ਗ਼ਜ਼ਲ/ ਗੁਰਭਜਨ ਗਿੱਲ

ਲੋਕਤੰਤਰ ਬਣ ਗਿਆ ਹੈ ਵੇਖ ਲਉ ਦਾਦਾਗਿਰੀ।
ਟੰਗਦੇ ਸੂਲੀ ਤੇ ਪਹਿਲਾਂ, ਫੇਰ ਦਿੰਦੇ ਦਿਲਬਰੀ।

ਸਾਜ਼ਿਸ਼ੀ ਮਾਹੌਲ ਅੰਦਰ ਹੋ ਰਿਹਾ ਵਿਸ਼ਵਾਸਘਾਤ,
ਧਰਮਸਾਲੀਂ ਬੈਠ ਧਰਮੀ ਕਰ ਰਹੇ ਨੇ ਚਾਕਰੀ।

ਜਾਬਰਾਂ ਦੇ ਹੱਥ ਚਾਬੀ ਅਮਨ ਤੇ ਕਾਨੂੰਨ ਦੀ,
ਰਾਹਜ਼ਨਾਂ ਨੂੰ ਸੌਂਪ ਦਿੱਤੀ ਆਪ ਆਪਾਂ ਰਾਹਬਰੀ।

ਵੇਖ ਲਉ ਕਲਜੁਗ ਦਾ ਪਹਿਰਾ, ਖੋਲ੍ਹ ਅੱਖਾਂ ਵੇਖ ਲਉ,
ਕਾਲੇ ਧਨ ਦੇ ਵਾਸਤੇ ਚਿੱਟੇ ਦੀ ਹੈ ਸੌਦਾਗਰੀ।

ਤੂੰ ਕਹੇਂ ਹਰ ਵਾਰ ਹੀ ਪੰਜਾਬ ਸੂਲੀ ਉੱਤੇ ਕਿਉਂ,
ਸਮਝਿਆ ਕਰ ਏਸ ਦੇ ਤਾਂ ਖ਼ੂਨ ਵਿਚ ਹੈ ਨਾਬਰੀ।

ਮਰਨ ਵਾਲੇ ਮਰ ਗਏ, ਫਿਰ ਟੋਡੀਆਂ ਦਾ ਰਾਜ ਭਾਗ,
ਭੋਲਿਆ ਓ ਪੰਛੀਆ, ਇਹ ਜਾਲ ਦੀ ਕਾਰਾਗਰੀ।

ਛਤਰ ਸਿਰ ਤੇ, ਚੌਰ ਝੁੱਲਣ,ਕਵਚ ਸੋਨੇ ਤਾਰ ਦਾ,
ਬਹੁਤ ਕੁਝ ਦੇਵੇ ਹਕੂਮਤ ਜੇ ਕਰੋਗੇ ਮੁਖ਼ਬਰੀ।

ਤੇਰੇ ਭਾਣੇ ਬੇਅਕਲ, ਪਰ ਫ਼ਰਜ਼ ਨੂੰ ਪਹਿਚਾਣਦਾਂ,
ਪੱਥਰਾਂ ਦੇ ਸ਼ਹਿਰ ਤਾਂ ਹੀ ਕਰ ਰਿਹਾਂ ਸ਼ੀਸ਼ਾਗਰੀ।

ਸਬਰ ਅੱਗੇ ਜਬਰ ਹਾਰੇ, ਪੁੱਛ ਲੈ ਇਤਿਹਾਸ ਤੋਂ,
ਹਾਰਿਆ ਸੀ ਮੀਰ ਮੰਨੂੰ ਟੁੱਟ ਗਈ ਸੀ ਦਾਤਰੀ।


ਗ਼ਜ਼ਲ ਸੰਗ੍ਰਹਿ ਮਿਰਗਾਵਲੀ ‘ਚੋਂ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨ ਸਮਾਣਾ

Post Author: admin

Leave a Reply

Your email address will not be published. Required fields are marked *