ਰੁੱਖ ਅਤੇ ਮਨੁੱਖ/ ਭਜਨ ਸਿੰਘ ਲਾਰਕ

ਰੁੱਖ ਅਤੇ ਮਨੁੱਖ

ਆਖੇ ਰੁੱਖ ਮਨੁੱਖ ਨੂੰ ਡੂੰਘਾ ਤਰਲਾ ਪਾ,
ਮੈਂ ਤਾਂ ਪਾਲਾ ਸੱਭ ਨੂੰ ਤੂੰ ਮੈਨੂੰ ਰਿਹਾ ਵਢਾ।
ਕਰ ਕਰ ਮੇਰੇ ਡੱਕਰੇ ਰਿਹਾ ਭੱਠੀ ਵਿਚ ਝੋਕ,
ਬੇਜ਼ੁਬਾਨ ਮੈਂ ਆਖਦਾ ਤੂੰ ਲੈ ਕੁਲਹਾੜੀ ਰੋਕ।

ਮੈਂ ਦੇਵਾਂ ਛਾਵਾਂ ਠੰਡੀਆਂ ਸਿਰ ਆਪਣੇ ਸੂਰਜ ਝੱਲ,
ਉਪਜਾਊ ਮਿੱਟੀ ਜਕੱੜ ਲਵਾਂ ਐਸੀ ਪਾਵਾਂ ਠੱਲ।
ਪੰਛੀ ਪਾਵਣ ਆਹਲਣੇ ਦੇਵਾਂ ਭੋਜਨ ਠੌਰ,
ਤਿੱਤਲੀਆਂ ਮੁੱਗਧ ਮੰਡਰਾਂਦੀਆਂ ਨਾਲੇ ਕਾਲੇ ਭੌਰ।

ਰੁੱਖੀ ਖੁਸ਼ਕ ਹਵਾ ਨੂੰ ਦਿਆਂ ਸੁਗੰਧ ਸਮੀਰ ਬਣਾ,
ਲਾਲਚ ਵੱਸ ਤੂੰ ਡੌਰਿਆ, ਰਿਹੈਂ ਸੰਦਲਾਂ ਨੂੰ ਕੱਟਵਾ,
ਤਰਸੇਂਗਾ ਇੱਕ ਇੱਕ ਬੂੰਦ ਨੂੰ ਜਦ ਹੋਵੇਂਗਾ ਤਰਿਹਾਅ,
ਮੈਂ ਰੋਕ ਬਦਲੋਟੀ ਕਾਂਗ ਨੂੰੁੰੰ ਰੱਜ ਦੇਵਾ ਮੀਂਹ ਵਰਸਾਅ।

ਤੂੰ ਸਾਰੇ ਰੁੱਖ ਕੱਟਵਾ ਲਏ, ਸਨ ਮੀਲਾਂ ਬੱਧੀ ਝੁੰਡ।
ਪਹਾੜੀਆਂ ਜੋ ਹਰਿਆਲੀਆਂ ਹੁਣ ਸਭ  ਰੁੰਡ ਮਰੁੰਡ,
ਪੋਲੀ ਧਰਤੀ ਖਿਸਕ ਗਈ ਤੇਰੇ ਕਾਰਿਆਂ ਸੰਗ.
ਘਰ ਢਹਿ ਕਬਰਾਂ ਬਣ ਗਏ ਖਲਕਤ ਰਹਿ ਗਈ ਦੰਗ।

ਵਿਹੁਲੀ ਤੇਰੇ ਸਾਹ ਸੰਗ  ਮੁੜ ਤਾਜ਼ਾ ਕਰਾਂ ਹਵਾ।
ਰੁੱਖ ਜੋ ਆਖਰੀ ਕੱਟ ਲਿਆ ਜੀਵਨ ਉੱਭੇ ਸਾਹ,
ਵੱਡੇ ਛੋਟੇ ਸਭ ਕੱਟ ਧਰੇ,ਧਰਤ ਭਈ ਰੇਗਿਸਤਾਨ,
ਸਿਰ ਸੜ੍ਹੇ ਰੇਗਿਸਤਾਨ ਵਿਚ ਕੋਈ ਨਾ ਨਖਲਿਸਤਾਨ।

ਲ਼ਾਕੇ ਰੁੱਖ ਦਿੱਲ ਜਿੱਤ ਲੈ,  ਲਾਲਚ ਕਾਠ ਤਿਆਗ।
ਜ਼ਰੂਰਤ ਜੋਗਾ ਵੱਢ ਲੈ, ਕਿਉਂ ਸਗਲਾ ਉਜਾੜੇਂ ਬਾਗ।
ਅਜੇ ਵਕਤ ਕੁਝ ਸੋਚ ਕਰ ਇੱਕ ਕੱਟ ਦੋ ਲੱਗਵਾ,
ਫਲ ਮਿਲੇਗਾ ਖੁੱਦ ਨੂੰ, ਜੱਗ  ਵੀ ਦਏ ਵਾਹਵਾ ।


ਕੁਰਸੀ ਬਾਰੀ ਪਲੰਘ ਕਾਠ ਦੇ, ਕਾਠ ਦਾ ਛੱਡ ਧਿਆਨ,
ਹਰੀ ਕਾਠ ਨੂੰ ਪਿਆਰ ਕਰ, ਵੱਸਦਾ ਵਿਚ ਭਗਵਾਨ।

ਭਜਨ ਸਿੰਘ ਲਾਰਕ

Post Author: admin

Leave a Reply

Your email address will not be published. Required fields are marked *