ਡੰਗ ਅਤੇ ਚੋਭਾਂ/ਗੁਰਮੀਤ ਪਲਾਹੀ/ਜਨਤਾ ਨਾਲ ਨੇਤਾ ਇਉਂ ਪਿਆਰ ਕਰਦੇ, ਜਿਵੇਂ ਬੱਕਰੇ ਨਾਲ ਕਸਾਈ ਕਰਦੇ

ਡੰਗ ਅਤੇ ਚੋਭਾਂ

ਗੁਰਮੀਤ ਪਲਾਹੀ

ਜਨਤਾ ਨਾਲ ਨੇਤਾ ਇਉਂ ਪਿਆਰ ਕਰਦੇ, ਜਿਵੇਂ ਬੱਕਰੇ ਨਾਲ ਕਸਾਈ ਕਰਦੇ

ਖ਼ਬਰ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਸਾਰੇ ਮੋਰਚਿਆਂ ‘ਤੇ ਫੇਲ੍ਹ ਸਾਬਤ ਹੋਈ ਹੈ। ਇਹ ਚਾਹੇ ਸਿਆਸੀ ਮੋਰਚਾ ਹੋਵੇ, ਆਰਥਿਕ ਜਾਂ ਧਾਰਮਿਕ। ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ਨੂੰ ਹੀ ਝੂਠਾ ਕੀਤਾ ਹੈ। ਉਧਰ ਭਾਜਪਾ ਨੇ ਪੰਜਾਬ ਸਰਕਾਰ ਦਾ ਛੇ ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਨੂੰ ਪਾਸ ਕੀਤਾ ਜਦਕਿ ਮੁਖਮੰਤਰੀ ਸਮੇਤ ਬਾਕੀ ਅੱਠ ਮੰਤਰੀਆਂ ਨੂੰ ਫੇਲ੍ਹ ਦੱਸਿਆ ਹੈ। ਉਹਨਾ ਕਿਹਾ ਕਿ ਕਾਂਗਰਸ ਸਰਕਾਰ ਨੇ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਸੀ, ਪਰ ਸਰਕਾਰ ਬਨਣ ‘ਤੇ ਉਹ ਵਾਅਦੇ ਤੋਂ ਹਟ ਗਏ ਤੇ  ਕਿਸਾਨਾਂ ਸਿਰ ਦੋ ਲੱਖ ਦਾ ਕਰਜ਼ਾ ਮਾਫ ਕਰਨ ਦੀ ਗੱਲ ਆਖੀ ਤੇ ਉਹ ਵੀ ਸਰਕਾਰ ਮਾਫ ਨਹੀਂ ਕਰ ਸਕੀ। ਦੋਹਾਂ ਪਾਰਟੀਆਂ ਦੇ ਨੇਤਾਵਾਂ ਨਾਲ ਆਮ ਲੋਕਾਂ ਨੇ ਬਹੁਤ ਹੀ ਪਿਆਰ ਦਿਖਾਇਆ।

ਛੱਜ ਤਾਂ ਬੋਲੇ ਭਲਾ ਛਾਨਣੀ ਕਿਉਂ ਬੋਲੇ ਜੀਹਦੇ ‘ਚ ਛੱਤੀ ਸੌ ਛੇਕ ਹੋਣ। ਅਕਾਲੀਆਂ ਵਾਅਦੇ ਕੀਤੇ, ਮੁੱਕਰ ਗਏ। ਅਕਾਲੀਆਂ ਆਖਿਆ, ਪੰਜਾਬ ਕੈਲੇਫੋਰਨੀਆ ਬਣਾ ਦਿਆਂਗੇ, ਕਰਜ਼ਾਈ ਬਣਾ ਦਿੱਤਾ। ਅਕਾਲੀਆਂ ਆਖਿਆ, ਨੌਜਵਾਨਾਂ ਨੂੰ ਨੌਕਰੀਆਂ ਦਿਆਂਗੇ, ਨੌਕਰੀਆਂ ਦੇ ਥਾਂ ਨੌਜਵਾਨਾਂ ਹੱਥ ਪਾਸਪੋਰਟ ਫੜਾ ਦਿੱਤੇ। ਅਕਾਲੀਆਂ ਆਖਿਆ, ਸਭ ਨੂੰ ਰੋਟੀ, ਰੋਜ਼ੀ ਦਿਆਂਗੇ, ਰੋਜ਼ੀ ਦੀ ਥਾਂ ਹੱਥ ਨੀਲੇ ਕਾਰਡ ਫੜਾ ਦਿਤੇ ਕਿ ਜਾਉ ਤੇ ਸੁਸਰੀ ਲੱਗੀ ਕਣਕ ਖਾਉ ਅਤੇ ਮੌਜ ਉਡਾਉ, ਬੁਢਿਆਂ ਨੂੰ ਪੈਨਸ਼ਨਾਂ ਬਾਅਦ ‘ਚ ਦੇ ਦਿਆਂਗੇ। ਆਹ ਭਾਜਪਾ ਵਾਲਿਆਂ ਦੇ 56 ਇੰਚੀ ਚੌੜੇ ਸੀਨੇ ਨੇ ਆਖਿਆ ਸੀ ਭਾਈ ਆ ਲੈਣ ਦਿਉ ਮੇਰੀ ਸਰਕਾਰ ਕਾਲਾ ਧਨ ਵਿਦੇਸ਼ਾਂ ਤੋਂ ਲਿਆਵਾਂਗੇ  ਤੇ ਲੋਕਾਂ ਦੇ ਖਾਤਿਆਂ ‘ਚ ਲੱਖਾਂ ਪਾਵਾਂਗੇ, ਪਰ ਧੰਨ ਦੇ ਥਾਂ ਖੋਟਾ ਪੈਸਾ ਹੱਥ ਫੜਾ ਤਾ। ਭਾਜਪਾ ਆਖਿਆ ਸੀ ਭਾਰਤ ਸਵੱਛ ਬਣਾ ਦਿਆਂਗੇ, ਬੇਰੁਜ਼ਗਾਰੀ ਖਤਮ ਕਰ ਦਿਆਂਗੇ, ਕਰਜ਼ੇ ਮਾਫ ਕਰ ਦਿਆਂਗੇ। ਕੁਰਸੀ ਹੱਥ ਆਉਂਦਿਆ ਦੇਸ਼, ਆਹ ਆਪਣੇ ਟਰੰਪ ਹੱਥ ਗਿਰਵੀ ਰੱਖ ਤਾ। ਰਹਿ ਗਈ ਗੱਲ ਭਾਈ ਆਪਣੇ ਕੈਪਟਨ ਦੀ, ਆਂਹਦਾ ਸੀ, ਇਸ ਕੀ ਵਾਰ ਲਿਆ ਦਿਉ ਕੈਪਟਨ ਸਰਕਾਰ। ਤੁੰਨ ਦਊਂ ਮਾਫੀਏ ਨੂੰ, ਨਸ਼ੱਈਆਂ ਨੂੰ, ਕੁਰੱਪਟਾਂ ਨੂੰ ਪਰ ਸਮਾਂ ਆਇਆ ਸੱਭੋ ਕੁਝ ਠੁਪ ਹੋ ਗਿਆ। ਬਹੁਤ ਹੀ ਪਿਆਰ ਕਰਦੇ ਆ ਸਾਰੇ ਨੇਤਾ ਲੋਕਾਂ ਨਾਲ ਤਦੇ ਭਾਈ ਵਾਅਦੇ ਕਰਦੇ ਆ, ਪਰ ਮੁਕਰ ਜਾਂਦੇ ਆ। ਪਰ ਅਸਲੋਂ ਸਾਰੇ ਨੇਤਾਵਾਂ ਦਾ ਲੋਕਾਂ ਨਾਲ ਇਕ ਕਵੀ ਦੇ ਕਹਿਣ ਵਾਂਗਰ ਕੁਝ ਇਸ ਤਰ੍ਹਾਂ ਦਾ ਪਿਆਰ  ਆ ਭਾਈ, “ਜਨਤਾ ਨਾਲ ਹਨ ਇਉਂ ਪਿਆਰ ਕਰਦੇ, ਜਿਵੇਂ ਬੱਕਰੇ ਨਾਲ ਕਸਾਈ ਕਰਦੇ”।

ਜ਼ੁਬਾਂ ਖਾਮੋਸ਼ ਹੈ, ਡਰ ਬੋਲਤੇ ਹੈਂ

ਖ਼ਬਰ ਹੈ ਕਿ ਸੰਯੁਕਤ ਰਾਸ਼ਟਰ ਦੀ ਅਣਦੇਖੀ ਕਰਦਿਆਂ ਉਤਰੀ ਕੋਰੀਆ ਨੇ ਇਕ ਵੇਰ ਫਿਰ ਜਾਪਾਨ ਦੇ ਉਪਰੋਂ ਮਿਜ਼ਈਲ ਦਾਗੀ ਹੈ। ਵਿਚਕਾਰਲੀ ਦੂਰੀ ਦੀ ਇਹ ਮਿਜ਼ਾਈਲ ਜਾਪਾਨ ਦੇ ਉਪਰੋਂ ਹੋਕੇ ਪ੍ਰਸ਼ਾਤ ਮਹਾਂਸਾਗਰ ਵਿੱਚ ਡਿੱਗੀ ਹੈ। ਇਹ ਮਿਜ਼ਾਈਲ ਨੇ 3700 ਕਿਲੋਮੀਟਰ ਦੀ ਦੂਰੀ 770 ਕਿਲੋਮੀਟਰ ਦੀ ਉਚਾਈ ਤੋਂ ਤਹਿ ਕੀਤੀ। ਇਸਤੋਂ 12 ਦਿਨ ਪਹਿਲਾਂ ਉਤਰੀ ਕੋਰੀਆ ਨੇ ਆਪਣਾ ਛੇਵਾਂ ਪ੍ਰਮਾਣੂ ਪ੍ਰੀਖਣ ਕੀਤਾ ਸੀ। ਇਹ ਹਾਈਡਰੋਜਨ ਬੰਬ ਸੀ ਜੋ ਇਤਨਾ ਛੋਟਾ ਸੀ ਕਿ ਇਸਨੂੰ ਮਿਜ਼ਾਈਲ਼ ਵਿੱਚ ਫਿੱਟ ਕੀਤਾ ਜਾ ਸਕਦਾ ਹੈ।

ਇਧਰ ਆਪਣੇ ਮੋਦੀ ਜੀ ਜਪਾਨੀਆਂ ਤੋਂ ਬੁਲੇਟ ਟਰੇਨ ਲੈ ਕੇ ਖੁਸ਼ ਹੋਏ ਫਿਰਦੇ ਹਨ ਤਾਂ ਕਿ ਦੁਸ਼ਮਣਾਂ ਦੇ ਹਮਲੇ ਵੇਲੇ ਬੁਲੇਟ ਦੀ ਸਵਾਰੀ ਕਰਕੇ ਧੁਰ ਦੱਖਣ ‘ਚ ਜਾ ਲੁਕਿਆ ਜਾ ਸਕੇ। ਉਧਰ “ਥਾਣੇਦਾਰ ਟਰੰਪ” ਕਦੇ ਇਰਾਨ ਦੀ ਪ੍ਰਮਾਣੂ ਸ਼ਕਤੀ ਤੋਂ ਡਰਦਾ, ਕਦੇ ਉਤਰੀ ਕੋਰੀਆ ਨੂੰ ਸਿੱਟੇ ਭੁਗਤਣ ਲਈ ਤਿਆਰ ਰਹਿਣ ਲਈ ਕਹਿ ਰਿਹਾ ਅਤੇ ਇਧਰ ਆਹ ਵੇਖ ਲਉ ਮੋਦੀ ਦੀ ਲਾਡਲੀ ਹਰਿਆਣਾ ਸਰਕਾਰ, ਜਿਹੜੀ ਬਾਬੇ ਰਾਮ ਰਹੀਮ ਦੀ ਸੁਰੱਖਿਆ ਤੋਂ ਡਰਦੀ, ਉਹਦੀ ਨਿੱਤ ਜੇਲ੍ਹ ‘ਚ ਬੈਰਕਾਂ ਬਦਲਣ ਦੇ ਆਹਰ ‘ਚ ਰਹਿੰਦੀ ਆ।

ਇਧਰ ਸਰਕਾਰਾਂ ਲੋਕਾਂ ਤੇ ਰਾਜ ਕਰਦੀਆਂ ਅੰਦਰੋਂ ਡਰਦੀਆਂ ਆ ਕਿ ਜੇਕਰ ਲੋਕ ਉਠ ਪਏ ਤਾਂ ਕੀ ਹੋਊ? ਉਧਰ ਦੁਨੀਆਂ ਦੀਆਂ ਮਹਾਂਸ਼ਕਤੀਆਂ ਦੂਜੇ ਨਿੱਕੇ ਦੇਸ਼ਾਂ ਤੋਂ ਡਰਦੀਆਂ ਆਂ ਕਿ ਭਾਈ ਜੇਕਰ ਇਹਨਾ ਦੇਸ਼ਾਂ ਨੂੰ ਸਾਡੇ ਕਾਰਨਾਮਿਆਂ ਦਾ ਪਤਾ ਲੱਗ ਗਿਆ ਤਾਂ ਫਿਰ ਕੀ ਹੋਊ?

ਭਾਈ ਸੱਚ ਤਾਂ ਸੱਚ ਹੀ ਰਹਿਣਾ ਆਂ। ਝੂਠ ਤਾਂ ਲੋਕਾਂ ਸਾਹਵੇਂ ਆਉਣਾ ਹੀ ਆਉਣਾ ਆਂ। ਸੱਚ ਸਿਰਸੇ ਦਾ ਵੀ ਸਾਹਮਣੇ ਆ ਗਿਆ, ਸੱਚ ਗੁਜਰਾਤ ਦਾ ਵੀ ਲੁਕਿਆ ਨਹੀਂ ਰਿਹਾ, ਸੱਚ ਦਿਲੀਂ ਦੇ ਵੀ ਸਿਰ ਚੜ੍ਹ ਬੋਲਦਾ ਆ, ਸੱਚ ਉਹਨਾ ਅਣਪਛਾਤੀਆਂ ਦਾ ਵੀ ਕੂਕ-ਕੂਕ ਕਹਿੰਦਾ ਫਿਰਦਾ ਤੇ ਉਹਨਾ ਦੋਸ਼ੀਆਂ ਦੇ ਮਨਾ ਨੂੰ ਝੰਜੋੜਦਾ ਰਹਿੰਦਾ ਤਦੇ ਭਾਈ ਕਹਿੰਦੇ ਨੇ, “ਜ਼ੁਬਾਂ ਖਾਮੋਸ਼ ਹੈ, ਮਗਰ ਡਰ ਬੋਲਤੇ ਹੈਂ”।

ਨਾ ਕੋਈ ਕੁਲੀਆ ਨਾ ਕੋਈ ਕੈਦਾ, ਤਕੜੇ ਲੈਂਦੇ ਲੁੱਟ-ਲੁੱਟਾ

ਖ਼ਬਰ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਡੀਜ਼ਲ ਪੈਟਰੋਲ ਦੀਆਂ ਕੀਮਤਾਂ ‘ਚ ਰਿਕਾਰਡ ਵਾਧਾ ਹੋਣ ਕਾਰਨ ਆਮ ਲੋਕਾਂ ‘ਚ ਹਾਹਾਕਾਰ ਮਚੀ ਹੋਈ ਹੈ। ਜਿਥੇ ਇਕ ਪਾਸੇ ਇਹਨਾਂ ਸਾਲਾਂ ‘ਚ ਪੈਟਰੋਲ ਅਤੇ ਡੀਜ਼ਲ ਤੋਂ ਟੈਕਸਾਂ ਦੇ ਰੂਪ ਵਿੱਚ ਸਰਕਾਰ ਦੀ ਆਮਦਨ ‘ਚ ਵਾਧਾ ਹੋਇਆ ਹੈ, ਉਥੇ ਪੈਟਰੋਲ, ਡੀਜ਼ਲ ਅਤੇ ਗੈਸ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੇ ਵੀ ਰਿਕਾਰਡ ਤੋੜ ਕਮਾਈ ਕੀਤੀ ਹੈ। ਭਾਰਤ ਪੈਟਰੋਲੀਅਮ ਨੇ 2016-17 ਵਿੱਚ 8039 ਕਰੋੜ, ਹਿੰਦੋਸਤਾਨ ਪੈਟਰੋਲੀਅਮ ਨੇ 6208 ਕਰੋੜ ਦੀ ਕਮਾਈ ਕੀਤੀ ਅਤੇ ਇਹਨਾ ਕੰਪਨੀਆਂ ਦਾ ਮੁਨਾਫਾ ਪਿਛਲੇ ਪੰਜ ਸਾਲਾਂ ‘ਚ ਤਿੰਨ ਗੁਣਾ ਵਧਿਆ। ਗੈਸ ਦਾ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਨੇ ਵੀ ਮੁਨਾਫੇ ਨਾਲ ਆਪਣੇ ਹੱਥ ਰੰਗੇ ਜਦ ਕਿ ਆਮ ਆਦਮੀ ਇਸ ਨਾਲ ਬੁਰੀ ਤਰ੍ਹਾਂ ਪਿੱਸ ਰਿਹਾ ਹੈ ਅਤੇ ਨਾਗਰਿਕਾਂ ‘ਚ ਹਾਹਾਕਾਰ ਮੱਚੀ ਹੋਈ ਹੈ।

ਕਾਰੋਬਾਰੀਏ ਨੇ ਤਾਂ ਕਾਰੋਬਾਰ ਕਰਨਾ ਆ, ਉਹਨੂੰ ਲੋਕਾਂ ਦੇ ਹਾਹਾਕਾਰ ਜਾਂ ਦੁਹੱਥੜੀਂ ਪਿੱਟਣ ਨਾਲ ਕੀ ਭਾਅ-ਭਾੜਾ। ਬਾਈ ਸਰਕਾਰ ਆ ਵਪਾਰੀਆਂ ਦੀ, ਕਾਰੋਬਾਰੀਆਂ ਦੀ, ਜਿਹਦਾ ਜਦੋਂ ਜੀਅ ਕਰਦਾ “ਠਾਹ ਟੈਕਸ” ਲਾ ਦੇਂਦੀ ਆ। ਵੇਖੋ ਨਾ ਆਂਹਦੇ ਆ ਦੇਸ਼ ‘ਚ ਇਕੋ ਕਰ ਚਲਦਾ, ਉਹ ਆ ਜੀ ਐਸ ਟੀ ਪਰ ਭਾਈ ਡੀਜ਼ਲ, ਪੈਟਰੋਲ ਤੇ ਗੈਸਾਂ ‘ਤੇ ਚਲਦਾ ਆ। ਐਕਸਾਈਜ਼ ਟੈਕਸ, ਜਿਹੜਾ ਜਦੋਂ ਜੀਅ ਕਰਦਾ, ਸਰਕਾਰ ਆਪਣੇ ਖਜ਼ਾਨੇ ਭਰਨ ਲਈ ਹੱਥ ਤੇ ਸਰੋਂ ਜਮਾਉਣ ਵਾਂਗਰ ਲਗਾ ਲੈਂਦੀ ਆ। ਰੋਕਣ ਟੋਕਣ ਵਾਲਾ ਨਾ ਰਾਹੁਲ ਆ, ਨਾ ਲਾਲੂ ਆ। ਨਾ ਮਮਤਾ ਆ, ਨਾ ਆਪਣਾ ਬਾਦਲ ਆ। ਕਾਮਰੇਡ ਤਾਂ ਵਿਚਾਰੇ ਕਿਧਰੇ ਕੁੰਦਰਾਂ ‘ਚ ਲੁਕੇ “ਪਾਠ-ਪੂਜਾ” ਕਰੀ ਜਾਂਦੇ ਆ।

ਸਰਕਾਰ ਲੋਕਾਂ ਨੂੰ ਲੁੱਟੇ, ਵਿਰੋਧੀ ਨੇਤਾਵਾਂ ਨੂੰ ਕੀ? ਸਰਕਾਰ ਲੋਕਾਂ ਨੂੰ ਲੁੱਟੇ, ਆਹ ਆਪਣੇ ਸਮਾਜੀ ਨੇਤਾਵਾਂ ਨੂੰ ਕੀ? ਸਰਕਾਰ ਲੋਕਾਂ ਨੂੰ ਲੁੱਟੇ, ਆਹ ਆਪਣੇ ਲੇਖਕਾਂ ਪੱਤਰਕਾਰਾਂ, ਬੁਧੀਜੀਵੀਆਂ ਨੂੰ ਕੀ?

ਦੇਸ਼ ‘ਚ ਤਾਂ ਭਾਈ ਤਗੜੇ ਦਾ ਸੱਤੀਂ ਵੀਹੀਂ ਆ ਸੌ ਅਤੇ ਆਪਣੀ ਸਰਕਾਰ ਹੋਈ ਡਾਹਢੀ, ਇਸਦਾ “ਨਾ ਕੋਈ ਕੁਲੀਆ, ਨਾ ਕੋਈ ਕੈਦਾ, ਤਦੇ ਤਗੜੇ  ਲੈਂਦੇ ਆ ਲੁੱਟ-ਲੁੱਟਾ”।

ਮੁਝ ਕੋ ਪੜ੍ਹ ਇਨਸਾਨ ਹੂੰ ਮੈਂ, ਵਪਾਰ ਕੀ ਚੀਜ਼ ਨਹੀਂ ਮੈਂ

ਖ਼ਬਰ ਹੈ ਕਿ ਗੜਗਾਊਂ ਦੇ ਰਾਇਨ ਸਕੂਲ ਵਿੱਚ ਇੱਕ ਸੱਤ ਸਾਲਾ ਵਿਦਿਆਰਥੀ ਦੀ ਹੱਤਿਆ ਕਰ ਦਿਤੀ ਗਈ। ਸੀ ਬੀ ਐਸ ਈ ਦੀ ਦੋ  ਮੈਂਬਰੀ ਟੀਮ ਨੇ ਰਿਪੋਰਟ ‘ਚ ਕਿਹਾ ਹੈ ਕਿ ਜੇਕਰ ਸਕੂਲ ਪ੍ਰਬੰਧਕ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਂਦੇ ਤਾਂ ਇਸ ਵਿਦਿਆਰਥੀ ਦੀ ਜਾਨ ਬਚ ਸਕਦੀ ਸੀ। ਕਿਸੇ ਨੇ ਇਸ ਬੱਚੇ ਦੀ ਸਕੂਲ ਦੀ ਟਾਇਲਟ ਵਿੱਚ  ਹੱਤਿਆ ਕਰ ਦਿਤੀ। ਸਕੂਲ ਦੇ ਮੁੱਖ ਗੇਟ ਤੋਂ ਟਾਇਲਟ ਦੀ ਦੂਰੀ 50 ਮੀਟਰ ਹੈ ਅਤੇ ਉਸਦੇ ਬਾਅਦ ਕਲਾਸ ਰੂਮ ਹੈ। ਜਾਂਚ ਤੋਂ ਪਤਾ ਚੱਲਿਆ ਹੈ ਕਿ ਕਿਸੇ ਨੇ ਇਸ ਬੱਚੇ ਨੂੰ ਜਬਰਨ ਟਇਲਟ ਵੱਲ ਖਿੱਚਿਆ ਅਤੇ ਫਿਰ ਜਾਨੋਂ ਮਾਰ ਦਿੱਤਾ। ਟਾਈਲਟ ਵਿੱਚ ਗਰਿੱਲ ਤੱਕ ਨਹੀਂ ਹੈ। ਇਹੋ ਜਿਹੀਆਂ ਹਾਲਤਾਂ ‘ਚ ਕੋਈ ਵੀ ਬਾਹਰ ਜਾ ਸਕਦਾ ਹੈ। ਸੀ ਬੀ ਐਸ ਈ ਜਾਂਚ ਟੀਮ ਨੇ ਕਿਹਾ ਕਿ ਸੀ ਬੀ ਐਸ ਈ ਗਾਈਡਲਾਈਨਜ ਦੇ ਅਨੁਸਾਰ ਪ੍ਰਬੰਧਕਾਂ ਵਲੋਂ ਵਿਵਸਥਾ ਨਹੀਂ ਕੀਤੀ ਗਈ ਸੀ।

ਵਿਦਿਅਕ ਅਦਾਰਿਆਂ ਵਾਲੇ ਆ ਭਾਈ ਵਪਾਰੀ। ਸਕੂਲਾਂ ਕਾਲਜਾਂ ‘ਚ ਸਿੱਖਿਆ ਲੱਡੂਆਂ ਵਾਂਗਰ ਵੇਚਦੇ ਆ। ਜਿੰਨਾ ਪੈਸਾ ਖਰਚੋਗੇ ਉਤਨਾ ਚੰਗਾ ਸਕੂਲ ਮਿਲੇਗਾ। ਭਾਵ ਜਿੰਨਾ ਗੁੜ ਉੱਨਾ ਮਿੱਠਾ। ਕਿਧਰੇ ਤੱਪੜਾਂ ਵਾਲੇ ਛੱਤੋਂ ਬਿਨਾਂ ਸਰਕਾਰੀ ਸਕੂਲ ਆ, ਕਿਧਰੇ ਪੰਜ ਤਾਰਾ ਸੁਵਿਧਾਵਾਂ ਵਾਲੇ ਪਬਲਿਕ ਸਕੂਲ ਆ। ਪੜ੍ਹਦੇ ਸਾਰਿਆਂ ‘ਚ ਬੱਚੇ ਹੀ ਆ, ਆਜ਼ਾਦ ਦੇਸ਼ ਦੇ ਆਜ਼ਾਦ ਬੱਚੇ। ਪਰ ਭਾਈ ਵਪਾਰ ਦੀ ਗੱਲ ਆ, ਖਰੀਦੋ ਜੋ ਚਾਹੀਦਾ ਆ, ਫਿਰ ਵੇਚੋ ਜੋ ਵੇਚਨਾ ਚਾਹੁੰਦੇ ਹੋ। ਡਿਗਰੀਆਂ ਲੱਖਾਂ ਦੀ ਫੀਸ ਤਾਰ ਕੇ ਦਾਖਲਾ ਲੈ ਕੇ ਪਾਸ ਕਰੋ। ਫਿਰ ਪੈਸਾ ਕਮਾਉਣ ਲਈ ਸਿੱਖਿਆ ਦਾ ਵਪਾਰ ਕਰੋ। ਕੌਣ ਰੋਕਦਾ ਆ ਭਾਰਤ ‘ਚ? ਸਾਰਿਆਂ ਨੂੰ ਹੱਕ ਆ ਵਪਾਰ ਕਰਨ ਦਾ। ਬੰਦਿਆਂ ਦਾ ਵਪਾਰ ਕਰੋ ਜਾਂ ਔਰਤਾਂ ਦਾ। ਚੀਜਾਂ ਦਾ ਵਪਾਰ ਕਰੋ ਜਾਂ ਮਨੁੱਖੀ ਸਿਹਤ ਸਹੂਲਤਾਂ ਦਾ। ਸਾਰੇ ਹੱਕ ਧੰਨ ਕੁਬੇਰਾਂ ਦੇ ਰਾਖਵੇਂ ਆਂ। ਅਖਬਾਰਾਂ ਮੀਡੀਆਂ ਵਾਲਿਆਂ ਨੂੰ ਖਰੀਦੋ ਜਾਂ ਅਫਸਰਾਂ ਨੇਤਾਵਾਂ ਨੂੰ, ਹੈ ਕੋਈ ਪੁੱਛਣ ਵਾਲਾ?

ਪਰ ਭਾਈ ਇੱਕ ਮਸੂਮ ਬੱਚਾ, ਜੋ ਪੜ੍ਹਨ ਸਕੂਲੇ ਗਿਆ, ਨਹੀਂ ਜਾਣਦਾ ਕਿ ਸਿੱਖਿਆ ਕੀ ਆ? ਸਕੂਲ਼ ਕੀ ਆ? ਉਹ ਤਾਂ ਘਰੋਂ ਲੋਕਾਂ ਨੂੰ ਮਿਲਣ ਜਾਂਦਾ ਮਾਪਿਆਂ ਦੇ ਆਖੇ ਲੱਗ ਅਤੇ ਉਹਨੂੰ ਭਾਈ ਕਮਾਈ ਵਾਲੀ ਚੀਜ਼ ਸਮਝਕੇ ਇਹ ਵਪਾਰੀ ਸਕੂਲਾਂ ਵਾਲੇ ਉਹਦਾ ਮੁੱਲ ਵੱਟਦੇ ਆ। ਪਰ ਮਸੂਮ ਤਾਂ ਮਸੂਮੀਅਤ ਨਾਲ ਇਹੋ ਕਹਿੰਦਾ ਆ, “ਮੁਝ ਕੋ ਪੜ੍ਹ ਇਨਸਾਨ ਹੂੰ ਮੈਂ, ਵਪਾਰ ਕੀ ਚੀਜ਼ ਨਹੀਂ ਇਨਸਾਨ ਹੂੰ ਮੈਂ”।

ਨਹੀਂ ਰੀਸਾਂ ਦੇਸ਼ ਮਹਾਨ ਦੀਆਂ!

ਪਿਛਲੇ ਤਿੰਨ ਦਹਾਕਿਆਂ ਵਿੱਚ 99 ਫੀਸਦੀ ਭਾਰਤੀਆਂ ਦੀ ਆਮਦਨ ਵਿੱਚ 187 ਫੀਸਦੀ ਦਾ ਵਾਧਾ ਹੋਇਆ ਜਦਕਿ ਇਕ ਫੀਸਦੀ ਲੋਕਾਂ ਦੀ ਆਮਦਨੀ ਵਿੱਚ 750 ਫੀਸਦੀ ਦਾ ਵਾਧਾ ਹੋਇਆ। ਅਮਰੀਕਾ ‘ਚ 99 ਫੀਸਦੀ ਲੋਕਾਂ ਦੀ ਆਮਦਨੀ ‘ਚ 67 ਫੀਸਦੀ ਦਾ ਵਾਧਾ ਹੋਇਆ ਜਦਕਿ ਇਕ ਫੀਸਦੀ ਲੋਕਾਂ ਦੀ ਆਮਦਨ ‘ਚ ਵਾਧਾ 198 ਫੀਸਦੀ ਸੀ। ਚੀਨ ਦੇ 99 ਫੀਸਦੀ ਲੋਕਾਂ ਦੀ ਆਮਦਨੀ ‘ਚ ਇਹ ਵਾਧਾ 659 ਫੀਸਦੀ ਸੀ ਜਦਕਿ ਇਕ ਫੀਸਦੀ ਲੋਕਾਂ ਦੀ ਆਮਦਨੀ ‘ਚ ਇਹ ਵਾਧਾ 1534 ਫੀਸਦੀ ਰਿਹਾ। ਇੰਜ ਦੇਸ਼ ਮਹਾਨ ਭਾਰਤ ਦੇ 99 ਫੀਸਦੀ ਲੋਕਾਂ ਦੀ ਆਮਦਨੀ ‘ਚ ਅਸਮਾਨਤਾ ਦੁਨੀਅ ਭਰ ‘ਚ ਸਭ ਤੋਂ ਜਿਆਦਾ ਰਹੀ।

ਇੱਕ ਵਿਚਾਰ

ਪਾਰਦਰਸ਼ਤਾ ਦੀ ਕਮੀ ਨਾਲ ਅਵਿਸ਼ਵਾਸ ਅਤੇ ਅਸੁਰੱਖਿਆ ਦੀ ਗਹਿਰੀ ਭਾਵਨਾ ਫੈਲਦੀ ਹੈ—- ਦਲਾਈ ਲਾਮਾ

9815802070

 

 

 

Post Author: admin

Leave a Reply

Your email address will not be published. Required fields are marked *