ਅੱਲ੍ਹਾ ਮੀਆਂ ਥੱਲੇ ਆ- ਸਾਈਂ ਅਖ਼ਤਾਰ ਲਹੌਰੀ- ਦੋ ਰੰਗ

ਦੋ ਰੰਗ

ਸਾਈਂ ਅਖ਼ਤਾਰ ਲਹੌਰੀ

ਅੱਲ੍ਹਾ ਮੀਆਂ ਥੱਲੇ ਆ

ਅੱਲ੍ਹਾ ਮੀਆਂ ਥੱਲੇ ਆ ਆਪਣੀ ਦੁਨੀਆਂ ਵਿਹੰਦਾ ਜਾ

ਯਾ ਅਸਮਾਨੋਂ ਰਿਜ਼ਕ ਵਰ੍ਹਾ ਯਾ ਫਿਰ ਕਰ ਜਾ ਮੁੱਕ ਮੁਕਾ

 

ਤੈਨੂੰ ਧੀ ਵਿਆਹੁਣੀ ਪੈਂਦੀ ਨਾਨਕੀ ਛੱਕ ਬਨਾਉਣੀ ਪੈਂਦੀ

ਰੁੱਸੀ ਭੈਣ ਮਨਾਉਣੀ ਪੈਂਦੀ ਲੱਥ ਜਾਂਦੇ ਸਭ ਤੇਰੇ ਚਾਅ

ਅੱਲ੍ਹਾ ਮੀਆਂ ਥੱਲੇ ਆ

 

ਧੀਆਂ ਨੂੰ ਤੂੰ ਜੰਮਣੇ ਦਿੰਦੋਂ ਕੁੜਮਾਂ ਦੇ ਤੂੰ ਤਾਹਨੇ ਸਹਿੰਦੋਂ
ਨਾਲ ਸ਼ਰੀਕਾਂ ਕਦੇ ਨਾ ਬਹਿੰਦੋਂ ਮਿੱਟੀ ਜਾਂਦੀ ਕੱਪੜੇ ਖਾ

ਅੱਲ੍ਹਾ ਮੀਆਂ ਥੱਲੇ ਆ

 

ਤੇਰੇ ਘਰ ਨਾ ਦਾਣੇ ਹੁੰਦੇ ਪਾਟੇ ਲੇਫ਼ ਪੁਰਾਣੇ ਹੁੰਦੇ

ਕਮਲੇ ਲੋਕ ਸਿਆਣੇ ਹੁੰਦੇ ਪਾ ਦਿੰਦੇ ਤੈਨੂੰ ਘਬਰਾ

ਅੱਲ੍ਹਾ ਮੀਆਂ ਥੱਲੇ ਆ

 

ਤੇਰਾ ਕੋਠਾ ਚੋਂਦਾ ਰਹਿੰਦਾ ਭਿੱਜਦਾ ਰਹਿੰਦੋਂ ਉਠਦਾ ਬਹਿੰਦਾ

ਦਿੱਸਦਾ ਨਾ ਤੈਨੂੰ ਚੜ੍ਹਦਾ ਲਹਿੰਦਾ ਉੱਗ ਪੈਂਦਾ ਹਰ ਪਾਸੇ ਘਾਹ

ਅੱਲ੍ਹਾ ਮੀਆਂ ਥੱਲੇ ਆ

 

ਤੇਰੀ ਮਾਂ ਤੇ ਪਿਓ ਨਾ ਹੁੰਦਾ  ਘਰ ਵਿਚ ਆਟਾ ਘਿਓ ਨਾ ਹੁੰਦਾ

ਜੋ ਤੂੰ ਚਾਹੁੰਦੋਂ ਸੋ ਨਾ ਹੁੰਦਾ ਵੇਂਹਦਾ ਵਿਕਦੀ ਕਿਸ ਕਿਸ ਭਾ

ਅੱਲ੍ਹਾ ਮੀਆਂ ਥੱਲੇ ਆ

 

ਭੁੱਖ ਨੰਗ ਮੈਨੂੰ ਜਿਉਣ ਨਹੀਂ ਦਿੰਦੀ ਨਿਜੜੀ ਕੱਪੜੇ ਸਿਉਣ ਨਹੀਂ ਦਿੰਦੀ

ਵਹੁਟੀ ਮੈਨੂੰ ਕੂਣ ਨਹੀਂ ਦਿੰਦੀ ਘਰ ਵਿਚ ਲੱਗ ਗਈ ਮਾਰਸ਼ਲ ਲਾ

ਅੱਲ੍ਹਾ ਮੀਆਂ ਥੱਲੇ ਆ

 

ਵੇਖ ਸ਼ੀਏ ਤੇ ਵਹਾਬੀ ਲੜ ਪਏ ਸੁੰਨੀ ਡਾਂਗਾਂ ਲੈ ਕੇ ਚੜ੍ਹ ਪਏ

ਇੱਕ ਦੂਜੇ ਨੂੰ ਕਤਲ ਕਰੇਂਦੇ ਆਖਣ ਸਾਡਾ ਇੱਕ ਖ਼ੁਦਾ

ਅੱਲ੍ਹਾ ਮੀਆਂ ਥੱਲੇ ਆ

 

ਸਿੱਧਾ ਸਾਦਾ ਸਾਊ ਹੁੰਦੋਂ ਮਸਕੀਨਾਂ ਦਾ ਭਾਊ ਹੁੰਦੋਂ

ਦਫ਼ਤਰ ਦੇ ਵਿਚ ਬਾਊ ਹੂੰਦੋਂ ਅਫ਼ਸਰ ਦਿੰਦੇ ਮਗ਼ਜ਼ ਖਪਾ

ਅੱਲ੍ਹਾ ਮੀਆਂ ਥੱਲੇ ਆ

 

ਵੇਖ ਧੀਆਂ ਲਈ ਮਾਪੇ ਮਰ ਗਏ ਜਾਨ ਦੀ ਬਾਜ਼ੀ ਲਾ ਕੇ ਹਰ ਗਏ
ਇੱਜ਼ਤ ਦੇ ਘਰ ਸੁੰਜੇ ਕਰ ਗਏ ਕਰ ਗਿਆ ਪਹਿਰੇਦਾਰ ਤਬਾਹ

ਅੱਲ੍ਹਾ ਮੀਆਂ ਥੱਲੇ ਆ

 

ਚੋਰੀ ਦਾ ਇਲਜ਼ਾਮ ਗਰੀਬੀ ਰੋਂਦੀ ਫਿਰੇ ਇਨਾਇਤ ਬੀਬੀ

ਪੁੱਤ ਛੁਡਾਉਣ ਲਈ ਗੁਲ ਖ਼ਾਨਾਂ ਲੈਂਦਾ ਮਰ ਗਿਆ ਉਭੇ ਸਾਹ

ਅੱਲ੍ਹਾ ਮੀਆਂ ਥੱਲੇ ਆ

 

ਤੇਰੇ ਘਰ ਲਈ ਚੰਦਾ ਮੰਗਦੇ ਡਰਦੇ ਲੋਕ ਨਾ ਕੋਲੋਂ ਲੰਘਦੇ

ਸਭ ਨੂੰ ਘਰ ਤੇ ਦੇ ਨਹੀਂ ਸਕਿਆ ਆਪਣਾ ਘਰ ਤੇ ਆਪ ਬਣਾ

ਅੱਲ੍ਹਾ ਮੀਆਂ ਥੱਲੇ ਆ

 

ਨੇਕ ਮੁਹੰਮਦ ਕਿਧਰ ਜਾਵੇ ਰੋਟੀ ਰਿਜ਼ਕ ਹਲਾਲ ਕਮਾਵੇ

ਤੇਰਾ ਹੁਕਮ ਤੇ ਤੱਈਬ ਰੋਜ਼ੀ ਬਣ ਗਿਆ ਉਹਦੇ ਗਲ ਦਾ ਫਾਹ

ਅੱਲ੍ਹਾ ਮੀਆਂ ਥੱਲੇ ਆ

 

ਸਕੇ ਵੀਰ ਦੇ ਬਲਦ ਵਿਕਾ ਕੇ ਭੈਣ ਨੇ ਧੀ ਨੂੰ ਸ਼ਗਨ ਲਵਾ ਕੇ

ਉਹਦੇ ਉੱਤੇ ਕਰਜ਼ ਚੜ੍ਹਾ ਕੇ ਰਿਸ਼ਤਾ ਲਿਆ ਸੂ ਫਿਰ ਪਰਤਾ

ਅੱਲ੍ਹਾ ਮੀਆਂ ਥੱਲੇ ਆ

 

ਜਾਬਰ ਮਰਦ ਜ਼ਨਾਨੀ ਕੁੱਟਣ ਬਲਦੇ ਚੁੱਲ੍ਹੇ ਉਤੇ ਸੁੱਟਣ

ਨੱਕ ਵੱਢਣ ਤੇ ਗੁੱਤਾਂ ਪੁੱਟਣ ਮਗਰੋਂ ਲਿਖਤਾਂ ਦੇਣ ਫੜਾ

ਅੱਲ੍ਹਾ ਮੀਆਂ ਥੱਲੇ ਆ

 

ਲਿਖਤ ਮਿਲੇ ਤੇ ਮੁੱਲਾਂ ਲੇਖੇ ਪੰਜ ਸ਼ਰੀਅਤ ਪਾਣ ਭੁਲੇਖੇ

ਧੀ ਦਾ ਕੌਣ ਹਲਾਲਾ ਵੇਖੇ ਆਪਣੇ ਜੁਰਮ ਦੀ ਦੇਣ ਸਜ਼ਾ

ਅੱਲ੍ਹਾ ਮੀਆਂ ਥੱਲੇ ਆ

 

ਮੁੱਲਾਂ ਕਾਜ਼ੀ ਢਿੱਡੋਂ ਖੋਟੇ ਵੱਢੀ ਖਾ ਖਾ ਹੋ ਗਏ ਮੋਟੇ

ਸੱਚ ਆਖਾਂ ਤੇ ਮਾਰਨ ਸੋਟੇ ਮਗਰੋਂ ਦਿੰਦੇ ਫ਼ਤਵਾ ਲਾ

ਅੱਲ੍ਹਾ ਮੀਆਂ ਥੱਲੇ ਆ

 

ਮਾੜੇ ਦੀ ਧੀ ਕੱਢ ਨਚਾਂਦੇ ਖ਼ਲਕ ਨੂੰ ਉਸਦਾ ਨੰਗ ਵਿਖਾਂਦੇ

ਘਰ ਵਿੱਚ ਧੀ ਏ ਖ਼ੌਫ਼ ਨਾ ਖਾਂਦੇ ਮੂਲ਼ ਨਾ ਕਰਦੇ ਸ਼ਰਮ ਹਯਾ

ਅੱਲ੍ਹਾ ਮੀਆਂ ਥੱਲੇ ਆ

 

ਆਖਣ ਜ਼ੁਲਮ ਦੀ ਰੱਸੀ ਲੰਮੀ ਵਿਚ ਬਹਿਸ਼ਤੀਂ ਜਾਣਗੇ ਕੰਮੀ

ਦੇ ਕੇ ਤਗੜੇ ਸੋਚ ਨਿਕੰਮੀ ਲੁੱਟ ਲੈਂਦੇ ਮਾੜੇ ਦੇ ਚਾ

ਅੱਲ੍ਹਾ ਮੀਆਂ ਥੱਲੇ ਆ

 

 

ਰਾਂਝੇ ਚਾਵਾਂ ਨਾਲ ਸਹੇੜੇ ਮਿਲਿਆ ਦਾਨ ਨਾ ਬਣ ਗਏ ਖੇੜੇ

ਸੁੰਜੇ ਹੋ ਗਏ ਵਸਦੇ ਵਿਹੜੇ ਜਾਂਦੀ ਵਾਰੀ ਲਾ ਗਏ ਦਾ

ਅੱਲ੍ਹਾ ਮੀਆਂ ਥੱਲੇ ਆ

 

ਭੁੱਖ ਤੋਂ ਡਰਦੀ ਆਈ ਬੰਗਾਲਣ ਮੰਗਦੀ ਰੋਟੀ ਕੱਪੜਾ ਸਾਲਣ

ਵੇਚਣ, ਰੰਨ ਬਣਾ ਨਾ ਪਾਲਣ ਰਕਮਾਂ ਵੱਟ ਕੇ ਦੇਣ ਫੜਾ

ਅੱਲ੍ਹਾ ਮੀਆਂ ਥੱਲੇ ਆ

 

ਸ਼ਹਿਰਾਂ ਵਿਚ ਹਨੇਰ ਨੇ ਝੁੱਲੇ ਬੱਚਿਆਂ ਦੇ ਲਹੂ ਫ਼ਰਸ਼ੀਂ ਡੱਲ੍ਹੇ

ਕਿਥੋਂ ਲਿਆਈਏ ਖਰਲ ਤੇ ਦੁੱਲੇ ਟੁਰ ਪੈਣ ਜਿਹੜੇ ਮੱਥਾ ਲਾ

ਅੱਲ੍ਹਾ ਮੀਆਂ ਥੱਲੇ ਆ

 

ਗਲੀਆਂ ਦੇ ਵਿੱਚ ਫਿਰੇ ਉਦਾਸੀ ਫੇਰਾ ਲਾ ਗਈ ਮੌਤ ਦੀ ਮਾਸੀ

ਡਰਦੀ ਖ਼ਲਕਤ ਬਣ ਗਈ ਦਾਸੀ ਵਾਅ ਚੱਲੇ ਤੇ ਨਿਕਲੇ ਤਰਾਹ

ਅੱਲ੍ਹਾ ਮੀਆਂ ਥੱਲੇ ਆ

 

ਧੀ ਕੰਮੀ ਦੀ ਸੋਹਣੀ ਹੋਵੇ ਵਾਹੁਟੀ ਜੇ ਮਨਮੋਹਣੀ ਹੋਵੇ

ਉਹਦੇ ਲਈ ਤੇ ਹੋਣੀ ਹੋਵੇ ਤਗੜੇ ਲੈਨਦੇ ਚੁੱਕ ਚੁੱਕਾ

ਅੱਲ੍ਹਾ ਮੀਆਂ ਥੱਲੇ ਆ

 

ਧੀ ਮਾੜੇ ਦੀ ਮਾਰ ਸੁੱਟੀ ਨੇ ਇੱਜ਼ਤ ਲੁੱਟ, ਵਿਚ ਗ਼ਾਰ ਸੁੱਟੀ ਨੇ

ਰੋਂਦੀ ਤੇ ਕੁਰਲਾਂਦੀ ਰਹਿਸ ਗਈ ਕੋਲ ਖਲੋਤੇ ਰਹੇ ਭਰਾ

ਅੱਲ੍ਹਾ ਮੀਆਂ ਥੱਲੇ ਆ

 

 

ਸੋਲਾਂ ਸਾਲ ਦੀ ਰੂਪ ਕੁਮਾਰੀ ਕਿਲੋ ਸੋਨੇ ਨਾਲ ਸ਼ਿੰਗਾਰੀ

ਜਬਰਨ ਚਾੜ੍ਹ ਸਤੀ ਤੇ ਮਾਰੀ ਪੰਡਤ ਲੈ ਗਏਨਾਲ ਸੁਆਹ

ਅੱਲ੍ਹਾ ਮੀਆਂ ਥੱਲੇ ਆ

 

ਗੈਂਗ ਰੇਪ ਨੇ ਥਾਂ ਥਾਂ ਹੁੰਦੇ ਲਾਹ ਲੈਂਦੇ ਮੋਈਆਂ ਦੇ ਬੁੰਦੇ

ਘਿਓ ਦੀ ਥਾਂ ਤੇ ਵਰਤਣਸ ਕੁੰਦੇ ਮਿਰਚੀਂ ਦਿੰਦੇ ਫੱਕ ਮਿਲਾ

ਅੱਲ੍ਹਾ ਮੀਆਂ ਥੱਲੇ ਆ

 

 

ਹੱਥੀਂ ਛੁਰੀਆਂ ਜਿਧਰ ਜਾਂਦੇ ਨੱਕੋਂ ਕੰਨੋਂ ਜ਼ੇਵਰ ਲਾਹੁੰਦੇ

ਨੰਗੀਆਂ ਲਾਸ਼ਾਂ ਨਹੀਂ ਦਫ਼ਨਾਉਂਦੇ ਹਰਮਤ ਦਿੰਦੇ ਹੋ ਵਧਾ

ਅੱਲ੍ਹਾ ਮੀਆਂ ਥੱਲੇ ਆ

 

ਵੇਖ ਵਡੇਰੇ ਗ਼ਦਰ ਮਚਾਂਦੇ

ਧੀਆਂ ਨਾਲ ਕੁਰਆਨ ਨਿਕਾਂਹਦੇ

ਪੁੱਤਰਾਂ ਲਈ ਜਾਇਦਾਤ ਬਚਾਂਦੇਧੀ ਦਾ ਹਿੱਸਾ ਲੈਣ ਲੁਕਾ

ਅੱਲ੍ਹਾ ਮੀਆਂ ਥੱਲੇ ਆ

 

ਲੁੱਟਦੇ ਕਈ ਦਸਤੂਰ ਬਣਾ ਕੇ ਬੰਦਿਆਂ ਨੂੰ ਮਜ਼ਬੂਰ ਬਣਾ ਕੇ

ਕੱਪੜੇ ਰੂੰ ਦੀ ਹੂਰ ਬਣਾ ਕੇ ਉਹਨਾ ਲੈਂਦੇ ਅਹਾਰੇ ਲਾ

ਅੱਲ੍ਹਾ ਮੀਆਂ ਥੱਲੇ ਆ

 

ਵੇਖ ਅਪਣੇ ਨੇਕਾਂ ਦਾ ਕਾਰਾ ਮਾਲ ਣਤੀਮਾਂ ਖਾਂ ਗਏ ਸਾਰਾ

ਇੱਕ ਬੇਵਾ ਦਾ ਢਾ ਕੇ ਢਾਰਾਸ ਦਿੱਤੀ ਇੱਕ ਮਸੀਤ ਬਣਾ

ਅੱਲ੍ਹਾ ਮੀਆਂ ਥੱਲੇ ਆ

 

ਇੱਕ ਬੇਵਾ ਦਾ ਪੁੱਤਰ ਮੋਇਆ ਆਣ ਸ਼ਰੀਕਾ ਕੱਠਾ ਹੋਇਆ

ਕੁੱਝ ਤੇ ਲੱਗ ਗਿਆ ਗੋਰ ਕੱਢਣ ਤੇ ਬਾਕੀ ਗਿਆ ਸ਼ਰੀਕਾ ਖਾ

ਅੱਲ੍ਹਾ ਮੀਆਂ ਥੱਲੇ ਆ

 

ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ ਲੱਖਾਂ ਹੱਥ ਸਵਾਲੀ ਹੋ ਗਏ

ਕਾਂ ਬਾਗ਼ਾਂ ਦੇ ਮਾਲੀ ਹੋ ਗਏ ਬੁਲਬੁਲ ਲਈ ਨਟੇ ਪਿੰਜਰੇ ਪਾ

ਅੱਲ੍ਹਾ ਮੀਆਂ ਥੱਲੇ ਆ

 

ਗਰੁੱਪ ਹਥੌੜੇ ਮਾਰ ਕੇ ਚੋਟਾਂ ਸਿਰੀਆਂ ਫਿੰਹਦੇ ਵਾਂਗ ਅਖਰੋਟਾਂ

ਫਿਰ ਵੀ ਦਰਜ ਨਾ ਹੋਣ ਰਿਪੋਟਾਂ ਨਾਕੇ ਤੋੜ ਕੇ ਹੋਣ ਹਵਾ

ਅੱਲ੍ਹਾ ਮੀਆਂ ਥੱਲੇ ਆ

 

ਦੇਸ ਦੇਸ ਵਿਹੜੇ ਹੋ ਗਏ ਸੌੜੇ ਜਾਬਰ ਫਿਰਦੇ ਹੋ ਹੋ ਚੌੜੇ

ਪੰਡਤ ਮੁੱਲਾਂ ਬੋਲਣ ਕੌੜੇ ਤੂੰ ਕਿਉਂ ਹੋ ਗਇਓਂ ਬ੍ਰੇਪਵਾਹ

ਅੱਲ੍ਹਾ ਮੀਆਂ ਥੱਲੇ ਆ

 

ਦੋ ਦੋ ਹੱਥੀਂ ਮਾਇਆ ਹੂੰਝੀ ਖਾ ਗਏ ਪਾਕ ਕਿਤਾਬ ਦੀ ਪੂਜੀ

ਤਾਜ ਕੰਪਨੀ ਹੋਈ  ਨਾ ਲੂੰਜੀ ਤੈਨੂੰ ਵੀ ਲਾ ਗਏ ਨੀ ਦਾ

ਅੱਲ੍ਹਾ ਮੀਆਂ ਥੱਲੇ ਆ

 

ਹਰ ਬਸਤੀ ਵਿੱਚ ਬੰਬ ਧਮਾਕੇ ਉੜਿਆ ਗੋਸ਼ਤ ਤੇ ਮਰ ਗਏ ਕਾਕੇ

ਦਸ ਦਸ ਮਣ ਦੇ ਲੱਗ ਗਏ ਧਾਕੇ ਬੰਬਾਂ ਦਿੱਤਾ ਮਾਸ ਉਡਾ

ਅੱਲ੍ਹਾ ਮੀਆਂ ਥੱਲੇ ਆ

 

ਵੇਖ ਕੀ ਪੁੱਤਰਾਂ ਜ਼ੁਲਮ ਕਮਾਇਆ ਮਾਂ ਮਿਲਤ ਨੂੰ ਆਪ ਹਰਾਇਆ

ਖਾ ਗਏ ਨੇ ਜੰਨਤ ਦਾ ਸਾਇਆ ਚਿੱਟੇ ਝਾਟੇ ਪਾਈ ਸਵਾਹ

ਅੱਲ੍ਹਾ ਮੀਆਂ ਥੱਲੇ ਆ

 

ਅਰਬਾਂ ਹੱਥ ਕਰਨ ਮਜ਼ਬੂਰੀ ਚੰਦ ਖਾਂਦੇ ਨੇ ਘਿਓ ਦੀ ਚੂਰੀ

ਰਿਜ਼ਕ ਹਲਾਲ ਨਾ ਪੈਂਦੀ ਪੂਰੀ ਔਖੇ ਹੋ ਗਏ ਲੈਣੇ ਸਾਹ

ਅੱਲ੍ਹਾ ਮੀਆਂ ਥੱਲੇ ਆ

 

ਡਾਕੂ, ਚੋਰਾਂ ਵਿਚ ਯਕਜਹਤੀ ਰਲ ਕੇ ਚੋਰੀ ਕਰਨ ਡਕੈਤੀ

ਰਕਮਾਂ ਦੱਸਣ ਘਰ ਦੇ ਭੇਤੀ ਜਾਣ ਮੁਹਾਫ਼ਿਜ਼ ਅੱਖ ਚੁਰਾ

ਅੱਲ੍ਹਾ ਮੀਆਂ ਥੱਲੇ ਆ

 

ਹੋ ਗਏ ਸਭ ਨਾਕਾਮ ਹਟਾਚੀ ਵਾਜ਼ਾਂ ਕਰ ਕਰ ਥੱਕ ਗਏ ਬਾਚੀ

ਬੰਦ ਨਾ ਹੋਇਆ ਲਹੂ ਕਰਾਚੀ ਅਮਨਾਂ ਦੇ ਝੰਡੇ ਲਹਿਰਾ

ਅੱਲ੍ਹਾ ਮੀਆਂ ਥੱਲੇ ਆ

 

 

ਕੀ ਪੜ੍ਹਦਾ ਮੈਂ ਸਬਜ਼ ਕਿਤਾਬਾਂ ਫ਼ਿਰਕਾਬੰਦੀ ਵਿੱਚ ਨਿਸਾਬਾਂ

ਅਕਲੀਤਾਂ ਨੇ ਵਿੱਚ ਅਜ਼ਾਬਾਂ ਮੁੱਲਾਂ, ਫ਼ਾਦਰ ਦੇਣ ਹਵਾ

ਅੱਲ੍ਹਾ ਮੀਆਂ ਥੱਲੇ ਆ

 

ਜੋ ਕੋਈ ਗੱਲ ਲੋਕਾਈ ਦੀ ਕਰਦਾ ਫ਼ਾਕੇ ਦੁੱਖ ਹਟਾਈ ਦੀ ਕਰਦਾ

ਜਾਬਰ ਨਾਲ ਡਟਾਈ ਦੀ ਕਰਦਾ ਉਹਨੂੰ ਦੇਂਦੇ ਦਾਰ ਚੜ੍ਹਾ

ਅੱਲ੍ਹਾ ਮੀਆਂ ਥੱਲੇ ਆ

 

ਕਿਥੋਂ ਆਉਣ ਇਹ ਦਹਿਸ਼ਤਗਰਦੇ ਕਿਹੜਾ ਮਾਲਿਕ ਕਿਸ ਦੇ ਬਰਦੇ

ਮਾਰਨ ਲੋਕਾਂ ਆਪ ਨਾ ਮਰਦੇ ਨਾਲੇ ਤੋੜ ਕੇ ਹੋਣ ਹਵਾ

ਅੱਲ੍ਹਾ ਮੀਆਂ ਥੱਲੇ ਆ

 

ਨਸ਼ੇ ਜਵਾਨੀ ਨਸ਼ਿਓਂ ਹਰ ਗਏ ਮਾਵਾਂ ਜ਼ਿੰਦਾ ਪੁੱਤਰ ਮਰ ਗਏ

ਭੈਣਾਂ ਦੇ ਘਰ ਸੁੰਜੇ ਕਰ ਗਏ ਜੇਬਾਂ ਦੇ ਵਿੱਚ ਪੁੜੀਆਂ ਪਾ

ਅੱਲ੍ਹਾ ਮੀਆਂ ਥੱਲੇ ਆ

 

ਮਾੜੇ ਘਰ ਦੀ ਇੱਜ਼ਤ ਲੁੱਟੀ ਪਰਚਾ ਦਰਜ ਨਾ ਹੋ ਗਈ ਛੁੱਟੀ

ਉਤੋਂ ਪੁਲਸ ਨੇ ਲਾਈ ਝੁੱਟੀ ਜਬਸ ਬੇਜਾ ਬਣ ਗਿਆ ਲਾ

ਅੱਲ੍ਹਾ ਮੀਆਂ ਥੱਲੇ ਆ

 

ਮਹਿੰਗਾਈ ਨੇ ਦਿੱਤਾ ਝੂਣਾ ਚਟਨੀ ਹੋ ਗਈ ਦਾਲ ਸਲੂਣਾ

ਚਲਦਾ ਕੋਈ ਨ ਜਾਦੂ ਟੂਣਾ ਮਨ ਸਲਵੇ ਨੂੰ ਫੀਰ ਵਰ੍ਹਾ

ਅੱਲ੍ਹਾ ਮੀਆਂ ਥੱਲੇ ਆ

 

ਲਾ ਕਾਨੂੰਨ ਦੀ ਬਾਲਾ ਦਸਤੀ ਬਾਲਾਂ ਦਸਤਾਂ ਲਈ ਏ ਸਸਤੀ

ਬਣ ਪੈਸੇ ਦੇ ਮਿਟ ਜਾਏ ਹਸਤੀ ਮਾੜੇ ਨੂੰ ਨਾ ਮਿਲਣ ਗਵਾਹ

ਅੱਲ੍ਹਾ ਮੀਆਂ ਥੱਲੇ ਆ

 

ਬੁਸ਼ ਬਣਿਆ ਫ਼ਿਰਔਨ ਖ਼ਾਇਆ ਖ਼ਲਕ ਦੀ ਨੱਪੀ ਧੌਣ ਖ਼ੁਦਾਇਆ

ਖਾਏ ਇਨਸਾਨੀ ਲੂਣ ਖ਼ੁਦਾਇਆ ਆ ਕੇ ਸਾਡੀ ਧੌਣ ਛੁਡਾ

ਅੱਲ੍ਹਾ ਮੀਆਂ ਥੱਲੇ ਆ

 

ਕਿੱਥੋਂ ਆਏ ਕਹਿਤ ਤੂਫ਼ਾਨੀ ਭੁੱਖਾਂ ਮਾਰੇ ਬਾਲ ਸੂਡਾਨੀ

ਲੈ ਗਏ ਗਿਰਝ ਹਕੂਕ-ਏ-ਇਨਸਾਨੀ ਖਾਧੇ ਚੀਲਾਂ ਜਸ਼ਨ ਮਨਾ

ਅੱਲ੍ਹਾ ਮੀਆਂ ਥੱਲੇ ਆ

 

ਫੁੱਲਾਂ ਜਿਹੇ ਕਸ਼ਮੀਰੀ ਬੱਚੇ ਜਿਵੇਂ ਖੰਡ ਖਿਡੌਣੇ ਸੱਚੇ

ਮਾਰਨ ਡੋਬ ਕੇ ਵਿਚ ਚੁਬੱਕੇ ਚਸ਼ਮੇਂ ਦਿੱਤਾ ਲਹੂ ਰਲ਼ਾ

ਅੱਲ੍ਹਾ ਮੀਆਂ ਥੱਲੇ ਆ

 

ਹੀਰੋਸ਼ੀਮਾ, ਨਾਗਾਸਾਕੀ ਕੁਛ ਨਾ ਛੱਡਿਆ ਬੰਬਾਂ ਬਾਕੀ

ਡਟ ਗਏ ਨੇ ਪਰ ਵੇਖ ਇਰਾਨੀ ਲੱਖਾਂ ਹੱਥ ਪਏ ਕਰਨ ਦੁਆ

ਅੱਲ੍ਹਾ ਮੀਆਂ ਥੱਲੇ ਆ

 

ਇੱਕ ਵਾਸ਼ਿੰਗਟਨ ਦਾ ਬਾਸ਼ਿੰਦਾ ਅਜੇ ਤੀਕ ਜੋ ਨਹੀਂ ਸ਼ਰਮਿੰਦਾ

ਜਾਪਾਨੀ ਨੇ ਫਿਰ ਵੀ ਜ਼ਿੰਦਾ ਇਹਦੇ ਮੂੰਹ ਵੀ ਜਿੰਦਰੇ ਲਾ

ਅੱਲ੍ਹਾ ਮੀਆਂ ਥੱਲੇ ਆ

 

ਕਬਜ਼ਾ ਕਰ ਲਿਆ ਗੈਂਗ ਗਰੁੱਪਾਂ ਮਾਲਿਕ ਵਿਚ ਖਲੋਤੇ ਧੁੱਪਾਂ

ਸਰਕਾਰਾਂ ਨੇ ਵੱਟ ਕੇ ਚੁੱਪਾਂ ਘਰ ਘਰ ਦਿੱਤੇ ਵੈਣ ਪੁਆ

ਅੱਲ੍ਹਾ ਮੀਆਂ ਥੱਲੇ ਆ

 

ਨਾਫ਼ਾਖੋਰ ਉਜਾੜਣ ਝੋਕਾਂ ਦੇਸ਼ ਨੂੰ ਚੰਮੜੇ ਵਾਗੂੰ ਜੋਕਾਂ

ਖੁੱਲੀ ਲੁੱਟ ਨਾ ਰੋਕਾਂ ਟੋਕਾਂ ਦੌਲਤ ਯੂਰਪ ਦੇਣ ਪੁਚਾ

ਅੱਲ੍ਹਾ ਮੀਆਂ ਥੱਲੇ ਆ

 

ਮੰਡੀਆਂ ਗ਼ੈਰਾਂ ਹੱਥ ਫੜਾਈਆਂ ਉਤੋਂ ਅੱਤ ਚੁੱਕੀ ਧੜਵਾਈਆਂ

ਛੱਡ ਦੇ ਹੁਣ ਤੂੰ ਬੇਪਰਵਾਹੀਆਂ ਤੀਜਾ ਜੱਗ ਆਜ਼ਾਦ ਕਰਾ

ਅੱਲ੍ਹਾ ਮੀਆਂ ਥੱਲੇ ਆ

 

‘ਗੋਰਬੇ ਕਰ ਕੇ ਰੂਸ ਦੇ ਟੋਟੇ ਪੰਧ ਅਵਾਸ ਦੇ ਕੀਤੇ ਖੋਟੇ

ਨਿੱਜਕਾਰਾਂ ਹੱਥ ਦੇ ਕੇ ਸੋਟੇ ਰੂਸ ‘ਚ ਦਿੱਤੀ ਭੁੱਖ ਨਚਾ

ਅੱਲ੍ਹਾ ਮੀਆਂ ਥੱਲੇ ਆ

 

ਇੱਕ ਦੂਜੇ ਤੇ ਪਾਣ ਲਈ ਗ਼ਲਬਾ ਕਰ ਛੱਡਿਆ ਨੇ ਕਾਬਲ ਮਲਬਾ

ਬੰਦ ਸਕੂਲ ਤੇ ਮਰ ਗਏ ਤਲਬਾ ਇਹਨਾ ਤੋਂ ਇਸਲਾਮ ਬਚਾ

ਅੱਲ੍ਹਾ ਮੀਆਂ ਥੱਲੇ ਆ

ਮੁੱਲਾਂ ਪੰਡਤ ਧਰਮ ਲੜਾਇਆ ਦੋਵਾਂ ਘਰ ਤੇਰਾ ਕਬਜ਼ਾਇਆ

ਪੰਡਤ ਮਸਜਿਦ ਮਲਬਾ ਚਾਇਆ ਮੁੱਲਾਂ ਦਿੱਤੇ ਮੰਦਰ ਢਾ

ਅੱਲ੍ਹਾ ਮੀਆਂ ਥੱਲੇ ਆ

 

ਜੰਗ ਅਮਰੀਕੀ ਲੜ ਅਫ਼ਗਾਨਾਂ ਘਰ ਕੀਤੇ ਬਰਬਾਦ ਨਾਦਾਨਾਂ

ਮੇਰੇ ਦੇਸ਼ ‘ਚ ਖੋਲ ਦੁਕਾਨਾਂ ਘਰ ਘਟ ਦਿੱਤੇ ਵੈਣ ਪਵਾ

ਅੱਲ੍ਹਾ ਮੀਆਂ ਥੱਲੇ ਆ

 

ਸੱਤ ਸੱਤ ਸਾਲ ਦੇ ਕਾਕੇ ਮੁੰਨੇ ਮੁੱਲ ਖਰੀਦਣ ਅਰਬੀ ਧੰਨੇ

ਊਠ ਦੁੜਾਉਣ ਉਤੇ ਬੰਨ੍ਹੇ ਮਾਰਨ ਬੱਚੇ ਸ਼ੁਗਲ ਮਨਾ

ਅੱਲ੍ਹਾ ਮੀਆਂ ਥੱਲੇ ਆ

 

ਫ਼ੈਜ਼ ਕਵੀ ਦਾਮਨ ਮੰਡੇਲੇ ਜਾਲਬ ਨੇ ਦੁੱਖ ਭੁਗਤੇ ਜੇਹਲੇ

ਲੜੇ ਜਮਹੂਰ ਲੲ ਅਲਬੇਲੇ ਲੱਗਾ ਹੱਕ ਲਈ ਸਾਰੂ ਫਾਹ

ਅੱਲ੍ਹਾ ਮੀਆਂ ਥੱਲੇ ਆ

 

ਹੈ ਤੂੰ ਹਰ ਥਾਂ ਹਾਜ਼ਰ ਨਾਜ਼ਰ ਫਿਰ ਵੀ ਤਗੜੇ ਫ਼ਾਸਿਕ ਫ਼ਾਜਰ

ਕਈ ਕਈ ਉਮਰੇ ਕਰ ਕੇ ਤਾਜਰ ਕਿਵੇਂ ਲੈਂਦੇ ਟੈਕਸ ਲੁਕਾ

ਅੱਲ੍ਹਾ ਮੀਆਂ ਥੱਲੇ ਆ

 

ਕਿਉਂ ਕੀਤੇ ਨੀ ਮਾੜੇ ਪੈਦਾ ਕੀ ਸੀ ਤੈਨੂੰ ਇਹਦਾ ਫ਼ਾਇਦਾ

ਨਾ ਕੋਈ ਕੁਲੀਆ ਨਾਕੋਈ ਕੈਦਾ ਤਗੜੇ ਲੈਂਦੇ ਲੁੱਟ ਲੁਟਾ

ਅੱਲ੍ਹਾ ਮੀਆਂ ਥੱਲੇ ਆ

 

ਤੂੰ ਵਸੇਂ ਸ਼ਾਹ ਰਗ ਤੋਂ ਨੇੜੇ ਕਿਉਂ ਨੀਂ ਰੰਗ ਨਸਲ ਦੇ ਝੇੜੇ

ਮਜ਼ਹਬਾਂ ਕਿਉਂ ਇਨਸਾਨ ਨਿਖੇੜੇ ਖੁਸ਼ ਕਿਉਂ ਹੁੰਦੇ ਲਹੂ ਵਗਾ

ਅੱਲ੍ਹਾ ਮੀਆਂ ਥੱਲੇ ਆ

 

ਮਾਂ ਮਹਿੱਟਰ ਨੂੰ ਦਰ ਤੋਂ ਮੋੜਨ ਮਸਕੀਨਾਂ ਦੇ ਦਿਲ ਨੂੰ ਤੋੜਨ

ਜ਼ਰ ਦੀ ਅੱਗ ਨੂੰ ਘਰ ਵਿਚ ਜੋੜਨ ਹਸ਼ਰ ਦਿਹਾੜਾ ਦੇਣ ਭੁਲਾ

ਅੱਲ੍ਹਾ ਮੀਆਂ ਥੱਲੇ ਆ

 

ਪਾ ਦੇ ਸਾਨੂੰ ਚੰਗੇ ਰਾਹੇ ਤੈਥੋਂ ਹੋਏ ਜਿਹੜੇ ਗੁੰਮਰਾਹੁ

ਲਾਏ ਕੁਫ਼ਲ ਤੂੰ ਰੱਖ ਨਿਗਾਹੇ ਕੁਫ਼ਲ ਤੁੜਾ ਕੇ ਰਾਹੇ ਪਾ

ਅੱਲ੍ਹਾ ਮੀਆਂ ਥੱਲੇ ਆ

 

ਨਾਲ ਤੇਰੇ ਮੈਂ ਲਾ ਲਈ ਯਾਰੀ ਮਗਰੋਂ ਲਾਹ ਦੇ ਭੁੱਖ ਬਿਮਾਰੀ

ਲਾਹਨਤ ਹੈ ਸਰਮਾਏਦਾਰੀ ਆ ਕੇ ਮੇਰੇ ਨਾਲ ਮੁਕਾ

ਅੱਲ੍ਹਾ ਮੀਆਂ ਥੱਲੇ ਆ

 

ਫਿਰ ਵੀ ਮੈਨੂੰ ਸਿਜਦੇ ਕਰਨਾਂ ਅਜ਼ਮਾਇਸ਼ਾਂ ਲਈ ਦੁੱਖੜੇ ਜਰਨਾਂ

ਮਜ਼ਲੂਮਾਂ ਲਈ ਜੀਵਨਾਂ ਮਰਨਾਂ ਜ਼ਾਲਮ ਮੈਥੋਂ ਰਹਿਣ ਖ਼ਫ਼ਾ

ਅੱਲ੍ਹਾ ਮੀਆਂ ਥੱਲੇ ਆ

 

ਅੱਲ੍ਹਾ ਮੀਆਂ ਉਤੇ ਈ ਰਹੁ

ਅਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

 

ਖੁੱਲ੍ਹੀ ਵਿਚ ਕਚਹਿਰੀ ਸੜੀਏ

ਫਾਕੇ ਮਰੀਏ ਹੌਕੇ ਭਰੀਏ

ਖੋਹ ਲਈਏ ਹੱਥੋਂ ਨਾ ਸੜੀਏ

ਹਾਕਮ ਨਾਲ ਗਿਲਾ ਜੇ ਕਰੀਏ

ਅੱਗੋਂ ਪੈਂਦੇ ਡੰਡੇ ਸੌ

ਅੱਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

 

ਸਾਇਲ ਥੱਕੇ ਘਰ ਨੂੰ ਚੱਲੇ

ਭੁਗਤਣ ਪੇਸ਼ੀ ਹੋ ਗਏ ਝੱਲੇ

ਵਿਚ ਅਦਾਲਤ ਚਲਦੇ ਖੱਲੇ

ਮੁਨਸਿਫ਼ ਵਿਕ ਗਏ ਬੱਲੇ ਬੱਲੇ

ਰਿਹਾ ਨਾ ਕੋਈ ਰੱਖ ਰਖੌ

ਅੱਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

 

ਪਹਿਰੇ ਹੇਠ ਅਬਾਦਤ ਗਾਹਵਾਂ

ਸਿਰ ਸਿੱਜਦੇ ਵਿਚ ਮਗਰ ਨਿਗਾਹਵਾਂ

ਡਰ ਜਾਈਏ ਹਿਲਦਾ ਪਰਛਾਵਾਂ

ਵਿਚ ਮਸੀਤ ਨਾ ਘੱਲਣ ਮਾਵਾਂ

ਬੱਚਿਆਂ ਲਈ ਏ ਡਰ ਤੇ ਭਉ

ਅਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

 

ਤਗੜਾ ਸੱਦੇ ਪੈਰ ਦਬਾਈਏ

ਮਾੜੇ ਦੇ ਕਰ ਹੱਥ ਵਹਾਈਏ

ਜੇ ਬੋਲੇ ਤੇ ਮਾਰ ਭਜਾਈਏ

ਸ਼ੁਗਲਾਂ ਦੇ ਲਈ ਕੰਨ ਫੜਾਈਏ

ਪੰਜ ਸੌ ਮਾਰ ਕੇ ਗਿਣੀਏ ਸੌ

ਅਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

 

ਥੱਲੇ ਆ ਕੇ ਕੀ ਕਰੇਂਗਾ

ਸਾਡੀ ਹਾਲਤ ਵੇਖ ਸੜੇਂਗਾ

ਜਿੱਥੇ ਹੈ ਤੂੰ ਓਥੇ ਈ ਬਹੁ

ਅੱਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

 

ਸਾਨੂੰ ਆਪਣੇ ਲੋਕ ਈ ਖਾਂਦੇ ਨੇ

ਥਾਂ ਥਾਂ ਤੇ ਬੰਬ ਚਲਾਂਦੇ ਨੇ

ਫੇਰ ਮਸਜਿਦ ਆ ਕੇ ਜਾਂਦੇ ਬਹੁ

ਅੱਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

 

ਕੋਈ ਮਰਦਾ ਏ ਕੋਈ ਮਾਰਦਾ ਏ

ਕੋਈ ਭੁੱਖ ਨਾਲ ਬੱਚੇ ਸਾੜਦਾ ਏ

ਤੂੰ ਦੇਖਦਾ ਰਹਿ ਤੇ ਹੱਸਦਾ ਰਹੁ

ਅਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

 

ਇਹਦੇ ਮਨ ਵਿੱਚ ਚੰਗੀ ਗੱਲ ਕੋਈ ਨਈਂ

ਇਹਨੂੰ ਅਦਬ ਕਰਨ ਦਾ ਵਲ ਕੋਈ ਨਈਂ

ਇਨਸਾਨ ਦੀਆਂ ਇਹ ਖਿੱਚਾਂ ਸਹੁ

ਅੱਲ੍ਹਾ ਮੀਆਂ ਉਤੇ ਈ ਰਹੁ

ਕੁਝ ਵੀ ਕਰੀਏ ਕੁਝ ਨਾ ਕਹੁ

……………………………………………………………….

 

 

 

 

 

 

 

 

 

 

 

 

 

 

 

 

 

 

 

 

 

 

 

Post Author: admin

Leave a Reply

Your email address will not be published. Required fields are marked *