ਵਿਅੰਗ ਚੌਕੇ / ਪ੍ਰੋ. ਜਸਵੰਤ ਸਿੰਘ ਕੈਲਵੀ

(1)          ਹਰ ਕੋਈ ਸੋਚਦਾ ਏ

ਮਿਲਣ ਸੁਖ ਮੈਨੂੰ ਹਰ ਕੋਈ ਸੋਚਦਾ ਹੈ- ਜੇ ਦੁੱਖ ਆਵਣ, ਆਵਣ ਹੋਰ ਉੱਤੇ!

ਜੀਹਨੂੰ ਰੱਬ ਵੱਲੋਂ ਥੋੜਾ ਬਲ ਮਿਲਦੈ ਕਾਠੀ ਪਾਉਂਦਾ ਏ ਉਹ ਕਮਜ਼ੋਰ ਉੱਤੇ!

ਦਸਾਂ ਦਿਸ਼ਾਂ `ਚ ਮਨ ਭਟਕਾਵੰਦਾ ਏ ਨਿਗਾਹ ਰੱਖਦਾ ਨਹੀਂ ਪਰ ਚੋਰ ਉੱਤੇ !

ਕਲਗ਼ੀ, ਕੈਲਵੀ! ਮੇਰੇ ਸਿਰ ਸੱਜੇ ਇਹ ਸੱਜੇ ਨਾ ਕਿਸੇ ਵੀ ਹੋਰ ਉੱਤੇ!

(2)          ਜਕੜੇ ਕਾਲ਼ੇ ਕਾਨੂੰਨਾਂ ਨੇ

ਲੰਘੀ ਜ਼ਿੰਦਗੀ ਕਾਲ਼ੇ ਦੌਰ ਵਿੱਚੋਂ ਮੁਸ਼ਕਲ ਨਾਲ ਲੰਘੇ ਕੁੱਝ ਕੁ ਸਾਲ ਚਿੱਟੇ!

ਅਸੀਂ ਦਿਲ ਨੂੰ ਚਿੱਟਾ ਨਾ ਕਰ ਸਕੇ ਭਾਵੇਂ ਹੋ ਗਏ ਦਾੜ੍ਹੀ ਦੇ ਵਾਲ ਚਿੱਟੇ!

ਰੁੱਤ ਜੋਬਨ ਦੀ ਜਦੋਂ ਹੈ ਲੰਘ ਜਾਂਦੀ ਲੈ ਲੈਂਦੀਆਂ ਬੀਬੀਆਂ ਸ਼ਾਲ ਚਿੱਟੇ!

ਜਕੜੇ ਕਾਲ਼ੇ ਕਾਨੂੰਨਾਂ ਨੇ ਕੈਲਵੀ ਜੀ! ਕਦੋਂ ਹੋਣਗੇ ਅਸਾਂ ਦੇ ਹਾਲ, ਚਿੱਟੇ?

(3) ਅੜੀ

ਜਾਗੇ ਦੇਸ ਦੇ ਰਾਜਿਆ! ਜਾਗ ਛੇਤੀ, ਸਮਾਂ ਹੋਇਆ ਕੀ? ਵੇਖ ਤੂੰ ਘੜੀ ਉੱਤੇ!

ਏਸ ਘੜੀ ਜੇ ਵਕਤ ਸੰਭਾਲਿਆ ਨਾ ਤਖਤੋਂ ਡਿੱਗੇਂਗਾ ਭੋਇੰ ਤੂੰ ਰੜੀ ਉੱਤੇ!

ਤੈਨੂੰ ਸਮੇਂ ਲਿਤਾੜ ਕੇ ਲੰਘ ਜਾਣੈ, ਅੜਿਆ ਰਿਹਾ ਜੇ ਆਪਣੀ ਅੜੀ ਉਤੇ!

ਹੋਣੈ ਹਾਲ ਔਰੰਗੇ ਜਿਹਾ ਕੈਲਵੀ ਜੀ! ਕਿਸੇ ਫੁੱਲ ਨਹੀਂ ਰੱਖਣਾ ਮੜ੍ਹੀ ਉੱਤੇ!

                     (4) ਗ੍ਰਹਿਣ

ਸੋਚ ਜਦੋਂ ਹੁੰਦੀ ਕਾਲ਼ੀ ਹਾਕਮਾਂ ਦੀ ਹੋ ਜਾਂਦੇ ਨੇ ਉਹਨਾਂ ਦੇ ਖੂਨ ਕਾਲ਼ੇ

ਮੁਗਲਾਂ, ਗੋਰਿਆਂ ਸਾਡੇ ਤੇ ਰਾਜ ਕੀਤਾ ਪਾਸ ਕੀਤੇ ਕਈ ਉਹਨਾਂ ਕਾਨੂੰਨ ਕਾਲ਼ੇ,

ਅਸੀਂ ਆਪਣੀ ਹਯਾਤੀ `ਚ ਵੇਖ ਚੁੱਕੇ ਚੁਰਾਸੀ ਵਿੱਚ ਨਵੰਬਰ ਤੇ ਜੂਨ ਕਾਲ਼ੇ,

ਜਦੋਂ ਲੱਗਦੈ, ਗ੍ਰਹਿਣ ਤਾਂ ਕੈਲਵੀ ਜੀ! ਉਦੋਂ ਹੁੰਦੇ ਨੇ (Sun) ਸੰਨ ਤੇ ਮੂਨ(Moon) ਕਾਲ਼ੇ।

(5) ਦੁਨੀਆ ਮੰਡੀ ਹੈ

ਕੋਈ ਪੰਛੀਆਂ ਨੂੰ ਏਖੇ ਚੋਗ ਪਾਵੇ, ਪੰਛੀ ਫਾਹੁਣ ਲਈ ਕੋਈ ਪਿਆ ਜਾਲ਼ ਵੇਚੇ!

ਕੋਈ ਭਰੇ ਤਜੌਰੀਆਂ ਲੁੱਟ ਲੁੱਟ ਕੇ, ਦੁਖੀ ਮਾਂ ਕੋਈ, ਆਪਣਾ ਲਾਲ ਵੇਚੇ!

ਕੋਈ ਸ਼ਬਦ ਵੇਚੇ, ਕੋਈ ਧਰਮ ਵੇਚੇ, ਕੋਈ ਆਪਣਾ ਰਾਗ ਤੇ ਤਾਲ ਵੇਚੇ!

ਦੁਨੀਆ ਮੰਡੀ ਹੈ, ਏਥੇ ਕੈਲਵੀ ਜੀ! ਹਰ ਕੋਈ ਆਪਣਾ ਆਪਣਾ ਮਾਲ ਵੇਚੇ!

ਪ੍ਰੋ. ਜਸਵੰਤ ਸਿੰਘ ਕੈਲਵੀ
-ਮੋ. 98783-81474

   –

  

Post Author: admin

Leave a Reply

Your email address will not be published. Required fields are marked *