ਡੰਗ ਅਤੇ ਚੋਭਾਂ …. ਗੁਰਮੀਤ ਪਲਾਹੀ

ਡੰਗ ਅਤੇ ਚੋਭਾਂ

ਗੁਰਮੀਤ ਪਲਾਹੀ

ਖ਼ਬਰ ਹੈ ਕਿ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਬਹੁਤ ਸਾਰੇ ਮੁੱਦੇ ਹਨ, ਪਰ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਹਾਲ ਵਿੱਚ ਵਾਇਰਲ ਹੋਈਆਂ ਅਸ਼ਲੀਲ ਵੀਡੀਉਜ਼ ਨੇ ਬਾਕੀ ਸਾਰੇ ਮੁੱਦੇ ਫਿਕੇ ਪਾ ਦਿੱਤੇ ਹਨ। ਕਾਂਗਰਸ ਦੇ ਹਮਲਾਵਰ ਰੁਖ਼ ਨੇ ਅਕਾਲੀ ਤੇ ਭਾਜਪਾ ਆਗੂਆਂ ਦੇ ਪ੍ਰਚਾਰ ਨੂੰ ਖੁੰਡਾ ਕਰ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਮੁੱਖ ਵਿਰੋਧੀਆਂ ਤੋਂ ਪੱਛੜਿਆ ਹੋਇਆ ਹੈ।

ਆਹ ਵੇਖਣਾ ਭਾਈ ਕਿਧਰੇ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਦਾ ਮੁੱਦਾ ਵੀ ਚੋਣਾਂ ‘ਚ ਤੁਰਿਆ ਫਿਰਦਾ ਹੈ ਕਿ ਨਹੀਂ? ਆਹ ਵੀ ਵੇਖਣਾ ਭਾਈ ਨਵੇਂ ਹਾਕਮਾਂ ਵਲੋਂ ਕੀਤੇ ਵਾਅਦਿਆਂ ਦੀ ਪੁੱਗਤ ਨੂੰ ਵੀ ਕਿਧਰੇ ਵਿਚਾਰਿਆ ਜਾ ਰਿਹਾ ਹੈ ਕਿ ਨਹੀਂ? ਕਿ ਸਿਰਫ ਨੰਗੇ ਨੇਤਾਵਾਂ ਦੇ ਨੰਗ ਨੂੰ ਹੀ ਚੋਣਾਂ ‘ਚ ਫੁਟਬਾਲ ਦੀ ਤਰ੍ਹਾਂ ਉਛਾਲਿਆ ਜਾ ਰਿਹਾ ਹੈ। ਮੈਂ ਤਾਂ ਸੁਣਿਆ ਹੋਇਆ ਅਤੇ ਸਿਆਣੇ ਵੀ ਕਹਿੰਦੇ ਆ ਭਾਈ ਹਮਾਮ ‘ਚ ਤਾਂ ਸਾਰੇ ਹੀ ਨੰਗੇ ਹੁੰਦੇ ਆ। ਸੁਣਿਆਂ ਤਾਂ ਇਹ ਵੀ ਹੋਇਆ ਕਿ ਸ਼ੀਸ਼ੇ ਦੇ ਘਰਾਂ ਵਾਲਿਆਂ ਨੂੰ ਦੂਜੇ ਦੇ ਘਰਾਂ ਵੱਲ ਪੱਥਰ ਨਹੀਂ ਸੁੱਟਣੇ ਚਾਹੀਦੇ। ਪਰ ਇਥੇ ਸੁਣਦਾ ਕੌਣ ਆ ਭਲਾ?

ਇਥੇ ਤਾਂ ਬੱਸ ਇੱਕੋ ਗੱਲ ਆ! ਕੋਈ ਮੈਨੂੰ ਪੁੱਛੇ ਉਹ ਕਿਹੜੀ? ਉਹ ਭਾਈ, ਇਹ ਕਿ ਜਨਤਾ ਦੀ ਵੋਟ ਕਿਵੇਂ ਖਿੱਚਣੀ ਆ? ਜਨਤਾ ਦੀ ਵੋਟ ਕਿਵੇਂ ਹਥਿਆਉਣੀ ਆ? ਜਨਤਾ ਦੀ ਵੋਟ ਕਿਵੇਂ ਲੁੱਟਣੀ ਆ? ਅਤੇ ਆਹ ਆਪਣੇ ਨੇਤਾ ਮਾਹਰ ਆ ਇਸ ਕੰਮ ਨੂੰ ! ਪ੍ਰਚਾਰ ਕਰਨਗੇ। ਲੋਕਾਂ ਨੂੰ ਭਰਮਾਉਣਗੇ! ਆਪ ਸੱਚੇ ਤੇ ਦੂਜੇ ਨੂੰ ਝੂਠੇ ਦਰਸਾਉਣਗੇ! ਲੋਕਾਂ ਦੇ ਅੱਖਾਂ ‘ਚ ਘੱਟਾ ਪਾਉਣਗੇ! ਅਤੇ ਮੁੜ ਪੰਜ ਸਾਲ ਤੂੰ ਕੌਣ ਅਤੇ ਮੈਂ ਕੌਣ? ਹੈ ਕਿ ਨਹੀਂ!

ਨੇਤਾ ਤਾਂ ਨੇਤਾ ਆ ਜੀ! ਨੇਤਾ, ਜਨਤਾ ਦਾ ਨੁਮਾਇੰਦਾ ਨਹੀਂ ਹੁੰਦਾ। ਨੇਤਾ ਤਾਂ ਲੋਕਾਂ ਤੇ ਠੋਸਿਆ ਜਾਂਦਾ। ਤਦੇ ਭਾਈ ਇਹੋ ਜਿਹਾ ਨੇਤਾ ਜਨਤਾ ਨਾਲ ਬੰਦਿਆਂ ਵਰਗਾ ਨਹੀਂ, ਭੇਡਾਂ ਵਰਗਾ ਵਿਵਹਾਰ ਕਰਦਾ ਆ। ਤਦੇ ਤਾਂ ਇਹੋ ਜਿਹੇ ਨੇਤਾਵਾਂ ਦੀ ਮਨੋਦਸ਼ਾ ਬਿਆਨਦਾ ਇੱਕ ਕਵੀ ਲਿਖਦਾ ਆ, “ਜਿਵੇਂ ਆਜੜੀ ਭੇਡਾਂ ਨੂੰ ਚਾਰਦਾ ਏ, ਭੋਲੀ ਜਨਤਾ ਨੂੰ ਕਿਸ ਤਰ੍ਹਾਂ ਚਾਰੀਏ ਜੀ“?

ਕਦਰ ਕੋਈ ਨਾ ਕਰਦਾ ਪੁਲਸੀਆਂ ਦੀ, ਆਖ਼ਰ ਉਹ ਵੀ ਹੈਣ ਇਨਸਾਨ ਯਾਰੋ

ਖ਼ਬਰ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਹੁਣੇ ਕਿਹੇ ਪੁਲਿਸ ਸੁਧਾਰਾਂ ਲਈ 25000 ਕਰੋੜ ਰੁਪਏ ਦੀ ਰਾਸ਼ੀ ਸਾਲ 2017-18 ਵਿੱਚ ਅਗਲੇ ਤਿੰਨ ਸਾਲਾਂ ਲਈ ਖਰਚ ਕਰਨ ਲਈ ਦਿੱਤੀ ਹੈ। ਇਸ ਰਾਸ਼ੀ ਦਾ ਵੱਡਾ ਹਿੱਸਾ ਹੱਥਿਆਰਾਂ, ਗੱਡੀਆਂ ਅਤੇ ਸੰਚਾਰ ਉਪਕਰਨਾ ਦੀ ਖਰੀਦ ਲਈ ਖਰਚ ਹੋਏਗਾ, ਇਸ ਵਿੱਚ ਕਿੰਨਾ ਹਿੱਸਾ ਪੁਲਿਸ ਦੀ ਮਾਨਸਿਕਤਾ ਬਦਲਣ ਲਈ ਖਰਚ ਹੋਏਗਾ, ਇਸ ਬਾਰੇ ਕੇਂਦਰੀ ਮੰਤਰੀ ਮੰਡਲ ਨੇ ਕੋਈ ਸਪਸ਼ਟ ਸੰਕੇਤ ਨਹੀਂ ਦਿੱਤੇ। ਕਿਹਾ ਜਾ ਰਿਹਾ ਹੈ ਕਿ ਆਜ਼ਾਦੀ ਦੇ ਸੱਤ ਦਹਾਕਿਆ ਦੇ ਬਾਅਦ ਕੋਈ ਵੀ ਭਲਾ ਪੁਰਸ਼ ਮੁਸੀਬਤ ਵੇਲੇ ਪੁਲਿਸ ਦੇ ਕੋਲ ਨਹੀਂ ਜਾਣਾ ਚਾਹੁੰਦਾ, ਕਿਉਂਕਿ ਅੱਜ ਹੀ ਥਾਣੇ ਰਪਟ ਨਹੀਂ ਲਿਖੀ ਜਾਂਦੀ ਅਤੇ ਅੱਜ ਵੀ ਇਕ ਔਸਤਨ ਪੁਲਿਸ ਕਰਮੀ “ਥਰਡ ਡਿਗਰੀ“ ਦਾ ਇਸਤੇਮਾਲ ਕਰਨ ਨੂੰ ਹੀ ਤਰਜ਼ੀਹ ਦਿੰਦਾ ਹੈ।

ਕੀ ਕਰੇ ਪੁਲਿਸ? ਉਹਦਾ “ਆਕਾ“ ਜੋ ਹੁਕਮ ਚਾੜ੍ਹਦਾ ਆ, ਉਹ ਉਹੀ ਪ੍ਰਵਾਨ ਕਰਦੀ ਆ। ਦੂਰ ਕੀ ਜਾਣਾ ਹਰਿਆਣਾ ਦੇ ਪੰਚਕੂਲੇ ਜੋ ਹੋਇਆ ਸਾਹਮਣੇ ਲਿਆ। ਪਹਿਲਾਂ ਬਾਬੇ ਦੇ ਭਗਤਾਂ ਨੂੰ ਪੰਚਕੂਲੇ ਆਉਣ ਦਿੱਤਾ। ਸੜਕਾਂ ਤੇ ਬਿਠਾ ਲਿਆ। ਜੋ ਕੀਤਾ-ਕਮਾਉਣਾ ਸੀ ਕਰਾ ਲਿਆ। ਉਸਦੇ ਬਾਅਦ ਘਬਰਾਹਟ ਵਿੱਚ ਆ ਦੇਖਿਆ ਨਾ ਤਾਅ, ਜਿਹੜਾ ਹੱਥ ਆਇਆ ਪਟਕਾ ਲਿਆ। ਚੱਲ ਗਾਲ ਤੇ ਗਾਲ, ਚੱਲ ਡਾਂਗ ਤੇ ਡਾਂਗ, ਚੱਲ ਗੋਲੀ ਤੇ ਗੋਲੀ! ਹੁਕਮ ਜਿਉਂ ਸਰਕਾਰ ਦਾ ਸੀ, ਭਲਾ ਪੁਲਸੀਆਂ ਦਾ ਕੀ ਦੋਸ਼?

ਬੜੇ ਕੰਮ ਕੀਤੇ ਆ ਪੁਲਿਸ ਨੇ। ਭਾਈ ਬਦਮਾਸ਼ ਸਿੱਧੇ ਕਰਨ ਦਾ ਕੰਮ ਪੁਲਿਸ ਦਾ। ਚੋਰ ਠੱਗ ਫੜਨ ਦਾ ਕੰਮ ਪੁਲਿਸ ਦਾ। ਨੇਤਾਵਾਂ ਦੀ ਰਾਖੀ ਕਰਨ ਦਾ ਕੰਮ ਪੁਲਿਸ ਦਾ! ਲੋੜ ਵੇਲੇ ਕੁਟ-ਕੁਟਾਪਾ ਕਰਨ ਦਾ ਕੰਮ ਪੁਲਿਸ ਦਾ ਪਰ ਸਭ ਤੋਂ ਵੱਡਾ ਕੰਮ ਪੁਲਿਸ ਨੇ ਜੋ ਕੀਤਾ ਉਹ ਭਾਸ਼ਾ ਨੂੰ ਅਮੀਰ ਕਰਨ ਦਾ ਕੀਤਾ ਆ! ਕੀ ਪੁਲਿਸ ਦੀਆਂ ਮੌਲਿਕ ਗਾਲਾਂ ਦਾ ਕੋਈ ਮੁਕਾਬਲਾ ਕਰ ਸਕਦਾ? ਕੀ ਪੁਲਿਸ ਦੀ ਇਸ ਦੇਣ ਦਾ ਅਹਿਸਾਨ ਕੋਈ ਮੋੜ ਸਕਦਾ? ਹੈ ਕੋਈ ਡਿਕਸ਼ਨਰੀ ਜੀਹਦੇ ‘ਚ ਐਡੀਆਂ ਗਾਲਾਂ ਦਾ ਭੰਡਾਰ ਦਰਜ਼ ਹੋਇਆ ਹੋਵੇ ਜਾਂ ਹੋ ਸਕੇ। ਪੁਲਿਸ ਚਾਹੇ ਪੰਜਾਬ ਦੀ ਆ ਚਾਹੇ ਹਰਿਆਣੇ ਦੀ। ਪੁਲਿਸ ਚਾਹੇ ਬੰਗਾਲ ਦੀ ਆ ਚਾਹੇ ਕੰਨਿਆ ਕੁਮਾਰੀ ਦੀ! ਗਾਲਾਂ ਦੇ ਭੰਡਾਰ ਦੀ ਉਹਨਾ ਦੀ ਦੇਣ ਭੁਲਿਆਂ ਵੀ ਭੁਲਾਇਆ ਨਹੀਂ ਜਾ ਸਕਦਾ। ਐਡੇ ਵੱਡੇ ਕੀਤੇ ਕੰਮਾਂ ਦੀ, ਉਹਨਾ ਦੀ ਦੇਣ ਭਾਈ ਮਹਾਨ ਆ ਪਰ ਅਸੀਂ ਫਿਰ ਵੀ ਉਹਨਾ ਦੀ ਕਦਰ ਹੀ ਨਹੀਂ ਕਰਦੇ। “ਕਦਰ ਕੋਈ ਨਾ ਕਰਦਾ ਪੁਲਸੀਆਂ ਦੀ, ਆਖ਼ਿਰ ਉਹ ਵੀ ਹੈਣ ਇਨਸਾਨ ਯਾਰੋ“।

ਦੀਵਾਲੀ ਪਹਿਲਾਂ ਹੀ ਆ ਗਈ?

ਖ਼ਬਰ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜੀ ਐਸ ਟੀ ਬਾਰੇ ਸਰਕਾਰ ਵਲੋਂ ਬੀਤੀ ਰਾਤ ਲਏ ਗਏ ਫੈਸਲੇ ਨਾਲ ਦੇਸ਼ ਅੰਦਰ ਖੁਸ਼ਨੁਮਾ ਮਾਹੌਲ ਬਣ ਗਿਆ ਹੈ ਅਤੇ ਲੱਗਦਾ ਹੈ ਕਿ ਦੀਵਾਲੀ ਸਮੇਂ ਤੋਂ 15 ਦਿਨ ਪਹਿਲਾਂ ਹੀ ਆ ਗਈ ਹੈ। ਉਹਨਾ ਇਹ ਵੀ ਕਿਹਾ ਕਿ ਉਹਨਾ ਦੀ ਸਰਕਾਰ ਮੁਲਕ ਦੀ ਕਾਰੋਬਾਰੀ ਜਮਾਤ ਨੂੰ ਲਾਲ-ਫੀਤਾਸ਼ਾਹੀ ਨਾਲ ਨਹੀਂ ਨਰੜਨਾ ਚਾਹੁੰਦੀ ਅਤੇ ਨੌਕਰਸ਼ਾਹੀ ਦੀ ਲਾਲ ਫੀਤਾ ਸ਼ਾਹੀ ਨਹੀਂ ਚੱਲਣ ਦਿਤੀ ਜਾਏਗੀ। ਖ਼ਬਰ ਇਹ ਵੀ ਕਿ ਧਰਮ ਅਸਥਾਨਾਂ ਨੂੰ ਟੈਕਸ ਤੋਂ ਛੋਟ ਨਾ ਦਿਤੇ ਜਾਣ ਕਾਰਨ ਸ਼੍ਰੋਮਣੀ ਕਮੇਟੀ ਖਫਾ ਹੈ ਅਤੇ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਹੈ ਕਿ ਸਾਬਕਾ ਕਾਂਗਰਸ ਸਰਕਾਰ ਨੇ ਤਾਂ ਧਾਰਮਿਕ ਸਥਾਨਾਂ ਨੂੰ ਵੈਟ ਤੋਂ ਛੋਟ ਦਿੱਤੀ ਹੋਈ ਸੀ ਪਰ ਮੋਦੀ ਸਰਕਾਰ ਜੀ ਐਸ ਟੀ ਲਗਾਉਣ ਲਈ ਬਜ਼ਿਦ ਹੈ!

ਜਾਪਦੈ ਆਪਣਿਆਂ ਦੀ ਮਾਰ ਪਈ ਤਾਂ ਬਡੂੰਗਰ ਜੀ ਨੂੰ ਬੇਗਾਨੇ ਚੇਤੇ ਆਏ ਆ। ਭਾਈ ਮੋਦੀ, ਸਰਕਾਰ ਚਲਾ ਰਿਹਾ ਆ ਵਪਾਰ ਵਾਗੂੰ। ਜਿਥੋਂ ਪੈਸਾ ਟਕਾ ਟਕਰੂ, ਮੋਦੀ ਤਾਂ ਉਧਰ ਜਾਊ! ਅਮਰੀਕਾ ਜਾਊ! ਜਪਾਨ ਜਾਊ! ਟਾਈ ਕੋਟ ਪਾਕੇ ਵਲੈਤ ਜਾਊ! ਉਹ ਤਾਂ ਉਦੋਂ ਧਾਰਮਿਕ ਸਥਾਨਾਂ ‘ਤੇ ਜਾਊ, ਜਦੋਂ ਚੋਣ ਆਊ! ਉਥੇ ਚਾਰ ਟਕੇ ਚੜ੍ਹਾਊ, ਰੁਪੱਈਏ ਦੋ ਰੁਪੱਈਏ ਉਥੋਂ ਖਿਸਕਾਊ! ਇਹੋ ਅਸੂਲ ਹੁੰਦਾ ਆ ਵਪਾਰੀਆਂ ਦਾ, ਦਲਾਲਾਂ ਦਾ, ਲੋਕਾਂ ਦੇ ਕਥਿਤ ਰਖਵਾਲਾਂ ਦਾ! ਹੈ ਕਿ ਨਾ?

ਖਾਲੀ ਜੇਬਾਂ! ਖਾਲੀ ਖਜ਼ਾਨੇ! ਆਮਦਨ ਘੱਟ, ਖਰਚੇ ਵੱਧ! ਜਦ ਜੇਬ ‘ਚ ਕੁਝ ਹੋਊ ਨਾ, ਤਾਂ ਖਰਚੂ ਕਿਥੋਂ ?ਨੰਗਾ ਨਹਾਊ ਕੀ ਤੇ ਨਚੋੜੂ ਕੀ? ਉਹਦੀ ਤਾਂ ਹਰ ਦਿਨ ਕਾਲੀ ਦੀਵਾਲੀ ਆ। ਉਹਦਾ ਦੀਵਾਲੀ ਤੇ ਦੀਵਾ ਜਗੇ ਜਾ ਨਾ, ਹਰ ਦਿਨ ਉਹਦੇ ਦੀਵੇ ‘ਚੋਂ ਤਾਂ ਤੇਲ ਮੁਕਿਆ ਹੀ ਰਹਿੰਦਾ ਆ। ਉਸਦੇ ਲਈ ਦੀਵਾਲੀ ਪਹਿਲਾਂ ਹੀ ਆ ਗਈ ਦੇ ਕੀ ਅਰਥ? ਉਹਦੇ ਲਈ ਤਾਂ ਦੀਵਾਲੀ ਆਏਗੀ, ਚਲੇ ਜਾਏਗੀ ਤੇ ਉਹ ਮੋਦੀ ਦੇ ਲੱਖਾਂ ਰੁਪੱਈਏ ਬੈਂਕ ‘ਚ ਆਉਣ ਲਈ ਉਡੀਕਦਾ ਰਹੇਗਾ, ਜੀਹਦਾ ਉਹਨੇ ਚੋਣਾਂ ਲੈਣ ਵੇਲੇ ਵਾਇਦਾ ਕੀਤਾ ਸੀ।

ਇਹ ਦੁਨੀਆ ਨਾ ਸੱਚ ਸਹਾਰਦੀ ਏ ਤਾਂ ਵੀ ਮੈਂ ਨਾ ਝੂਠ ਦਾ ਖੋਟ ਪਾਵਾਂ

ਖ਼ਬਰ ਹੈ ਕਿ ਕਾਂਗਰਸ ਦੇ ਉਘੇ ਨੇਤਾ ਮਣੀ ਸ਼ੰਕਰ ਆਇਰ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਉਤੇ ਜ਼ੋਰਦਾਰ ਹੱਲਾ ਬੋਲਿਆ ਹੈ। ਉਹਨਾ ਕਿਹਾ ਕਿ ਕਾਂਗਰਸ ਵਿੱਚ ਜਦੋਂ ਤੱਕ ਮਾਂ ਅਤੇ ਬੇਟੇ ਦੀ ਸੱਤਾ ਹੈ, ਤਦੋਂ ਤੱਕ ਪਾਰਟੀ ਵਿੱਚ ਕਿਸੇ ਦਾ ਭਲਾ ਨਹੀਂ ਹੋ ਸਕਦਾ। ਚਾਹੇ ਜਿੰਨੇ ਮਰਜ਼ੀ ਯੋਗ ਅਤੇ ਤੇਜ਼ ਤਰਾਰ ਨੇਤਾ ਪਾਰਟੀ ਵਿੱਚ ਹੋਣ, ਉਹ ਪ੍ਰਧਾਨਗੀ ਦੇ ਆਹੁਦੇ ਉਤੇ ਨਹੀਂ ਪਹੁੰਚ ਸਕਦੇ। ਕਾਂਗਰਸ ਵਿੱਚ ਪਰਿਵਾਰਵਾਦ ਸ਼ੁਰੂ ਤੋਂ ਹੀ ਹੈ।

ਨਹਿਰੂ ਬਾਅਦ ਸ਼ਾਸ਼ਤਰੀ ਕਾਂਗਰਸ ਦੀ ਮਜ਼ਬੂਰੀ ਬਣਿਆ ਤੇ ਨਹਿਰੂ ਦੀ ਪੁੱਤਰੀ ਇੰਦਰਾ ਛਾ ਗਈ। ਇੰਦਰਾ ਤੋਂ ਬਾਅਦ ਰਾਜੀਵ ਨੇ ਆਉਣਾ ਹੀ ਸੀ, ਕਿਵੇਂ ਗੱਦੀ ਸੁੰਨੀ ਛੱਡੀ ਜਾ ਸਕਦੀ ਸੀ। ਘਰ ਦੀਆਂ ਗੱਲਾਂ ਘਰੇ ਰਹਿ ਗਈਆਂ। ਫਿਰ ਗੱਦੀ ਗੁਆਚੀ ਵਿਰੋਧੀ ਹੱਥ ਗਈ ਅਤੇ ਫਿਰ ਮੁੜ ਆਈ ਤੇ ਆਪਣੇ ਮਨਮੋਹਨ ਸਿਹੁੰ ਪ੍ਰਧਾਨ ਮੰਤਰੀ ਤਾਂ ਬਣ ਗਏ, ਸੁਪਰ ਪ੍ਰਧਾਨ ਮੰਤਰੀ ਤਾਂ ਸੋਨੀਆ ਨੇ ਹੀ ਬਨਣਾ ਸੀ। ਉਹਨਾ ਗੱਦੀ ਦਾ ਮਜ਼ਬੂਰੀ ‘ਚ ਤਿਆਗ ਜਿਉਂ ਕੀਤਾ ਸੀ, ਤਿਆਗ ਦੀ ਮੂਰਤੀ ਬਣਕੇ ਤੇ ਭਾਈ ਇਹੋ ਜਿਹੀ ਤਿਆਗ ਦੀ ਮੂਰਤੀ ਦਾ ਐਨਾ ਵੀ ਹੱਕ ਨਹੀਂ ਬਣਦਾ ਕਿ ਆਪਣੇ ਪੁੱਤ ਨੂੰ ਮੁੜ ਰਾਜ ਤਿਲਕ ਨਾ ਸਹੀ, ਆਪਣੀ ਪਾਰਟੀ ਦਾ ਤਿਲਕ ਲਗਾ ਦਏ! ਇਹ ਜਾਣਦਿਆਂ ਵੀ ਭਾਈ ਮਣੀ ਸ਼ੰਕਰ ਬੋਲ ਪਏ ਆ, “ਇਹ ਦੁਨੀਆ ਨਾ ਸੱਚ ਸਹਾਰਦੀ ਏ, ਤਾਂ ਵੀ ਮੈਂ ਨਾ ਝੂਠ ਦਾ ਖੋਟ ਪਾਵਾਂ“। ਸੱਚ ਨੂੰ ਕੋਈ ਨਹੀਂ ਸਹਾਰਦਾ। ਬਸ ਚੜ੍ਹਦੇ ਸੂਰਜ ਨੂੰ ਸਲਾਮ ਹੀ ਕਰਦਾ ਆ।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ!

ਐਸੋਚੈਮ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਨੂੰ ਦਿਲ ਦੇ ਰੋਗਾਂ ਅਤੇ ਦਿਲ ਫੇਲ੍ਹ ਹੋਣ ਅਤੇ ਸ਼ੂਗਰ ਕਾਰਨ 2007 ਤੋਂ 2017 ਦੇ ਵਿਚਕਾਰ 236.6 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।

ਇੱਕ ਵਿਚਾਰ

ਵਿਗਿਆਨ ਦੀ ਤਾਕਤ ਵਿੱਚ, ਵਿਸ਼ਵ ਕੂਟਨੀਤੀ ਨੂੰ ਕਈ ਨਵੀਆਂ ਦਿਸ਼ਾਵਾਂ ਦੇਣ ਦੀ ਸਮਰੱਥਾ ਹੈ।……………. ਅਹਿਮਦ ਜੇਵੈਲ

ਫੋਨ ਨੰ:- 9815802070

Post Author: admin

Leave a Reply

Your email address will not be published. Required fields are marked *