ਅੰਤਰਰਾਸ਼ਟਰੀ ਮਹਿਲਾ ਦਿਵਸ/ ਐਡਵੋਕੇਟ ਦਰਸ਼ਨ ਸਿੰਘ ਰਿਆੜ

8 ਮਾਰਚ ਦਾ ਦਿਨ ਜੋ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਸਰਬ ਪ੍ਰਵਾਨਤ ਹੈ ਵਿਸ਼ਵ ਪੱਧਰ ਤੇ ਸਮੂਹ ਔਰਤ ਜਾਤੀ ਦੀ ਭਲਾਈ ਤੇ ਖੁਸ਼ਹਾਲੀ ਲਈ ਬੜੇ ਜੋਸ਼ੋਖਰੋਸ਼ ਨਾਲ ਮਨਾਇਆ ਜਾਂਦਾ ਹੈ।ਸਵੱਬ ਨਾਲ ਪੰਜਾਬ ਵਿੱਚ ਅੱਜਕੱਲ ਵਿਧਾਨ ਸਭਾ ਦਾ ਬਜ਼ਟ ਸ਼ੈਸ਼ਨ ਚੱਲ ਰਿਹਾ ਹੈ ਤੇ ਇਸ ਵਾਰ ਬਜ਼ਟ ਵੀ 8 ਮਾਰਚ ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਹੀ ਪੇਸ਼ ਕਰਨ ਦਾ ਪ੍ਰੋਗਰਾਮ ਬਣਿਆ ਹੈ।ਵੇਖਣਾ ਬਣਦਾ ਹੈ ਕਿ ਪੰਜਾਬ ਸਰਕਾਰ ਇਸ ਅਹਿਮ ਦਿਨ ਤੇ ਔਰਤਾਂ ਲਈ ਕੀ ਸੌਗਾਤ ਲੈ ਕੇ ਆਂਉਦੀ ਹੈ।ਉਂਜ ਤਾਂ ਸੰਸਦ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਵੀ ਬੜੇ ਚਿਰਾਂ ਤੋਂ ਔਰਤਾਂ ਲਈ 33% ਰਾਂਖਵੇਂਕਰਣ ਦੀ ਮੰਗ ਹੋ ਰਹੀ ਹੈ ਜਿਸਨੂੰ ਅਜੇ ਤੱਕ ਬੂਰ ਨਹੀਂ ਪਿਆ।ਉਹ ਗੱਲ ਵੱਖਰੀ ਹੈ ਕਿ ਸਥਨਿਕ ਸਰਕਾਰਾਂ ਵਿੱਚ ਜਰੂਰ ਇਸਨੂੰ ਅਹਿਮੀਅਤ ਮਿਲੀ ਹੈ ਪਰ ਬਣਦਾ ਹੱਕ ਅਜੇ ਨਹੀਂ ਮਿਲ ਸਕਿਆ।ਸਾਡਾ ਦੇਸ਼ ਤਾਂ ਉਂਜ ਹੀ ਗੱਲ ਗੱਲ ਤੇ ਰਾਖਵੇਂਕਰਣ ਦਾ ਆਦੀ ਹੋ ਗਿਆ ਹੈ ਤੇ ਅਕਸਰ ਸਰਕਾਰਾਂ ਕੁਰਸੀ ਕਾਇਮ ਰੱਖਣ ਦੀ ਆੜ ਵਿੱਚ ਹੀ ਸਭ ਕੁਝ ਕਰਦੀਆਂ ਹਨ।ਪਰ ਔਰਤਾਂ ਤੇ ਮਰਦ ਜਦੋਂ ਸਮਾਜ ਵਿੱਚ ਬਰਾਬਰ ਵਿੱਚਰ ਰਹੇ ਹਨ ਤਾਂ ਬਰਾਬਰਤਾ ਕਾਇਮ ਕਰਨ ਲਈ ਔਰਤਾਂ ਨੂੰ ਵੀ ਹਰ ਥਾਂ 50% ਹਿੱਸਾ ਕਿਉਂ ਨਹੀਂ?

ਖੈਰ! ਗੱਲ ਮਹਿਲਾ ਦਿਵਸ ਦੀ ਚੱਲੀ ਹੈ ਤਾਂ ਅੱਠ ਮਾਰਚ ਦੇ ਮੁਕੱਦਸ ਦਿਹਾੜੇ ਨੂੰ ਸ਼ਾਨਾਮੱਤਾ ਬਣਾਉਣਾ ਬੜਾ ਜਰੂਰੀ ਹੈ।ਰਿਸ਼ੀਆਂ ਮੁਨੀਆਂ ਤੇ ਗੁਰੂਆਂ ਪੀਰਾਂ ਦੀ ਚਰਨ ਛੋਹ ਨਾਲ ਲਬਰੇਜ਼ ਸਾਡੇ ਦੇਸ਼ ਵਿੱਚ ਔਰਤਾਂ ਦਾ ਇਤਹਾਸ ਵੇਖੀਏ ਤਾਂ ਇਨ੍ਹਾਂ ਨੂੰ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ।ਗੁੱਤ ਪਿੱਛੇ ਮੱਤ ਅਤੇ ਪੈਰ ਦੀ ਜੁੱਤੀ ਵਰਗੇ ਵਿਸ਼ੇਸ਼ਣ ਸਮਾਜ ਦੇ ਇਸ ਅਹਿਮ ਅੰਗ ਨਾਲ ਜੁੜੇ ਰਹੇ ਹਨ।ਪਤੀ ਦੀ ਮੌਤ ਤੇ ਜਬਰੀ ਸਾੜ ਦੇਣਾ ਤੇ ਵਿਧਵਾ ਔਰਤ ਨੂੰ ਲਾਚਾਰ ਬਣਾ ਦੇਣਾ ਸਾਡੇ ਇਸ ਦੇਸ਼ ਵਿੱਚ ਹੁੰਦਾ ਰਿਹਾ ਹੈ।ਦਾਸੀ ਪ੍ਰਥਾ ਤਾਂ ਹਾਲੇ ਵੀ ਕਾਇਮ ਹੈ।ਹਾਲੇ ਥੋਹੜੀ ਦੇਰ ਪਹਿਲਾਂ ਤੱਕ ਵਿਚਾਰੀਆਂ ਔਰਤਾਂ ਸਿਰ ਤੇ ਮੈਲਾ ਢੋਣ ਦਾ ਕੰਮ ਵੀ ਕਰਦੀਆਂ ਰਹੀਆਂ ਹਨ।ਔਰਤ ਦਾ ਸਨਮਾਨ ਬਹਾਲ ਕਰਨ ਲਈ ਜੇ ਜਗਤ ਗੁਰੂ ਬਾਬਾ ਨਾਨਕ ਅਵਾਜ ਉਠਾ ਕੇੇ-ਸੋ ਕਿਉਂ ਮੰਦਾ ਆਖੀਐ ਜਿਤ ਜੰਮਿਹ ਰਾਜਾਨ- ਦਾ ਮਾਣ ਨਾ ਬਖਸ਼ਦੇ ਤਾਂ ਖਰੇ ਹਾਲੇ ਵੀ ਇਹ ਸਥਿਤੀ ਨਾ ਸੁੱਧਰਦੀ।ਵਿਲੀਅਮ ਬੈਂਟਿਕ ਤੇ ਰਾਜਾ ਰਾਮ ਮੋਹਨ ਰਾਇ ਵਰਗੇ ਹਮਲਾ ਨਾ ਮਾਰਦੇ ਤਾਂ ਸਤੀ ਪ੍ਰਥਾ ਨੇ ਵੀ ਔਰਤਾਂ ਦਾ ਖਹਿੜਾ ਨਹੀਂ ਸੀ ਛੱਡਣਾ। ਦੇਰ ਆਏ ਦਰੁਸਤ ਆਏ,ਹੁਣ ਔਰਤ ਨੂੰ ਬਹੁਤ ਮਾਣ ਸਨਮਾਨ ਹਾਸਲ ਹੈ।ਹੁਣ ਉਹ ਜਿੰਦਗੀ ਦੇ ਹਰ ਖੇਤਰ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀ ਹੈ।

ਬੜਾ ਚਿਰ ਔਰਤ ਦਾਜ਼ ਦਹੇਜ਼ ਤੇ ਘਰੇਲੂ ਹਿੰਸਾ ਦਾ ਵੀ ਸ਼ਿਕਾਰ ਹੁੰਦੀ ਰਹੀ ਹੈ।ਮਾਦਾ ਭਰੂਣ ਹੱਤਿਆ ਨੇ ਸਮਾਜ ਵਿੱਚਲੇ ਔਰਤ ਮਰਦ ਅਨੁਪਾਤ ਨੂੰ ਵੀ ਬੜਾ ਖੋਰਾ ਲਾ ਛੱਡਿਆ ਸੀ।ਹੁਣ ਦਾਜ਼ ਦਹੇਜ਼ ਦੀ ਰੋਕਥਾਮ ਲਈ ਵੀ ਕਨੂੰਨ ਬਣ ਚੁੱਕੇ ਹਨ ਅਤੇ ਮਾਦਾ ਭਰੂਣ ਹੱਤਿਆ ਰੋਕਣ ਲਈ ਵੀ।ਚਾਹੇ ਸਭ ਕੁਝ ਕਨੂੰਨਾਂ ਨਾਲ ਹੀ ਸਿਰੇ ਨਹੀਂ ਚੜਦਾ ਜਿੰਨਾ ਚਿਰ ਲੋਕ ਰਾਇ ਨਾਲ ਨਾਂ ਹੋਵੇ ਪਰ ਫਿਰ ਵੀ ਕਂੰਨੂੰਨ ਦੇ ਡੰਡੇ ਦੀ ਆਪਣੀ ਅਹਿਮੀਅਤ ਹੁੰਦੀ ਹੈ।ਵਿਗੜੇ ਤਿਗੜਿਆਂ ਦਾ ਡੰਡਾ ਹੀ ਪੀਰ ਹੁੰਦਾ ਹੈ।ਸਿਰ ਤੇ ਕੁੰਡਾ ਨਾ ਹੋਵੇ ਤਾਂ ਹਾਥੀ ਲੁੰਡਾ ਹੀ ਫਿਰਦਾ ਹੈ।ਅੱਜ ਦੀ ਔਰਤ ਪੜਾਈ ਦੇ ਖੇਤਰ ਵਿੱਚ ਅਹਿਮ ਪਾ੍ਰਪਤੀਆਂ ਕਰ ਕੇ ਮਰਦ ਨੂੰ ਪਛਾੜਨ ਲੱਗ ਪਈ ਹੈ।ਸਿਹਤ ਤੇ ਸਿਖਿਆ ਤੋਂ ਲੈ ਕੇ ਸੁਰੱਖਿਆ ਫੌਜਾਂ ਤੇ ਪੁਲਾੜ ਤੱਕ ਜਾ ਪਹੁੰਚੀ ਹੈ।ਪਰ ਇਹ ਸਾਰਾ ਕੁਝ ਔਰਤ ਨੂੰ ਪਲੇਟ ਵਿੱਚ ਪਰੋਸ ਕੇ ਨਸੀਬ ਨਹੀਂ ਹੋਇਆ ਇਸ ਪਾ੍ਰਪਤੀ ਲਈ ਸਮੁੱਚੇ ਵਿਸ਼ਵ ਦੀਆਂ ਔਰਤਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ ਹੈ।ਹੁਣ ਵਾਲੇ 8 ਮਾਰਚ ਦੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਵੀ ਬੜੇ ਲੰਬੇ ਸੰਘਰਸ਼ ਵਿੱਚੋਂ ਗੁਜ਼ਰਨਾ ਪਿਆ ਹੈ।ਇਸ ਅਹਿਮ ਸੋਚ ਪਿੱਛੇ ਰੂਸ ਦੀ ਇੱਕ ਅਣਥੱਕ ਔਰਤ ਦੀ ਬੜੀ ਵੱਡੀ ਦੇਣ ਹੈ ਜਿਸਦਾ ਨਾਮ ਹੈ ਸਰਬਰ ਮਲਕਿਆਨ।

ਸਰਬਰ ਮਲਕਿਆਨ ਦਾ ਜਨਮ ਰੂਸ ਦੇ ਬਾਰ ਸ਼ਹਿਰ ਵਿੱਚ 1 ਮਈ 1874 ਨੂੰ ਹੋਇਆ ਸੀ।ਸੰਨ 1891 ਵਿੱਚ ਉਹ ਰੂਸ ਤੋਂ ਅਮਰੀਕਾ ਪ੍ਰਵਾਸ ਕਰ ਗਈ।ਉਥੇ 1896 ਵਿੱਚ ਉਹ ਅਮਰੀਕਨ ਸ਼ੋਸ਼ਲਿਸ਼ਟ ਪਾਰਟੀ ਦੀ ਮੈਂਬਰ ਬਣ ਗਈ।ਅਮਰੀਕਾ ਦੀਆਂ ਔਰਤਾਂ ਆਪਣੇ ਅਧਿਕਾਰਾਂ ਪ੍ਰਤੀ ਪਹਿਲਾਂ ਹੀ ਸੁਚੇਤ ਹੋ ਚੁੱਕੀਆਂ ਸਨ।8 ਮਾਰਚ 1857 ਵਿੱਚ ਪਹਿਲੀ ਵਾਰ ਅਮਰੀਕਾ ਦੀਆਂ ਬੁਣਕਰ ਔਰਤਾਂ ਨੇ ਕੰਮ ਦੇ ਘੰਟੇ ਘਟਾਉਣ ਅਤੇ ਬਰਾਬਰ ਸਹੂਲਤਾਂ ਲਈ ਖਾਲੀ ਪਤੀਲਾ ਜਲੂਸ- ਕੱਢਿਆ।ਫਿਰ 1908 ਵਿੱਚ ਸਰਬਰ ਮਲਕਿਆਨ ਨੇ ਸਮਾਜਵਾਦੀ ਪਾਰਟੀ ਦੇ ਪ੍ਰਤੀਨਿੱਧ ਦੇ ਤੌਰ ਤੇ ਮਹਿਲਾ ਦਿਵਸ ਦਾ ਮਤਾ ਪੇਸ਼ ਕੀਤਾ ਜਿਸਨੂੰ ਅਪਣਾ ਕੇ 1909 ਵਿੱਚ ਅਮਰੀਕਾ ਦੀ ਸਮਾਜਵਾਦੀ ਪਾਰਟੀ ਨੇ ਪਹਿਲੀ ਵਾਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ।ਉਦੋਂ ਇਹ 28 ਫਰਵਰੀ ਨੂੰ ਮਨਾਇਆ ਗਿਆ ਸੀ ਜੋ ਬਾਦ ਵਿੱਚ 8 ਮਾਰਚ ਨੂੰ ਫਿਕਸ ਹੋ ਗਿਆ।1910 ਵਿੱਚ ਕੋਪਨਹੈਗਨ ਵਿੱਚ ਦੂਜੀ ਅੰਤਰਾਸ਼ਟਰੀ ਕਾਨਫਰੰਸ ਤੋਂ ਪਹਿਲਾਂ 17 ਦੇਸ਼ਾਂ ਦੀਆਂ 100 ਔਰਤਾਂ ਵੱਲੋਂ ਔਰਤਾਂ ਲਈ ਵੋਟ ਦਾ ਹੱਕ ਲੈਣ ਅਤੇ ਬਰਾਬਰਤਾ ਦੇ ਅਧਿਕਾਰ ਲਈ ਸੰਘਰਸ਼ ਦਾ ਫੈਸਲਾ ਕੀਤਾ। 19 ਮਾਰਚ 1911 ਨੂੰ ਆਸਟਰੀਆ,ਡੈਨਮਾਰਕ,ਜਰਮਨੀ ਤੇ ਸਵਿਟਜ਼ਰਲੈਂਡ ਤੋਂ 10 ਲੱਖ ਤੋਂ ਵੱਧ ਲੋਕਾਂ ਨੇ ਔਰਤਾਂ ਦੇ ਹੱਕਾਂ ਦੀ ਵਕਾਲਤ ਕੀਤੀ। ਰੂਸੀ ਔਰਤਾਂ ਨੇ 1917 ਵਿੱਚ ਪਹਿਲੇ ਵਿਸ਼ਵ ਯੁੱਧ ਤੋਂ ਬਾਦ ਰੋਟੀ ਅਤੇ ਸ਼ਾਤੀ ਲਈ ਹੜਤਾਲ ਕੀਤੀ।ਕੰਮ ਦੇ ਘੰਟੇ ਘੱਟ ਕਰਾਉਣ ਲਈ ਮਾਰਚ ਕੱਢਿਆ।ਇਸ ਰੋਹ ਤੇ ਵਿਰੋਧ ਕਾਰਨ ਰੂਸ ਦੇ ਸਮਰਾਟ ਨਿਕੌਲਸ ਨੂੰ ਅਸਤੀਫਾ ਦੇਣਾ ਪਿਆ।ਯੂਰਪ ਦੀਆਂ ਔਰਤਾਂ ਨੇ ਰੂਸੀ ਔਰਤਾਂ ਦੇ 28 ਫਰਵਰੀ ਦੇ ਰੋਸ ਪ੍ਰਗਟਾਵੇ ਦੇ ਸਮੱਰਥਨ ਵਿੱਚ 8 ਮਾਰਚ 1917 ਨੂੰ ਰੈਲੀ ਕੀਤੀ।ਫਿਰ 26 ਅਗਸਤ 1920 ਤੋਂ ਔਰਤ ਸਮਾਨਤਾ ਅਧਿਕਾਰ ਮਨਾਇਆ ਜਾਣ ਲੱਗਾ। 1965 ਤੋਂ ਰੂਸ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਛੁੱਟੀ ਦੀ ਘੋਸ਼ਣਾ ਕਰ ਦਿੱਤੀ ਗਈ।

ਚੀਨ ਵਿੱਚ ਵੀ 1922 ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਅਤੇ ਸਪੈਨਿਸ਼ ਮਾਰਕਸਵਾਦੀਆਂ ਨੇ 1936 ਵਿੱਚ ਇਸਨੂੰ ਅਪਣਾ ਲਿਆ ਸੀ।23 ਦਸੰਬਰ 1949 ਨੂੰ ਚੀਨ ਵਿੱਚ ਰਾਸ਼ਟਰੀ ਮਹਿਲਾ ਦਿਵਸ ਦੀ 8 ਮਾਰਚ ਦੀ ਛੁੱਟੀ ਸ਼ੁਰੂ ਹੋ ਗਈ ਸੀ।ਪਰ ਸੰਯੁਕਤ ਰਾਸ਼ਟਰ ਦੁਆਰਾ 1975 ਵਿੱਚ ਇਸ ਅਹਿਮ ਦਿਨ ਨੂੰ ਮਾਨਤਾ ਮਿਲਣ ਨਾਲ ਇਹ ਤਿਉਹਾਰ ਵਿਸ਼ਵ ਦਾ ਤਿਉਹਾਰ ਬਣ ਗਿਆ ਹੈ।ਹੁਣ ਤਾਂ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਦਿਨ ਮੇਲੇ ਵਾਂਗ ਮਨਾਇਆ ਜਾਣ ਲੱਗ ਪਿਆ ਹੈ।ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਇਸ ਦਿਨ ਔਰਤਾਂ ਦੀ ਭਲਾਈ ਤੇ ਖੁਸ਼ਹਾਲੀ ਲਈ ਵੱਧ ਤੋਂ ਵੱਧ ਪ੍ਰੋਗਰਾਮ ਪੇਸ਼ ਕਰਦੀਆਂ ਤੇ ਸੁਪਨੇ ਸਿਰਜਦੀਆਂ ਹਨ।ਸਾਡੇ ਦੇਸ਼ ਵਿੱਚ ਵੀ ਇਸਨੂੰ ਬਹੁਤ ਅਹਿਮੀਅਤ ਦਿੱਤੀ ਜਾਂਦੀ ਹੈ।ਕੇਂਦਰੀ ਸਰਕਾਰ ਨੇ ਬੇਟੀ ਪੜਾਉ ਬੇਟੀ ਬਚਾਉ- ਦਾ ਨਾਅਰਾ ਦੇ ਕੇ ਔਰਤਾਂ ਪ੍ਰਤੀ ਆਪਣੀ ਸਾਰਥਿਕਤਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂ ਕਿ ਹਕੀਕਤ ਵਿੱਚ ਇਹ ਸਭ ਨਾਅਰਾ ਹੀ ਬਣ ਕੇ ਰਹਿ ਗਿਆ ਹੈ ਕਿਉਂਕਿ ਔਰਤਾਂ ਨਾਲ ਘਿਨਾਉਣੀਆਂ ਵਾਰਦਾਤਾਂ ਨੂੰ ਲਗਾਮ ਹੀ ਨਹੀਂ ਲੱਗ ਰਹੀ। ਆਏ ਦਿਨ ਦੇਸ਼ ਦੀ ਰਾਜਧਾਨੀ ਵਿੱਚ ਹੀ ਕਿਸੇ ਨਾ ਕਿਸੇ ਸਮੂਹਿਕ ਬਲਾਤਕਾਰ ਤੇ ਕਤਲ ਦੀਆਂ ਵਾਰਦਾਤਾਂ ਸੁਣਨ ਨੂੰ ਮਿਲਦੀਆਂ ਹਨ।ਦੇਸ਼ ਦੀ ਸੰਸਦ ਦੇ ਇੱਕ ਤਿਹਾਈ ਮੈਂਬਰ ਦੋਸ਼ੀਆਂ ਦੀ ਸੂਚੀ ਵਿੱਚ ਹਨ ਜਿੰਨਾਂ ਵਿੱਚੋਂ ਕਈਆਂ ਤੇ ਬਲਾਤਕਾਰ ਦੇ ਕੇਸਾਂ ਦਾ ਵੀ ਜਿਕਰ ਛਿੜਦਾ ਰਹਿੰਦਾ ਹੈ।

ਜਿਸ ਦੇਸ਼ ਵਿੱਚ ਮਦਰ ਟਰੇਸਾ ਵਰਗੀਆਂ ਸੰਤ ਹਸਤੀਆਂ ਵਿੱਚਰੀਆਂ ਹੋਣ,ਮਾਈ ਭਾਗੋ ਤੇ ਰਾਣੀ ਲਕਸ਼ਮੀ ਬਾਈ ਵਰਗੀਆਂ ਨਿਡਰ ਤੇ ਬਹਾਦਰ ਔਰਤਾਂ ਦਾ ਨਾਮ ਆਉਂਦਾ ਹੋਵੇ,ਮੀਰਾਂ ਬਾਈ ਵਰਗੀਆਂ ਪ੍ਰਭੂ ਭਗਤੀ ਵਿੱਚ ਲੀਨ ਆਤਮਾਵਾਂ ਵੱਸਦੀਆਂ ਰਹੀਆਂ ਹੋਣ ,ਕਲਪਨਾ ਚਾਵਲਾ ਵਰਗੀਆਂ ਪੁਲਾੜ ਉਡਾਰਨਾਂ ,ਪੀ ਟੀ ਊਸ਼ਾ ਵਰਗੀਆਂ ਉੜਨ ਪਰੀਆਂ ਨੇ ਜਿੰਦਗੀ ਵਿੱਚ ਲਾਮਿਸਾਲ ਮੁਕਾਮ ਕਾਇਮ ਕੀਤੇ ਹੋਣ ਉਥੇ ਔਰਤਾਂ ਨਾਲ ਨਾਇਨਸਾਫੀ ਤੇ ਘਿਨਾਉਣੀਆਂ ਵਾਰਦਾਤਾਂ ਵਾਪਰਨ ਇਹ ਗੱਲ ਹਜਮ ਨਹੀਂ ਹੁੰਦੀ। ਵਿਦਿਅਕ ,ਨੈਤਿਕ ਤੇ ਇਖਲਾਕੀ ਖਿਲਾਅ ਪੈਦਾ ਹੋ ਗਿਆ ਲੱਗਦਾ ਹੈ।ਲੋਕਰਾਜ ਦੌਰਾਨ ਜਦੋਂ ਲੋਕ ਵੋਟ ਦੀ ਤਾਕਤ ਨਾਲ ਆਪ ਆਪਣੀ ਸਰਕਾਰ ਚੁਣਦੇ ਹਨ ਤਾਂ ਉਸ ਚੁਣੀ ਹੋਈ ਸਰਕਾਰ ਨੂੰ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਸਰਬਪ੍ਰਮੁੱਖਤਾ ਨਾਲ ਨਿਭਾਉਣੀ ਚਾਹੀਦੀ ਹੈ।ਲੋਕਰਾਜ ਤਾਂ ਉਂਜ ਵੀ ਵਿਚਾਰ ਪ੍ਰਗਟਾਵੇ ਤੇ ਖੁੱਲੀ ਬਹਿਸ ਤੇ ਨਿਰਭਰ ਕਰਦਾ ਹੈ ।ਔਰਤਾਂ ਨੂੰ ਬਰਾਬਰਤਾ ਪ੍ਰਦਾਨ ਕਰਨ ਲਈ ਸੰਸਦ ਤੇ ਰਾਜ ਵਿਧਾਨ ਸਭਾਵਾਂ ਵਿੱਚ ਵੀ ਔਰਤਾਂ ਨੂੰ ਬਰਾਬਰ ਅਨੁਪਾਤ ਵਿੱਚ ਹਿੱਸਾ ਮਿਲਣਾ ਚਾਹੀਦਾ ਹੈ ਤਾਂ ਹੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਸਾਰਥਿਕ ਹੋਵੇਗਾ ਵਰਨਾ ਅੱਗਾ ਦੌੜ ਤੇ ਪਿੱਛਾ ਚੌੜ ਹੀ ਰਹੇਗਾ।ਦੇਸ਼ ਵਿੱਚ ਚੱਲ ਰਹੇ ਮੌਜੂਦਾ ਕਿਸਾਨ ਸੰਘਰਸ਼ ਜੋ ਹੁਣ ਜਨ ਸੰਘਰਸ਼ ਬਣ ਚੁੱਕਾ ਹੈ ਤੇ ਔਰਤਾਂ ਵੀ ਉਸ ਵਿੱਚ ਪੂਰੀ ਤਨਦੇਹੀ ਨਾਲ ਸ਼ਿਰਕਤ ਕਰ ਰਹੀਆਂ ਹਨ ਨੂੰ ਖੁੱਲਦਿਲੀ ਨਾਲ ਵਿਚਾਰ ਕੇ ਹੱਲ ਕਰਨਾ ਚਾਹੀਦਾ ਹੈ ਨਾ ਕਿ ਡਰ ਵਾਲਾ ਵਾਤਾਵਰਣ ਪੈਦਾ ਕਰਕੇ ਵਿਰੋਧ ਭਾਵਨਾ ਪੈਦਾ ਕੀਤੀ ਜਾਵੇ। ਅੱਜ ਦੀ ਔਰਤ ਪੈਰ ਦੀ ਜੁੱਤੀ ਨਹੀਂ ਰਹੀ।ਸਬੰਧ ਸੁਖਾਂਵੇਂ ਨਾ ਹੋਣ ਤਾਂ ਉਹ ਤਲਾਕ ਲੈਣ ਲਈ ਅਜ਼ਾਦ ਹੈ।ਘਰੇਲੂ ਹਿੰਸਾ ਹੋਵੇ ਤਾਂ ਉਹ ਕਨੂੰਨੀ ਚਾਰਾਜੋਈ ਕਰਕੇ ਵਿਰੋਧੀਆਂ ਨੂੰ ਸੁਲਾਖਾਂ ਪਿੱਛੇ ਪਚੁਉਣ ਲੱਗ ਪਈ ਹੈ।ਵਿਧਵਾ ਵਿਆਹ ਦੀ ਹੁਣ ਪਬੰਦੀ ਨਹੀਂ ਰਹੀ।ਪਰ ਸਿੱਕੇ ਦੇ ਦੋ ਪਹਿਲੂ ਹੋਣ ਵਾਂਗ ਏਥੇ ਵੀ ਚੰਗੇ ਦੇ ਨਾਲ ਮਾੜਾ ਵੀ ਵਾਪਰਨ ਲੱਗ ਗਿਆ ਹੈ।ਪਹਿਲਾਂ ਔਰਤ ਦੁਸ਼ਾਵਰੀ ਦਾ ਸ਼ਿਕਾਰ ਹੁੰਦੀ ਰਹੀ ਹੈ ਤੇ ਹੁਣ ਕਈ ਚਲਾਕ ਔਰਤਾਂ ਨੇ ਕਨੂੰਨ ਦੀ ਦੁਰਵਰਤੋਂ ਕਰਕੇ ਮਨੁੱਖ ਨੂੰ ਤੰਗ ਪ੍ਰੇਸ਼ਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਸਬਰ ਦੀ ਭਾਵਨਾ ਖਤਮ ਹੁੰਦੀ ਜਾ ਰਹੀ ਹੈ ਤੇ ਲੱਖਾਂ ਹੀ ਤਲਾਕ,ਗੁਜ਼ਾਰਾ ਭੱਤਾ ਅਤੇ ਘਰੇਲੂ ਹਿੰਸਾ ਦੇ ਕੇਸ ਅਦਾਲਤਾਂ ਦੇ ਵਿਚਾਰਧੀਨ ਹਨ।ਹਰੇਕ ਸੁਵਿਧਾ ਦੀ ਜਾਇਜ ਵਰਤੋਂ ਕਰਨੀ ਚਾਹੀਦੀ ਹੈ ਨਾਜਾਇਜ਼ ਨਹੀਂ।ਆਮੀਨ।

ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੋ : 9316311677

Post Author: admin

Leave a Reply

Your email address will not be published. Required fields are marked *