਣਦੀ ਆ ਰਹੀ ਹੈ। ਇਸ ਤੋਂ ਪਹਿਲਾਂ ਉਹ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਹੈਲਨ ਕਲਾਰਕ ਦੇ ਨਾਲ ਖੋਜੀ ਕਾਰਜ ਕਰਦੀ ਸੀ, ਫਿਰ ਇੰਗਲੈਂਡ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੀਤੀ ਸਲਾਹਕਾਰ ਰਹੀ ਹੈ। ਉਹ ‘ਇੰਟਰਨੈਸ਼ਨਲ ਯੂਨੀਅਨ ਆਫ ਸ਼ੋਸ਼ਲਿਸਟ’ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਉਹ ਲੇਬਰ ਪਾਰਟੀ ਦੀਆਂ ਪਾਲਿਸੀਆਂ ਉੇਤ ਕੰਮ ਕਰਦੀ ਸੀ ਅਤੇ 1 ਅਗਸਤ 2017 ਨੂੰ ਹੀ ਉਹ ਲੇਬਰ ਨੇਤਾ ਦੇ ਤੌਰ ‘ਤੇ ਚੁਣੀ ਗਈ ਸੀ। ਇਸਦੇ ਨੇਤਾ ਚੁਣੇ ਜਾਣ ਬਾਅਦ ਲੇਬਰ ਪਾਰਟੀ ਦਾ ਗ੍ਰਾਫ ਤੇਜ਼ੀ ਨਾਲ ਉਤੇ ਗਿਆ। ਅੱਜ ਪਾਰਟੀ ਦੀ ਹੋਈ ਮੀਟਿੰਗ ਦੇ ਵਿਚ ਸਰਕਾਰ ਦੇ ਬਨਣ ਵਾਲੇ 21 ਮੰਤਰੀਆਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਜਦ ਕਿ ਮਹਿਕਮਿਆਂ ਦੀ ਵੰਡ ਬੁੱਧਵਾਰ ਕੀਤੀ ਜਾਣੀ ਹੈ। ਅਗਲੇ ਹਫਤੇ ਲੇਬਰ ਪਾਰਟੀ ਗਵਰਨਰ ਜਨਰਲ ਕੋਲ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰੇਗੀ ਅਤੇ ਬਹੁਮਤ ਪੇਸ਼ ਕਰਨ ਬਾਅਦ ਲੇਬਰ ਪਾਰਟੀ ਨੂੰ ਸਰਕਾਰ ਬਨਾਉਣ ਦਾ ਨਿਉਤਾ ਮਿਲੇਗਾ। ਸਹੁੰ ਚੁੱਕ ਸਮਾਗਮ ਬਾਰੇ ਵੀ ਅਗਲੇ ਹਫਤੇ ਹੀ ਸਮਾਂ ਅਤੇ ਤਰੀਕ ਨਿਸ਼ਚਤ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਐਨਾ ਵੱਡਾ ਅਹੁਦਾ ਮਿਲਣ ਤੋਂ ਬਾਅਦ ਜੈਸਿੰਡਾ ਕੋਲ ਨਿੱਜੀ ਸਮਾਂ ਐਨਾ ਘਟ ਗਿਆ ਹੈ ਕਿ ਬੀਤੀ ਰਾਤ ਉਸਨੇ ਸਿਰਫ 2 ਮਿੰਟ ਵਾਲੇ ਨੂਡਲ ਖਾ ਕੇ ਹੀ ਰਾਤਰੀ ਭੋਜਨ ਕੀਤਾ। ਉਸਦੇ ਪਤੀ ਗੇਅਫੋਰਡ ਇਕ ਟੀ.ਵੀ. ਪੇਸ਼ਕਾਰ ਹਨ ਅਤੇ ਉਹ ਬਾਕੀ ਕੰਮ ਛੱਡ ਹੁਣ ਇਸਦੀ ਸਹਾਇਤਾ ਕਰਿਆ ਕਰਨਗੇ।
ਇਮੀਗ੍ਰੇਸ਼ਨ ਪਾਲਿਸੀ ਹੋਵੇਗੀ ਸਖਤ: ਜਿਵੇਂ ਕਿ ਪਹਿਲਾਂ ਹੀ ਲੇਬਰ ਪਾਰਟੀ ਨੇ ਐਲਾਨ ਕੀਤਾ ਸੀ ਕਿ ਸਰਕਾਰ ਆਉਣ ਉਤੇ ਉਹ ਪ੍ਰਵਾਸੀਆਂ ਦੀ ਆਮਦ ਨੂੰ ਘਟਾਏਗੀ। ਪਹਿਲੇ ਸਾਲ ਹੀ 20 ਤੋਂ 30 ਹਜ਼ਾਰ ਘੱਟ ਲੋਕਾਂ ਨੂੰ ਵੀਜ਼ਾ ਦਿੱਤਾ ਜਾਵੇਗਾ।
ਸਰਕਾਰ ਨੂੰ ਸਾਥ ਦੇਣ ਵਾਲੀਆਂ ਪਾਰਟੀਆਂ ਦੇ ਵਿਚੋਂ ਵੀ ਕੈਬਨਿਟ ਅਤੇ ਰਾਜ ਮੰਤਰੀ ਲਏ ਜਾਣਗੇ। ਨਿਊਜ਼ੀਲੈਂਡ ਫਸਟ ਪਾਰਟੀ ਦੇ ਨੇਤਾ ਸ੍ਰੀ ਵਿਨਸਨ ਪੀਟਰਜ਼ ਉਪ ਪ੍ਰਧਾਨ ਮੰਤਰੀ ਹੋਣਗੇ। ਇਨ੍ਹਾਂ ਦਾ ਨਾਂਅ ਹਮੇਸ਼ਾ ਸੁਰਖੀਆਂ ਵਿਚ ਰਿਹਾ ਹੈ ਅਤੇ ਪ੍ਰਵਾਸੀਆਂ ਦੀ ਲਗਾਤਾਰ ਆਮਦ ਇਨ੍ਹਾਂ ਦੇ ਆਰਾਮ ਨੂੰ ਹਮੇਸ਼ਾਂ ਡੱਕਦੀ ਰਹੀ ਹੈ।

Post Author: admin

Leave a Reply

Your email address will not be published. Required fields are marked *