ਇਹ ਇਸ਼ਕ ਹੈ ਸ਼ਹਿਰ ਪੇਸ਼ਾਵਰ।……ਸਰੂਚੀ ਕੰਬੋਜ਼ ਤਹਿਸੀਲ – ਫਾਜ਼ਿਲਕਾ 

ਇਹ ਇਸ਼ਕ ਹੈ ਸ਼ਹਿਰ ਪੇਸ਼ਾਵਰ।
ਪਿੰਡ ਦੇ ਬਾਹਰ ਬਣੇ ਖੂਹ ਤੋਂ ਬੇਹੱਦ ਖੂਬਸੂਰਤ ਸਰਸਵਤੀ ਆਪਣੀਆਂ ਸਹੇਲੀਆਂ ਨਾਲ ਪਾਣੀ ਭਰ ਰਹੀ ਸੀ।
ਉਸ ਸਮੇਂ ਉਸ ਰਿਆਸਤ ਦਾ ਸ਼ਹਿਜਾਦਾ ਸੁਲੇਮਾਨ ਬਾਦਸ਼ਾਹ ਅਕਰਮ ਹੁਸੈਨ ਦਾ ਇਕਲੌਤਾ ਵਾਰਿਸ ਆਪਣੇ ਸਿਪਾਹੀਆਂ ਨਾਲ ਉੱਥੋਂ ਦੀ ਲੰਘ ਰਿਹਾ ਸੀ।
ਸ਼ਹਿਜ਼ਾਦੇ ਦੀ ਸਵਾਰੀ ਆਉਂਦੀ ਵੇਖ ਸਰਸਵਤੀ ਦੀਆਂ ਸਭ ਸਹੇਲੀਆਂ ਆਪਣੇ ਸਿਰ ਤੇ ਦੁਪੱਟੇ ਲੈ ਸ਼ਹਿਜ਼ਾਦੇ ਦੇ ਸਨਮਾਨ ਵਿੱਚ ਅਦਬ ਨਾਲ ਝੁਕ ਗਈਆਂ।ਪਰ ਉਹਨਾਂ ਚੋਂ ਸਰਸਵਤੀ ਹੀ ਸੀ ਜੋ ਆਪਣੀ ਮਸਤੀ ਵਿੱਚ ਖੂਹ ਤੋਂ ਪਾਣੀ ਭਰਦੀ ਰਹੀ, ਉਸਨੂੰ ਕਿਸੇ ਦੇ ਆਉਣ ਦੀ ਕੋਈ ਭਨਕ ਨਹੀਂ ਸੀ।ਜਦ ਪਾਣੀ ਦਾ ਮਟਕਾ ਭਰ ਉਹ ਪਿੱਛੇ ਮੁੜੀ ਤਾਂ ਸਾਹਮਣੇ ਸ਼ਹਿਜ਼ਾਦਾ ਸੁਲੇਮਾਨ ਆਪਣੇ ਸਿਪਾਹੀਆਂ ਨਾਲ ਖੜ੍ਹਾ ਸੀ।
ਫਿਰ ਵੀ ਉਸ ਬਾਕੀ ਕੁੜੀਆਂ ਵਾਂਗ ਨਾ ਸਿਰ ਤੇ ਦੁਪੱਟਾ ਲਿਆ ਤੇ ਨਾ ਹੀ ਅਦਬ ਨਾਲ ਸ਼ਹਿਜ਼ਾਦੇ ਨੂੰ ਸਲਾਮ ਕੀਤਾ।ਸ਼ਹਿਜ਼ਾਦੇ ਦੀਆਂ ਨਜ਼ਰਾਂ ਸਰਸਵਤੀ ਦੀਆਂ ਨਜ਼ਰਾਂ ਨਾਲ ਮਿਲੀਆਂ।ਨਜ਼ਰਾਂ ਦੇ ਰਸਤੇ ਉਹ ਸਿੱਧਾ ਸ਼ਹਿਜ਼ਾਦੇ ਦੇ ਦਿਲ ਵਿਚ ਜਾ ਵੱਸੀ ਸੀ।ਉਸ ਦੀਆਂ ਨਜ਼ਰਾਂ ਸਰਸਵਤੀ ਦੇ ਚਿਹਰੇ ਤੋਂ ਹੱਟ ਹੀ ਨਹੀਂ ਪਾ ਰਹੀਆਂ ਸਨ।ਉਹ ਸਰਸਵਤੀ ਦੀ ਖੂਬਸੂਰਤੀ ਦਾ ਦੀਵਾਨਾ ਹੋ ਗਿਆ ਸੀ ।ਉਸ ਸਰਸਵਤੀ ਨਾਲ ਗੱਲ ਕਰਨੀ ਚਾਹੀ। ਇਸ ਤੋਂ ਪਹਿਲਾਂ ਕਿ ਉਹ ਉਸਨੂੰ ਕੁਝ ਕਹਿੰਦਾ ਸਰਸਵਤੀ ਆਪਣਾ ਪਾਣੀ ਦਾ ਮਟਕਾ ਭਰ ਉੱਥੋਂ ਜਾ ਚੁੱਕੀ ਸੀ।
ਸਰਸਵਤੀ ਸ਼ਹਿਜ਼ਾਦੇ ਸੁਲੇਮਾਨ ਨੂੰ ਬਹੁਤ ਪਸੰਦ ਆਈ।ਪੂਰੇ ਰਾਹ ਉਸਨੂੰ ਸਰਸਵਤੀ ਦਾ ਚਿਹਰਾ ਹੀ ਵਿਖਾਈ ਦਿੰਦਾ ਰਿਹਾ।ਕਦੇ ਉਹ ਹੱਸਦੀ ਹੋਈ ਉਸਦੇ ਘੋੜੇ ਉੱਪਰ ਉਸਦੀ ਝੋਲੀ ਵਿੱਚ ਆ ਬੈਠਦੀ ਤੇ ਕਦੇ ਕਿਸੇ ਰੁੱਖ ਦੇ ਔਹਲੇ ਛੁੱਪ ਉਸਨੂੰ ਵੇਖ ਹੱਸਦੀ ਨਜ਼ਰ ਆਉਂਦੀ।
ਸ਼ਹਿਜ਼ਾਦਾ ਆਪਣੇ ਮਹਿਲ ਆ ਗਿਆ ਪਰ ਉਸ ਨੂੰ ਕਿਸੇ ਵੀ ਕੰਮ ਵਿੱਚ ਚੈਨ ਨਹੀਂ ਸੀ ।ਹਰ ਪਲ ਸਰਸਵਤੀ ਦਾ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ।ਆਪਣੇ ਕਮਰੇ ਵਿੱਚ ਆਰਾਮ ਕਰਨ ਲਈ ਲੇਟੇ ਹੋਏ ਵੀ ਉਸਦੇ ਖਿਆਲਾਂ ਚ ਸਰਸਵਤੀ ਸੀ, ਉਸਨੂੰ ਕਦੇ ਐਦਾ ਲੱਗਦਾ ਕਿ ਉਹ ਉਸਦੇ ਖਿਆਲਾਂ ਚੋਂ ਨਿਕਲ ਬਾਹਵਾਂ ਫੈਲਾ ਮੁਸਕਰਾਉਂਦੇ ਹੋਏ ਆਪਣੇ ਵੱਲ ਬੁਲਾਉਂਦੀ ਹੈ।ਜਿਵੇਂ ਹੀ ਉਹ ਦੌੜ ਕੇ ਉਸ ਕੋਲ ਜਾਂਦਾ ਉਹ ਸ਼ਰਮਾ ਕੇ ਔਝਲ ਹੋ ਜਾਂਦੀ।
ਪੂਰੀ ਰਾਤ ਵੀ ਉਸ ਜਾਗ ਕੇ ਕੱਟੀ ਸਰਸਵਤੀ ਦੀ ਯਾਦ ਵਿੱਚ ਉਸਦੀ ਸੋਚ ਵਿਚ ।
ਉਸਦੀ ਬੇਚੈਨੀ ਹੁਣ ਹੱਦੋਂ ਬਾਹਰ ਹੋ ਗਈ ਸੀ। ਅਗਲੇ ਦਿਨ ਜਲਦੀ ਉਠ ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ‘ਜਾਉ! ਉਸ ਕੁੜੀ ਬਾਰੇ ਪਤਾ ਕਰਕੇ ਲਿਆਉ, ਉਹ ਕਿੱਥੇ ਰਹਿੰਦੀ ਹੈ? ਕੌਣ ਹੈ?’
ਸਿਪਾਹੀਆਂ ਨੇ ਪਤਾ ਕੀਤਾ ਕਿ ‘ਉਸ ਕੁੜੀ ਦਾ ਬਾਪ ਇਕ ਹਿੰਦੂ ਜਾਤੀ ਦਾ ਘੁਮਿਆਰ ਹੈ ਜੋ ਮਿੱਟੀ ਦੇ ਭਾਂਡੇ ਬਣਾਉਂਦਾ ਤੇ ਉਸਦੀ ਕੁੜੀ ਸਰਸਵਤੀ ਉਸਦੇ ਇਸ ਕੰਮ ਵਿਚ ਮਦਦ ਕਰਦੀ ਹੈ।’
ਸ਼ਹਿਜ਼ਾਦੇ ਨੇ ਘੁਮਿਆਰ ਨੂੰ ਦਰਬਾਰ ਵਿੱਚ ਬੁਲਾਇਆ।
ਪਰ ਘੁਮਿਆਰ ਨੇ ਆਉਣ ਤੋਂ ਮਨਾ ਕਰ ਦਿੱਤਾ।
ਸ਼ਹਿਜ਼ਾਦੇ ਨੂੰ ਗੁੱਸਾ ਆ ਗਿਆ, ਉਸਨੇ ਸਿਪਾਹੀਆਂ ਨੂੰ ਘੁਮਿਆਰ ਨੂੰ ਗਿਰਫਤਾਰ ਕਰ ਲੈਣ ਦਾ ਹੁਕਮ ਦਿੱਤਾ।
ਜਦ ਸਿਪਾਹੀ ਉਸ ਦੇ ਘਰ ਪਹੁੰਚੇ ਤਾਂ ਘਰ ਦੇ ਦਰਵਾਜ਼ੇ ਅੱਗੇ ਤਾਲਾ ਲੱਗਾ ਹੋਇਆ ਸੀ।ਸ਼ਹਿਜ਼ਾਦੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਘੁਮਿਆਰ ਨੂੰ ਲੱਭ ਕੇ ਲਿਆਉਣ ਦਾ ।
ਸਿਪਾਹੀਆਂ ਨੇ ਘੁਮਿਆਰ ਨੂੰ ਹਰ ਜਗ੍ਹਾ ਲੱਭਿਆ ਪਰ ਉਹ ਕਿਤੇ ਨਾ ਮਿਲਿਆ ।
ਸ਼ਹਿਜ਼ਾਦਾ ਮਾਯੂਸ ਹੋ ਗਿਆ ।ਸਰਸਵਤੀ ਨੂੰ ਮਿਲਣ ਦੀ, ਉਸਨੂੰ ਹਾਸਿਲ ਕਰਨ ਦੀ ਤੜਫ ਦਿਨ ਬ ਦਿਨ ਵੱਧਦੀ ਜਾ ਰਹੀ ਸੀ।
ਇਕ ਦਿਨ ਸਵੇਰੇ ਜਲਦੀ ਉੱਠ ਕੇ ਉਹ ਝੌਂਪੜੀ ਵਾਲੀ ਜਗ੍ਹਾ ਤੇ ਗਿਆ।ਝੋਪੜੀ ਅੱਗੇ ਤਾਲਾ ਲੱਗਾ ਹੋਇਆ ਸੀ।ਉਹ ਵਾਪਸ ਪਰਤਣ ਲੱਗਾ ਸੀ ਕਿ ਉਸ ਨੂੰ ਅੰਦਰੋਂ ਕੁਝ ਖੜਕੇ ਦੀ ਆਵਾਜ਼ ਸੁਣਾਈ ਦਿੱਤੀ।ਉਸ ਝੱਟ ਝੋਪੜੀ ਦਾ ਤਾਲਾ ਆਪਣੀ ਤਲਵਾਰ ਨਾਲ ਤੋੜ ਦਿੱਤਾ।
ਜਦੋਂ ਝੋਪੜੀ ਅੰਦਰ ਗਿਆ ਤਾਂ ਉਸ ਨੂੰ ਝੋਪੜੀ ਅੰਦਰ ਇਕ ਕੁੜੀ ਮਿੱਟੀ ਲਿੱਪਦੀ ਤੇ ਬੁੱਢਾ ਆਦਮੀ ਮੰਜੇ ਤੇ ਲੇਟਿਆ ਨਜਰ ਆਇਆ।ਪਰ ਉਹ ਕੁੜੀ ਬੜੀ ਬਦਸੂਰਤ ਸੀ ਤੇ ਉਸ ਦਾ ਪਿਉ ਇਕ ਭਿਖਾਰੀ ਸੀ ।
ਸ਼ਹਿਜ਼ਾਦਾ ਉਲਟੇ ਕਦਮ ਜਾਣ ਲੱਗਾ ਸੀ ਕਿ ਨਾਜਾਨੇ ਕੀ ਖਿਆਲ ਆਇਆ ਕਿ ਉਹ ਰੁਕ ਗਿਆ।
ਸ਼ਹਿਜ਼ਾਦੇ ਨੇ ਬੁੱਢੇ ਭਿਖਾਰੀ ਨੂੰ ਝੂਠ ਬੋਲਦੇ ਹੋਏ ਕਿਹਾ ‘ਮੈਨੂੰ ਭੁਖ ਲੱਗੀ ਹੈ ਕੁਝ ਖਾਣ ਨੂੰ ਮਿਲੇਗਾ?’
ਪਿਤਾ ਦੇ ਕਹਿਣ ਤੇ ਹੜਬੜਾਹਟ ਵਿੱਚ ਜਲਦੀ ਜਲਦੀ ਉਹ ਕੁੜੀ ਮਿੱਟੀ ਨਾਲ ਲਿੱਬੜੇ ਹੱਥਾਂ ਨਾਲ ਹੀ ਖਾਣਾ ਸ਼ਹਿਜ਼ਾਦੇ ਅੱਗੇ ਪਰੋਸਣ ਲੱਗੀ ਤਾਂ ਸ਼ਹਿਜ਼ਾਦੇ ਨੇ ਹੈਰਾਨ ਹੋ ਕਿਹਾ’ ਇਹਨਾਂ ਮੈਲੇ ਹੱਥਾਂ ਨਾਲ ਇਕ ਸ਼ਹਿਜ਼ਾਦੇ ਨੂੰ ਖਾਣਾ ਖੁਆਏਂਗੀ? ‘
ਤਾਂ ਉਹ ਕੁੜੀ ਜੋ ਬੜੀ ਬਦਸੂਰਤ ਸੀ ਜਲਦੀ ਨਾਲ ਹੱਥ ਧੋਣ ਚਲੀ ਗਈ।ਜਦ ਉਹ ਹੱਥ ਧੋ ਦੋਬਾਰਾ ਖਾਣਾ ਪਰੋਸਣ ਲਗੀ ਤਾਂ ਸ਼ਹਿਜ਼ਾਦੇ ਦਾ ਧਿਆਨ ਫਿਰ ਇਕ ਦਮ ਉਸਦੇ ਹੱਥਾਂ ਵੱਲ ਗਿਆ ।ਹੱਥ ਧੋਣ ਨਾਲ ਉਸਦੇ ਹੱਥਾਂ ਦਾ ਰੰਗ ਥੋੜਾ ਸਾਂਵਲਾ ਪੈ ਗਿਆ ਸੀ ਜੋ ਉਸ ਦੇ ਚਿਹਰੇ ਦੇ ਰੰਗ ਨਾਲ ਨਹੀਂ ਸੀ ਮਿਲ ਰਿਹਾ ।ਸ਼ਹਿਜ਼ਾਦੇ ਨੂੰ ਕੁਝ ਸ਼ੱਕ ਮਹਿਸੂਸ ਹੋਇਆ ।
ਉਥੇ ਕੋਲ ਤਾਂਬੇ ਦੇ ਭਾਂਡੇ ਵਿੱਚ ਪਿਆ ਪਾਣੀ ਲੈ ਉਸਨੇ ਉਸ ਕੁੜੀ ਦੇ ਚਿਹਰੇ ਤੇ ਪਾ ਦਿੱਤਾ ਜਿਸ ਨਾਲ ਉਸਦੇ ਚਿਹਰੇ ਤੇ ਲੱਗੀ ਕਾਲਖ ਧੋਪ ਗਈ ਤੇ ਗੋਰਾ ਰੰਗ ਨਿਕਲ ਆਇਆ।
ਸ਼ਹਿਜ਼ਾਦੇ ਦੇ ਜੋਰ ਪਾਉਣ ਤੇ ਉਨ੍ਹਾਂ ਨੇ ਦੱਸਿਆ ਕਿ ਇਹ ਸਭ ਕੁਝ ਉਸਦੇ ਅੱਬਾ ਨੇ ਕਰਵਾਇਆ। ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਇਕਲੌਤੀ ਔਲਾਦ ਇਕ ਆਮ ਤੇ ਨੀਚ ਜਾਤੀ ਦੀ ਕੁੜੀ ਨਾਲ ਮੁਹੱਬਤ ਕਰਕੇ ਉਸਨੂੰ ਮਹਿਲ ਦੀ ਰਾਣੀ ਬਣਾਏ ।
ਸ਼ਹਿਜ਼ਾਦੇ ਨੇ ਆਕ੍ਰੋਸ਼ ਵਿਚ ਆ ਕੇ ਉਸ ਸਮੇਂ ਹੀ ਕਾਜੀ ਬੁਲਵਾ ਕੇ ਨਿਕਾਹ ਪੜਾਉਣ ਦਾ ਹੁਕਮ ਦਿੱਤਾ।ਪਰ ਸਰਸਵਤੀ ਦੇ ਪਿਤਾ ਨੇ ਵੀ ਇਸ ਰਿਸ਼ਤੇ ਲਈ ਅਸਹਿਮਤੀ ਜਤਾਈ ਕਿਉਂਕਿ ਬਾਦਸ਼ਾਹ ਦਾ ਹੁਕਮ ਮੰਨ ਕੇ ਉਸਨੇ ਸਰਸਵਤੀ ਦਾ ਰਿਸ਼ਤਾ ਨਾਲ ਦੇ ਪਿੰਡ ਦੇ ਘੁਮਿਆਰ ਪਰਿਵਾਰ ਦੇ ਮੁੰਡੇ ਚੰਦਰਭਾਨ ਨਾਲ ਕਰ ਦਿੱਤਾ ਸੀ।
ਸ਼ਹਿਜ਼ਾਦਾ ਮਾਯੂਸ ਹੋ ਕੇ ਵਾਪਸ ਚਲਾ ਗਿਆ।ਉਹ ਪੂਰਾ ਦਿਨ ਤਾਲਾਬ ਦੇ ਕੰਢੇ ਬੈਠਾ ਰਿਹਾ।ਜਦ ਸਰਸਵਤੀ ਪਾਣੀ ਭਰਨ ਲਈ ਖੂਹ ਵੱਲ ਜਾ ਰਹੀ ਸੀ।ਉਹ ਉਸਦੇ ਪਿੱਛੇ ਗਿਆ।ਉਸਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ, ਉਸਨੂੰ ਆਪਣੇ ਨਾਲ ਮਹਿਲ ਚੱਲਣ ਲਈ ਕਿਹਾ।
ਸਰਸਵਤੀ ਨੇ ਜਵਾਬ ਦਿੱਤਾ “ਜਿਸ ਤਰ੍ਹਾਂ ਤੁਹਾਡੇ ਅੱਬਾ  ਮੈਨੂੰ ਆਪਣੇ ਮਹਿਲ ਦੀ ਰਾਣੀ ਕਬੂਲ ਨਹੀਂ ਕਰ ਸਕਦੇ, ਉਸ ਤਰ੍ਹਾਂ ਮੇਰੇ ਪਿਤਾ ਵੀ ਇਕ ਮੁਸਲਮਾਨ ਨਾਲ ਮੇਰਾ ਵਿਆਹ ਕਬੂਲ ਨਹੀਂ ਕਰਨਗੇ।ਇਸ ਲਈ ਬੇਹਤਰੀ ਇਸ ਵਿੱਚ ਹੀ ਹੈ ਕਿ ਮੈਨੂੰ ਭੁਲਾ ਕੇ ਤੁਸੀਂ ਆਪਣੇ ਮਹਿਲ ਵਾਪਸ ਪਰਤ ਜਾਉ ਕਿਉਂਕਿ ਤੁਹਾਡੇ ਜਾਂ ਮੇਰੇ ਚਾਹੁਣ ਨਾਲ ਕੁਝ ਨਹੀਂ ਹੋ ਸਕਦਾ ।ਮੈਂ ਆਪਣੇ ਪਿਤਾ ਦੀ ਸਹਿਮਤੀ ਬਿਨਾਂ ਵਿਆਹ ਨਹੀਂ ਕਰਵਾ ਸਕਦੀ।”
“ਜੇ ਇਹ ਉਹਨਾਂ ਦੀ ਜਿਦ ਹੈ ਤਾਂ ਸਰਸਵਤੀ ਮੈਂ ਵੀ ਵਾਅਦਾ ਕਰਦਾ ਹਾਂ, ਮੇਰਾ ਵਿਆਹ ਜੇ ਕਿਸੇ ਨਾਲ ਹੋਵੇਗਾ ਤਾਂ ਸਿਰਫ ਤੇਰੇ ਨਾਲ ਹੀ ਹੋਵੇਗਾ ।ਜੇ ਤੂੰ ਕਿਸੇ ਦੀ ਦੁਲਹਨ ਬਣੇਗੀ ਤਾਂ ਸਿਰਫ਼ ਮੇਰੀ ।ਅਤੇ ਇਹ ਸਭ ਤੇਰੇ ਤੇ ਮੇਰੇ ਪਿਤਾ ਦੀ ਰਜਾਮੰਦੀ ਨਾਲ ਹੀ ਹੋਵੇਗਾ।”ਐਨਾ ਕਹਿ ਕੇ ਸ਼ਹਿਜ਼ਾਦਾ ਆਪਣੇ ਘੋੜੇ ਤੇ ਸਵਾਰ ਮਹਿਲ ਵੱਲ ਮੁੜ ਗਿਆ।
ਹੌਲੀ ਹੌਲੀ ਤਿੰਨ ਮਹੀਨੇ ਤੋਂ ਉੱਪਰ ਸਮਾਂ ਲੰਘ ਗਿਆ।ਅਖੀਰ ਸਰਸਵਤੀ ਦੇ ਵਿਆਹ ਦਾ ਦਿਨ ਵੀ ਆ ਗਿਆ ਪਰ ਸ਼ਹਿਜ਼ਾਦੇ ਦੇ ਆਉਣ ਕੋਈ ਖਬਰ ਨਹੀਂ ਸੀ ।
ਬਾਰਾਤ ਆ ਚੁੱਕੀ ਸੀ ਤੇ ਫੇਰੇ ਕਰਵਾਉਣ ਲਈ ਉਸਨੂੰ ਮੰਡਪ ਵਿੱਚ ਲਿਜਾਇਆ ਜਾ ਰਿਹਾ ਸੀ ਲੇਕਿਨ ਉਸ ਦੀਆਂ ਨਜ਼ਰਾਂ ਸਿਰਫ਼ ਤੇ ਸਿਰਫ਼ ਸਹਿਜ਼ਾਦੇ ਸੁਲੇਮਾਨ ਨੂੰ ਲੱਭ ਰਹੀਆਂ ਸਨ।
ਜਿਵੇਂ ਹੀ ਉਹ ਤੇ ਚੰਦਰਭਾਨ ਪਹਿਲੇ ਫੇਰੇ ਲਈ ਖੜੇ ਹੋਏ ਕਿ ਅਚਾਨਕ ਇਕ ਸੱਪ ਨੇ ਸਰਸਵਤੀ ਦੇ ਪਿਤਾ ਦੇ ਪੈਰ ਨੂੰ ਕੱਟ ਲਿਆ।
ਉਸਦਾ ਪਿਤਾ ਦਰਦ ਨਾਲ ਕਰਾਹ ਰਿਹਾ ਸੀ ।ਸਰਸਵਤੀ ਮੰਡਪ ਛੱਡ ਦੌੜ ਕੇ ਆਪਣੇ ਪਿਤਾ ਕੋਲ ਗਈ ।ਆਪਣੇ ਪਿਤਾ ਦੀ ਜਾਨ ਬਚਾਉਣ ਲਈ ਉਹ ਰੋ ਰੋ ਸਭ ਅੱਗੇ ਬੇਨਤੀ ਕਰਨ ਲੱਗੀ ਪਰ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਕੋਈ ਵੀ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ।
ਉਸ ਸਮੇਂ ਉਥੋਂ ਇਕ ਪੱਚੀ ਛੱਬੀ ਸਾਲ ਦਾ ਜਟਾਧਾਰੀ ਨੌਜਵਾਨ ਬ੍ਰਾਹਮਣ ਗੁਜਰ ਰਿਹਾ ਸੀ। ਇਹ ਸਭ ਵੇਖ ਕੇ ਉਹ ਵੀ ਉਥੇ ਰੁਕ ਗਿਆ।ਉਸ ਸਾਰੀ ਘਟਨਾ ਧਿਆਨ ਨਾਲ ਸੁਣੀ ।ਫਿਰ ਉਸ ਪਲਾਂ ਵਿੱਚ ਆਪਣੀ ਜਾਨ ਜੋਖਮ ਵਿਚ ਪਾ ਸਰਸਵਤੀ ਦੇ ਪਿਤਾ ਦਾ ਸਾਰਾ ਜਹਿਰ ਮੂੰਹ ਨਾਲ ਬਾਹਰ ਕੱਢ ਦਿੱਤਾ।
ਹੋਸ਼ ਆਉਣ ਬਾਅਦ ਉਸਦੇ ਪਿਤਾ ਨੇ ਉਸ ਬ੍ਰਾਹਮਣ ਦਾ ਧੰਨਵਾਦ ਕੀਤਾ ਤੇ ਇਨਾਮ ਵਜੋਂ ਮੂੰਹ ਮੰਗੀ ਚੀਜ ਮੰਗਣ ਲਈ ਕਿਹਾ।
ਕੁਝ ਪਲ ਸੋਚਣ ਬਾਅਦ ਉਹ ਪੰਡਤ ਬੋਲਿਆ “ਮੈਨੂੰ ਇਨਾਮ ਨਹੀਂ ਦਾਨ ਚਾਹੀਦਾ।ਜੇ ਤੁਸੀਂ ਮੈਨੂੰ ਕੁਝ ਦਾਨ ਕਰ ਸਕਦੇ ਹੋ ਤਾਂ ਆਪਣੀ ਕੰਨਿਆ ਦਾਨ ਕਰ ਦਿਉ।ਇਸ ਤੋਂ ਇਲਾਵਾ ਮੈਂ ਹੋਰ ਕੁਝ ਨਹੀਂ ਮੰਗਦਾ।”
ਬ੍ਰਾਹਮਣ ਦੀ ਗੱਲ ਸੁਣ ਖੁਸ਼ੀ ਖੁਸ਼ੀ ਉਸਨੇ ਆਪਣੀ ਕੰਨਿਆ ਦਾ ਵਿਆਹ ਉਸ ਨਾਲ ਕਰਨ ਦਾ ਫੈਸਲਾ ਕਰ ਲਿਆ ।ਉਸਨੇ ਦੂਜੇ ਪਿੰਡੋਂ ਆਈ ਬਾਰਾਤ ਤੋਂ ਮਾਫੀ ਮੰਗ ਵਿਦਾ ਕੀਤਾ ।ਇਸ ਤੋਂ ਬਾਅਦ ਸਰਸਵਤੀ ਦਾ ਵਿਆਹ ਉਸ ਬ੍ਰਾਹਮਣ ਨਾਲ ਕਰਕੇ ਉਨ੍ਹਾਂ ਨੂੰ ਖੁਸ਼ੀ ਖੁਸ਼ੀ ਵਿਦਾ ਕੀਤਾ ।
ਉਹ ਦੋਵੇਂ ਚੁੱਪਚਾਪ ਚਲਦੇ ਜਾ ਰਹੇ ਸਨ।ਉਸ ਬ੍ਰਾਹਮਣ ਨੇ ਕਈ ਵਾਰ ਸਰਸਵਤੀ ਨਾਲ ਗੱਲ ਕਰਨੀ ਚਾਹੀ ਪਰ ਉਸ ਕੋਈ ਜਵਾਬ ਨਾ ਦਿੱਤਾ।ਜਦ ਬ੍ਰਾਹਮਣ ਨੇ ਸਰਸਵਤੀ ਨੂੰ ਉਦਾਸ ਵੇਖਿਆ ਤਾਂ ਉਹ ਜਾਣ ਗਿਆ ਉਸਦੀ ਉਦਾਸੀ ਦੀ ਵਜ੍ਹਾ ।ਉਸ ਨੇ ਉਸਦੀ ਉਦਾਸੀ ਦੂਰ ਕਰਨ ਲਈ ਆਪਣੀ ਸੱਚਾਈ ਉਸ ਅੱਗੇ ਖੋਲ੍ਹ ਦਿੱਤੀ ਕਿ ਉਹ ਕੋਈ ਬ੍ਰਾਹਮਣ ਨਹੀਂ ਬਲਕਿ ਸੁਲੇਮਾਨ ਹੀ ਹੈ ਤੇ ਉਹ ਸਭ ਉਸਦੀ ਹੀ ਚਾਲ ਸੀ ਉਸ ਨਾਲ ਵਿਆਹ ਕਰਵਾਉਣ ਦੀ।ਸਰਸਵਤੀ ਨੇ ਸੱਚਾਈ ਸੁਣ ਕੇ ਖੁਸ਼ੀ ਦੇ ਮਾਰੇ ਝੱਟ ਚ ਸੁਲੇਮਾਨ ਨੂੰ ਗੱਲ ਨਾਲ ਲਾ ਲਿਆ ।
ਉਸ ਤੋਂ ਬਾਅਦ ਉਹ ਆਪਣੇ ਇਕ ਦੋਸਤ ਵਲੀ ਖਾਨ ਦੇ ਮਹਿਲ ਵੱਲ ਰਵਾਨਾ ਹੋ ਗਏ
।ਉਥੇ ਸਰਸਵਤੀ ਨੂੰ ਛੱਡ ਉਹ ਵਾਪਸ ਆਪਣੀ ਰਿਆਸਤ ਆ ਗਿਆ।ਸੁਲੇਮਾਨ ਦੇ ਕਹਿਣ ਤੇ ਸ਼ਹਿਜ਼ਾਦੇ ਵਲੀ ਖਾਨ ਨੇ ਸਰਸਵਤੀ ਨੂੰ ਆਪਣੀ ਭੈਣ ਬਣਾ ਲਿਆ ਅਤੇ ਉਸ ਦਾ ਨਾਮ ਤਬਦੀਲ ਕਰਕੇ ਮਹਿਰੂਨਿਸਾ ਰੱਖ ਦਿੱਤਾ।
ਇਸ ਤੋਂ ਬਾਅਦ ਬਾਦਸ਼ਾਹ ਅਕਰਮ ਹੁਸੈਨ ਨੂੰ ਸੰਦੇਸ਼ ਭੇਜਿਆ ਕਿ ਉਹ ਆਪਣੀ ਭੈਣ ਮਹਿਰੂਨਿਸਾ ਦਾ ਨਿਕਾਹ ਸ਼ਹਿਜ਼ਾਦੇ ਸੁਲੇਮਾਨ ਦੀ ਰਜਾਮੰਦੀ ਨਾਲ ਕਬੂਲ ਕਰਨ।ਜਦ ਸ਼ਹਿਜ਼ਾਦੇ ਤੋਂ ਉਹਨਾਂ ਇਸ ਰਿਸ਼ਤੇ ਲਈ ਗੱਲ ਕੀਤੀ ਤਾਂ ਉਸ ਹਾਂ ਕਰ ਦਿੱਤੀ।
ਪੁੱਤਰ ਮੂੰਹੋਂ ਹਾਂ ਸੁਣ ਕੇ ਬਾਦਸ਼ਾਹ ਨੇ ਖੁਸ਼ ਹੋ ਨਗਰ ਵਿਚ ਮਿਠਾਈਆਂ ਵੰਡਵਾਈਆਂ।ਪੂਰੇ ਮਹਿਲ ਨੂੰ ਸਜਾ ਕੇ ਢੋਲ ਨਗਾੜੇ ਵਜਵਾਏ।
ਚੰਗਾ ਦਿਨ ਵੇਖ ਬਾਰਾਤ ਲੈ ਕੇ ਵਲੀ ਖਾਨ ਦੇ ਮਹਿਲ ਪਹੁੰਚੇ।ਦੋਵਾਂ ਦਾ ਨਿਕਾਹ ਹੋ ਗਿਆ।
ਖੁਸ਼ੀ ਖੁਸ਼ੀ ਸੁਲੇਮਾਨ ਤੇ ਮਹਿਲ ਦੀ ਨਵੀਂ ਦੁਲਹਨ ਨੂੰ ਰਾਜ ਮਹਿਲ ਵਿੱਚ ਪੂਰੇ ਸਨਮਾਨ ਨਾਲ ਪਰਵੇਸ਼ ਕਰਵਾਇਆ।
ਇਸ ਤਰ੍ਹਾਂ ਸ਼ਹਿਜ਼ਾਦੇ ਸੁਲੇਮਾਨ ਦੀ ਸੂਝਬੂਝ ਨਾਲ ਚੱਲੀ ਚਾਲ ਨਾਲ ਅੱਜ ਸਾਰੇ ਖੁਸ਼ ਸਨ ।ਸਰਸਵਤੀ ਦਾ ਪਿਤਾ ਇਹ ਸੋਚ ਖੁਸ਼ ਸੀ ਕਿ ਉਸਦੀ ਧੀ ਦਾ ਵਿਆਹ ਇਕ ਬ੍ਰਾਹਮਣ ਨਾਲ ਹੋ ਗਿਆ।ਬਾਦਸ਼ਾਹ ਅਕਰਮ ਹੁਸੈਨ ਇਹ ਸੋਚ ਕੇ ਖੁਸ਼ ਸੀ ਕਿ ਉਸਦੇ ਪੁੱਤਰ ਨੇ ਉਸ ਗਰੀਬ ਕੰਨਿਆ ਨੂੰ ਭੁਲਾ ਬਰਾਬਰ ਦੇ ਖਾਨਦਾਨ ਵਿੱਚ ਨਿਕਾਹ ਕਰਵਾ ਲਿਆ।
ਸ਼ਹਿਜ਼ਾਦਾ ਸੁਲੇਮਾਨ ਤੇ ਸਰਸਵਤੀ ਆਪਣੇ ਪਿਆਰ ਦੀ ਜਿੱਤ ਵਿਚ ਖੁਸ਼ ਸਨ ਅਤੇ ਸਾਰੀ ਜਿੰਦਗੀ ਉਹਨਾਂ ਦੇ ਆਸਪਾਸ ਖੁਸ਼ੀਆਂ ਦਾ ਬਸੇਰਾ ਹੀ ਰਿਹਾ ।

ਸਰੂਚੀ ਕੰਬੋਜ਼
ਤਹਿਸੀਲ – ਫਾਜ਼ਿਲਕਾ

Post Author: admin

Leave a Reply

Your email address will not be published. Required fields are marked *