
ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਰਤੀ ਕਾਮਿਆਂ ਦੀਆਂ ਕੁੜੀਆਂ ਦੇ ਵਿਆਹ ਮੌਕੇ ਦਿੱਤੀ ਜਾਂਦੀ ਸ਼ਗਨ ਦੀ ਰਾਸ਼ੀ ਪਹਿਲੀ ਅਪਰੈਲ 2021 ਤੋਂ 31000 ਰੁਪਏ ਤੋਂ ਵਧਾ ਕੇ 51000 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੋਵਿਡ ਟੈਸਟ ਪਾਜ਼ੇਟਿਵ ਪਏ ਜਾਂਦੇ ਇਨਾਂ ਕਿਰਤੀਆਂ ਜਾਂ ਇਨਾਂ ਦੇ ਪਰਿਵਾਰਕ ਮੈਂਬਰਾਂ ਨੂੰ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਵੀ ਮਨਜ਼ੂਰੀ ਦੇ ਦਿੱਤੀ।ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਮਾਰਤ ਅਤੇ ਹੋਰ ਉਸਾਰੀ ਕਾਮਿਆਂ (ਬੀ.ਓ.ਸੀ.ਡਬਲਿਊ.) ਭਲਾਈ ਬੋਰਡ ਦੀ ਸ਼ੁੱਕਰਵਾਰ ਸ਼ਾਮ ਨੂੰ ਵੀਡਿਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਵਿੱਚ ਲਿਆ ਗਿਆ।
ਇਸ ਤੋਂ ਇਲਾਵਾ ਸ਼ਗਨ ਦਾ ਫਾਇਦਾ ਹਾਸਲ ਕਰਨ ਲਈ ਪ੍ਰਕਿਰਿਆ ਆਸਾਨ ਕਰਦਿਆਂ ਮੁੱਖ ਮੰਤਰੀ ਨੇ ਮੌਜੂਦਾ ਸ਼ਰਤਾ ਵਿੱਚ ਕਿਸੇ ਵੀ ਧਾਰਮਿਕ ਸੰਸਥਾ ਗੁਰਦੁਆਰਾ, ਮੰਦਿਰ ਤੇ ਚਰਚ ਵੱਲੋਂ ਜਾਰੀ ਕੀਤੇ ਵਿਆਹ ਸਰਟੀਫਿਕੇਟ ਨੂੰ ਇਸ ਮੰਤਵ ਕਰਨ ਲਈ ਸਵਿਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ। 50 ਫੀਸਦੀ ਰਾਸ਼ੀ ਐਡਵਾਂਸ ਵਿੱਚ ਹਾਸਲ ਕੀਤੀ ਜਾ ਸਕਦੀ ਹੈ ਜਦੋਂ ਕਿ ਬਾਕੀ ਰਾਸ਼ੀ ਸੋਧੇ ਨਿਯਮਾਂ ਤਹਿਤ ਸਬੰਧਤ ਅਥਾਰਟੀ ਵੱਲੋਂ ਜਾਰੀ ਵਿਆਹ ਸਰਟੀਫਿਕੇਟ ਨੂੰ ਜਮਾਂ ਕਰਵਾਉਣ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਇਮਾਰਤ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਨਾਲ ਰਜਿਸਟਰਡ ਧੀਆਂ ਇਸ ਸਕੀਮ ਦੇ ਤਹਿਤ ਯੋਗ ਹਨ।
ਇਕ ਹੋਰ ਵੱਡੇ ਫੈਸਲੇ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਸਾਰੀ ਗਤੀਵਿਧੀਆਂ ਦੌਰਾਨ ਕੰਮ ਕਰਦਿਆਂ ਹਾਦਸੇ ਵਿੱਚ ਕਿਰਤੀ ਦੀ ਮੌਤ ਹੋਣ ਦੀ ਸੂਰਤ ਵਿੱਚ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਭਾਵੇਂ ਕਿ ਉਹ ਉਸਾਰੀ ਬੋਰਡ ਨਾਲ ਰਜਿਸਟਰਡ ਹੋਵੇ ਜਾਂ ਨਹੀਂ ਬਸ਼ਰਤੇ ਉਹ ਉਸਾਰੀ ਕਿਰਤੀ ਵਜੋਂ ਰਜਿਸਟਰਡ ਹੋਣ ਦੇ ਯੋਗ ਹੋਵੇ।