ਨੀਲੀਬਾਰ ਦਾ ਮੁਜ਼ਾਰਾ ਘੋਲ

ਚਰੰਜੀ ਲਾਲ ਕੰਗਣੀਵਾਲ

ਸੰਘਰਸ਼ ਦੀ ਗਾਥਾ

ਕਿਰਤੀ’ ਅਖ਼ਬਾਰ ਨੇ ਪੰਜਾਬ ਵਿੱਚ ‘ਕਿਰਤੀ ਪਾਰਟੀ’ ਨੂੰ ਜਨਮ ਦਿੱਤਾ। ਇਹ ਪਾਰਟੀ ਮਾਰਕਸਵਾਦੀ ਸਿਧਾਂਤ ਨੂੰ ਪਰਨਾਈ ਗਈ ਸੀ ਅਤੇ ਇਸ ਨੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਇਨਕਲਾਬੀ ਲਹਿਰ ਵਿੱਚ ਸੰਗਠਤ ਕਰਨ ਦਾ ਬੀੜਾ ਚੁੱਕਿਆ। ਕਿਰਤੀ ਪਾਰਟੀ ਨੇ ਨਵੇਂ ਇਤਿਹਾਸ ਦੀ ਸਿਰਜਨਾ ਕੀਤੀ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ। ਰੂਸ ਦੇ ਇਨਕਲਾਬ ਨੂੰ ਸਮਝਣ ਅਤੇ ਅਧਿਐਨ ਕਰਨ ਦਾ ਫ਼ੈਸਲਾ ਕਰ ਕੇ ਗ਼ਦਰ ਪਾਰਟੀ ਨੇ 1920 ਵਿੱਚ ਭਾਈ ਸੰਤੋਖ ਸਿੰਘ ਅਤੇ ਭਾਈ ਰਤਨ ਸਿੰਘ ਨੂੰ ਇਸ ਕਾਰਜ ਲਈ ਮਾਸਕੋ ਭੇਜਿਆ। ਮਾਸਕੋ ਤੋਂ ਵਾਪਸ ਆ ਕੇ ਭਾਈ ਸੰਤੋਖ ਸਿੰਘ ਨੇ ਫਰਵਰੀ 1926 ਨੂੰ ‘ਕਿਰਤੀ’ ਅਖ਼ਬਾਰ ਦਾ ਪਹਿਲਾ ਅੰਕ ਅੰਮ੍ਰਿਤਸਰ ਤੋਂ ਪ੍ਰਕਾਸ਼ਤ ਕੀਤਾ। ਭਾਈ ਜੀ ਵੱਲੋਂ ਆਪਣੇ ਲੇਖ ‘ਕਿਰਤੀ ਕਿਸਾਨ ਪਾਰਟੀ ਦੀ ਲੋੜ’ ਰਾਹੀਂ ਮਜ਼ਦੂਰਾਂ ਤੇ ਕਿਸਾਨਾਂ ਦੀ ਆਪਣੀ ਜਥੇਬੰਦੀ ਦੀ ਵਕਾਲਤ ਕੀਤੀ। ਲੇਖ ਵਿੱਚ ਦੱਸਿਆ ਗਿਆ ਕਿ ‘‘ਬੰਬਈ ਅਤੇ ਕਲਕੱਤੇ ਵਿੱਚ ਤਾਂ ਕਿਰਤੀ-ਕਿਸਾਨ ਪਾਰਟੀਆਂ ਬਣ ਗਈਆਂ ਹਨ, ਪਰ ਪੰਜਾਬ ਵਿੱਚ ਨਹੀਂ।’’ ਮਜ਼ਦੂਰਾਂ ਕਿਸਾਨਾਂ ਦਾ ਸੰਗਠਨ ਕਾਇਮ ਕਰਨਾ ਇਸ ਲੇਖ ਦੀ ਵਿਚਾਰਧਾਰਕ ਮਹੱਤਤਾ ਸੀ। ਅੰਗਰੇਜ਼ ਸਰਕਾਰ ਨੇ ‘ਇੰਤਕਾਲ ਅਰਾਜ਼ੀ ਐਕਟ’ ਲਿਆਂਦਾ। ਜਦੋਂ ਨਵੀਆਂ ਜ਼ਮੀਨਾਂ ਆਬਾਦ ਹੋ ਜਾਣ ’ਤੇ ਜਗੀਰਦਾਰਾਂ ਅਤੇ ਕਿਸਾਨਾਂ ਦਾ ਬੜਾ ਵੱਡਾ ਹਿੱਸਾ ਖੇਤੀ ਵਿੱਚ ਮਸ਼ਰੂਫ ਸੀ ਤਾਂ ਇਸ ਕਾਨੂੰਨ ਰਾਹੀਂ ਗੈਰ-ਜੱਟ ਜਾਤੀਆਂ ਨੂੰ ਖੇਤੀਬਾੜੀ ਦੇ ਧੰਦੇ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ। ਇਸ ਨਾਲ ਪੰਜਾਬ ਦੇ ਸਮਾਜਿਕ ਢਾਂਚੇ ਵਿੱਚ ਜ਼ਰਾਇਤੀ ਅਤੇ ਗੈਰ-ਜ਼ਰਾਇਤੀ ਤਬਕਿਆਂ ਵਿੱਚ ਇੱਕ ਪੱਕੀ ਦੀਵਾਰ ਹੀ ਨਾ ਖੜ੍ਹੀ ਹੋ ਗਈ ਸਗੋਂ ਜਾਤਾਂ ਦਾ ਅਹਿਸਾਸ ਵੀ ਉੱਭਰ ਆਇਆ ਸੀ। ਅੰਗਰੇਜ਼ੀ ਰਾਜ ਵੱਲੋਂ ਇਹ ਕੰਮੀ ਤੇ ਗੈਰ ਕੰਮੀ ਦੀ ਸਮਾਜਿਕ ਵੰਡ ਨੂੰ ਡੂੰਘੇਰੀ ਕਰਨ ਦਾ ਹੀ ਯਤਨ ਸੀ। ‘ਕਿਰਤੀ’ ਅਖ਼ਬਾਰ ਨੇ ਇਸ ਕਾਨੂੰਨ ’ਤੇ ਟਿੱਪਣੀ ਕਰਦਿਆਂ ਲਿਖਿਆ, ‘‘ਅਸੀਂ ਆਰੰਭ ਵਿੱਚ ਹੀ ਦੱਸ ਦੇਣਾ ਚਾਹੁੰਦੇ ਹਾਂ, ਕਿ ਅਸੀਂ ਕਿਸੇ ਅੜੇ ਇੰਤਕਾਲ ਅਰਾਜ਼ੀ ਐਕਟ ਦੇ ਹੱਕ ਵਿੱਚ ਨਹੀਂ ਹਾਂ, ਸਗੋਂ ਇਸ ਦੀ ਵਿਰੋਧਤਾ ਕਰਦੇ ਹਾਂ। ਪਰ ਸਾਡਾ ਖਿਆਲ ਹੈ ਕਿ ਇਸ ਕਾਨੂੰਨ ਦੇ ਟੁੱਟ ਜਾਣ ਨਾਲ ਆਮ ਕਿਰਤੀਆਂ ਦਾ ਕੱਖ ਨਹੀਂ ਸੌਰ ਸਕਦਾ, ਕਿਉਂਕਿ ਆਮ ਕਿਰਤੀ ਤਾਂ ਰੋਟੀ ਤੋਂ ਵੀ ਆਤਰ ਹਨ ਤੇ ਉਹ ਜ਼ਮੀਨ ਕਿੱਥੋਂ ਖ੍ਰੀਦ ਸਕਣਗੇ? ਹਾਂ! ਇਸ ਦੇ ਟੁੱਟਣ ਨਾਲ ਇਹ ਜ਼ਰੂਰ ਹੋਏਗਾ ਕਿ ਧਨਾਢ ਪੁਰਸ਼ ਹੋਰ ਜ਼ਮੀਨ ਖ੍ਰੀਦੀ ਜਾਣਗੇ ਅਤੇ ਆਮ ਕਿਰਸਾਣ ਹੱਥਲ ਹੋ ਬਹਿਣਗੇ।’’

ਇਸ ਨਾਲ ਜ਼ਮੀਨ ਦੀ ਵਿਕਰੀ ਨੂੰ ਤਾਂ ਠੱਲ ਪੈ ਗਈ, ਪਰ ਜ਼ਮੀਨ ਗਹਿਣੇ ਹੋਣ ਦਾ ਸਿਲਸਿਲਾ ਤੇਜ਼ ਹੋ ਗਿਆ ਸੀ। 1901 ਤੋਂ 1909 ਤੱਕ ਪੰਜਾਬ ਵਿੱਚ ਢਾਈ ਕਰੋੜ ਏਕੜ ਜ਼ਮੀਨ ਗਹਿਣੇ ਪੈ ਗਈ ਸੀ। ਇਸ ਦੌਰਾਨ ਹੀ ‘ਪਗੜੀ ਸੰਭਾਲ ਜੱਟਾ’ ਲਹਿਰ ਉੱਠੀ ਸੀ। ਵੰਡ ਤੋਂ ਪਹਿਲਾਂ ਵਾਲੇ ਪੰਜਾਬ ਵਿੱਚ ਕਿਸਾਨਾਂ ਦੀ ਮੰਦਹਾਲੀ, ਸ਼ਾਹੂਕਾਰਾਂ ਅਤੇ ਭੂ-ਪਤੀਆਂ ਵੱਲੋਂ ਆਪਣੇ ਮੁਜ਼ਾਰਿਆਂ ਦੀ ਲੁੱਟ ਦੇ ਨਾਲ ਕੀਤੇ ਜਾਂਦੇ ਦਮਨ ਨੂੰ ਦੇਖਣ ਦਾ ਮੌਕਾ ਬਾਬਾ ਜਵਾਲਾ ਸਿੰਘ ਠੱਠੀਆਂ ਨੂੰ ਮਿਲਿਆ, ਜਦੋਂ ਉਹ 1936-37 ਦੀਆਂ ਸੂਬਾਈ ਚੋਣਾਂ ਲਈ ਮੁਜ਼ਾਰੇ-ਕਿਸਾਨਾਂ ਦੇ ਡੇਰਿਆਂ ’ਤੇ ਗਏ ਸਨ। ਕਮਿਊਨਲ ਅਵਾਰਡ ਅਨੁਸਾਰ ਪਹਿਲੀਆਂ ਚੋਣਾਂ ਸਮੇਂ ਬਾਬਾ ਜਵਾਲਾ ਸਿੰਘ ਠੱਠੀਆਂ, ਪੰਜਾਬ ਦੇਸ਼ ਭਗਤ ਇਲੈਕਸ਼ਨ ਬੋਰਡ ਦੇ ਪ੍ਰਧਾਨ ਬਣਾਏ ਗਏ ਸਨ। ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਦੀਆਂ ਬਾਰਾਂ ਦੇ ਮੁਜ਼ਾਰਿਆਂ ਦੀ ਹਾਲਤ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਇਨ੍ਹਾਂ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ।

23 ਮਾਰਚ 1937 ਨੂੰ ਪੰਜਾਬ ਕਿਸਾਨ ਸਭਾ ਦੀ ਬੁਨਿਆਦ ਰੱਖੀ ਗਈ ਤਾਂ ਬਾਬਾ ਜਵਾਲਾ ਸਿੰਘ ਇਸ ਦੇ ਪ੍ਰਧਾਨ ਅਤੇ ਬੀ.ਪੀ.ਐਲ. ਬੇਦੀ ਜਨਰਲ ਸਕੱਤਰ ਬਣਾਏ ਗਏ। ਰਾਮ ਸਿੰਘ ਘਾਲਾਮਾਲਾ ਦਾ ਕਥਨ, ‘‘ਅਪ੍ਰੈਲ 1937 ਵਿੱਚ ਮੈਨੂੰ, ਪ੍ਰੋਫੈਸਰ ਜਲਵੰਤ ਸਿੰਘ, ਮੰਗਲ ਸਿੰਘ ਚਾਹਲ, ਹਜ਼ਾਰਾ ਸਿੰਘ ਵਰਿਆਮ ਆਦਿ ਨੂੰ ਬਾਬਾ ਜਵਾਲਾ ਸਿੰਘ ਨਾਲ ਲੈ ਕੇ ਮਿੰਟਗੁਮਰੀ ਦੇ ਪਿੰਡ ਆਰਫਵਾਲੇ ਚਲੇ ਗਏ। ਉਥੋਂ ਨੀਲੀਬਾਰ ਵਿੱਚ ਕਲੋਨੀਆਂ ਦੇ ਟੈਂਡਰ ਨੀਲਾਮ ਹੋਣੇ ਸਨ। ਕਿਸਾਨ ਸਭਾ ਦੀ ਭਰਤੀ ਲਈ ਬਾਬਾ ਜੀ ਸਾਥੀਆਂ ਨੂੰ ਨਾਲ ਲੈ ਕੇ ਪਿੰਡੋਂ ਪਿੰਡ ਹੋ ਤੁਰੇ। ਉਹ ਨੀਲੀਬਾਰ ਦੇ ਰੱਕੜਾਂ ਵਿੱਚ ਕਿਸਾਨ ਲਹਿਰ ਦੇ ਬੀਜ ਬੀਜਣ ਲਈ ਰਾਤਾਂ ਮਜ਼ਹਬੀ ਭਰਾਵਾਂ ਦੇ ਢਾਰਿਆਂ ਵਿੱਚ ਠਹਿਰ ਕੇ, ਦਿਨੇ ਹਲਵਾਹਕਾਂ ਕੋਲ ਜਾ ਜਾ ਕੇ ਕਿਸਾਨ ਭਰਤੀ ਕਰਦੇ। ਕੰਮ ਕਰਨ ਦੀ ਲੱਗਨ ਏਨੀ ਕਿ ਕਿਸੇ ਮੋਰਚੇ ਦੀ ਗੱਲ ਛਿੜਦੀ ਤਾਂ ਬਾਬਾ ਜੀ ਆਮ ਤੌਰ ’ਤੇ ਸੀਨੇ ’ਤੇ ਹੱਥ ਮਾਰ ਕੇ ਕਹਿੰਦੇ, ਮੈਂ ਹਾਜ਼ਰ ਹਾਂ, ਮੈਂ ਜਾਵਾਂਗਾ, ਦੱਸੋ ਮੇਰੇ ਨਾਲ ਕੌਣ ਤਿਆਰ ਹੈ? ਮੁਸ਼ਕਲਾਂ ਨਾਲ ਜੂਝਣਾ ਹੀ ਉਨ੍ਹਾਂ ਵਾਸਤੇ ਜ਼ਿੰਦਗੀ ਸੀ। ਇਹੀ ਕਾਰਨ ਸੀ ਕਿ ਕੁੱਝ ਦਿਨਾਂ ਵਿੱਚ ਹੀ 75 ਹਜ਼ਾਰ ਕਿਸਾਨ ਭਰਤੀ ਕੀਤੇ ਗਏ। 22 ਮੰਗਾਂ ਦਾ ਚਾਰਟਰ ਤਿਆਰ ਕਰਕੇ ਨੀਲੀਬਾਰ ਤੇ ਗੰਜੀਬਾਰ ਦੇ ਮੁਜ਼ਾਰਿਆਂ ਨੂੰ ਜਥੇਬੰਦ ਕਰਕੇ ‘‘ਬੰਨੇ ਉਤੇ ਅੱਧੋ ਅੱਧ’’ ਦਾ ਨਾਹਰਾ ਦਿੱਤਾ ਗਿਆ।’ਸਤਲੁਜ ਰਾਵੀ ਦੇ ਵਿਚਕਾਰਲਾ ਇਹ ਇਲਾਕਾ ਬੜੇ ਬੜੇ ਅੰਗਰੇਜ਼ਪ੍ਰਸਤ ਜਗੀਰਦਾਰਾਂ ਦੀ ਮਲਕੀਅਤ ਵਾਲਾ ਇਲਾਕਾ ਸੀ। ਜਿਵੇਂ ਅਹਿਮਦਯਾਰ ਖਾਂ ਦੌਲਤਾਨਾ ਚਾਲੀ ਹਜ਼ਾਰ ਏਕੜ ਦਾ ਮਾਲਕ, ਬੇਦੀ ਘਰਾਣਾ ਬਾਈ ਹਜ਼ਾਰ ਏਕੜ, ਗੰਗਾ ਰਾਮ ਬਾਰਾਂ ਹਜ਼ਾਰ ਏਕੜ, ਤਾਰਾ ਸਿੰਘ ਸ਼ੇਰ ਸਿੰਘ ਦਸ ਹਜ਼ਾਰ ਏਕੜ, ਖੁਦਾ ਅਹਿਮਦ ਅੱਠ ਹਜ਼ਾਰ ਏਕੜ, ਰਾਜਾ ਫਰੀਦਕੋਟੀਆ ਪੰਜਾਹ ਹਜ਼ਾਰ ਏਕੜ ਅਤੇ ਬੇਗਮ ਸ਼ਾਹ ਨਮਾਜ਼ ਕਈ ਪਿੰਡਾਂ ਦੀ ਮਾਲਕਣ ਸੀ। ਇਹ ਸਾਰੇ ਪੰਜਾਬ ਯੂਨੀਅਨਿਸਟ ਪਾਰਟੀ ਤੇ ਅੰਗਰੇਜ਼ੀ ਹਕੂਮਤ ਦੇ ਥੰਮ ਸਨ ਜਿਹੜੇ ਚਾਲੀ ਮੀਲ ਲੰਬੇ, ਤੀਹ ਮੀਲ ਚੌੜੇ ਇਲਾਕੇ ਵਿੱਚ ਫੈਲੇ ਹੋਏ ਸਨ। ਬਾਬਾ ਜਵਾਲਾ ਸਿੰਘ ਦੀ ਅਗਵਾਈ ਵਿੱਚ 50,000 ਮੁਜ਼ਾਰਿਆਂ ਨੇ ਹੜਤਾਲ ਸ਼ੁਰੂ ਕੀਤੀ। ਜ਼ਾਬਤਾ ਤੇ ਮਜ਼ਬੂਤ ਹੜਤਾਲ ਨੂੰ ਦੇਖ ਕੇ ਜਗੀਰਦਾਰਾਂ ਦੇ ਸਾਹ ਸੂਤੇ ਗਏ। ਪੰਜਾਬ ਦੀ ਯੂਨੀਅਨਿਸਟ ਸਰਕਾਰ ਨੇ ਡਰ ਕੇ ਮਾਲ ਮਹਿਕਮੇ ਦੇ ਵਜ਼ੀਰ ਸੁੰਦਰ ਸਿੰਘ ਮਜੀਠੇ ਨੂੰ ਮੁਲਤਾਨ ਭੇਜਿਆ। ਸੁੰਦਰ ਸਿੰਘ ਬਾਬਾ ਜਵਾਲਾ ਸਿੰਘ ਤੋਂ ਏਨਾ ਨਿਮਦਾ ਸੀ ਕਿ ਬਾਬਾ ਜੀ ਦਾ ਸਾਹਮਣਾ ਨਾ ਕਰ ਸਕਣ ਕਰਕੇ ਉਸ ਨੇ ਫਾਈਨੈਂਸੀਅਲ ਕਮਿਸ਼ਨਰ ਨੂੰ ਮੁਜ਼ਾਰਿਆਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਨ ਦਾ ਹੁਕਮ ਦੇ ਕੇ ਗੰਜੀਬਾਰ ਭੇਜਿਆ। ਫਾਈਨੈਂਸੀਅਲ ਕਮਿਸ਼ਨਰ ਮਿਸਟਰ ਐਮ.ਐਲ. ਡਾਰਲਿੰਗ ਕਿਸਾਨਾਂ ਦਾ ਹਮਾਇਤੀ ਸੀ। ਉਸ ਨੇ ਹੀ ਲਿਖਿਆ ਸੀ ਕਿ ‘ਕਿਸਾਨ ਜੰਮਦਾ ਕਰਜ਼ਾਈ, ਜੀਉਂਦਾ ਵੀ ਕਰਜ਼ਾਈ ਅਤੇ ਮਰਦਾ ਵੀ ਕਰਜ਼ਾਈ ਹੈ….

11 ਮਈ 1937 ਨੂੰ ਬੂਰਾ ਮੰਡੀ ਵਿਖੇ ਵੀਹ ਕੁ ਹਜ਼ਾਰ ਮੁਜ਼ਾਰਿਆਂ ਦੇ ਇਕੱਠ ਵਿੱਚ ਮਿਸਟਰ ਡਾਰਲਿੰਗ ਨੇ ਸਟੇਜ ਉਪਰ ਆ ਕੇ ਬਾਬਾ ਜੀ ਨੂੰ ਸਾਰੇ ਨੁਮਾਇੰਦੇ ਸਟੇਜ ਉਪਰ ਪਈਆਂ ਕੁਰਸੀਆਂ ’ਤੇ ਬਿਠਾਉਣ ਲਈ ਕਿਹਾ। 22 ਮੰਗਾਂ ਮੌਕੇ ’ਤੇ ਪ੍ਰਵਾਨ ਕੀਤੀਆਂ ਗਈਆਂ। ਰਾਮ ਸਿੰਘ ਘਾਲਾਮਾਲਾ ਦੇ ਅਨੁਸਾਰ, ‘‘ਬਾਬਾ ਜੀ ਨੇ ਮੁਜ਼ਾਰਿਆਂ ਨੂੰ ਕਿਹਾ ਕਿ ਤੁਹਾਡੇ ਇਕਮੁੱਠ ਹੋਣ ਸਦਕਾ ਤੁਸੀਂ ਅੱਜ ਵਿੱਤ-ਕਮਿਸ਼ਨਰ ਦੇ ਬਰਾਬਰ ਬੈਠੇ ਹੋ ਤੇ ਤੁਹਾਡੀਆਂ 22 ਮੰਗਾਂ ਮੰਨ ਲਈਆਂ ਹਨ। ਅਗਰ ਤੁਸੀਂ ਇਸੇ ਤਰ੍ਹਾਂ ਇਕੱਠੇ ਰਹੇ ਤਾਂ ਬਾਕੀ ਰਹਿੰਦੀਆਂ 10 ਮੰਗਾਂ ਤੇ ਹੋਰ ਅਧਿਕਾਰ ਵੀ ਹੌਲੀ ਹੌਲੀ ਮਿਲ ਸਕਦੇ ਹਨ।’’ ਇਸ ਤਰ੍ਹਾਂ ਇਹ ਮੁਜ਼ਾਰਿਆਂ ਦੀ ਕਾਮਯਾਬ ਹੜਤਾਲ ਹੋਈ। ਇਸ ਜਿੱਤ ਦੇ ਹੌਂਸਲੇ ਨਾਲ ਮੁਜ਼ਾਰਾ ਲਹਿਰ ਜਗੀਰਦਾਰਾਂ ਦੇ ਚੱਕਾਂ ਵਿੱਚ ਵਧਣੀ ਸ਼ੁਰੂ ਹੋ ਗਈ ਅਤੇ ਇਸ ਨੇ ਪੰਜਾਬ ਕਿਸਾਨ ਸਭਾ ਨੂੰ ਕਿਸਾਨਾਂ ਦੀ ਸਿਰਮੌਰ ਜਥੇਬੰਦੀ ਬਣਾਉਣ ਲਈ ਬਲ ਦਿੱਤਾ। ਇਹ ਮੁਜ਼ਾਰਾ ਘੋਲ ਦਾ ਅਸਰ ਸੀ ਕਿ ਯੂਨੀਅਨਿਸਟ ਸਰਕਾਰ ਵਿੱਚ ਸਰ ਛੋਟੂ ਰਾਮ ਦੀ ਤੂਤੀ ਬੋਲਦੀ ਸੀ ਜਿਸ ਨੇ ਅੱਗੋਂ ਜਾ ਕੇ ਕਿਸਾਨਾਂ ਦੇ ਹਿੱਤਾਂ ਵਿੱਚ ਕਦਮ ਉਠਾ ਕੇ ‘ਵਿਕਰੀ ਤੇ ਮੰਡੀਕਰਨ ਐਕਟ ਸੀਲੈਕਟ ਕਮੇਟੀ’ ਬਣਾਈ। ਇਸ ਰਾਹੀਂ ਕਿਸਾਨਾਂ ਦੇ ਕਰਜ਼ੇ ਵਾਲੀਆਂ ਬਹੀਆਂ, ਸਰਕਾਰੀ ਕਾਗਜ਼ਾਂ ਉਪਰ ਲਕੀਰ ਅਤੇ ਮਾਪ ਤੋਲ ਦੇ ਸਿਸਟਮ ਨੂੰ ਤੁਰੰਤ ਲਾਗੂ ਕਰਕੇ ਕਿਸਾਨਾਂ ਨੂੰ ਮੰਡੀ ਦੀ ਲੁੱਟ ਅਤੇ ਕਰਜ਼ੇ ਤੋਂ ਮੁਕਤ ਕਰਾਉਣ ਜਿਹੇ ਕੰਮਾਂ ਨੇ ਸਰ ਛੋਟੂ ਰਾਮ ਨੂੰ ਕਿਸਾਨਾਂ ਦਾ ਮਸੀਹਾ ਬਣਾ ਦਿੱਤਾ ਸੀ। ਉਸ ਨੇ ਵਪਾਰੀਆਂ, ਸ਼ਾਹੂਕਾਰਾਂ ਅਤੇ ਪ੍ਰੈਸ ਦੇ ਵਿਰੋਧ ਦੇ ਬਾਵਜੂਦ ਮਾਪਤੋਲ ਲਈ ਵੱਟੇ-ਗਜ਼ ਬਣਵਾ ਕੇ ਉਨ੍ਹਾਂ ਦੀ ਚੈਕਿੰਗ ਲਈ ‘ਪੰਜਾਬ ਖੇਤੀ ਉਪਜ ਮੰਡੀਕਰਨ ਕਾਨੂੰਨ 1939’ ਰਾਹੀਂ ਕਰਮਚਾਰੀ ਤਾਇਨਾਤ ਕਰਕੇ ‘ਛੇ-ਛੀਕਾ ਛਿਆਟ’ ਵਾਲੀ ਮਿੱਥ ਨੂੰ ਖ਼ਤਮ ਕੀਤਾ। ਇਨ੍ਹਾਂ ਬਿਲਾਂ ਦੇ ਹੱਕ ਵਿੱਚ ਗ਼ਦਰੀ ਬਾਬਿਆਂ ਤੇ ਕਿਰਤੀਆਂ ਵੱਲੋਂ ਅਸੈਂਬਲੀ ਵਿੱਚ ਬਾਬਾ ਰੂੜ ਸਿੰਘ ਚੂੜਚੱਕ, ਕਾ. ਸੋਹਣ ਸਿੰਘ ਜੋਸ਼, ਕਾ. ਤੇਜਾ ਸਿੰਘ ਸੁਤੰਤਰ ਅਤੇ ਬੀਬੀ ਰਘਬੀਰ ਕੌਰ ਵਿਧਾਇਕਾਂ ਨੇ ਰਾਇ ਦੇ ਕੇ ਇਨ੍ਹਾਂ ਨੂੰ ਸੁਨਹਿਰੀ ਬਿਲ ਕਿਹਾ ਜਦੋਂਕਿ ਸ਼ਾਹੂਕਾਰਾਂ, ਵਪਾਰੀਆਂ ਨੇ ਕਾਲੇ ਬਿੱਲ ਕਹਿ ਕੇ ਸ਼ੋਰ ਸ਼ਰਾਬਾ ਕੀਤਾ ਸੀ।

ਮੁਜ਼ਾਰਾ ਲਹਿਰ ਦੌਰਾਨ ਇੱਕ ਘਟਨਾ ਵਾਪਰੀ। ਵਧਾਵਾ ਰਾਮ ਨਾਂ ਦਾ ਇੱਕ ਨੌਜਵਾਨ ਨਵਾਂ ਨਵਾਂ ਪਟਵਾਰੀ ਬਣ ਕੇ ਬਾਰ ਦੇ ਇਲਾਕੇ ਵਿੱਚ ਲੱਗਾ ਤਾਂ ਬਾਬਾ ਜਵਾਲਾ ਸਿੰਘ ਦੀ ਸ਼ਖ਼ਸੀਅਤ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਸ ਨੇ ਡੀ.ਸੀ. ਨੂੰ ਅਸਤੀਫ਼ਾ ਭੇਜ ਦਿੱਤਾ। ਡੀ.ਸੀ. ਦੇ ਸਮਝਾਇਆ ਕਿ ਉਸ ਨੂੰ ਪੱਕਾ ਕਰ ਦਿੱਤਾ ਜਾਵੇਗਾ, ਇਸ ਲਈ ਅਸਤੀਫ਼ਾ ਵਾਪਸ ਲੈ ਲਵੇ। ਵਧਾਵਾ ਰਾਮ ਨੇ ਪ੍ਰਣ ਦੁਹਰਾਇਆ ਕਿ ਉਸ ਨੇ ਹੁਣ ਬਾਬਾ ਜੀ ਦਾ ਪੱਕਾ ਪਟਵਾਰੀ ਬਣਨ ਦਾ ਫ਼ੈਸਲਾ ਕਰ ਲਿਆ ਹੈ। ਵਧਾਵਾ ਰਾਮ ਨੇ ਇਸ ਪ੍ਰਣ ਨੂੰ ਤੋੜ-ਹਯਾਤੀ ਨਿਭਾਇਆ। ਹੋਰ ਅਨੇਕਾਂ ਪੜ੍ਹੇ ਲਿਖੇ ਨੌਜਵਾਨਾਂ ਅਤੇ ਵਿਦੇਸ਼ਾਂ ਵਿੱਚੋਂ ਉੱਚੀ ਵਿੱਦਿਆ ਪ੍ਰਾਪਤ ਕਰਕੇ ਭਾਰਤ ਪਰਤੇ ਵਿਅਕਤੀਆਂ ਨੇ ਆਪਣੇ ਜੀਵਨ ਲਹਿਰ ਨੂੰ ਅਰਪਣ ਕਰ ਦਿੱਤੇ। ਇਨ੍ਹਾਂ ਵਿਚੋਂ ਇੰਗਲੈਂਡ ਦੀ ਜੰਮਪਲ ਫਰੈਡਾ ਬੇਦੀ ਦਾ ਨਾਂ ਮਹੱਤਵਪੂਰਨ ਹੈ। ਆਪਣੀ ਯੋਗਤਾ ਨਾਲ ਵਜ਼ੀਫ਼ਾ ਲੈ ਕੇ ਆਕਸਫੋਰਡ ਵਿੱਚ ਪੁੱਜੀ ਜਿੱਥੇ ਪ੍ਰੋਫੈਸਰ ਲਾਸਕੀ ਦੇ ਲੈਕਚਰਾਂ ਤੋਂ ਪ੍ਰਭਾਵਤ ਹੋ ਕੇ ਉਹ ਮਾਰਕਸਵਾਦ ਵੱਲ ਖਿੱਚੀ ਗਈ। ਇੰਗਲੈਂਡ ਵਿੱਚ ਪੜ੍ਹਨ ਗਏ ਜ਼ਿਲ੍ਹਾ ਗੁਰਦਾਸਪੁਰ ਦੇ ਭਗਤ ਪਿਆਰੇ ਲਾਲ ਬੇਦੀ (ਬੀ.ਪੀ.ਐਲ. ਬੇਦੀ) ਨਾਲ ਉਸ ਦਾ ਮਿਲਾਪ ਹੋਇਆ। ਬੇਦੀ ਨਾਲ ਸ਼ਾਦੀ ਕਰਾ ਕੇ ਉਹ ਭਾਰਤ ਆਈ ਤਾਂ ਇਹ ਜੋੜਾ ਕਿਰਤੀ ਪਾਰਟੀ ਨੂੰ ਸਮਰਪਿਤ ਹੋ ਗਿਆ। ਫਰੈਡਾ ਬੇਦੀ ਕਿਸਾਨਾਂ ਤੇ ਔਰਤਾਂ ਦੇ ਮਸਲਿਆਂ ’ਤੇ ਲੈਕਚਰ ਕਰਦੀ। ਉਸ ਦੇ ਜਲਸਿਆਂ ਵਿੱਚ ਪੇਂਡੂ ਲੋਕ ਵਹੀਰਾਂ ਘੱਤ ਕੇ ਆਉਂਦੇ। ਇਸ ਕਰਕੇ ਵੀ ਕਿ ਇੱਕ ਗੋਰੀ ਲੜਕੀ ਹੋ ਕੇ ਉਹ ਗੋਰੀ ਸਰਕਾਰ ਵਿਰੁੱਧ ਬੋਲਦੀ ਸੀ ਤੇ ਲਲਕਾਰ ਕੇ ਕਹਿੰਦੀ ਸੀ, ‘‘ਗੋਰਿਆਂ ਨੂੰ ਬਾਹਰ ਕੱਢੋ, ਤਦ ਹੀ ਤੁਸਾਂ ਦਾ ਭਲਾ ਹੋਵੇਗਾ।’’

ਡੇਰਾ ਬਾਬਾ ਨਾਨਕ ਵਾਲੇ ਜਲਸੇ ਵਿੱਚ ਸ਼ਾਮਲ 25,000 ਲੋਕਾਂ ਨੇ ਤਾੜੀਆਂ ਮਾਰ ਮਾਰ ਅੰਗਰੇਜ਼ਾਂ ਵਿਰੁੱਧ ਨਾਹਰੇ ਮਾਰ ਕੇ ਫਰੈਡਾ ਬੇਦੀ ਦੀ ਤਕਰੀਰ ਦਾ ਸੁਆਗਤ ਕੀਤਾ ਸੀ। ਉਸ ਦਾ ਪਤੀ ਬੀ.ਪੀ.ਐਲ. ਬੇਦੀ ਕਿਸਾਨਾਂ ਦੀ ਜਥੇਬੰਦੀ ਪੰਜਾਬ ਕਿਸਾਨ ਸਭਾ ਦਾ ਪਹਿਲਾ ਜਨਰਲ ਸਕੱਤਰ ਬਣਿਆ। ਕੋਟਲੀ ਹਰਚੰਦਾ, ਪਨਿਆੜ, ਤਹਿਸੀਲ ਸ਼ਕਰਗੜ੍ਹ ਦੇ ਪਿੰਡੀ ਮਿਨਹਾਸਾਂ ਦੇ ਮੁਜ਼ਾਰਾ ਗੜ੍ਹਾਂ ਵਿੱਚ ਫਰੈਡਾ ਬੇਦੀ ਨੇ ਬਹੁਤ ਕੰਮ ਕੀਤਾ ਸੀ।

ਕਿਰਤੀ ਜਾਂ ਕਿਰਤੀ ਕਿਸਾਨ ਲਹਿਰ ਦੀ ਦੇਣ ਇਹ ਹੈ ਕਿ ਇਸ ਨੇ ਮਜ਼ਦੂਰ ਤੇ ਕਿਸਾਨ ਵਰਗਾਂ ਨੂੰ ਭਾਰਤੀ ਰਾਜਨੀਤੀ ਦੇ ਮਹਤੱਵਪੂਰਨ ਤੱਤ ਬਣਾ ਕੇ ਆਜ਼ਾਦੀ ਦੀ ਲਹਿਰ ਨੂੰ ਨਵਾਂ ਰੂਪ ਦਿੱਤਾ। ਇਸ ਨੂੰ ਸਾਮਰਾਜ ਤੇ ਸਰਮਾਏਦਾਰੀ ਵਿਰੁੱਧ ਕੌਮੀ ਲਹਿਰ ਬਣਾਉਣ ਅਤੇ ਭਾਰਤੀ ਰਾਜਨੀਤੀ ਦੇ ਧਰਮ ਤੇ ਫ਼ਿਰਕੇ ਦੇ ਆਧਾਰ ਨੂੰ ਨਕਾਰ ਕੇ ਮਨੁੱਖ ਦੀ ਸਾਂਝੀਵਾਲਤਾ ਲਈ ਸੰਘਰਸ਼ ਲੜੇ। ਮੁਜ਼ਾਰਾ ਲਹਿਰ ਤੇ ਕਿਸਾਨ ਸਭਾ ਦੇ ਸ਼ਾਨਾਂਮੱਤੇ ਇਤਿਹਾਸ ਦੀ ਸਾਰਥਿਕਤਾ ਨੂੰ ਮੌਜੂਦਾ ਸੰਦਰਭ ਵਿੱਚ ਵਾਚਣਾ ਸਮੇਂ ਦੀ ਲੋੜ ਹੈ।
ਸੰਪਰਕ: 97806-02066

Post Author: admin

Leave a Reply

Your email address will not be published. Required fields are marked *