
ਅਸੀਂ ਤੇਰੇ ਪੁੱਤਾਂ ਨੇ
ਬੇਦਾਵਾ ਨਹੀਂ ਦਿੱਤਾ
ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਾਂ
ਉੱਗ ਪਏ ਹਾਂ ਖੇਤਾਂ ‘ਚੋਂ
ਜਿਨ੍ਹਾਂ ਨੂੰ
ਖੋਹਣ ਨੂੰ ਫਿਰਦਾ ਸੀ ਹਾਕਮ
ਮਾਈ ਭਾਗੋ ਨੂੰ
ਵੰਗਾਰਨ ਦੀ ਲੋੜ ਨਹੀਂ ਪਈ
ਉਹ ਸਾਡੇ ਨਾਲ ਖੜ੍ਹੀ ਹੈ ਪਹਿਲੇ ਦਿਨੋਂ
ਜਿਸ ਦਿਨ ਦਾ ਕੜਾ ਪਾਇਆ
ਅਸੀਂ ਤੱਕਿਆ ਨਹੀਂ
ਮੁੜ ਚੂੜੀਆਂ ਵੱਲ ਕਦੇ।
ਦਾਦੀ ਦੀ ਉਂਗਲ ਲੱਗਿਆ ਪੋਤਾ
ਠੰਡੇ ਬੁਰਜ ਚ ਨਿੱਘਾ ਹੈ
ਸੂਬੇ ਦੀ ਕਚਿਹਰੀ
ਫਿਰ ਉਹੀ ਫ਼ਰਮਾਨ ਦੇ ਰਹੀ ਹੈ
ਥਾਂ ਬਦਲਿਆ ਹੈ।
ਸਰਸਾ ਦੇ ਰੋੜ੍ਹ ਚੋਂ
ਚਮਕੌਰ ਦਾ ਯੁੱਧ ਲਾਜ਼ਮੀ ਹੈ।
ਅਸੀਂ ਤਾੜੀ ਦੀ ਗੂੰਜ ਚ
ਪੜ੍ਹ ਰਹੇ ਹਾਂ
ਜੀਵਤ ਕਈ ਹਜ਼ਾਰ ਦਾ
ਸਦੀਵੀ ਸਬਕ ਵਾਲਾ ਅਧਿਆਇ
ਵਰਕਾ ਪਾੜਨ ਦੀ
ਨੌਬਤ ਨਹੀਂ ਆਉਣੀ ਇਸ ਵਾਰ
ਅਸੀਂ ਖਿਦਰਾਨੇ ਦੀ ਢਾਬ ਚੋਂ
ਸਿੰਘੂ , ਟੀਕਰੀ ਗ਼ਾਜ਼ੀਪੁਰ, ਚਿੱਲਾ
ਪਲਵਲ ਜਾ ਮੱਲਿਆ ਹੈ।
ਦਿੱਲੀ ਜੋ
ਸਦਾ ਸਾਡੇ ਤੇ ਚੜ੍ਹ ਕੇ ਆਉਂਦੀ ਸੀ
ਭਿੱਜੀ ਬਿੱਲੀ ਬਣ ਦੁਬਕੀ ਬੈਠੀ ਹੈ।
ਅਸੀਂ ਦਿੱਲੀ ਨੂੰ ਚੜ੍ਹ ਨਿਕਲੇ ਹਾਂ।
ਗੁਰੂ ਹਾਜ਼ਰ ਨਾਜ਼ਰ ਹੈ
ਤਾਂ ਹੀ ਏਥੇ ਸਾਰੇ ਹੀ
ਧਰਮੀ ਧਰਮ ਸਿੰਘ ਨੇ
ਸੀਸ ਮੰਗਣ ਦੀ ਲੋੜ ਨਹੀਂ ਪਈ
ਪੀਰ ਬੁੱਧੂ ਸ਼ਾਹ ਪੁੱਤਾਂ ਨਾਲ ਖਲੋਤਾ
ਮੋਤੀ ਮਹਿਰੇ ਨੂੰ ਗਲ ਨਾਲ ਲਾ ਰਿਹਾ ਹੈ।
ਅਸੀਂ ਸੜਕਾਂ ਦੇ ਕੰਢਿਆਂ ਤੇ
ਬੀਜ ਦਿੱਤੀ ਹੈ ਪਨੀਰੀ
ਫ਼ਸਲ ਬਣੇਗੀ ਵਕਤ ਨਾਲ।
ਲਿਖ ਰਹੇ ਹਾਂ ਫ਼ਤਹਿਨਾਮਾ
ਮੈਦਾਨ ਚੋ ਔਰੰਗੇ ਨੂੰ ਨਿਰਸ਼ਬਦਾ
ਸਮੇਂ ਦੀ ਹਿੱਕ ਤੇ।
ਅਨੰਦਪੁਰ ਬਹੁਤ ਵਿਸ਼ਾਲ ਹੋ ਗਿਆ ਹੈ
ਘੋੜੇ ਖਹਿ ਰਹੇ ਨੇ
ਮਾਈ ਭਾਗੋ ਦੇ ਪੈਰਾਂ ਦੇ ਨਿਸ਼ਾਨ ਨਾਲ
ਭਾਈ ਨੰਦ ਲਾਲ ਗੋਯਾ ਲਿਖ ਰਿਹਾ ਹੈ
ਮੋਰਚੇ ‘ਚ
ਸ਼ਹੀਦ ਹੋਣ ਵਾਲਿਆਂ ਦੀ ਗਾਥਾ
ਅਸੀਂ ਤੇਰੇ ਪੁੱਤਰਾਂ
ਬੇਦਾਵਾ ਨਹੀਂ ਲਿਖਿਆ ਅਸੀਂ।
ਉੱਗ ਪਏ ਹਾਂ ਖੇਤਾਂ ਚੋਂ
ਤੇਰੇ ਸੁਲੱਗ ਪੁੱਤਰ ਬਣ ਕੇ।
ਬਲਜੀਤ ਸਿੰਘ ਵਿਰਕ (ਡਾ.)
ਇਤਿਹਾਸ ਵਿਭਾਗ
ਗੁਰੂ ਹਰਗੋਬਿੰਦ ਖਾਲਸਾ ਕਾਲਿਜ
ਗੁਰੂ ਸਰ ਸਧਾਰ (ਲੁਧਿਆਣਾ)ਸੰਪਰਕ: 95010 33563