ਵੱਡੀ ਗਿਣਤੀ ‘ਚ ਲੋਕ ਜੀਓ ਸਿਮ ਦਾ ਕਰਨ ਲੱਗੇ ਬਾਈਕਾਟ, ਕੰਪਨੀ ਨੇ ਕਰਵਾਈ ਸ਼ਿਕਾਇਤ ਦਰਜ

ਚੰਡੀਗੜ੍ਹ, 17 ਦਸੰਬਰ- ਕਿਸਾਨ ਜਥੇਬੰਦੀਆਂ ਵੱਲੋਂ ਅੰਬਾਨੀ ਦੇ ਕਾਰੋਬਾਰ ਦੇ ਬਾਈਕਾਟ ਦਾ ਸੱਦਾ ਰੰਗ ਦਿਖਾਉਣ ਲੱਗਾ ਹੈ। ਅਹਿਮ ਸੂਤਰਾਂ ਅਨੁਸਾਰ ਪੰਜਾਬ ਅਤੇ ਹਰਿਆਣਾ ’ਚੋਂ ਵੱਡੀ ਗਿਣਤੀ ਵਿੱਚ ਰਿਲਾਇੰਸ ਜੀਓ ਦੇ ਗਾਹਕ ਹੁਣ ਜੀਓ ਦੇ ਕੁਨੈਕਸ਼ਨ ‘ਪੋਰਟ’ ਕਰਾਉਣ ਲਈ ਨਿੱਤਰੇ ਹਨ। ਰਿਲਾਇੰਸ ਜੀਓ ਵੱਲੋਂ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਕੋਲ ਵਿਰੋਧੀ ਕੰਪਨੀਆਂ ਦੀ ਪਾਈ ਸ਼ਿਕਾਇਤ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਸਾਨ ਧਿਰਾਂ ਦੇ ਸੱਦੇ ਦਾ ਸੇਕ ਕਿਸੇ ਨਾ ਕਿਸੇ ਰੂਪ ਵਿਚ ਅੰਬਾਨੀ ਦੇ ਜੀਓ ਕਾਰੋਬਾਰ ਨੂੰ ਲੱਗਣ ਲੱਗਾ ਹੈ।

ਰਿਲਾਇੰਸ ਜੀਓ ਨੇ ਸ਼ਿਕਾਇਤ ਵਿੱਚ ਆਪਣੇ ਵਿਰੋਧੀ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ’ਤੇ ਉਂਗਲ ਉਠਾਈ ਹੈ ਕਿ ਵਿਰੋਧੀ ਕੰਪਨੀਆਂ ਜੀਓ ਖ਼ਿਲਾਫ਼ ਗ਼ਲਤ ਪ੍ਰਚਾਰ ਕਰਕੇ ਗਾਹਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼ਿਕਾਇਤ ਵਿਚ ਆਖਿਆ ਗਿਆ ਹੈ ਕਿ ਰਿਲਾਇੰਸ ਜੀਓ ਕੋਲ ਜੀਓ ਕੁਨੈਕਸ਼ਨ ਦੂਸਰੀਆਂ ਕੰਪਨੀਆਂ ਵਿਚ ਤਬਦੀਲ ਕਰਾਉਣ ਦੀਆਂ ਦਰਖਾਸਤਾਂ ਵੱਧ ਗਈਆਂ ਹਨ। ਦੂਸਰੀ ਤਰਫ ਏਅਰਟੈੱਲ ਅਤੇ ਵੋਡਾਫੋਨ ਦੇ ਪ੍ਰਤੀਨਿਧਾਂ ਨੂੰ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ। ਦੇਖਣ ‘ਚ ਆਇਆ ਹੈ ਕਿ ਸੋਸ਼ਲ ਮੀਡੀਆ ‘ਤੇ ਕਈ ਕੰਪਨੀਆਂ ਦੇ ਡੀਲਰਾਂ ਵੱਲੋਂ ਜੀਓ ਕੁਨੈਕਸ਼ਨ ਤਬਦੀਲ ਕਰਾਏ ਜਾਣ ਬਾਰੇ ਅਤੇ ਆਪੋ-ਆਪਣੀ ਕੰਪਨੀ ਦੇ ਕੁਨੈਕਸ਼ਨ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਤਾਂ ਕਈ ਮੋਬਾਈਲ ਟਾਵਰ ਵੀ ਕਿਸਾਨਾਂ ਨੇ ਘੇਰੇ ਹੋਏ ਸਨ। ਨੌਜਵਾਨ ਆਗੂ ਲੱਖਾ ਸਧਾਣਾ ਦਾ ਕਹਿਣਾ ਸੀ ਕਿ ਇਹ ਅੰਬਾਨੀ ਖ਼ਿਲਾ਼ਫ ਲੋਕਾਂ ਦੇ ਸਖ਼ਤ ਰੋਹ ਦਾ ਪ੍ਰਗਟਾਵਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਕਹਿਣਾ ਸੀ ਕਿ ਕੌਮੀ ਪੱਧਰ ’ਤੇ ਕਿਸਾਨ ਧਿਰਾਂ ਵੱਲੋਂ ਕੀਤੀ ਅਪੀਲ ਨੂੰ ਲੋਕਾਂ ਨੇ ਪ੍ਰਵਾਨ ਕੀਤਾ ਹੈ ਜਿਸ ਦੇ ਵਜੋਂ ਰਿਲਾਇੰਸ ਜੀਓ ਨੂੰ ਤਕਲੀਫ ਪੁੱਜੀ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਅੰਬਾਨੀ-ਅਡਾਨੀ ਖ਼ਿਲਾਫ਼ ਰੋਹ ਫੈਲ ਗਿਆ ਹੈ।

Post Author: admin

Leave a Reply

Your email address will not be published. Required fields are marked *