ਜਿਸ ਨੂੰ ਉੜਤਾ ਪੰਜਾਬ ਕਿਹਾ ਗਿਆ ਸੀ, ਹੁਣ ਉਹ ਉੱਠਦਾ ਪੰਜਾਬ ਹੈ- ਗੁਰਪ੍ਰੀਤ ਘੁੱਗੀ

ਨਵੀਂ ਦਿੱਲੀ, 22 ਦਸੰਬਰ: ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਵੀ ਦਿੱਲੀ ਦੀ ਸਰਹੱਦ ਉਤੇ ਡਟੇ ਹੋਏ ਹਨ। ਗੁਰਪ੍ਰੀਤ ਘੁੱਗੀ ਸਮਾਜ ਸੇਵੀ ਸੰਸਥਾ ਯੁਨਾਇਟਡ ਸਿੱਖ ਵਲੋਂ ਚਲਾਈ ਜਾ ਰਹੀ ਸੇਵਾ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਘੁੱਗੀ ਨੇ ਕਿਹਾ ਕਿ ਯੂਨਾਇਟਡ ਸਿੱਖਜ਼ ਵਲੋਂ ਲਗਾਤਾਰ ਠੰਢ ਵਿਚ ਡਟੇ ਹੋਏ ਕਿਸਾਨਾਂ ਦੀ ਮਦਦ ਕੀਤੀ ਜਾ ਰਹੀ ਹੈ। ਸੰਸਥਾ ਵਲੋਂ ਠੰਢੀਆਂ ਹਵਾਵਾਂ ਤੋਂ ਬਚਣ ਲਈ ਵਾਟਰਪਰੂਫ਼ ਟੈਂਟ ਲਗਾਏ ਗਏ ਹਨ ਜਿਸ ਵਿਚ ਕਿਸਾਨ ਆਰਾਮ ਨਾਲ ਸੌ ਸਕਦੇ ਹਨ। ਇਸ ਲਈ ਲਗਾਤਾਰ ਆਰਡਰ ਦਿੱਤੇ ਜਾ ਰਹੇ ਹਨ।
ਉਨ੍ਹਾਂ ਦਸਿਆ ਕਿ ਲੋਕ ਭਾਰੀ ਗਿਣਤੀ ਵਿਚ ਯੋਗਦਾਨ ਦੇਣ ਲਈ ਫ਼ੋਨ ਕਰ ਰਹੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਗਰਮ ਪਾਣੀ ਦੀ ਸਹੂਲਤ ਦੇਣ ਲਈ ਦੇਸੀ ਗੀਜ਼ਰ ਵੀ ਲਿਆਂਦੇ ਗਏ ਹਨ। ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਇਸ ਦੌਰਾਨ ਹਰ ਧਰਮ ਦੇ ਭਰਾ ਅਪਣਾ ਫਰਜ਼ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਤੋਂ ਬਿਨਾਂ ਸਾਡਾ ਕੋਈ ਧਰਮ ਨਹÄ ਹੈ। ਗੁਰਬਾਣੀ ਵਿਚ ਵੀ ਖੇਤੀ ਨੂੰ ਸੱਭ ਤੋਂ ਉੱਤਮ ਦਸਿਆ ਗਿਆ ਹੈ। ਉਨ੍ਹਾਂ ਸਾਰਿਆਂ ਨੂੰ ਸੱਚ ਅਤੇ ਹਕੀਕਤ ਨਾਲ ਜੁੜਨ ਦੀ ਅਪੀਲ ਕੀਤੀ।

ਨਸ਼ੇ ਬਾਰੇ ਬੋਲਦਿਆਂ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਪੈਦਾ ਕੀਤੀ ਗਈ ਸੀ, ਪੰਜਾਬ ਦੇ ਬੱਚਿਆਂ ਨੂੰ ਗ੍ਰਾਹਕ ਬਣਾਇਆ ਗਿਆ ਸੀ। ਪਰ ਹੁਣ ਅਸੀਂ ਅਪਣੀ ਅਗਲੀ ਪੀੜੀ ਨੂੰ ਬਚਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਸ ਨੂੰ ਉੜਤਾ ਪੰਜਾਬ ਕਿਹਾ ਗਿਆ ਸੀ, ਹੁਣ ਉਹ ਉੱਠਦਾ ਪੰਜਾਬ ਹੈ। ਲੋਕਾਂ ਨੇ ਨੌਜਵਾਨਾਂ ਨੂੰ ਨਜ਼ਰਅੰਦਾਜ਼ ਕੀਤਾ ਸੀ ਪਰ ਜਵਾਨਾਂ ਨੇ ਦਿਖਾ ਦਿਤਾ ਕਿ ਅਸੀ ਕਿਸ ਦੇ ਪੁੱਤਰ ਹਾਂ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਵਿਚ ਨਿਰਾਸ਼ਾ ਨਾ ਆਉਣ ਦੇਣ ਤੇ ਹਮੇਸ਼ਾਂ ਚੜ੍ਹਦੀਕਲਾ ਵਿਚ ਰਹਿਣ।


ਸੰਘਰਸ਼ ਲਈ ਦਿੱਲੀ ਆਉਣ ਵਾਲਿਆਂ ਨੂੰ ਗੁਰਪ੍ਰੀਤ ਘੁੱਗੀ ਨੇ ਅਪੀਲ ਕੀਤੀ ਕਿ ਜੋ ਵੀ ਦਿੱਲੀ ਆ ਰਿਹਾ ਹੈ ਉਹ ਅਪਣੇ ਨਾਲ ਰਾਸ਼ਨ ਨਾ ਲੈ ਕੇ ਆਵੇ ਕਿਉਂਕਿ ਇੱਥੇ ਰਾਸ਼ਨ ਦੀ ਕੋਈ ਕਮੀ ਨਹੀਂ ਹੈ। ਜੋ ਵੀ ਆ ਰਿਹਾ ਹੈ, ਉਹ ਅਪਣੇ ਨਾਲ ਗਰਮ ਕੱਪੜੇ, ਜਰਾਬਾਂ, ਦਸਤਾਨੇ ਆਦਿ ਦਾ ਇਕ ਇਕ ਜੋੜਾ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੇਕਰ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦਾ ਫ਼ਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਤਾਂ ਇਹ ਉਹ ਕਿਸਾਨ ਹੋਣਗੇ ਜੋ ਸਰਕਾਰ ਨੇ ਭਰਤੀ ਕੀਤੇ ਹੋਣਗੇ। ਜੇ ਕਿਸਾਨ ਨੂੰ ਫ਼ਾਇਦਾ ਹੋ ਰਿਹਾ ਹੁੰਦਾ ਤਾਂ ਉਹ ਖੇਤ ਵਿਚ ਜਾ ਕੇ ਖੇਤੀ ਕਰਦੇ ਨਾ ਕਿ ਠੰਢ ਵਿਚ ਜ਼ਮੀਨ ‘ਤੇ ਆ ਕੇ ਬੈਠਦੇ।

Post Author: admin

Leave a Reply

Your email address will not be published. Required fields are marked *