ਅਮਰੀਕਾ ਆਉਣ ਵਾਲਿਆਂ ਲਈ ਕੋਰੋਨਾ ਵਾਇਰਸ ਜਾਂਚ ਅਤੇ ਇਕਾਂਤਵਾਸ ਹੋਵੇਗਾ ਲਾਜ਼ਮੀ

ਵਾਸ਼ਿੰਗਟਨ, 23 ਜਨਵਰੀ : ਕੋਵਿਡ-19 ਚੁਣੌਤੀ ਨਾਲ ਨਜਿੱਠਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ. ਬਾਈਡਨ ਨੇ ਕਈ ਕਾਰਜਕਾਰੀ ਆਦੇਸ਼ਾਂ ’ਤੇ ਹਸਤਾਖ਼ਰ ਕੀਤੇ ਹਨ। ਇਨ੍ਹਾਂ ਵਿਚ ਵਿਦੇਸ਼ਾਂ ਤੋਂ ਅਮਰੀਕਾ ਵਿਚ ਆਉਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਜਾਂਚ ਅਤੇ ਇਕਾਂਤਵਾਸ ਨੂੰ ਲਾਜ਼ਮੀ ਕਰ ਦਿਤਾ ਗਿਆ ਹੈ। ਬਾਈਡੇਨ ਨੇ ਹੁਕਮਾਂ ’ਤੇ ਹਸਤਾਖਰ ਕਰਨ ਮਗਰੋਂ ਵ੍ਹਾਈਟ ਹਾਊਸ ਵਿਖੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਇਸ ਤੋਂ ਇਲਾਵਾ ਜਿਹੜੇ ਵੀ ਦੂਜੇ ਦੇਸ਼ਾਂ ਤੋਂ ਅਮਰੀਕਾ ਆ ਰਹੇ ਹਨ ਉਨ੍ਹਾਂ ਲੋਕਾਂ ਨੂੰ ਜਹਾਜ਼ ’ਤੇ ਸਵਾਰ ਹੋਣ ਤੋਂ ਪਹਿਲਾਂ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਹੋਵੇਗਾ ਅਤੇ ਅਮਰੀਕਾ ਆਉਣ ’ਤੇ ਇਕਾਂਤਵਾਸ ਵਿਚ ਰਹਿਣਾ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਡੀ ਰਾਸ਼ਟਰੀ ਯੋਜਨਾ ਵਿਚ ਯੁੱਧ ਪੱਧਰ ’ਤੇ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਕਿ ਉਤਪਾਦਨ ਵਧਾ ਕੇ ਸਪਲਾਈ ਵਿਚ ਆਈ ਕਮੀ ਨੂੰ ਦੂਰ ਕੀਤਾ ਜਾ ਸਕੇ। ਭਾਵੇਂ ਇਹ ਸਪਲਾਈ ਰਖਿਆਤਮਕ ਉਪਕਰਨ, ਸਰਿੰਜ, ਸੂਈਆਂ ਆਦਿ ਦੀ ਹੋਵੇ। ਬਾਈਡੇਨ ਮੁਤਾਬਕ, ਜਦੋਂ ਮੈਂ ਯੁੱਧ ਕਾਲ ਕਹਿੰਦਾ ਹਾਂ ਤਾਂ ਲੋਕ ਹੈਰਾਨੀ ਨਾਲ ਦੇਖਦੇ ਹਨ। ਕੱਲ੍ਹ ਰਾਤ ਤਕ 4,00,000 ਅਮਰੀਕੀਆਂ ਦੀ ਜਾਨ ਚਲੀ ਗਈ ਅਤੇ ਇਹ ਦੂਜੇ ਵਿਸ਼ਵ ਯੁੱਧ ਨਾਲੋਂ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਮਿ੍ਰਤਕਾਂ ਦੀ ਗਿਣਤੀ 5,00,000 ਤੋਂ ਵੀ ਵਧ ਹੋਣ ਦਾ ਖ਼ਦਸ਼ਾ ਹੈ ਅਤੇ ਕੋਰੋਨਾ ਵਾਇਰਸ ਦੇ ਮਾਮਲੇ ਵੀ ਵਧਦੇ ਰਹਿਣਗੇ। ਬਾਈਡੇਨ ਨੇ ਕਿਹਾ ਕਿ ਅਸੀਂ ਇਸ ਸਥਿਤੀ ਨਾਲ ਰਾਤੋਂ-ਰਾਤ ਨਜਿੱਠ ਨਹੀਂ ਸਕਦੇ, ਚੀਜ਼ਾਂ ਨੂੰ ਬਦਲਣ ਵਿਚ ਕਈ ਮਹੀਨਿਆਂ ਦਾ ਸਮਾਂ ਲੱਗੇਗਾ ਪਰ ਅਸੀਂ ਇਸ ਸਥਿਤੀ ਤੋਂ ਉਭਰ ਜਾਵਾਂਗੇ। ਅਸੀਂ ਇਸ ਮਹਾਮਾਰੀ ਨੂੰ ਹਰਾ ਦੇਵਾਂਗੇ ਅਤੇ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਰਾਸ਼ਟਰ ਨੂੰ ਮੈਂ ਸਾਫ਼ ਕਹਿ ਦੇਣਾ ਚਾਹੁੰਦਾ ਹਾਂ ਕਿ ਮਦਦ ਇਸ ਦਿਸ਼ਾ ਵਿਚ ਵਧ ਰਹੀ ਹੈ।

Post Author: admin

Leave a Reply

Your email address will not be published. Required fields are marked *