ਨਿਊਜ਼ੀਲੈਂਡ ‘ਚ ਮਾਡਰਨ ਗੁਲਾਮੀ-ਕਈ ਭਾਰਤੀਆਂ ਖਿਲਾਰੀ ਭੁੱਖ

ਨਿਊਜ਼ੀਲੈਂਡ ‘ਚ ਮਾਡਰਨ ਗੁਲਾਮੀ-ਕਈ ਭਾਰਤੀਆਂ ਖਿਲਾਰੀ ਭੁੱਖ
ਭਾਲਦੇ ਹੋ ਕਾਨੂੰਨੀ ਨੌਕਰੀ ਤਾਂ ਭਰੋ ਗੈਰ ਕਾਨੂੰਨੀ ਪੈਸੇ, ਦੇਸ਼ ਭਰ ‘ਚ ਫੈਲੀ ਭੈੜੀ ਪ੍ਰਥਾ-ਇਮੀਗ੍ਰੇਸ਼ਨ ਚਿੰਤਤ
-ਇਕ ਸਾਲ ਵਿਚ ਆਈਆਂ 1300 ਤੋਂ ਵੱਧ ਸ਼ਿਕਾਇਤਾਂ
ਔਕਲੈਂਡ 13 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਮਾਡਰਨ ਤਰੀਕੇ ਨਾਲ ਗੁਲਾਮੀ ਦੀ ਪ੍ਰਥਾ ਚਲਾਉਣ ਵਿਚ ਭਾਰਤੀਆਂ ਖਾਸ ਕਰ ਪੰਜਾਬੀਆਂ ਦਾ ਨਾਂਅ ਨਿਤ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹੈ। ਕਈ ਭਾਰਤੀ ਮਾਲਕਾਂ ਨੇ ਤਾਂ ਐਨੀ ਭੁੱਖ ਖਿਲਾਰ ਰੱਖੀ ਹੈ ਕਿ ਕਾਨੂੰਨੀ ਨੌਕਰੀ ਦੇਣ ਲਈ 50,000 ਡਾਲਰ ਤੱਕ ਦੀ ਰਾਸ਼ੀ ਗੈਰ ਕਾਨੂੰਨੀ ਢੰਗ ਨਾਲ ਡਕਾਰਨਾ ਹਾਜਮੇ ਦੀ ਗੋਲੀ ਖਾਣ ਬਰਾਬਰ ਸਮਝ ਰੱਖਿਆ ਹੈ। ਰਾਸ਼ਟਰੀ ਮੀਡੀਏ ਦੇ ਵਿਚ ਪੂਰਾ ਜਲੂਸ ਨਿਕਲ ਰਿਹਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਇਹ ਗਲਤ ਪ੍ਰਥਾ ਦੇਸ਼ ਭਰ ਵਿਚ ਫੈਲ ਗਈ ਹੈ। ਆਕਲੈਂਡ ਵਿਖੇ ਇੰਟਰਨੈਟ ਕੈਫੇ ਦੇ ਭਾਰਤੀ ਮਾਲਕਾਂ ਵੱਲੋਂ ਅਜਿਹੀ ਮਾਡਰਨ ਗੁਲਾਮੀ ਦੀ ਕਹਾਣੀ ਸਾਹਮਣੇ ਆਈ ਹੈ। ਇਥੇ ਟੈਕਨੀਸ਼ੀਅਨ ਦੀ ਨੌਕਰੀ ਵਾਸਤੇ 30,000 ਡਾਲਰ ਮੰਗੇ ਗਏ ਜਿਸ ਵਿਚੋਂ ਉਸਨੇ 27,000 ਡਾਲਰ ਅਦਾ ਕੀਤੇ। ਰਾਸ਼ਟਰੀ ਮੀਡੀਆ ਵਿਚ ਛਪੀਆਂ ਖਬਰਾਂ ਮੁਤਾਬਿਕ  ਇੰਟਰਨੈਟ ਕੇਫੇ ਦੇ ਇਕ ਸ਼ੇਅਰ ਹੋਲਡਰ ਹਰਪ੍ਰੀਤ ਨੇ ਆਪਣੇ ਇਕ ਕਾਮੇ ਕੋਲੋਂ 15,000 ਡਾਲਰ ਦੀ ਮੰਗ ਕੀਤੀ। ਇਸ ਕੈਫੇ ਦੇ ਸਾਰੇ ਹਿਸੇਦਾਰਾਂ ਨੇ ਭਾਵੇਂ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਹੈ। ਕਾਮਿਆਂ ਨੇ ਇਹ ਵੀ ਕਿਹਾ ਕਿ ਨੌਕਰੀ ਬਾਅਦ ਸਿਰਫ 6 ਡਾਲਰ ਪ੍ਰਤੀ ਘੰਟਾ ਹੀ ਉਨ੍ਹਾਂ ਦੇ ਪੱਲੇ ਲਿਆ ਜਦ ਕਿ ਸਰਕਾਰੀ ਦਰ 15.57 ਡਾਲਰ ਪ੍ਰਤੀ ਘੰਟਾ ਹੈ। ਇਮੀਗ੍ਰੇਸ਼ਨ ਵਿਭਾਗ ਦੇ ਕੋਲ ਇਕ ਸਾਲ ਦੇ ਵਿਚ 1300 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ, ਪਰ ਇਸਦੇ ਬਾਵਜੂਦ ਧੋਖੇਬਾਜੀ ਦੇ ਮਹਾਂਰਥੀ ਕੋਈ ਨਾ ਕੋਈ ਨਵੀਂ ਲੀਹ ਕੱਢੀ ਰੱਖਦੇ ਹਨ ਅਤੇ ਸਰਕਾਰੀ ਤੰਤਰ ਦੇ ਘੋੜੇ ਕਾਫੀ ਪਿੱਛੇ ਰਹਿ ਜਾਂਦੇ ਹਨ।

Post Author: admin

Leave a Reply

Your email address will not be published. Required fields are marked *