ਸੰਪਾਦਕੀ, 12 ਅਕਤੂਬਰ 2017 ਕੁਲਵਕਤੀ ਕਾਲਮ ਨਵੀਸ ਪੱਤਰਕਾਰ ਵੀ ਹੱਕਦਾਰ ਹਨ ਸਨਮਾਨ ਦੇ

ਸੰਪਾਦਕੀ, 12 ਅਕਤੂਬਰ 2017

ਕੁਲਵਕਤੀ ਕਾਲਮ ਨਵੀਸ ਪੱਤਰਕਾਰ ਵੀ ਹੱਕਦਾਰ ਹਨ ਸਨਮਾਨ ਦੇ

ਪੰਜਾਬ ਦੀ ਭਾਸ਼ਾ ਤੇ ਉੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਸਨਮਾਨੇ ਜਾਣ ਵਾਲੇ ਸਾਹਿੱਤਕਾਰਾਂ, ਲੇਖਕਾਂ ਅਤੇ ਪੱਤਰਕਾਰਾਂ ਦੀ ਚੋਣ ਪੂਰਨ ਨਿਰਪੱਖਤਾ ਨਾਲ ਮੈਰਿਟ ਦੇ ਆਧਾਰ ਤੇ ਕੀਤੀ ਜਾਏਗੀ।

ਸਰਕਾਰ ਵਲੋਂ ਤਿੰਨ ਸਾਲਾਂ 2015,2016,2017 ਲਈ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਉਰਦੂ ਭਾਸ਼ਾਵਾਂ ਦੇ ਲੇਖਕਾਂ, ਸਾਹਿਤਕਾਰਾਂ ਦਾ ਸਨਮਾਨ ਕਰਨ ਲਈ ਪੰਜਾਬ ਰਾਜ ਸਲਾਹਕਾਰ ਬੋਰਡ ਦੇ ਮੈਂਬਰਾਂ ਤੋਂ ਦੋ ਮੈਂਬਰਾਂ ਦਾ ਪੈਨਲ ਭੇਜਣ ਦੀ ਅਪੀਲ ਕੀਤੀ ਹੈ। ਇਹਨਾਂ ਵਿੱਚ ਤਿੰਨ ਸ਼੍ਰੋਮਣੀ ਪੱਤਰਕਾਰਾਂ ਦੀ ਚੋਣ ਦਾ ਮਾਮਲਾ ਵੀ ਸ਼ਾਮਲ ਹੈ।

ਪੰਜਾਬੀ ਸਾਹਿਤ ਰਤਨ(ਤਿੰਨ ਪੁਰਸਕਾਰ) ਲਈ 10 ਲੱਖ ਰੁਪਏ ਤੇ ਬਾਕੀ ਦੇ ਪੁਰਸਕਾਰ 5-5 ਲੱਖ ਰੁਪਏ ਹਨ। ਤਿੰਨ ਸ਼੍ਰੋਮਣੀ ਪੱਤਰਕਾਰਾਂ ਦੇ ਨਾਲ-ਨਾਲ ਤਿੰਨ ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਵੀ ਸਨਮਾਨੇ ਜਾਣੇ ਹਨ। ਸਾਡੇ ਵਿਚਾਰ ਅਨੁਸਾਰ ਕੁਲਵਕਤੀ ਪੰਜਾਬੀ  ਕਾਲਮ ਨਵੀਸ ਪੱਤਰਕਾਰਾਂ ਦੇ ਨਾਮ ਵੀ ਪੱਤਰਕਾਰੀ ਦੇ ਸਨਮਾਨ ਲਈ ਵਿਚਾਰੇ ਜਾਣੇ ਚਾਹੀਦੇ ਹਨ। ਅਸਲ ਵਿੱਚ  ਕਾਲਮ ਨਵੀਸ, ਅਖ਼ਬਾਰਾਂ ਦਾ ਦਿਮਾਗ ਹੁੰਦੇ ਹਨ। ਅਖ਼ਬਾਰਾਂ ‘ਚ ਵਿਚਾਰ-ਚਰਚਾ ਦੀ ਜੋ ਲੜੀ ਚੱਲਦੀ ਹੈ, ਉਸ ਵਿੱਚ ਇਹਨਾ ਕਾਲਮ ਨਵੀਸ ਪੱਤਰਕਾਰਾਂ ਦੀ ਵੱਡੀ ਦੇਣ ਹੈ। ਕਾਲਮ ਨਵੀਸ ਹੀ ਇਹੋ ਜਿਹੇ ਪੱਤਰਕਾਰ ਹਨ, ਜਿਹੜੇ ਦਿਸ ਰਹੀ ਸਚਾਈ ਪਿੱਛੇ ਛੁਪੀ ਹੋਈ ਸਚਾਈ (ਪ੍ਰਤੱਖ ਦੇ ਪਿੱਛੇ ਅਪ੍ਰਤੱਖ) ਨੂੰ  ਪੇਸ਼ ਕਰਦੇ ਹਨ।

ਦੇਸ਼ ਵਿਦੇਸ਼ ਵਸਦੇ ਪੰਜਾਬੀ ਦੇ ਇਹਨਾਂ ਕੁਲਵਕਤੀ ਕਾਲਮ ਨਵੀਸ ਪੱਤਰਕਾਰਾਂ ਦੀ ਦੇਣ ਅਤੇ ਅਹਿਮੀਅਤ ਨੂੰ ਸਮਝਦਿਆਂ ਇਹਨਾ ਕਾਲਮ ਨਵੀਸਾਂ ਨੂੰ ਵੀ ਪੱਤਰਕਾਰਾਂ ਨੂੰ ਸਨਮਾਨ ਦੇਣ ਵੇਲੇ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ।

 

 

Post Author: admin

Leave a Reply

Your email address will not be published. Required fields are marked *