ਬਾਰਾਂ ਮਾਹ/ ਲੇਖਕ: ਡਾ. ਭਜਨ ਸਿੰਘ ਲਾਰਕ

ਬਾਰਾਂ ਮਾਹ
ਲੇਖਕ: ਡਾ. ਭਜਨ ਸਿੰਘ ਲਾਰਕ

ਜਨਵਰੀ
ਚੜ੍ਹਿਆ ਮਾਹ ਜਨਵਰੀ ਅੱਤ ਸੀਤਲ ਅੱਤ ਯਖ਼,
ਵਧਾਈਆਂ ਚੜ੍ਹਦੇ ਸਾਲ ਦੀਆਂ, ਲੋਕੀ ਦੇਵਣ ਲੱਖ।
ਪਹਿਲਾ ਦਿਨ ਨਵ ਵਰਸ਼ ਦਾ, ਮਨਾਵੇ ਕੁੱਲ ਜਹਾਨ,
ਰੂਸ ਅਮਰੀਕਾ ਜਰਮਨੀ, ਭਾਰਤ ਚੀਨ ਜਾਪਾਨ।

ਨਵ-ਵਰਸ਼ ਨਵ-ਨਿਰਮਾਣ ਦੇ, ਦਾਈਏ ਬੰਨਣ ਲੋਕ,
ਸਫ਼ਲਤਾ ਸੁਨੇਹੇ ਵੰਡ ਰਹੀ, ਨਹੀਂ ਮਿਹਨਤ ਨੂੰ ਕੋਈ ਰੋਕ।
ਜੰਤਰੀਆਂ ਅਤੇ ਡਾਇਰੀਆਂ, ਕਲੰਡਰਾਂ ਦੀ ਭਰਮਾਰ,
ਲੋਕ ਸੁਗਾਤਾਂ ਵੰਡਦੇ, ਨਾਲ ਕਰਨ ਪਰਚਾਰ।

ਉੱਚੀਆਂ ਸਭ ਪਹਾੜੀਆਂ, ਲੇਹ ਲਦਾਖ ਕਿਨੌਰ,
ਸਭ ਬਰਫ਼ਾਂ ਸੰਗ ਲੱਦੀਆਂ, ਚਿੱਟੇ ਤੌਰ ਬਤੌਰ।
ਬਰਫ਼ਾਂ ਉੱਤੇ ਤਿਲਕਣਾਂ, ਸੰਗ ਬਰਫ਼ਾਂ ਦੇ ਝੇਡ,
ਸਕੀਇੰਗ, ਅੰਤਰ-ਰਾਸ਼ਟਰੀ ਬੜੀ ਪਿਆਰੀ ਖੇਡ।

ਸਗਨਾਂ ਲੱਦੀ ਲੋਹੜੀ, ਸਭ ਮਨਾਂਉਂਦੇ ਚਾਵਾਂ ਨਾਲ,
ਪਾਪ ਦੂਈ ਦਵੈਤ ਨੂੰ, ਜਲਾਂਉਂਦੇ ਭਾਂਬੜ ਬਾਲ।
ਮੁੰਗਫਲੀ ਗੱਚਕ ਰਿਉੜੀਆਂ, ਰੌਹ ਦੀ ਚਾੜਨ ਖੀਰ,
ਪਾ ਗਰੀਆਂ ਵੰਡ ਖਾਂਵਦੇ, ਸਭ ਭੈਣਾਂ ਭਾਈ ਵੀਰ।

ਕਰੋ ਉੱਠ ਅਗਲੀ ਭਲਕ ਨੂੰ, ਚਾਲੀ ਮੁਕਤੇ ਯਾਦ,
ਦਸ਼ਮੇਸ਼ ਬੇਦਾਵਾ ਫਾੜਿਆ, ਮਹਾਂ ਸਿੰਘ ਦੀ ਸੁਣ ਫ਼ਰਿਆਦ।
ਮਾਘੀ ਮੇਲਾ ਮੁਕਤਸਰੀਂ, ਲੱਗਦਾ ਹੁਣ ਹਰ ਸਾਲ,
ਸਰੋਵਰੀ ਸੰਗਤਾਂ ਨਹਾਉਂਦੀਆਂ, ਪਾਪ ਹੰਗਾਲਣ ਨਾਲ।

ਪਾਵਨ ਪੁਰਬ ਪੋਹ ਸੱਤਮੀ, ਸਭ ਨੂੰ ਚੜ੍ਹਦਾ ਚਾਅ,
ਦਸ਼ਮੇਸ਼ ਪਿਤਾ ਦਾ ਜਨਮ ਦਿਨ, ਪਟਨਾ ਰਿਹਾ ਬੁਲਾਅ।
ਦੇਸ਼ ਲਈ ਸਭ ਕੁਝ ਵਾਰਿਆ, ਸਰਬੰਸ ਕੀਨੋ ਬਲੀਦਾਨ,
ਤੇਗ਼ ਕਲਮ ਦੇ ਧਨੀ ਨੇ, ਚਲਾਇਆ ਪੰਥ ਮਹਾਨ।

ਕਾਰਖਾਨਿਆਂ ਦੀਆਂ ਚਿਮਨੀਆਂ, ਉਗਲਣ ਧੂੰਆਂ ਢੇਰ,
ਬੱਦਲ ਧੂੰਏਂ ਗੈਸ ਦੇ, ਫੈਲਣ ਅਕਾਸ਼ ਚੁਫੇਰ।
ਸਵੇਰ ਸਾਰ ਇਸ ਮਾਹ ਵਿਚ ਪੈਂਦੀ ਖੂਬ ਜੋ ਧੁੰਦ,
ਮਿਲ ਧੂੰਏਂ ਦੇ ਸੰਗ ਇਹ, ਬਣ ਜਾਂਦੀ ਧੂਂਧੁੰਦ।
ਧੂਂਧੁੰਦ ਜ਼ਹਿਰੀਲੀ ਕਹਿਰੀ, ਕਰਦੀ ਲੋਗ ਬੀਮਾਰ,
ਸਾਹ ਦੀਆਂ ਕਈ ਬਿਮਾਰੀਆਂ, ਤੇ ਕੈਂਸਰ ਲਾਉਪਚਾਰ।
ਹੇ ਉਦਯੋਗਾ ਦੇ ਮਾਲਕੋ, ਕਰੋ ਕੁਝ ਤੁਸੀ ਧਿਆਨ,
ਲਾਓ ਧੂੰਆਂ-ਸਾਫ਼-ਮਸ਼ੀਨਰੀ, ਕਰ ਸਭ ਦਾ ਕਰੋ ਕਲਿਆਨ।

ਛੱਬੀ ਜਨਵਰੀ ਆਂਵੰਦੀ, ਕੌਮੀ ਦਿਨ ਮਹਾਨ,
ਇਸੀ ਦਿਹਾੜੇ ਪੰਜਾਹ ਵਿਚ, ਪਰਵਾਨ ਚੜ੍ਹਿਆ ਸੰਵਿਧਾਨ।
ਤੀਹ ਜਨਵਰੀ ਜਦ ਆਂਵੰਦੀ, ਲਿਆਂਦੀ ਸ਼ੋਕ ਸਵੇਰ,
ਬਾਪੂ ਆਪਣੇ ਦੇਸ਼ ਦਾ, ਸੀ ਨੱਥੂ ਕੀਤਾ ਢੇਰ।

ਜਨਵਰੀ ਇੰਜ ਵਿਹਾਵੰਦੀ, ਦਿਨ ਸਭ ਇੱਕ ਤੇ ਤੀਹ,
ਸਰਦੀ ਮੁਕਦੀ ਜਾਵੰਦੀ, ਸ਼ੁਰੂ ਨਵੀਂ ਰੁੱਤ ਦੀ ਲੀਹ।੧।
*****

ਫ਼ਰਵਰੀ
ਮਾਹ ਜਦ ਚੜ੍ਹਦਾ ਫ਼ਰਵਰੀ, ਬਦਲਣ ਲੱਗਦੀ ਰੁੱਤ,
ਬਨਸਪਤ ਸਿਰ ਗੁੰਦਵਾਵੰਦੀ, ਪਾ ਰੰਗੀਲੀ ਗੁੱਤ।
ਸੂਰਜ ਪਰਿਕਰਮਾ ਕਰ ਰਹੀ, ਭੂ ਜੋ ਧੁਰੀ ਝੁਕਾਅ,
ਉੱਤਰ ਸਿਜਦੇ ਜੁੜ ਰਿਹਾ, ਕੁਝ ਦੱਖਣ ਨੂੰ ਖਿਸਕਾ।
ਨਿੱਤ ਦਿਨ ਸਰਦੀ ਘੱਟਦੀ, ਖਿੜਵੀਂ ਖਿੜਵੀਂ ਧੁੱਪ,
ਬਰਫ਼ਾਂ ਰਿਸਣ ਲੱਗਦੀਆਂ, ਨਦੀਆਂ ਤੋੜਨ ਚੁੱਪ।
ਗੰਗੋਤਰੀ ਗੋ ਮੁੱਖ ਧੋਂਵਦੀ, ਸਵੈ ਜੁੱਸਾ ਪਿਘਲਾ,
ਗਲੇਸ਼ੀਅਰ ਹੋਰ ਵੀ ਰਿਸ ਰਹੇ, ਨਿੱਘ ਮਾਨਣ ਦਾ ਚਾਅ।
ਰੁੱਤ ਬਸੰਤੀ ਆਂਵੰਦੀ, ਖਿੜਨ ਚੁਤਰਫ਼ੀ ਫੁੱਲ,
ਕਰਨ ਕਲੋਲਾਂ ਤਿੱਤਲੀਆਂ, ਹੋਣ ਫੁੱਲਾਂ ਦੇ ਵਿਚ ਗੁੱਲ।
ਸਰੋਂਆਂ ਗਿੱਠ-ਗਿੱਠ ਪੀਲੀਆਂ, ਝੂੰਮਣ ਵਿਚ ਹਵਾ,
ਬਸੰਤੀ ਚੀਰੇ ਚੁੰਨੀਆਂ, ਸਭ ਚਾਂਈ ਚਾਂਈ ਰਹੇ ਰੰਗਾ।
ਮੇਲਾ ਬਸੰਤ ਦਾ ਆ ਗਿਆ, ਜੁੜੀ ਅੰਤਾਂ ਦੀ ਭੀੜ,
ਘੁੰਗਰੂਆਂ ਵਾਲੇ ਵੇਲਣੇ, ਰਹੇ ਨੇ ਗੰਨੇ ਪੀੜ।
ਗਰਮਾ ਗਰਮ ਜਲੇਬੀਆਂ, ਪਕੌੜੇ ਵੰਨ ਸੁਵੰਨ,
ਗੋਲ ਗੱਪੇ ਖਾ ਰਹੇ ਲੋਕ ਕਈ, ਆ ਤੂੰ ਵੀ ਖਾਲੈ ਚੰਨ।
ਬਾਜੀਗਰ ਪਾਂਦੇ ਬਾਜੀਆਂ, ਕਰਤਬ ਕਰਨ ਕਮਾਲ,
ਮੌਤ ਦੇ ਮੂੰਹ ਵਿਚ ਕਿਵੇਂ ਪਏ, ਮਾਰਨ ਕੱਢਕੇ ਛਾਲ।
ਪੰਘੂੜੇ ਵੀ ਕਈ ਕਿਸਮ ਦੇ ਰਾਕਟ, ਇੰਜਨ, ਕਾਰ,
ਪਰੀ ਘੋੜੇ ਕਈ ਉੜਨ ਛੂ, ਬੱਚੇ ਸ਼ਾਹ ਅਸਵਾਰ।

ਪੰਜਾਬ ਪ੍ਰਦੇਸ਼ ਸੁਹਾਵਣਾ, ਜਲਗਾਹਾਂ ਦੀ ਭਰਮਾਰ,
“ਊਡੇ ਊਡਿ ਆਵੈ ਸੈ ਕੋਸਾ”, ਪੰਛੀ ਕਈ ਹਜ਼ਾਰ।
ਹਰੀ ਕੇ ਪੱਤਨ ਕਾਂਜਲੀ, ਰੋਪੜ ਜਲ ਅਸਥਾਨ,
ਤਿੰਨੋ ਮਕਬੂਲ ਨੇ ਜਲਗਾਹਾਂ, “ਰਾਮਸਰ” ਕਰਮ ਨਿਸ਼ਾਨ।
ਦੋ ਨੂੰ ਆਲਮੀ ਜਲਗਾਹ ਦਿਨ, ਜਾਹ ਕਾਂਜਲੀ, ਰੋਪੜ ਜਾ।
ਬੇੜੀਆਂ ਦੀ ਕਰ ਸੈਰ ਬਈ, ਬੱਚਿਆ ਨੂੰ ਨਾਲ ਲਿਜਾ।

ਮੇਲਾ ਆਵੇ ਸ਼ਿਵਰਾਤਰੀ, ਜੈ ਸ਼ਿਵ ਭੋਲੇ ਨਾਥ,
ਸ਼ਿਵਜੀ ਵਿਆਹ ਰਚਾਇਆ, ਪਰਬਤੀ ਸੰਗ ਸਾਥ।

ਮਹੀਨਾ ਅਜਬ ਰੈ ਫ਼ਰਵਰੀ, ਦਿਨ ਕੁੱਲ ਵੀਹ ਤੇ ਅੱਠ।
ਪਲੋ ਪਲੀ ਲੰਘ ਜਾਵੰਦਾ, ਜਿਉਂ ਜਾਵਨ ਖੁਸ਼ੀਆਂ ਨੱਠ।
ਚਾਰ ਤੇ ਹੋਇ ਤਕਸੀਮ ਜੋ, ਅਖਵਾਵੇ ਲੀਪ ਦਾ ਸਾਲ,
ਦਿੱਨ ਉਨੱਤੀ ਥੀਵੰਦੇ, ਸੋਧ ਧਰਤੀ ਦੀ ਚਾਲ।

ਪੜਾਕੂ ਪੜ੍ਹਦੇ ਪੋਥੀਆਂ, ਜਾਗਣ ਡੂੰਘੀ ਰਾਤ,
ਸਖਤ ਕਰਨ ਜੋ ਮਿਹਨਤਾਂ, ਪਾਣ ਸਫਲਤਾ ਦਾਤ।
ਫ਼ਰਵਰੀ ਮਾਹ ਵਿਚ ਮਿਹਨਤਾਂ, ਕਰ ਲਉ ਸਾਰੇ ਰੱਜ,
ਖੁਸ਼ੀਆਂ ਮਾਣੋਂ ਉਮਰ ਭਰ, ਜੇ ਕਰੋ ਉਪਰਾਲਾ ਅੱਜ।
*****

ਮਾਰਚ
ਮਾਰਚ ਮਾਹ ਦੇ ਚੜ੍ਹਦਿਆਂ, ਹੋਣ ਸ਼ੁਰੂ ਇਮਤਿਹਾਨ,
ਖ਼ੁਸ਼ ਖ਼ੁਸ਼ ਦਿੱਸਣ ਮਿਹਨਤੀ, ਵਿਹਲੜ ਹੋਣ ਪਰੇਸ਼ਾਨ।
ਰੁੱਤ ਵੀ ਵਾਹਵਾ ਸੰਦਲੀ, ਖਿੜੀ ਬਹਾਰ ਚੁਫ਼ੇਰ,
ਗੁੱਟਾ ਗੈਂਦਾ ਗੁਲਾਬ ਸਭ, ਖ਼ੁਸ਼ਬੋਆਂ ਰਹੇ ਖਲੇਰ।
ਕੱਦੂ ਕਰੇਲੇ ਭਿੰਡੀਆਂ, ਗਏ ਬਾਜ਼ਾਰੀਂ ਆ,
ਛੱਡ ਗੋਭੀ ਤੇ ਮਟਰ, ਹੁਣ, ਟੀਂਡੇ ਭਰਵੇਂ ਖਾਹ।
ਕਣਕਾਂ ਲਗਰ ਜਵਾਨ ਹੁਣ, ਪੌਣ ਹੁਲਾਰੇ ਲੈਣ,
ਸਿੱਟੇ ਭਰੇ ਨੇ ਦੁੱਧ ਸੰਗ, ਛੇੜ ਨਾ ਮੈਨੂੰ ਕਹਿਣ।
ਭਾਵੇਂ ਰੁੱਤ ਹੈ ਖ਼ੁਸ਼ਨੁਮਾ, ਗਰਮ ਨਾ ਮਾਸਾ ਸਰਦ,
ਕਾਂਗ ਉੱਡ ਕੋਈ ਆਵੰਦੀ, ਸੰਗ ਲਿਆਵੇ ਗਰਦ।
ਇੱਕ ਅੱਧ ਛੱਟਾ ਬੱਦਲੀ, ਜਤ ਕਤ ਦੇਵੇ ਲਾ,
ਸਰਦੀ ਫਿਰ ਤੋਂ ਆਵੰਦੀ, ਲੋਕ ਲੈਣ ਸਵੈਟਰ ਪਾ।
ਵਧੇ ਖੂਨ ਕਿਸਾਨ ਦਾ, ਦਾਣਾ ਮੋਟੇ ਵੰਨ,
ਖ਼ੁਸ਼ ਲੁਕਾਈ ਸਗਲੀ, ਥੀਏ ਨਾ ਮਹਿੰਗਾ ਅੰਨ।

ਇਸੀ ਮਹੀਨੇ ਆਮ ਕਰ, ਆਏ ਹੋਲੀ ਦਾ ਤਿਉਹਾਰ,
ਉੜਨ ਅਬੀਰ ਗੁਲਾਲ ਸਭ, ਰੰਗਾਂ ਦੀ ਬੌਛਾਰ।
ਸੰਗ ਭਾਬੀਆਂ ਦੇ ਛੇੜ ਛਾੜ, ਕਰਦੇ ਨਨਦਾ ਦੇਅਰ,
ਬਾਲਟੀ ਭਰ ਕੇ ਰੰਗ ਦੀ, ਲੈਣ ਵਿਹੜੇ’ਚ ਘੇਰ।
ਖ਼ੁਸ਼ ਨਜ਼ਰ ਹਰ ਆਵੰਦਾ, ਮੂੰਹ ਸਿਰ ਰੰਗ ਰੰਗਾ,
ਸਭ ਤਿਉਹਾਰ ਮਨਾਵੰਦੇ, ਦੂਈ ਦਵੈਤ ਵੰਞਾ।
ਢੋਲ ਚੱਮਕੇ ਵੱਜਦੇ, ਭੰਗੜੇ ਗਿੱਧੇ ਸੰਗ,
ਰੰਗਿਆਂ ਨੂੰ ਕਿਹਾ ਚੜ੍ਹ, ਰਿਹਾ, ਮਸਤੀ ਵਾਲਾ ਰੰਗ।

ਇਸੇ ਮਹੀਨੇ ਅੱਧ ਵਿਚ, ਆਏ ਚੇਤਰ ਸੁਦੀ ਸੰਗਰਾਂਦ,
ਸਾਲ ਸ਼ੁਰੂ ਹੋਏ ਬਿਕਰਮੀ, ਤਵਾਰੀਖ਼ ਸੰਗ ਸਾਂਝ।
ਸੰਨ ਤੋਂ ਸੰਮਤ ਜੇ ਚਾਹੇਂ, ਸਤਵੰਜਾ ਵਿਚ ਰਲਾ,
ਰਾਜੇ ਬਿਕਰਮਾਜੀਤ ਦੀ, ਯਾਦ ਇੰਜ ਦੁਹਰਾਅ।
ਰਾਜਾ ਬਿਕਰਮਾਜੀਤ ਸੀ, ਉੱਤਮ ਬਹੁਤ ਇਨਸਾਨ,
ਨਿਆਂ ਪੂਰਵਕ ਪਰਜਾ ਪਲਦਾ, ਉੱਚਾ ਇੱਕ ਵਿਦਵਾਨ।
ਸਿੰਘਾਸਨ ਬਤੀਸੀ ਕਹਾਣੀਆਂ, ਸਾਰੇ ਪੜ੍ਹੋਂ ਜ਼ਰੂਰ,
ਰਾਜੇ ਬਿਕਰਮਾ ਜੀਤ ਦੀਆਂ, ਕਥਾਵਾਂ ਅਤੀ ਮਸ਼ਹੂਰ।

ਨਾ ਰਹੇ ਬ੍ਰਿਛ ਨਾ ਆਹਲਣੇ, ਨਾ ਚੰਬੇ ਚਿੜੀਆਂ ਸੰਗ,
ਦੀਵਾਰਾਂ ਸਿੱਧੀਆਂ ਸਪਾਟ ਜੋ, ਲੁਪਤ ਪੰਛੀ ਰੰਗ ਬਰੰਗ।
੨੦ ਮਾਰਚ ਨੂੰ ਆਲਮੀ, ਲਉ ਚਿੜੀਆਂ-ਦਿਵਸ ਮਨਾਅ,
ਕੁਝ ਕਰਨ ਦੀ ਲੱਭ ਵਿਉਂਤ ਕੋਈ, ਮਨੁੱਖ ਪੰਛੀ ਪ੍ਰੇਮ ਵਧਾਅ।

ਸੂਰਜ ਗਿਰਦ ਪਰਿਕਰਮਾਂ, ਭੂ ਕਰੇ ਜੋ ਸੀਸ ਝੁਕਾਅ,
ਤੇਈ ਮਾਰਚ ਦੋਵੇਂ ਧਰੂ, ਜਾਣ ਸੂਰਜ ਸਾਹਵੇਂ ਆ।
ਦਿਨ ਰਾਤ ਬਰਾਬਰ ਥੀਵੰਦੇ, ਸ਼ੁਰੂ ਗਰਮੀ ਦਾ ਪਹਿਰ,
ਲਿਮਕੇ ਕੋਲੇ ਸ਼ੁਰੂ ਫਿਰ, ਫੈਂਟੇ ਪੈਪਸੀ ਲਹਿਰ।

ਤੇਈ ਨੂੰ ਹੀ ਭਗਤ ਸਿੰਘ, ਸੀ ਫਾਂਸੀ ਝੂਟ ਗਿਆ,
ਅੱਜ ਮਹਾਨ ਸ਼ਹੀਦ ਨੂੰ, ਕਰੇ ਹਿੰਦ ਸਲੂਟ ਪਿਆ।

ਬੱਚਿਆਂ ਦੀਆਂ ਪੁੱਗੀਆਂ ਮਿਹਨਤਾਂ, ਗਏ ਨਤੀਜੇ ਆ,
ਪਾਸ ਹੋਏ ਜੋ ਫੁਦਕਦੇ, ਜਮਾਤ ਨਵੀਂ ਦਾ ਚਾਅ।
ਮੌਸਮ ਅਤੀ ਸੁਹੰਨੜਾ, ਮਨਾਉਣ ਬੱਚੇ ਪਿਕਨਿਕ,
ਮਾਰਚ ਇੰਵ ਲੰਘ ਜਾਵੰਦਾ, ਦਿਨ ਤੀਹ ਉੱਪਰ ਇੱਕ॥੩॥
*****
ਅਪ੍ਰੈਲ
ਚੌਥੇ ਮਾਹ ਅਪ੍ਰੈਲ ਦੀ, ਕੀ ਉਸਤਤ ਕਰਾਂ ਬਿਆਨ,
ਪਹਿਲੇ ਦਿਨ ਇਸ ਮਾਹ ਦੇ, ਲੋਗ ਮੂਰਖ ਬਣਨ ਬਨਾਣ।
‘ਅਪ੍ਰੈਲ ਫੂਲ’ ਅਖਵਾਵੰਦੇ, ਜੋ ਝਾਂਸੇ ਫਸਦੇ ਲੋਕ,
ਮਿਤ੍ਰਾਂ ਵਿਚ ਮਖੌਲ ਨੂੰ, ਨਹੀਂ ਅੱਜ ਦੇ ਦਿਨ ਕੋਈ ਰੋਕ।

ਸੀ ਈਸਾ ਸੂਲੀ ਚਾੜ੍ਹਿਆ, ਦਿਨ ਸੀ ਸ਼ੁਕਰਵਾਰ,
‘ਗੁੱਡ ਫ੍ਰਾਈ ਡੇ ਅਖਵਾਵੰਦਾ, ਲੋਕ ਕਰਨ ਸਤਿਕਾਰ।

ਧੁੱਪਾਂ ਵਾਹਵਾਂ ਨਿੱਖਰੀਆਂ ਕਣਕਾਂ ਪੱਕੀਆਂ ਆਣ,
ਮਸਤ ਹਵਾਵੀਂ ਮਸਤ ਹੋ, ਧੌਣਾਂ ਲੱਕ ਮਟਕਾਣ।
ਫੇਰ ਵਿਸਾਖੀ ਆਵੰਦੀ, ਖ਼ੁਸ਼ ਦਿੱਸੇ ਹਰ ਕਿਰਸਾਣ,
ਗਿੱਧੇ ਭੰਗੜੇ ਸਗਨ ਕਰ, ਸਭ ਰਲ ਮਿਲ ਵਾਢੀ ਪਾਣ।
ਸੰਗਤਾਂ ਆਵਣ ਕੇਸ ਗੜ, ਸਜਣ ਦੀਵਾਨ ਅਥਾਹ,
ਸਾਰਾ ਜੱਗ ਹੈ ਜਾਣਦਾ, ਅੱਜ ਜਨਮ ਖਾਲਸੇ ਦਾ।
ਥਾਂ ਥਾਂ ਮੇਲੇ ਲੱਗਦੇ, ਕਥਾ ਕੀਰਤਨ ਦਰਬਾਰ,
ਢਾਡੀ ਸੁਰ ਵਿਚ ਗਾਵੰਦੇ, ਕੋਈ ਜੋਸ਼ੀਲੀ ਵਾਰ।
ਮਾਲ ਮੰਡੀਆਂ ਵੀ ਲੱਗਦੀਆਂ, ਪਿੰਡ ਪਿੰਡ ਛਿੰਝਾ ਪੈਣ,
ਵਿਸਾਖੀ ਅੰਮ੍ਰਿਤਸਰ ਦੀ, ਸਾਰੇ ਲੋਕੀ ਕਹਿਣ।
ਲੋਕੀ ਜਾਵਣ ਤੀਰਥੀਂ, ਕਰਨ ਦਰਸ਼ਨ ਇਸ਼ਨਾਨ,
ਹਰਦਵਾਰ ਅਲਾਹਬਾਦ ਮੁਕਤਸਰੀਂ, ਹੁੰਦੇ ‘ਕਠ ਮਹਾਨ।

ਜਲਿਆਂ ਵਾਲੇ ਬਾਗ ਦਾ, ਕੀ ਸਾਕਾ ਕਰਾਂ ਬਿਆਨ,
ਉੱਨੀ ਸੌ ਉੱਨੀ ਸੰਨ ਸੀ, ਦਿਨ ਇਹੀ ਵਿਸਾਖੀ ਜਾਣ।
ਨਿਹੱਥੇ ਲੋਗ ਫਿਰੰਗੀਆਂ, ਵਿੰਨੇ ਗੋਲੀਆਂ ਸੰਗ,
ਜ਼ੁਲਮ ਕਹਾਣੀ ਡਾਇਰ ਦੀ, ਸੁਣ ਸ੍ਰੋਤੇ ਦੰਗ।

ਤਿਉਹਾਰ ਜੋ ਦੁਰਗਾ ਅਸ਼ਟਮੀ, ਲੋਕੀ ਖੂਬ ਮਨਾਣ,
ਮਹਾਂਵੀਰ, ਸ੍ਰੀ ਰਾਮ ਦੇ ਜਨਮ ਦਿਵਸ ਵੀ ਆਣ।

ਮੁੱਕਦੇ ਮਾਹ ਅਪ੍ਰੈਲ ਦੇ ਮੁੱਕਦੇ ਉੱਚ ਇਮਤਿਹਾਨ,
ਵੱਡੇ ਭੈਣਾਂ ਵੀਰ ਜੋ, ਛੁਟੇ ਉਨ੍ਹਾਂ ਦੀ ਜਾਨ।
ਮਿਹਨਤਾਂ ਜਿਨ੍ਹਾਂ ਸੀ ਕੀਤੀਆਂ, ਸੁੱਤੇ ਮੂੰਹ ਸਿਰ ਕੱਜ,
ਫੜੇ ਗਏ ਜੋ ਨਕਲਚੀ, ਭੱਜੇ ਫਿਰਦੇ ਅੱਜ।

ਕਾਰਾਂ ਗੱਡੀਆਂ ਮੁੜਨ ਸਭ, ਕੇਵਲ ਸਮਾਂ ਅਮੋੜ,
ਸਭ ਲੰਘ ਗਏ ਦਿਨ ਅਪ੍ਰੈਲ ਦੇ, ਦਸ ਵੀਹਾਂ ਵਿਚ ਜੋੜ ॥੪॥
******
ਮਈ
ਪੰਜਵੇਂ ਮਹੀਨੇ ਮਈ ਦਾ, ਦਿਨ ਪਹਿਲਾ ਬੜਾ ਮਹਾਨ,
ਦਿਨ ਅਰਪਨ ਇਹ ਕਿਰਤੀਆਂ, ਮਿਹਨਤ-ਕਸ਼ ਇਨਸਾਨ।
ਮਜ਼ਦੂਰ ਦਿਵਸ ਅਖਵਾਵੰਦਾ, ਜਾਣੇ ਕੁਲ ਜਹਾਨ,
ਕਿਰਤ ਕਮਾਈ ਧਰਮ ਦੀ, ਮਿਹਨਤ ਹੱਕ ਨਿਸ਼ਾਨ।

ਦਿਨ ਦਿਨ ਗਰਮੀ ਵੱਧਦੀ  ਤੇ ਧਰਤੀ ਆਪਣੇ ਪੰਧ,
ਸੂਰਜ ਸਾਹਵੇਂ ਆ ਰਿਹਾ, ਉੱਤਰੀ ਧਰੂ ਬੁਲੰਦ।
ਕੂਲਰ ਪੱਖੇ ਚੱਲ ਪਏ, ਪਿੰਡ ਪਿੰਡ ਕਸਬੇ ਸ਼ਹਿਰ,
ਕੈਂਪੇ ਸ਼ਰਬਤ ਲੱਸੀਆਂ, ਲੋਕ ਪੀਂਦੇ ਪੈਪਸੀ ਲਹਿਰ।
ਪਹਾੜੀਂ ਬਰਫਾਂ ਪਿਘਲਦੀਆਂ, ਧੁੱਪਾਂ ਪੂਰੇ ਜ਼ੋਰ,
ਕਲ੍ਹ, ਕਲ੍ਹ, ਨਦੀਆਂ ਕਰਦੀਆਂ, ਪਾਣ ਅਣਵੱਲੜਾ ਸ਼ੋਰ।
ਦਿਨ ਦਿਨ ਗਰਮੀ ਵੱਧਦੀ,ਪਰ ਇਸਦਾ ਇੱਕ ਵਰਦਾਨ,
ਅੰਬ ਆਵੇ ਇਸ ਰੁੱਤ ਵਿਚ, ਰਾਜਾ ਫਲ ਮਹਾਨ।
ਚੂਪ ਲੈ ਕੁੱਪੀ ਸ਼ਹਿਦ ਦੀ, ਕੱਟ ਦੁਸਹਿਰੀ ਖਾ,
ਦੇਖ ਸੰਦੂਰੀ ਸਹਾਰਨੀ, ਮੂੰਹ ਜਾਵੇ ਪਾਣੀ ਆ।
ਕਾਕੇ ਮੂੰਹ ਲਬੇੜਿਆ, ਚੂਪ ਚੂਪਕੇ ਅੰਬ,
ਮਨ ਨਾ ਭਰਿਆ ਅਜੇ ਵੀ, ਮੂੰਹ ਗਿਆ ਪਰ ਹੰਭ।
ਖਰਬੂਜੇ ਖੀਰੇ, ਤਰਾਂ ਦੇ, ਥਾਂ ਥਾਂ ਲੱਗੇ ਢੇਰ,
ਤਾਜ਼ੇ ਝੱਟ ਵਿਕ ਜਾਵੰਦੇ, ਬਾਸੇ ਵਿਕਣ ਨਾ ਫੇਰ।
ਹਦਵਾਣਿਆਂ ਦੀ ਕਿਸੇ ਕੂੰਜੜੇ, ਲਾਈ ਵੱਡੀ ਹੱਟ,
ਹਰੇ ਕਚੂਚ ਜੋ ਦਿਸਦੇ, ਲਾਲ ਸ਼ੀਰੇ ਦੇ ਮੱਟ।

ਤਰਵਿੰਜਾ ਦੀ ਮਈ ਤੇਈ ਨੂੰ, ਸੀ ਸੁਹੰਨੜਾ ਦਿਨ,
ਰਲ ਹਿਲੇਰੀ ਤੇਨ ਸਿੰਘ, ਸੀ ਲਈ ਐਵਰਿਸਟ ਮਿਣ।
ਪਹਿਲੀ ਵਾਰ ਸੀ ਆਦਮੀ, ਟਿਕਾਇ ਸਿਖਰ ਤੇ ਪੈਰ,
ਨਿਰੰਤਰ ਯਤਨ ਦੇ ਸਾਹਮਣੇ, ਕੋਈ ਮੁਹਿੰਮ ਸੱਕੇ ਨ ਠਹਿਰ।

ਬੁੱਧ ਪੁੰਨਿਆ ਨੂੰ ਬੁੱਧ ਦਾ, ਉਤਸਵ ਮਨਾ ਪਰਕਾਸ਼,
ਬੁੱਧ ਸਿੱਖਿਆ ਨੂੰ ਮਨਧਰ, ਹਿੰਸਾ ਦਾ ਕਰ ਨਾਸ਼।

ਨਤੀਜੇ ਆਵਣ ਲੱਗ ਪਏ ਹੋਇ ਜੋ ਸਨ ਇਮਤਿਹਾਨ,
ਮਿਲੀ ਜਿਨ੍ਹਾਂ ਨੂੰ ਸਫ਼ਲਤਾ, ਖ਼ੁਸ਼ ਲੱਡੂ ਪਏ ਖਵਾਣ।
ਸਿਰ ਚੜ੍ਹ, ਬੋਲੇ ਸਫ਼ਲਤਾ, ਇਸਦਾ ਇਹ ਅੰਦਾਜ਼,
ਖੁਸ਼ੀ ਨਿਰੰਤਰ ਸਦਾ ਲਈ, ਜਾਨਣ ਸਭ ਇਹ ਰਾਜ਼।
ਇੱਕਤੀ ਮਈ ਦਿਨ ਮਿਹਨਤਾਂ, ਜੋ ਕਰਨ ਸਫਲਤਾ ਪਾਣ,
ਪੈਰ ਪੈਰ ਮੁਕਾਬਲਾ, ਦਾਖਲੇ ਲਈ ਇਮਤਿਹਾਨ।
*****
ਜੂਨ
ਛੇਵੇਂ ਮਹੀਨੇ ਜੂਨ ਦੇ, ਖੂਬ ਗਰਮੀ ਚੁੱਕਦੀ ਅੱਤ,
ਸਭ ਕੁਝ ਸੁੱਕੀ ਜਾਵੰਦਾ, ਜਲ ਥਲ, ਘਾਹ, ਤ੍ਰਿਣ ਪੱਤ।
ਟੋਭੇ ਖੋਭੇ ਸੁੱਕਦੇ, ਸੁੱਕਦੇ ਸਾਰੇ ਖੂਹ,
ਧੁੱਪੇ ਸਿਰ ਬੌਂਦਲਾਵੰਦਾ, ਵਗੇ ਜੋ ਤੱਤੀ ਲੂਅ।
ਕੁਲਫ਼ੀਆਂ ਵਾਲੇ ਭਾਈ ਦੀ, ਵਾਹਵਾ ਲੱਗਦੀ ਮੌਜ,
ਰੇੜੀ ਦੁਆਲੇ ਉਸ ਦੀ, ਖੜੀ ਬੱਚਿਆਂ ਦੀ ਫੌਜ।
ਗੋਲੇ ਬਰਫ਼ ਦੇ ਖਾਵੰਦੇ, ਰੰਗਲੇ ਸ਼ਰਬਤ ਸੰਗ,
ਤੋਤਾ ਚਿੜੀ ਬਣਵਾਵੰਦੇ, ਤੇ ਛਤਰੀ ਰੰਗ ਬਰੰਗ।
ਜਿੰਦ ਪਾਣੀ ਠੰਡਾ ਮੰਗਦੀ, ਭਰ ਭਰ ਪੀਏ ਗਲਾਸ,
ਢਿੱਡ ਤੰਬੂਰਾ ਆਫ਼ਰੇ, ਬੁੱਝੇ ਨਾ ਪਰ ਪਿਆਸ।
ਕੂਲਰ ਪੱਖੇ ਚਲਦੇ, ਏਅਰ ਕੰਡੀਸ਼ਨ ਨਾਲ,
ਬਿਜਲੀ ਬਾਜੋਂ ਬਿੱਜ ਪਵੇ, ਹੋਵੇ ਮੰਦਾ ਹਾਲ।
ਕੁੱਤੇ ਪਏ ਹਕਲਾਵੰਦੇ, ਲੰਬੀ ਕੱਢ ਜ਼ਬਾਨ,
ਸੂਰਜ ਅੱਗ ਵਰਸਾ ਰਿਹਾ, ਕਿਰਨਾਂ ਅਗਨੀਬਾਣ।

ਅਰਬ ਸਾਗਰ ਚੋਂ ਉੁੱਠਦੇ, ਵਾਸ਼ਪ ਅੱਤ ਘਨੇਰ,
ਪਹਿਲੇ ਹਫ਼ਤੇ ਮਾਨਸੂਨ, ਬੰਬਈ ਤੇ ਵੱਸੇ ਢੇਰ।
ਕੁਝ ਅਰਾਵਲੀ ਪਾਰ ਕਰ, ਪਹੁੰਚੇ ਸ਼ਿਵਾਲਕ ਆਣ,
ਹਿਮਾਚਲ ਅਤੇ ਪੰਜਾਬ ਵਿਚ, ਬੱਦਲ ਕੁਝ ਮੰਡਰਾਣ।
ਖਾੜੀਓਂ ਉੱਡੇ ਮੌਨਸੂਨ, ਪਹੁੰਚੇ ਅਸਾਮ ਬੰਗਾਲ,
ਕੁਝ ਉੱਥੋਂ ਚਲ ਪਹੁੰਚਦੀ, ਦਵੇ ਪੰਜਾਬ ਹੰਗਾਲ।

ਪੰਜ ਜੂਨ ਨੂੰ ਆਲਮੀ, ਵਾਤਾਵਰਣ ਦਿਵਸ ਮਨਾਅ,
“ਮਾਤਾ ਧਰਿਤ ਮਹਤ” ਹੈ, ਸੇਵਾ ਵਿਚ ਲੱਗ ਜਾਅ।
ਬ੍ਰਿਛ ਕੀ ਨਹੀਂ ਤੈਨੂੰ ਦੇਵੰਦੇ, ਨਦੀਆਂ ਸੇਵਨ ਤੁੱਧ।
ਜਲ ਦੀ ਅੱਜ ਸੰਭਾਲ ਕਰ, ਨਹੀਂ ਕੱਲ ਕਰੇਂਗਾ ਯੁੱਧ।

ਇਸੇ ਮਹੀਨੇ ਆਮ ਕਰ, ਆਏ ਜੇਠ ਸੁਦੀ ਚੌਥ,
ਗੁਰ ਅਰਜਨ ਹੋਇ ਸ਼ਹੀਦ ਸੀ, ਸਹਿ ਤਸੀਹੇ ਬਹੁਤ।
ਤੱਤੀ ਤਵੀ ਬਿਠਾਇਕੇ, ਸਿਰ ਪਾਈ ਤੱਤੀ ਰੇਤ,
ਸੱਚ ਹੋ ਕੰਚਨ ਨਿਤਰਦਾ, ਦੱਸਿਆ ਸਤਿਗੁਰ ਭੇਤ।
ਥਾਂ ਥਾਂ ਛਬੀਲਾਂ ਲੱਗਦੀਆਂ, ਕਿਉੜਾ ਖੰਡ ਦੁੱਧ ਪਾ,
ਘੁੰਗਣੀਆਂ ਲੰਗਰ ਵਰਤਦਾ, ਜਿੰਨਾ ਮਰਜੀ ਖਾਹ।
ਆਏ ਫਿਰ ਇਕਾਦਸ਼ੀ, ਨਿਮਾਣੀ ਜਿਸਨੂੰ ਕਹਿਣ,
ਛਬੀਲਾਂ, ਲੱਗਣ ਫੇਰ ਤੋਂ, ਲੋਕ, ਸੇਵਾ ਤੱਤਪਰ ਰਹਿਣ।

ਸਿਜਦੇ ਵਿਚ ਜੁੜ ਘੁੰਮ ਰਹੀ, ਸੂਰਜ ਗਿਰਦ ਜੋ ਭੂ,
ਪੂਰਨ ਸੂਰਜ ਸਨਮੁਖਾ, ਇੱਕੀ ਨੂੰ ਉੁੱਤਰੀ ਧ੍ਰੂ।
ਸੂਰਜ ਕਿਰਨਾਂ ਸਿੱਧੀਆਂ ਉੱਤ੍ਰੀ ਗੋਲਾਰਧ ਪੈਣ,

ਦਿਨ ਥੀਏ ਅੱਤ ਵੱਡੜਾ ਤੇ ਅੱਤ ਛੋਟੀ ਰੈਣ।
ਅਠਾਰਾਂ ਸੌ ਉਨਤਾਲੀ ਦੀ, ਉਨੱਤੀ ਸੀ ਜੂਨ ਖਰਾਬ,
ਪੱਕੀ ਨੀਂਦੇ ਸੌਂ ਗਿਆ, ਬੱਬਰ ਸ਼ੇਰ ਪੰਜਾਬ।
ਡੁੱਬਿਆ ਸੂਰਜ ਚਮਕਦਾ, ਹੋਈ ਸਿੱਖ ਰਾਜ ਦੀ ਸ਼ਾਮ,
ਮਹਾਰਾਜੇ ਰਣਜੀਤ ਨੂੰ, ਪਰਜਾ ਰੋਈ ਤਮਾਮ।

ਤੀਹ ਦਿਨ ਜੂਨ ਵਿਹਾਵੰਦਾ, ਗਗਨੋਂ ਅੱਗ ਵਰਸਾ,
ਅਮੀਰ ਮੈਦਾਨੋਂ ਭੱਜਕੇ, ਜਾਣ ਪਹਾੜੀਂ ਆ।

ਜਿਨ੍ਹਾਂ ਨੂੰ ਕੁਝ ਬਣਨ ਦੀ, ਵਿਚ ਜ਼ਿੰਦਗੀ ਦੇ ਆਸ,
ਜੂਨ ਨਾ ਗਰਮੀ ਪੋਹੰਦੀ, ਪਿਆਸ ਨਾ ਭਟਕੇ ਪਾਸ,
ਮਿਹਨਤਾਂ ਕਰਦੇ ਜੁੱਟ ਕੇ, ਦੇਣ ਦਾਖਲਾ ਇਮਤਿਹਾਨ,
ਡਾਕਟਰ ਇੰਜੀਨੀਅਰ ਬਣਨ ਉਹ, ਉੱਚਾ ਰੁਤਬਾ ਪਾਣ॥੬॥
*****
ਜੁਲਾਈ
ਮਾਹ ਚੜ੍ਹੇ, ਜੁਲਾਈ ਸੱਤਵਾਂ, ਹੋਏ ਧਰਤੀ ਨੂੰ ਆਸ,
ਵਰਸੇਗੀ ਘਣ ਮੌਨਸੂਨ, ਤ੍ਰਿਪਤ ਹੋਇਗੀ ਪਿਆਸ।
ਬੱਦਲ ਛਾਵਣ ਲੱਗ ਪਏ ਤੇ ਵਗੇ ਪੁਰੇ ਦੀ ‘ਵਾ,
‘ਨੇਰੀ ਆਵੇ ਸ਼ੂਕਦੀ ਤੇ ਸਭ ਕੁਝ ਦਏ ਉਡਾ।
ਗੱਲ ਵਰਖਾ ਦੀ ਬਾਅਦ ਵਿਚ, ਗੱਲ ਕਰਾਂ ਇੱਕ ਹੋਰ,
ਸਤਾਰਾਂ ਸੋ ਛਿਅਤਰ ਸੰਨ ਸੀ, ਚਾਰ ਜੁਲਾਈ ਦੀ ਭੋਰ।
ਅਮਰੀਕਾ ਅਜ਼ਾਦ ਸੀ ਭਇਆ, ਸੁਣ ਲਉ ਮੀਤ ਸੁਜਾਨ,
ਜਾਰਜ ਵਾਸ਼ਿੰਗਟਨ ਦੇਸ ਦਾ, ਬਣਿਆ ਪ੍ਰਥਮ ਪ੍ਰਧਾਨ।
ਮਿਹਨਤ ਸੰਗ ਤਦਬੀਰ ਦੇ, ਅੱਜ ਉਹ ਦੇਸ਼ ਮਹਾਨ,
ਸਾਰੀ ਦੁਨੀਆਂ ਜਾਣਦੀ, ਪੁਚਾਇਆ ਚੰਨ, ਇਨਸਾਨ

ਸੁਖੀ ਨੇ ਉਹ ਦੇਸ਼ ਸਭ ਆਬਾਦੀ ਜਿਨ੍ਹਾਂ ਦੀ ਘੱਟ।
ਸ੍ਰੋਤਾਂ ਦੀ ਥੀਏ ਨਾ ਘਾਟ ਕੋਈ, ਝਟਪਟ ਲੰਘਦਾ ਝੱਟ।
ਨਾਅਰੇ ਕਈ ਬੁਲੰਦ ਹੋਇ, ਅਸੀ ਦੋ ਤੇ ਬੱਚੇ ਦੋ,
੧੧ ਜੁਲਾਈ ਦਿਨ ਆਬਾਦੀ ਦਾ ਉਸਦਾ ਧਿਆਨ ਧਰੋ।

ਜੁਲਾਈ ਸੀ ਇੱਕੀ ਓਸ ਦਿਨ, ਉੱਨੀ ਸੋ ਉਨੱਤਰ ਸੰਨ,
ਮਨੁੱਖ ਖੜਾ ਅਸਮਾਨ ਵਿਚ, ਉਹਦੇ ਪੈਰਾਂ ਹੇਠਾਂ ਚੰਨ।
ਆਰਮ ਸਟਰਾਂਗ ਮਨੁੱਖ ਪਹਿਲੜਾ, ਐਲਡਰਿਨ ਸਾਥ ਪਛਾਣ,
ਖੜੋ ਕੇ ਚੰਨ ਤੇ ਆਖਦਾ, ਇਹ ਮਨੁੱਖਤਾ ਦਾ ਕਦਮ ਮਹਾਨ।

ਹੁਣ ਗੱਲ ਕਰਾਂ ਪੰਜਾਬ ਦੀ, ਸ਼ੁਰੂ ਜਿੱਥੇ ਮਾਨਸੂਨ,
ਗਰਮੀ ਸਹਾਰੀ ਅੱਤ ਦੀ, ਸਾਰਾ ਮਹੀਨਾ ਜੂਨ।
ਸ਼ੁਰੂ ਵਿਚ ਛੱਟੇ ਮੀਂਹ ਦੇ, ਪੈਂਦੇ ਨੇ ਕੁਝ ਘੱਟ,
ਹੁਮਸ ਨਾ ਪਸੀਨਾ ਸੁੱਕਦਾ, ਡਾਢਾ ਲੱਗਦਾ ਵੱਟ।
ਚਮੜੀ ਸੜ੍ਹਦੀ ਭੁੱਜਦੀ, ਲੱਗਣ ਛੁੱਟ ਫੁੱਟ ਰੋਗ,
ਪਿੱਤ ਪਿੰਡੇ ਦੇ ਨਿਕਲਦੀ, ਖੁਰਕ ਨਾ ਥੱਕਦੇ ਲੋਗ।
ਕੀਟ ਪਤੰਗੇ ਵਿਗਸਦੇ, ਮੱਛਰਾਂ ਦੀ ਭਰਮਾਰ,
ਮਲੇਰੀਆ ਕੱਟ ਫੈਲਾਵੰਦੇ, ਚੜ੍ਹਦਾ ਉੱਚ ਬੁਖ਼ਾਰ।
ਬੁਖ਼ਾਰ ਨਾ ਚੜੇ, ਮਲੇਰੀਆਂ, ਪਹਿਲਾਂ ਖਾਹ ਕੁਨੀਨ,
ਆਸ ਪਾਸ ਸਫ਼ਾਈ ਰੱਖ, ਵਰਤ ਮੱਛਰ ਮਾਰ ਮਸ਼ੀਨ।
ਇੱਕ ਦਿਨ ਛੱਡਕੇ ਚੜ੍ਹਦਾ, ਤਈਆ ਕਹਿਣ ਬੁਖਾਰ,
ਜਾਦੂ ਟੂਣੇ ਛੱਡਕੇ, ਦਵਾਈ ਦਾ ਕਰ ਉਪਚਾਰ।
ਕੈਆਂ, ਦਸਤ ਤੇ ਪੀਲੀਆਂ, ਇਹ ਪਾਣੀ ਦੇ ਰੋਗ,
ਪੀਓ ਸਵੱਛ ਉਬਾਲਕੇ, ਜੇ ਰਹਿਣਾ ਨਿਤ ਅਰੋਗ।

ਜੁਲਾਈ ਅਰਧ ਜੱਦ ਮੁੱਕਦੀ, ਸਾਵਣ ਚੜ੍ਹਦਾ ਮਾਹ,
ਕਾਂਗਾਂ ਦੇਖ ਬੱਦਲੋਟੀਆਂ ਚੜ੍ਹਦਾ ਸਭ ਨੂੰ ਚਾਅ।
ਰੁੱਤ ਵਰਖਾ ਦੀ ਆਵੰਦੀ, ਪੈਣ ਸਮੀਰਾ ਝੁੱਲ,
ਖ਼ੁਸ਼ੀਆਂ ਵਿਚ ਸਭ ਝੂਮਦੇ, ਤੱਤੀਆਂ ਲੋਆਂ ਭੁੱਲ।
ਦੁੱਖ ਹੋਏ ਜੇ ਅੱਤ ਘਣਾ, ਭੁੱਲੇ ਸੁੱਖ ਵਿਚ ਝੱਟ।
ਹਰ ਕਾਲੀ ਜੋ ਬੱਦਲੀ ਲਿਸ਼ਕਾਉਂਦੀ ਚਾਂਦੀ ਪੱਟ।
ਬੱਦਲ ਸੂਰਜ ਲੁਕਾਵੰਦੇ, ਰਾਤੀਂ ਲੁਕਾ ਚੰਦ,
ਖੇਡਾਂ ਇਲਾਹੀ ਨਿਰਾਲੀਆਂ, ਦੇਵਣ ਅਤੀ ਅਨੰਦ।

ਅਸੀਂ ਸ਼ੇਰ ਬਦਨਾਮ, ਬਹੁ ਕਰੀਏ ਨਰ ਸੰਘਾਰ,
ਤਾਹੀਂਓਂ ਤੁਸੀ ੧੩੫ ਕ੍ਰੋੜ ਅਸੀ ਢਾਈ ਹਜ਼ਾਰ,
੨੯ ਜੁਲਾਈ ਮਨਾ ਲਈਏ ਸ਼ੇਰਾਂ ਦਾ ਦਿਨ ਹਜ਼ੂਰ,
ਵਾਤਾਵਰਣ ਇਕਾਲੋਜੀ ਕੂਕਦੇ, ਸ਼ੇਰ ਬਚਾਓ ਜ਼ਰੂਰ।

ਜੁਲਾਈ ਮਹੀਨੇ ਛੁੱਟੀਆਂ, ਮੁੱਕਦੀਆਂ ਸਭਦੀਆਂ ਆਣ,
ਲੈਂਦੇ ਕਾਲਜੀਂ ਦਾਖਲੇ, ਕੁਝ ਵਿਸ਼ਵ ਵਿਦਿਆਲੇ ਜਾਣ।
ਨਵੀਆਂ ਜਮਾਤਾਂ, ਨਵੇਂ ਸਾਥ, ਖਿੜੇ ਚਿਹਰੇ ਪੁਰਨੂਰ,
ਸਾਥ ਇੱਕ ਦੋ ਸਾਲ ਦਾ, ਮੁੜ ਨਾ ਬੇੜੀ ਪੂਰ।

ਦਿਨ ਇੱਕਤੀ ਮਾਹ ਦੇ ਮੁੱਕਦੇ, ਕੋਇਲ ਨਾ ਮੁੱਕਦੀ ਹੂਕ,
ਧਰਤੀ ਅਜੇ ਪਿਆਸੜੀ, ਰੋਜ਼ ਸੁਣਾਵੇ ਕੂਕ॥੭॥
*****
ਅਗਸਤ
ਅਗਸਤ ਘਟਾਵਾਂ ਚੜ੍ਹਦੀਆਂ, ਬੱਦਲ ਮਿਣਨ ਅਕਾਸ਼,
ਫੜ ਕਿਰਨਾਂ ਦੀ ਤੂਲਕਾ, ਸੂਰਜ ਭਇਆ ਨਕਾਸ਼।
ਕੂਚੀਆਂ ਰੰਗ ਬਰੰਗੀਆਂ, ਸ਼ੇਡਾਂ ਵੰਨ ਸੁਵੰਨ,
ਭਰਦਾ ਰੰਗ ਅਕਾਸ਼ ਵਿਚ, ਕੁਦਰਤ ਕਹੀਏ ਧੰਨ।
ਸੁਲਫ਼ੇ ਦੀ ਸੂਹੀ ਲਾਟ ਜਿਉਂ, ਸੂਹਾ ਲਾਲ ਅਸਮਾਨ,
ਨਾਰੰਗੀ ਅਤੇ ਬਲੰਬਰੀ, ਹੋਰ ਵੀ ਰੰਗ ਸੁਹਾਣ।
ਬਣਦੇ ਦੈਂਤ, ਦਿਉ, ਜਾਨਵਾਰ ਧਰਦੇ ਰੂਪ ਅਪਾਰ,
ਪ੍ਰਹਿਲਾਦ ਨੂੰ ਜਿਵੇਂ ਬਚਾ ਰਿਹਾ, ਨਰ ਸਿੰਘ ਖੁੱਦ ਅਵਤਾਰ।
ਸਫ਼ਿੰਕਸ ਦਿਉ ਕੱਦ ਮਿਸਰ ਦੇ, ਉੱਡ ਰਹੇ ਵਿਚ ਅਸਮਾਨ,
ਜਾ ਫਿਰ ਹਾਥੀ ਭੀਮ ਦੇ, ਭਰ ਰਹੇ ਅਜੇ ਉੜਾਨ।
ਕਾਲਿੰਗਾ ਦੇ ਰਣ ਥਲ ਦੀਆਂ, ਜਾਂ ਜੋ ਲਾਸ਼ਾਂ ਢੇਰ,
ਲੱਥ ਪੱਥ ਧਰਤੀ ਖੂਨ ਸੰਗ, ਧੂੜਾਂ ਗ਼ੁਬਾਰ ਚੁਫ਼ੇਰ।
ਦਿਉ ਕੱਦ ਬੱਦਲ ਐਸੜਾ, ਜਿਉਂ ਉੱਗੀ ਖੁੰਭ ਮਹਾਨ,
ਛੇ ਅਗਸਤ ਪੰਜਤਾਲੀ ਨੂੰ, ਚੜ੍ਹਿਆ ਵਿਚ ਜਾਪਾਨ।
ਅਮਰੀਕਾ ਸਵੇਰੇ ਅੱਠ ਵਜੇ, ਦਾਗਿਆ ਐਟਮ ਬੰਬ,
ਹੀਰੋਸ਼ੀਮਾ ਹੋਇਆ ਗ਼ਰਕ ਤੇ, ਧਰਤ ਗਈ ਸਭ ਕੰਬ।
ਅਜਿਹਾ ਹੀ ਭਾਣਾ ਵਰਤਿਆ, ਤਿੰਨ ਦਿਨ ਪਿਛੋਂ ਫੇਰ,
ਧਰਤ ਕਲੇਜਾ ਫੱਟਿਆ, ਨਾਗਾਸਾਕੀ ਧੂੜਾਂ ਢੇਰ।
ਮਨੁੱਖ ਹੀ ਮਨੁੱਖ ਦਾ ਅਜ਼ਲ ਤੋਂ ਪੱਕਾ ਵੈਰੀ ਜਾਨ,
ਜ਼ਰ ਜੋਰੂ ਜ਼ਮੀਨ ਲਈ, ਲੱਖਾਂ ਸਿਰ ਕੁਰਬਾਨ।

ਪੰਦਰਾਂ ਅਗਸਤ ਸੰਤਾਲੀ ਦਾ, ਦਿਨ ਰਹਿਣਾ ਯਾਦ ਹਮੇਸ਼,
ਇਸੀ ਦਿਨ ਹੋਇਆ ਅਜ਼ਾਦ ਸੀ, ਭਾਰਤ ਆਪਣਾ ਦੇਸ਼।
ਪ੍ਰਧਾਨ ਮੰਤਰੀ ਤਿਰੰਗਾ ਫਹਿਰਾ ਵੰਦਾ, ਅਜ਼ਾਦੀ ਦਾ ਪ੍ਰਤੀਕ,
ਦਿੱਲੀ ਵਿਚ ਕਿਲੇ ਲਾਲ ਤੇ, ਸਵੇਰੇ ਸੱਤ ਵਜੇ ਠੀਕ।
ਦਈਏ ਅੱਜ ਸ਼ਰਧਾਂਜਲੀ, ਕਰੀਏ ਉਨ੍ਹਾਂ ਨੂੰ ਯਾਦ,
ਅਜ਼ਾਦੀ ਖਾਤਰ ਦੇਸ਼ ਲਈ, ਹੋਏ ਜੋ ਖ਼ੁਦ ਬਰਬਾਦ।
ਊਧਮ, ਸਰਾਭਾ, ਭਗਤ ਸਿੰਘ, ਰਾਜਗੁਰੂ ਸੁਖਦੇਵ,
ਬਣ ਗਏ ਅਮਰ ਸ਼ਹੀਦ ਉਹ, ਜਯਤੇ ਸਤਿਆਮੇਵ।

ਇਸੀ ਮਹੀਨੇ ਆਵੰਦਾ, ਰਾਖੀ ਦਾ ਤਿਉਹਾਰ,
ਰੱਖੜੀ, ਮੌਲੀ, ਧਾਗੜਾ, ਭੈਣ ਭਰਾ ਦਾ ਪਿਆਰ।
ਵੀਰ ਕਲਾਈ ਸਜਦੀ, ਭੈਣ ਰੱਖੜੀ ਦੇਵੇ ਬੰਨ,
ਯੁੱਗ ਜੀਵੇ ਮਾਂ ਜਾਇਆ, ਵੀਰ ਪਿਆਰਾ ਚੰਨ।
ਭਰਾ ਦੇਵੇ ਦਿਲ ਖੋਹਲਕੇ, ਝੋਲੀ ਭਰ ਬਖਸ਼ੀਸ਼,
ਇਜ਼ਤ ਮਾਨ ਸੁੱਖ ਸੰਗ ਰਹਿ, ਦੇਵੇ ਸ਼ੁਭ ਅਸ਼ੀਸ਼।

ਕ੍ਰਿਸ਼ਨ ਜਨਮ ਵੀ ਆਵੰਦਾ, ਆਮ ਕਰ ਮਹੀਨੇ ਏਸ,
ਮਹਾਂਭਾਰਤ ਦੇ ਯੁੱਧ ਵਿਚ, ਜਿਸ ਦੀਨੋ ਉਪਦੇਸ਼।
ਅਰਜਨ ਪਾਂਡੋ ਮਹਾਂਬਲੀ, ਤੀਰ ਨਾ ਖੁੰਝੇ ਨਿਸ਼ਾਨ,
ਪਾਈ ਜੋ ਸਿੱਖਿਆ ਯੁੱਧ ਵਿਚ, ਗੀਤਾ ਗ੍ਰੰਥ ਮਹਾਨ।

ਮਾਹ ਅਗਸਤ ਬਰਸਾਤ ਦਾ, ਨਿਸ ਦਿਨ ਵਰਸੇ ਮੀਂਹ,
ਝੜੀਆਂ ਲੱਗਣ ਲੰਬੀਆਂ, ਖੁਸ਼ ਕਿੱਕਰ ਸਭ ਸ਼ਰੀਂਹ।
ਖੇਤ ਧਾਨ ਦੇ ਮੌਲਦੇ, ਜਲ ਥਲ ਛਾਈ ਚਫ਼ੇਰ।
ਹਰ ਸ਼ਾਮ ਸੁਨਹਿਰੀ ਬੀਤਦੀ, ਅਤੀ ਰੰਗੀਨ ਸਵੇਰ।
ਦਿਨ ‘ਕੱਤੀ ਮਾਹ ਵਿਹਾਵੰਦਾ, ਪੀਂਘ ਸਤਰੰਗੀ ਝੂਟ,
ਧਰਤੀ ਰੂਪ ਸੁਵੰਨੜਾ, ਪਾਇਆ ਹਰਿਆ ਸੂਟ॥੮॥
*****
ਸਤੰਬਰ
ਨਾਵਾਂ ਮਾਹ ਸੁਹਾਵਣਾ, ਸਤੰਬਰ ਜਿਸਦਾ ਨਾਮ,
ਅਰਧ ਮਾਹ ਦੇ ਮੁੱਕਦਿਆਂ, ਵਰਖਾ ਰੁੱਤ ਤਮਾਮ।
ਬੱਦਲੀ ਪਰ ਕੋਈ ‘ਕਲੜੀ ਮਿਣਦੀ ਕੁੱਲ ਅਕਾਸ਼,
ਸਲਾਹੁੰਦੀ ਉਸਦੀ ਨੀਲਮਾ, ਅਲੰਕਿਤ ਰਵੀ ਪ੍ਰਕਾਸ਼।
ਚਾਂਦੀ ਵਾਂਙੂ ਚਮਕਦਾ, ਉਸਦਾ ਚਾਰ ਚੁਫੇਰ,
ਲੱਪੇ ਵਾਲੀ ਚੁੰਨਰੀ, ਜਿਉਂ ਦਿੱਤੀ ਪਵਨ ਖਲੇਰ।

ਰਾਧਾ ਕ੍ਰਿਸ਼ਨ ਫ਼ਿਲਾਸਫ਼ਰ, ਅਧਿਆਪਕ ਉੱਚ ਮਹਾਨ,
ਅਜ਼ਾਦ ਭਾਰਤ ਗਣਰਾਜ ਦਾ, ਦੂਜਾ ਸੀ ਪਰਧਾਨ।
ਜਨਮ ਦਿਨ ਉਸ ਸਪੂਤ ਦਾ ਆਏ ਸਤੰਬਰ ਪੰਜ,
ਅਧਿਆਪਕ ਦਿਵਸ ਦੇ ਤੌਰ ਤੇ ਮਨਾਏ ਭਾਰਤ ਸੰਘ।
ਅਧਿਆਪਕ ਦੀਪ ਗਿਆਨ ਦਾ, ਬਾਲੇ ਕਈ ਚਿਰਾਗ਼,
ਪੀੜੀਓ ਪੀੜੀ ਗਿਆਨ ਵਧੇ, ਲਾਏ ਐਸੀ ਜਾਗ।
ਇਜ਼ਤ ਮਾਨ ਉਸਤਾਦ ਦਾ, ਬੱਚਿਓ ਕਰੋ ਨਿੱਤ ਨੀਤ,
ਸੰਗ ਵੱਡਿਆਂ ਦੇ ਉਲਝਣਾਂ, ਕਤਈ ਭਲੀ ਨਾ ਰੀਤ।

ਬਾਣੀ ਗੁਰੂ ਅਖਵਾਵੰਦੀ, ਗੁਰਬਾਣੀ ਗੁਣਤਾਸ,
ਗੁਰੂ ਅਰਜਨ ਗ੍ਰੰਥ ਲਿਖਵਾਵੰਦੇ, ਲਿੱਖਦੇ ਭਾਈ ਗੁਰਦਾਸ।
ਭਾਦੋਂ ਸੁਦੀ ਸੀ ਪਹਿਲੜੀ, ਸੋਲਾਂ ਸੌ ਚਾਰ ਸੀ ਸੰਨ,
ਦਰਸ਼ਨ ਗ੍ਰੰਥ ਸਾਹਿਬ ਦੇ, ਕਰ ਸੰਗਤਾਂ ਹੋਈਆਂ ਧੰਨ।
ਪਹਿਲੀ ਵਾਰ ਹਰਿਮੰਦਰੀਂ, ਹੋਇਆ ਗ੍ਰੰਥ ਪਰਕਾਸ਼,
ਜੈ ਜੈ ਸਗਲੇ ਮਾਤ ਲੋਕ, ਜੈ ਜੈ ਭਈ ਅਕਾਸ਼।

੧੬ ਸਤੰਬਰ ਓਜ਼ੋਨ ਪਰਤ ਦਿਨ ਆਓ ਰੱਖੀਏ ਸਾਰੇ ਯਾਦ,
੧੯੮੭ ਐਸ ਦਿਨ, ਯੂ.ਐਨ.ਓ. ਸੁਣੀ ਫਰਿਆਦ।
ਫਰੀਆਨ ਗੈਸਾਂ ਦਾ ਰਿਸਾਵ ਅਤੇ ਸੈਂਟਾ ਦੀ ਬੌਛਾੜ,
ਕਰ ਰਹੇ ਸਨ ਵਾਧੂ ਪੇਤਲਾ, ਓਜ਼ੋਨ ਪਰਤ ਵਿਛਾੜ।
ਠੱਲ ਪਈ ਓਜ਼ੋਨ ਭਕਸ਼ਕਾਂ, ਅੱਜ ਪਰਤ ਹੈ ਬਰਕਰਾਰ,
ਵਧਾਈ ਪਾਤਰ ਹੈ ਆਦਮੀ ਤੇ ਸਫਲ ਵਿਗਿਆਨ ਪਸਾਰ।

ਸਤੰਬਰ ਤੇਈ ਜਦ ਆਂਵੰਦਾ, ਦਿਨ ਅਜਿਹਾ ਜਾਨ,
ਧਰੂ ਦੋਵੇਂ ਸੂਰਜ ਸਾਹਮਣੇ, ਹੋ ਜਾਂਦੇ ਇੱਕ ਸਮਾਨ।
ਤੇਈ ਮਾਰਚ ਨੂੰ ਫੇਰ ਤੋਂ, ਇੱਕ ਸਮ ਸੂਰਜ ਝਾਤ,
ਬਾਰਾਂ ਘੰਟੇ ਦਿਨ ਭਏ, ਬਾਰਾਂ ਘੰਟੇ ਰਾਤ।

ਧਰਤੀ ਘੁੰਮੀ ਜਾਵੰਦੀ, ਇਕਾਗਰ ਮਨ ਇੱਕ ਚਿੱਤ,
ਵਾ ਵਰੋਲੇ, ਭੁਚਾਲ ਹੜ, ਫਰਕ ਨਾ ਪਾਵਣ ਤਿੱਤ।
ਜਿਉਂ ਜਿਉਂ ਮਹੀਨਾ ਬੀਤਦਾ, ਮਿੱਠੀ ਮਿੱਠੀ ਰੁੱਤ,
ਰੁੱਤ ਪਤਝੜ ਦੀ ਆਵੰਦੀ, ਬਨਸਪਤ ਬਿਫ਼ਰੀ ਗੁੱਤ।
ਪੁਰਾਣਾ ਸੀ ਸੋ ਝੜ ਪਇਆ, ਖੜਕ ਹਵਾ ਦੇ ਨਾਲ,
ਆਵਣ ਜਾਣ ਬਣਾਇਆ, ਜੀਵਨ ਪਲ ਛਿਨ ਸਾਲ।

ਇੱਕ ਇੱਕ ਕਰ ਸਭ ਬੀਤਦੇ, ਸਤੰਬਰ ਦੇ ਦਿਨ ਤੀਹ,
ਸਮਾਂ ਹੈ ਲੰਘਦਾ ਜਾਂਵੰਦਾ, ਨਾ ਗਿੱਲਾ ਪੀਹਣ ਪੀਹ।
ਜੋ ਕੰਮ ਹੱਥ ਵਿਚ ਲੈ ਲਿਆ, ਜਲਦੀ ਕਰ ਮੁਕਾ,
ਜੀਵਨ ਹੈ ਬਹੁ ਨਿੱਕੜਾ, ਕੁਝ ਹਾਸਲ ਕਰ ਦਿਖਾ॥੯॥

ਅਕਤੂਬਰ
ਅਕਤੂਬਰ ਮਾਹ ਜੋ ਦਸਵਾਂ, ਚੜ੍ਹਦਾ ਚਾਵਾਂ ਨਾਲ,
ਗਰਮੀ ਵਰਖਾ ਲੱਦ ਗਏ, ਦੂਰ ਅਜੇ ਪਰ ਸਿਆਲ।
ਦਿਨ ਛੋਟੇ ਹੋਵਣ ਲੱਗ ਪਏ, ਜਲਦੀ ਪਵੇ ਹੁਣ ਸ਼ਾਮ,
ਬਾਜ਼ਾਰੀਂ ਰੌਣਕਾਂ ਚੌਣੀਆਂ, ਤੂੜੇ, ਦੁਕਾਨ ਗੁਦਾਮ।
ਰੁੱਤ ਮੇਲਿਆਂ ਦੀ ਆ ਗਈ, ਸ਼ੁਰੂ ਛੁੱਟੀਆਂ ਦੇ ਦੌਰ,
ਖ਼ੁਸ਼ ਹਰ ਵੱਡਾ ਨਿੱਕੜਾ, ਖ਼ੁਸ਼ ਸਭ ਦੇ ਤੌਰ ਬਤੌਰ।

ਦੋ ਅਕਤੂਬਰ ਦਿਵਸ ਸੀ, ਅਠਾਰਾਂ ਸੌ ਉਨੱਤਰ ਸੰਨ,
ਕਾਠੀਆਵਾੜ ਵਿਚ ਜਨਮਿਆ, ਬਾਲਕ ਇਕ ਚੇਤੰਨ।
ਬਣਿਆ ਬਾਪੂ ਕੌਮ ਦਾ, ਕਰਵਾਇਆ ਦੇਸ਼ ਅਜ਼ਾਦ,
ਮਹਾਤਮਾ ਗਾਂਧੀ ਜੱਗ ਜਾਣਦਾ, ਮਨਾਈਏ ਉਸਦੀ ਯਾਦ।
ਸੱਚ ਦਾ ਪੁਜਾਰੀ ਦੇਸ਼ ਭਗਤ, ਸੀ ਅਹਿੰਸਾ ਦਾ ਦੂਤ,
ਬਰਾਬਰ ਸਭ ਨੂੰ ਜਾਣਦਾ, ਕੋਈ ਨਾ ਛੂਤ ਅਛੂਤ।

ਲਾਲ ਬਹਾਦਰ ਸ਼ਾਸਤਰੀ, ਸੀ ਜਨਮਿਆ ਇਸੇ ਤਾਰੀਖ,
ਪ੍ਰਧਾਨ ਮੰਤਰੀ ਬਣਿਆ ਦੂਸਰਾ, ਲਿਖੀ ਅਮਿਟ ਤਵਾਰੀਖ।
ਜੈ ਜਵਾਨ ਜੈ ਕਿਸਾਨ ਦਾ, ਨਾਅਰਾ ਦਿੱਤਾ ਉੱਸ,
ਭੂਤਰੇ ਗੁਆਂਢੀ ਦੇਸ ਦਾ, ਅਹੰਕਾਰ ਕੀਤਾ ਸੀ ਠੁੱਸ।

ਇਸੀ ਮਹੀਨੇ ਆਵੰਦਾ, ਜਾਂ ਸਤੰਬਰੀਂ ਆਖਰਵਾਰ,
ਦੁਸਹਿਰਾ ਜਿਸਨੂੰ ਆਖਦੇ, ਵਿਜੇ ਦਸਮੀ ਤਿਉਹਾਰ।
ਸਾਰੀ ਲੰਕਾ ਜਲ ਉੱਠੀ, ਹੋਈ ਰਾਖ਼ ਦਾ ਢੇਰ,
ਕਾਲ ਜੋ ਪਾਵੇ ਬੰਨਿਆ, ਲਿਆ ਉਸ ਰਾਵਣ ਘੇਰ।
ਨੇਕੀ ਜਿੱਤਦੀ ਬਦੀ ਤੋਂ, ਦੱਸਦਾ ਇਹ ਤਿਉਹਾਰ,
ਰਾਵਣ, ਕੁੰਭ ਕਰਣ, ਮੇਘ ਦਾ; ਕੀਤਾ ਰਾਮ ਸੰਘਾਰ।
ਪਾਪੀ ਪਾਪ ਦੇ ਭਾਰ ਤੋਂ, ਖੁੱਦ ਆਪੇ ਜਾਵੇ ਮਰ,
ਪਾਪ ਕਰਨ ਤੋਂ ਪਹਿਲਾਂ, ਬੰਦੇ ਰੱਬ ਤੋਂ ਡਰ।

ਵੀਹ ਦਿਨ ਬਾਅਦ ਦੁਸਹਰਿਓ, ਦਿਸਦਾ ਨਾ ਜਦੋਂ ਚੰਨ,
ਕੱਤਕ ਮੱਸਿਆ ਆਂਵਦੀ, ਸਭ ਲੋਕ ਹੋਣ ਪ੍ਰਸੰਨ।
ਦੀਵਾਲੀ, ਲੱਦਿਆ ਖੁਸ਼ੀ ਸੰਗ, ਮੇਲਾ ਪਹੁੰਚੇ ਆਣ,
ਤਿਉਹਾਰ ਉੱਚਤਮ ਦੇਸ ਦਾ, ਘਰ ਘਰ ਲੋਕ ਮਨਾਣ।
ਕਦੀ ਆਵੇ ਮਾਹ ਅਕਤੂਬਰੀਂ, ਕਦੀ ਨਵੰਬਰ ਮਾਹ,
ਚੰਦਰ ਵਰਸ਼ ਦੀ ਗਣਨਾ, ਸਭ ਪੁਰਬ ਦਵੇ ਖਿਸਕਾ।

ਅਕਤੂਬਰ ਜਿਉਂ ਜਿਉਂ ਬੀਤਦਾ, ਸਰਦੀ ਵੱਧਦੀ ਨਿੱਤ,
ਦਿਨ ਇੱਕਤੀ ਮਾਹ ਵਿਹਾਵੰਦਾ, ਨਾ ਸਮਾਂ ਕਿਸੇ ਦਾ ਮਿੱਤ।
*****
ਨਵੰਬਰ
ਨਵੰਬਰ ਮਾਹ ਗਿਆਰਵਾਂ, ਚੜ੍ਹਦਾ ਖ਼ੁਸ਼ੀਆਂ ਸੰਗ,
ਲਿਆਉਂਦਾ ਪੁਰਬ ਤਿਉਹਾਰ ਕਈ ਤੇ ਮੇਲੇ ਰੰਗ ਬਰੰਗ।
ਪਹਿਲੀ ਨਵੰਬਰ ਸੀ ਓਸ ਦਿਨ ਤੇ ਉੱਨੀ ਸੌ ਛਿਆਠ ਸੰਨ,
ਲੋਕੀ ਧਰਤ ਪੰਜਾਬ ਦੇ, ਹੋ ਗਏ ਸਨ ਸਭ ਧੰਨ।
ਮਾਂ ਭਾਰਤ ਪੱਲੂ ਸਵਾਰਿਆ, ਤੇ ਸਿੱਧੇ ਕੀਤੇ ਵੱਟ,
ਪੰਜਾਬ ਹਰਿਆਨਾ ਉਕਰ ਪਏ, ਦੀਪਮਾਲਾ, ਘਰ ਘਰ ਹੱਟ।
ਇੱਕ ਨਵੰਬਰ ਉਸ ਦਿਨ ਤੋਂ, ਲੱਗ ਪਏ ਲੋਗ ਮਨਾਣ,
ਪੰਜਾਬ ਦਿਵਸ ਅਖਵਾਵੰਦਾ, ਜਿਸ ਖਾਤਰ ਕਈ ਕੁਰਬਾਨ।

ਆਏ ਦੀਵਾਲੀ ਆਮ ਕਰ ਨਵੰਬਰ ਦੇ ਹੀ ਮਾਹ,
ਕਈ ਵਾਰੀ ਤਿਉਹਾਰ ਇਹ, ਅਕਤੂਬਰ ਦਵੇ ਸੁਹਾ,
ਦੁਸਹਰਿਓ ਬਾਅਦ ਵੀਹ ਦਿਨ, ਇਸ ਮੇਲੇ ਦਾ ਯੋਗ,
ਕੁੱਲ ਦੁਨੀਆਂ ਵਿਚ ਮਨਾਵੰਦੇ, ਜਿੱਥੇ ਭਾਰਤ ਲੋਗ।
ਰਾਮ ਰਮਾਇਣ ਦੱਸਦੀ, ਰਾਮ ਕਥਾ ਕਰ ਬਿਆਨ,
ਕੱਟ ਬਨਬਾਸ ਸ੍ਰੀ ਰਾਮਚੰਦ੍ਰ, ਅਯੋਧਿਆ ਪਹੁੰਚੇ ਆਨ।
ਚੌਦਾਂ ਵਰਸ਼ ਬਾਅਦ ਖੁਸ਼ੀਆਂ, ਘਰ ਸਨ ਆਈਆਂ ਮੁੜ,
ਮਹਲੀਂ ਰੌਣਕਾਂ ਚੌਣੀਆਂ, ਰਾਮ ਦਰਬਾਰ ਗਿਆ ਜੁੜ।
ਦੀਪ ਮਾਲਾ ਕੁੱਲ ਅੱਯੁਧਿਆ, ਹੋਈ ਘਰ ਦਰਬਾਰ,
ਅੱਜ ਤਕ ਲੋਕ ਮਨਾ ਰਹੇ, ਇਹ ਪਾਵਨ ਤਿਉਹਾਰ।

ਛੇਵੇਂ ਗੁਰੁ ਹਰਿਗੋਬਿੰਦ, ਜੋ ਬੰਦੀ ਛੋੜ ਅਖਵਾਨ,
ਗਵਾਲੀਅਰ ਕਿਲੇ ਚੋਂ ਹੋ ਰਿਹਾ, ਅੰਮ੍ਰਿਤਸਰ ਪਹੁੰਚੇ ਆਨ।
ਬਵੰਜਾ ਰਾਜੇ ਜੋ ਬੰਦ ਸਨ, ਗੁਰਾਂ ਛੁਡਵਾਏ ਸੰਗ,
ਮੁਗ਼ਲ ਰਾਜ ਸੰਗ ਪਹਿਲੜੀ, ਅੱਵਲੜੀ ਜਿੱਤੀ ਗੁਰਾਂ ਜੰਗ।
ਦੀਵਾਲੀ ਦਰਬਾਰ ਸਾਹਿਬ ਵਿਚ, ਲੋਕ ਤੱਦ ਤੋਂ ਰਹੇ ਮਨਾ,
ਜਲ ਹਰਿਮੰਦਰ ਬਿਜਲੀਆਂ, ਦ੍ਰਿਸ਼ ਅਲੋਕਿਕ ਵਾਹਾ।

ਦੇਸ਼ ਭਰ ਖੁਸ਼ੀਆਂ ਰੌਣਕਾਂ, ਦੀਵੇ ਲੋਗ ਜਗਾਣ,
ਵੰਡ ਮਠਿਆਈਆਂ ਖਾਵੰਦੇ, ਆਤਸ਼ਬਾਜ਼ੀ ਖੂਬ ਚਲਾਣ।
ਸਭ ਜਨ ਪੂਜਨ ਲਕਸ਼ਮੀ, ਘਰ ਬਾਰ ਖੂਬ ਸਜਾ,
ਸ਼ਾਇਦ ਤੱਰੁਠੇ ਅੱਜ ਉਹ ਤੇ ਜਾਵੇ ਅੰਦਰ ਆ।

ਦੀਵਾਲੀਓਂ ਬਾਅਦ ਦਿਨ ਦੂਸਰੇ, ਆਏ ਟਿੱਕੇ ਦਾ ਤਿਉਹਾਰ,
ਵੀਰਾਂ ਨੂੰ ਟਿੱਕੇ ਲਾਂਦੀਆਂ, ਕਰ ਭੈਣਾਂ ਸੱਤ ਮਲਾਰ।
ਰਿਸ਼ਤਾ ਪਵਿੱਤਰ ਅਵਲੜਾ, ਸਾਂਈਂ ਭਾਵੇ, ਦੇਵੇ ਦਾਤ,
ਦਿਲ ਖੋਹਲ ਭੈਣਾਂ ਤਾਂਈਂ, ਦੇਵਣ ਭਰਾ ਸੌਗਾਤ।

ਦਾਨ ਦੀਏ ਨਾ ਧਨ ਘਟੇ, ਘੱਟਦਾ ਜੂਏ ਸ਼ਰਾਬ,
ਰਾਜਿਆਂ ਰੋੜੇ ਰਾਜ ਭਾਗ, ਕਈ ਖਾਨੇ ਭਏ ਖਰਾਬ।

ਵਿਸ਼ਵਕਰਮਾ ਦਿਨ ਮਨਾਵੰਦੇ, ਦਿਨ ਇੱਕ ਦੀਵਾਲੀਓ ਬਾਅਦ,
ਔਜ਼ਾਰਾਂ ਨੂੰ ਸਜਾਅ ਹੋਵੇ ਪੂਜਾ, ਕਰ ਵਿਸ਼ਵਕਰਮਾਂ ਨੂੰ ਯਾਦ।
ਮਿਹਣਾ ਨਹੀਂ ਇਹ ਕੋਈ ਵੀ, ਕਰਨੀ ਹੱਥ ਦੀ ਕਾਰ,
ਜਿਸਦੇ ਹੱਥ ਅਜ ਹੁੱਨਰ ਹੈ, ਉਸਦੀ ਜੈ ਜੈ ਕਾਰ।

ਦੀਵਾਲੀਓਂ ਬਾਅਦ ਦਿਨ ਪੰਦਰਵੇਂ, ਜਦ ਪੂਰਾ ਚੰਨ ਅਕਾਸ਼,
ਚੌਦਾਂ ਸੌ ਉਨੱਤਰਵੇਂ, ਸੀ ਨਾਨਕ ਲਿਆ ਪਰਕਾਸ਼।
ਕਰਨੀ ਕਿਰਤ ਸਿਖਾਲਿਆ, ਗੁਰਾਂ ਜਾਤ ਪਾਤ ਨੂੰ ਭੰਡ,
ਨਾਮ ਜਪੋ ਤੇ ਵੰਡ ਛਕੋ, ਸਭ ਕ੍ਰਿਆ ਕਰਮ ਪਾਖੰਡ।

ਉੱਨੀ ਸੌ ਉਨੱਤਰ ਵਿਚ, ਜਦ ਹੋਏ ਸੀ ਪੰਜ ਸੌ ਸਾਲ,
ਯੂਨੀਵਰਸਿਟੀ ਨਵੀਂ ਸਥਾਪਕੇ ਦੇਸ਼ ਭਇਆ ਨਿਹਾਲ।
ਅੰਮ੍ਰਿਤਸਰ ਵਿਚ ਹੈ ਸੋਭਦੀ, ਗੁਰੁ ਨਾਨਕ ਦੇਵ ਹੈ ਨਾਮ,
ਪਰਉਪਕਾਰ ਕਮਾ ਰਹੀ, ਵੰਡ ਨਾਨਕ ਦਾ ਪੈਗ਼ਾਮ।

ਦੀਵਾਲੀ ਵਾਲੇ ਪੁਰਬ ਤੋਂ, ਪਹਿਲਾਂ ਚੌਦਾਂ ਦਿਨ,
ਅੱਸੂ ਮਾਹ ਦੀ ਪੁੰਨਿਆ, ਦਿਨ ਪੂਜਨੀਕ ਗਿਣ।
ਰਚੇਤੇ ਗ੍ਰੰਥ ਰਾਮਾਇਣ ਦਾ, ਜਨਮ ਦਿਨ ਜਾਵੇ ਆ,
ਜੈ ਜੈ ਰਿਸ਼ੀ ਬਾਲਮੀਕ, ਲੋਕ ਪੂਜਣ ਮੰਦਰ ਜਾ।

ਚੌਦਾਂ ਨਵੰਬਰ ਸੀ ਜਨਮਿਆਂ, ਭਾਰਤ ਦਾ ਇੱਕ ਲਾਲ,
ਪਹਿਲਾ ਪ੍ਰਧਾਨ ਮੰਤਰੀ ਦੇਸ ਦਾ, ਨਾਮ ਜਵਾਹਰ ਲਾਲ।
ਬਾਪੂ ਦੇ ਬਾਅਦ ਦੂਸਰਾ, ਨਾਮ, ਉਸੇ ਦਾ ਲੈਣ,
ਦੇਸ਼ਵਾਸੀ ਸੰਗ ਪਿਆਰ ਦੇ, ਚਾਚਾ ਨਹਿਰੂ ਕਹਿਣ।
ਦਿੱਤਾ ਨਾਅਰਾ ਉਸਨੇ, ਆਰਾਮ ਹੈ ਹਰਾਮ,
ਸਾਰੇ ਉੱਠੋ ਕੰਮ ਕਰੋ, ਕਰੋ ਨਾ ਨਿਰਾ ਅਰਾਮ।

ਦਿਨ ਪੁਰਬ ਹੋਰ ਵੀ ਆਵੰਦੇ, ਹਰ ਦੂਜੇ ਦਿਨ ਇਸ ਮਾਹ,
ਤੀਹ ਦਿਨ ਮਾਹ ਵਿਹਾਵੰਦਾ, ਨਿੱਤ ਨਵੇਂ ਪੁਰਬ ਦਾ ਚਾਅ।

ਦਸੰਬਰ
ਦਸੰਬਰ ਮਾਹ ਅਖੀਰਲਾ, ਮੁੱਕਣ ਵਾਲਾ ਸਿਆਲ,
ਨਿਸ ਦਿਨ ਸਰਦੀ ਵਧਦੀ, ਪਾਂਦੀ ਆਏ ਧਮਾਲ।
ਜੂਨ ਜੋ ਪਿੰਡਾਂ ਲੂਹੰਦੀ, ਹੁਣ ਚੰਗੀ ਲੱਗਦੀ ਧੁੱਪ,
ਮਿਹਨਤੀ ਖੇਡ ਤਿਆਗਕੇ, ਗਏ ਪੜ੍ਹਾਈਆਂ ਜੁੱਪ।
ਰਜਾਈਆਂ ਕੰਬਲ ਕੱਢ ਲਏ, ਰੱਖੇ ਹੁਨਾਲ ਸੰਭਾਲ,
ਚੰਬੜ ਮਾਵਾਂ ਸੰਗ ਸੋਂਵਦੇ, ਠੁਰ ਠੁਰ ਨਿੱਕੇ ਬਾਲ।
ਘਰ ਘਰ ਪੰਜੀਰੀ ਪਿੰਨੀਆਂ, ਮੇਵੇ ਗਿਰੀਆਂ ਪਾ,
ਮੁੰਗਫਲੀਆਂ ਅਤੇ ਰਿਓੜੀਆਂ, ਗੁੜ ਦੀ ਗੱਚਕ ਖਾਹ।
ਚਾਹ, ਕਾਫ਼ੀ ਸਭ ਪੀਵੰਦੇ, ਖੂਬ ਚੁਸਕੀਆਂ ਸੰਗ,
ਬੱਚਿਆਂ ਪਾਈਆਂ ਟੋਪੀਆਂ, ਵੰਨ ਸੁਵੰਨੇ ਰੰਗ।

ਲੱਗਣ ਪਹਾੜ ਸੁਹਾਵਣੇ ਧਰਤੀ ਦੇ ਸੁਹਣੇ ਅੰਗ,
ਸੈਲਾਨੀਆਂ ਦਾ ਤਾਂਤਾਂ ਲੱਗਦਾ, ਭਰ ਆਂਦੇ ਚਾਅ ਉਮੰਗ।
ਲੋਕੀ ਨੱਚਦੇ ਟੱਪਦੇ ਗਾਵੰਦੇ, ਟੋਪੀਆਂ ਕੋਟੀਆਂ ਪਾ,
ਉੱਚੀਆਂ ਚੜ੍ਹਨ ਪਹਾੜੀਆਂ, ਨਹੀਂ ਥੱਕਣ ਦੀ ਪਰਵਾਹ।
੧੧ ਦਸੰਬਰ ਮਨਾ ਲਈਏ, ਦਿਨ ਆਲਮੀ ਪਹਾੜਾਂ ਦਾ,
ਇਹ ਵੱਖਰਾ ਹੀ ਸੰਸਾਰ ਹੈ, ਉੱਚੀਆਂ ਦਰਾੜਾਂ ਦਾ।

ਮੱਘਰ ਸੁਦੀ ਜੋ ਪੰਚਮੀ, ਨਵੰਬਰ ਜਾਂ ਇਸ ਮਾਹ,
ਦਿਨ ਸ਼ਹੀਦੀ ਨਾਵੇਂ ਗੁਰੁ ਦਾ, ਲਵੇ ਕੁੱਲ ਦੇਸ਼ ਮਨਾਅ।
ਤੇਗ ਬਹਾਦਰ ਕੇ ਚਲਤ, ਭਇਓ ਜਗਤ ਵਿਚ ਸੋਗ,
ਹੈ ਹੈ ਹੈ ਸਭ ਜਗ ਕਹਿਓ, ਜੈ ਜੈ ਭਈ ਸੁਰ ਲੋਗ।
ਗੁਰ ਦੇਸ ਲਈ ਆਪਾ ਵਾਰਿਆ, ਰੱਖ ਧਰਮ ਦੀ ਸ਼ਾਨ,
ਦਿੱਲੀ ਚਾਂਦਨੀ ਚੌਕ ਵਿਚ, ਗੁਰਦੁਆਰਾ ਆਲੀਸ਼ਾਨ।

ਸਤੰਬਰ ਦੋਹੀ ਗੋਲਾਰਧੀਂ, ਸੀ ਇੱਕ ਸਮ ਸੂਰਜ ਝਾਤ,
ਹੁਣ ਦੱਖਣੀ ਸੂਰਜ ਸਨਮੁਖਾ, ਉੱਤ੍ਰੀ ਲੰਬੀ ਰਾਤ।
ਉੱਤਰ ਪਿੱਛੇ ਹੱਟ ਰਿਹਾ, ਨਿਸ ਦਿਨ ਵੱਧਦੀ ਠੰਢ,
ਦਿਨ ਹੁੰਦਾ ਜਾਵੇ ਛੋਟੜਾ ਤੇ ਪਾਲਾ ਪੇਲੇ ਡੰਡ।
ਦਸੰਬਰ ਤੇਈ ਦਿਨ ਐਸੜਾ, ਅੱਤ ਤਿਰਛੀ ਸੂਰਜ ਝਾਤ,
ਦਿਨ ਹੋਵੇ ਅੱਤ ਛੋਟੜਾ ਤੇ ਅੱਤ ਲੰਬੀ ਰਾਤ।

ਪੰਝੀ ਦਸੰਬਰ ਅਖਵਾਵੰਦਾ, ਪਿਆਰਾ ਵੱਡਾ ਦਿਨ,
ਦਿਨ ਵਡੇਰੇ ਹੋਵਣ ਲੱਗ ਪਏ, ਹਰ ਦਿਨ, ਪਲ ਦੋ ਛਿਨ।
ਗਿਰਜਿਆਂ ਦੇ ਵਿਚ ਰੌਣਕਾਂ, ਦਸੰਬਰ ਚਵੀ ਸ਼ਾਮ,
ਈਸਾ ਜੀ ਦਾ ਜਨਮ ਦਿਨ, ਮਨਾਵੇ ਜੱਗ ਤਮਾਮ।
ਸੱਜਾ ਧੱਜਾ ਵੱਖਰੀ, ਮਾਂ ਮਰੀਅਮਾ ਗੁਣਗਾਨ,
ਪਵਿਤਰ ਵੈਟੀਕਨ ਸ਼ਹਿਰ ਦੀ, ਅਜਬ ਨਿਰਾਲੀ ਸ਼ਾਨ।

ਦਸਵੇਂ ਗੁਰੁ ਗੋਬਿੰਦ ਸਿੰਘ, ਵਾਰ ਦੀਏ ਸੁਤ ਚਾਰ,
ਸ਼ਹੀਦ ਹੋਏ ਦੋ ਜੰਗ ਵਿਚ, ਅਜੀਤ ਅਤੇ ਜੁਝਾਰ।
ਜੋਰਾਵਰ ਅਤੇ ਫਤਹ ਸਿੰਘ, ਛੋਟੇ ਜੋ ਫ਼ਰਜ਼ੰਦ,
ਚਿਣਤੇ ਜੀਂਦੇ ਦੀਵਾਰ ਵਿਚ, ਮੁਗ਼ਲ ਸੂਬੇ ਸਰਹਿੰਦ।
ਸਾਹਿਬਜ਼ਾਦਿਆਂ ਦੀ ਯਾਦ ਵਿਚ, ਮੇਲੇ ਕਈ ਦਰਬਾਰ,
ਮਾਹ ਦੇ ਹਫ਼ਤੇ ਆਖਰੀ, ਫ਼ਤਹ ਗੜ੍ਹ ਰਸ਼ ਅਪਾਰ।
ਦੇਵਣ ਪਿਆਰ ਸੰਦੇਸ਼ੜਾ, ਸਭ ਜੋ ਧਰਮ ਅਸਥਾਨ,
ਮੰਗਣ ਭਲਾ ਸਰਬਤ ਦਾ, ਇੱਕ ਦੇ ਬਾਰਕ ਜਾਨ।

ਸ਼ਹਿਰ ਜਲੰਧਰ ਸੋਭਦਾ, ਮੰਦਰ ਦੇਵੀ ਤਲਾਬ,
ਮਾਹ ਦੇ ਇੱਥੇ ਅਖੀਰ ਵਿਚ, ਗੂੰਜਣ ਰਾਗ ਰਬਾਬ।
ਹਰਵਲਭ ਉੱਚ ਸੰਗੀਤਕਾਰ, ਮਨਾਉਂਦੇ ਉਸਦੀ ਯਾਦ,
ਗਾਇਕ ਵਾਦਕ ਦੇਸ਼ ਦੇ, ਮਨੋਹਰ ਗਾਇਨ ਵਾਦ।

ਮਾਹ ਮੁੱਕਣ ਤੇ ਆ ਰਿਹਾ, ਨਿਸ ਦਿਨ ਠੰਡ ਵਧਾ,
ਦੰਦੋੜਿਕਾ ਵੱਜ ਰਿਹਾ, ਵਗੇ ਸੀਤਲ ਯਖ਼ ਹਵਾ।
ਉੱਚੀਆਂ ਸਭ ਪਹਾੜੀਆਂ ਬਰਫ਼ਾਂ ਦੇਵਣ ਕੱਜ,
ਦੇਖਣ ਲੋਕੀ ਆਵੰਦੇ, ਚੱਲ ਮੈਦਾਨੋਂ ਭੱਜ।
ਬਰਫ਼ ਗੋਲੇ ਵਰਸਾਵੰਦੇ, ਬਨਾਂਦੇ ਨੇ ਸਨੋਮੈਨ,
ਰਿੜਦੇ ਦੌੜਦੇ ਭੱਜਦੇ, ਉੱਠਦੇ, ਡਿੱਗ ਡਿੱਗ ਪੈਣ।

ਬਵਿੰਜਾ ਹਫ਼ਤੇ ਲੰਘਦੇ, ਦਿਨ ਇੱਕ ਵਾਧੂ ਨਾਲ,
ਲੰਘਦੇ ਤਿੰਨ ਸੌ ਪੈਂਠ ਦਿਨ, ਲੰਘ ਜਾਂਦਾ, ਪੂਰਾ ਸਾਲ।
ਇੱਕਤੀ ਦਸੰਬਰ ਦਿਨ ਆਖਰੀ, ਸਭ ਦੇ ਮਨ ਉਤਸ਼ਾਹ,
ਵਿਦਾ ਕਰੇਂਦੇ ਸਾਲ ਤਾਂਈਂ, ਨੱਚ ਗਿੱਧੇ ਭੰਗੜੇ ਪਾ।
ਅੱਧੀ ਰਾਤ ਤਕ ਪਾਰਟੀਆਂ, ਖਾਸ ਟੀ.ਵੀ. ਪ੍ਰੋਗਰਾਮ,
ਨਵੇਂ ਸਾਲ ਨੂੰ ਜੀ ਆਇਆਂ, ਦੁਨੀਆਂ ਕਹੇ ਤਮਾਮ॥੧੨॥
*****

Post Author: admin

Leave a Reply

Your email address will not be published. Required fields are marked *