(1)ਵੰਗਾਰ
ਸਾਡੀ ਰਹਿਤਲ ਤੇ ਸਭਿਆਚਾਰ ਉੱਤੇ ਪੂੰਜੀਵਾਦ ਦਾ ਚੜ੍ਹਿਆ ਅੱਜ ਰੰਗ ਮੀਆਂ।
ਕਾਮੇ, ਕਿਰਤੀ, ਕਿਸਾਨ ਹੈਰਾਨ ਫਿਰਦੇ ਕੀਤਾ ਭੁੱਖ ਨੇ ਸਭ ਨੂੰ ਤੰਗ ਮੀਆਂ।
ਲੜੀਏ ਘੋਲ ਸੰਘਰਸ਼ ਦੇ ਵਿੱਚੋਂ ਕੁੱਦੀਏ ਸੰਸਾਰੀਕਰਨ ਵਿਰੁੱਧ ਹੈ ਜੰਗ ਮੀਆਂ।
ਸਾਡੇ ਕੋਲ ਵਿਰਾਸਤ ਹੈ ਗਦਰੀਆਂ ਦੀ ਕਾਹਤੋਂ ਕੈਲਵੀ ਰਹੇ ਹਾਂ ਸੰਗ ਮੀਆਂ?
(2)ਚਰਚਾ ਰਾਮ
ਚਰਚਾ ਰਾਮ ਨੇ ਦਿੱਤਾ ਬਿਆਨ ਵੱਡਾ-ਖੇਤੀ ਬਿੱਲਾਂ ਤੇ ਕਰਨ ਕਿਰਸਾਨ, ਚਰਚਾ।
ਸਾਰੇ ਤੌਖਲੇ ਉਹਨਾਂ ਦੇ ਦੂਰ ਕਰ ਦਊ- ਮੈਂ ਕਰਦਾ ਹਾਂ ਬਹੁਤ ਮਹਾਨ ਚਰਚਾ।
ਭੋਲੇ ਅਨਪੜ੍ਹ ਕਿਸਾਨ ਕੀ ਜਾਣਦੇ ਨੇ? ਮੇਰੇ ਵਰਗੇ ਹੀ ਕਰਨ, ਵਿੱਦਵਾਨ, ਚਰਚਾ।
ਮੇਰੇ ਕੋਲ ਦਲੀਲਾਂ ਦੇ ਤੀਰ ਤਿੱਖੇ ਮੈਥੋਂ ਕੈਲਵੀ ਸਿਖੀ ਸ਼ੈਤਾਨ, ਚਰਚਾ।
(3)ਮੁਰਦੇ/ਬੌਣੇ
ਬੌਣੇ, ਉੱਚੀਆਂ ਕੁਰਸੀਆਂ ਤੇ ਬੈਠੇ, ਉੱਚੇ ਹੁੰਦੇ ਨਹੀਂ- ਉਹਨਾਂ ਨੂੰ ਸਮਝ ਛੋਟੇ।
ਸਿਹਤਮੰਦ ਭਲਵਾਨ ਉਹ ਨਹੀਂ ਹੁੰਦੇ- ਲੱਤਾਂ ਸੁੱਕੀਆਂ ਜੀਹਨਾਂ ਦੇ ਢਿੱਡ ਮੋਟੇ।
ਪਾਟੀ ਚੁੰਨੀ ਦਾ ਨਹੀਂ ਕੋਈ ਮੁੱਲ ਪੈਂਦਾ, ਭਾਵੇਂ ਏਸ ਨੂੰ ਲਾਈਏ ਅਸੀਂ ਗੋਟੇ।
ਓਸ ਬੰਦੇ ਨੂੰ ਕੈਲਵੀ ਸਮਝ ਮੁਰਦਾ, ਜੀਹਦੇ ਅਣਖ਼ ਦੇ ਹੁੰਦੇ ਹਰ ਰੋਜ਼ ਟੋਟੇ।
(4)ਝੂਠੀ ਸ਼ਾਂਤੀ
ਪੈਦਾ ਹੁੰਦੀਆਂ ਨਿੱਤ ਸਮੱਸਿਆਵਾਂ, ਨਹੀਂ ਨਿਕਲਦਾ ਕਿਸੇ ਦਾ ਹੱਲ ਮੀਆਂ।
ਕੋਈ ਕਿਸੇ ਦੀ ਸੁਣਦਾ ਮੰਨਦਾ ਨਹੀਂ, ਹਰ ਕੋਈ ਖੜਕਾ ਰਿਹੈ ਟੱਲ ਮੀਆਂ।
ਸੁਣ ਸੁਣ ਕੇ ਟੀ ਵੀ ਤੇ ਬਹਿਸ ਬਾਜ਼ੀ ਹੋ ਗਿਆ ਦਿਮਾਗ਼ ਹੁਣ ਡੱਲ ਮੀਆਂ।
ਏਥੇ ਰਹਿ ਕੇ ਸ਼ਾਂਤੀ ਹੁਣ ਲੱਭਣੀ ਨਹੀਂ, ਝੂਠੀ ਕੈਲਵੀ! ਸ਼ਾਂਤੀ ਦੀ ਗੱਲ ਮੀਆਂ।
(5)ਲੋਕਤੰਤਰ
ਲੋਕਤੰਤਰ ਦਾ ਲੋਕੋ ਹੈ ਲੱਕ ਟੁੱਟਾ ਤਾਨਾਸ਼ਾਹੀ ਨੇ ਲੱਕ ਇਹ ਤੋੜਿਆ ਏ।
ਕੱਠੇ ਹੋ ਕੇ ਲੜੋ ਸੰਗ੍ਰਾਮ ਰਲ਼ਕੇ ਲਹੂ ਅਸਾਂ ਆਜ਼ਾਦੀ ਲਈ ਰੋੜ੍ਹਿਆ ਏ।
ਪੈਰਾਂ ਹੇਠ ਆਜ਼ਾਦੀ ਲਿਤਾੜ ਦਿੱਤੀ ਏਹਦਾ ਮੂੰਹ ਕਿਉਂ ਅਸਾਂ ਨੇ ਮੋੜਿਆ ਏ।
“ਭਗਤ ਸਿੰਘ” ਨੂੰ ਕੈਲਵੀ ਭੁੱਲ ਗਏ ਕਿਉਂ? ਬੁਰਕਾ ਬੁਜ਼ਦਿਲੀ ਦਾ ਕਿਉਂ ਓੜਿਆ ਏ?

ਮੋ.98783-81474