ਕਿਸਾਨ ਮੋਰਚਿਆਂ ਦਾ ਇਤਿਹਾਸ

ਬਾਰ ਦੀ ਆਬਾਦਕਾਰੀ ਅਤੇ ਵੀਹਵੀਂ ਸਦੀ ਦੀ ਪਹਿਲੀ ਕਿਸਾਨ ਲਹਿਰ

ਗੁਰਦੇਵ ਸਿੰਘ ਸਿੱਧੂ

ਲੋਕ ਲਹਿਰ

ਉਨੀਂਵੀਂ ਸਦੀ ਦੌਰਾਨ ਪੰਜਾਬ ਦੇ ਪੱਛਮੀ ਇਲਾਕੇ ਵਿਚ ਦਰਿਆ ਜਿਹਲਮ ਅਤੇ ਦਰਿਆ ਸਤਲੁਜ ਦੇ ਦਰਮਿਆਨ ਜ਼ਿਲ੍ਹਾ ਸ਼ਾਹਪੁਰ, ਝੰਗ ਅਤੇ ਮਿੰਟਗੁਮਰੀ ਦਾ ਵਿਸ਼ਾਲ ਮਾਰੂਥਲੀ ਇਲਾਕਾ ਸੀ। ਇਸ ਇਲਾਕੇ ਵਿਚ ਬਾਰਸ਼ ਐਵੇਂ ਨਾਂ-ਮਾਤਰ ਭਾਵ ਸਾਲ ਵਿਚ ਔਸਤਨ ਪੰਜ ਇੰਚ ਹੁੰਦੀ ਸੀ ਜਿਸ ਕਾਰਨ ਥਾਂ ਥਾਂ ਜਾਂ ਤਾਂ ਰੇਤੀਲੇ ਟਿੱਬੇ ਸਨ ਜਾਂ ਦੂਰ ਦੂਰ ਤੱਕ ਫੈਲੀਆਂ ਝਾੜੀਆਂ ਬੂਟੀਆਂ। ਨਤੀਜੇ ਵਜੋਂ ਸਾਰਾ ਇਲਾਕਾ ਲਗਭਗ ਬੇਆਬਾਦ ਸੀ। ਜੇ ਕਿਧਰੇ ਵਸੋਂ ਨਜ਼ਰ ਪੈਂਦੀ ਸੀ ਤਾਂ ਉਹ ਸੀ ਜਾਂਗਲੀ ਲੋਕਾਂ ਦੀ ਜੋ ਪਸ਼ੂ ਪਾਲ ਕੇ ਗੁਜ਼ਾਰਾ ਕਰਦੇ ਸਨ। ਇਸ ਮਾਰੂ ਇਲਾਕੇ ਨੂੰ ਨਹਿਰਾਂ ਰਾਹੀਂ ਸਿੰਚਾਈ ਸਹੂਲਤਾਂ ਪ੍ਰਦਾਨ ਕਰਕੇ ਉਪਜਾਊ ਬਣਾਉਣ ਦੀ ਤਜਵੀਜ਼ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਜੇਮਜ਼ ਬਰਾਡਵੁੱਡ ਲਾਇਲ, ਜੋ 1887 ਤੋਂ 1892 ਤੱਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਿਹਾ, ਨੇ ਬਣਾਈ। ਦਰਿਆ ਰਾਵੀ, ਸਤਲੁਜ ਅਤੇ ਜਮਨਾ ਵਿਚੋਂ ਕੱਢੀਆਂ ਨਹਿਰਾਂ ਕਾਰਨ ਮਿਲੀ ਸਿੰਚਾਈ ਸਹੂਲਤ ਦੇ ਬਲਬੂਤੇ ਮਾਝੇ, ਮਾਲਵੇ ਅਤੇ ਹਰਿਆਣੇ ਦੇ ਇਲਾਕੇ ਵਿਚ ਆਈ ਖੁਸ਼ਹਾਲੀ ਦੀ ਮਿਸਾਲ ਉਸ ਦੇ ਸਾਹਮਣੇ ਸੀ ਜਿਸ ਤੋਂ ਉਤਸ਼ਾਹਿਤ ਹੋ ਕੇ ਉਸ ਨੇ ਦਰਿਆ ਚਨਾਬ ਦੇ ਪਾਣੀ ਨੂੰ ਖੇਤੀ ਲਈ ਵਰਤਣ ਵਾਸਤੇ ਲੋਅਰ ਚਨਾਬ ਨਹਿਰ ਕੱਢਣ ਦੀ ਵਿਉਂਤ ਬਣਾਈ। ਇਸ ਬੇਆਬਾਦ ਇਲਾਕੇ ਦਾ ਪੁਨਰ ਗਠਨ ਕੀਤਾ ਗਿਆ ਤਾਂ ਸਰ ਜੇਮਜ਼ ਲਾਇਲ ਦੀ ਦੂਰ-ਅੰਦੇਸ਼ੀ ਦੀ ਕਦਰ ਕਰਦਿਆਂ ਨਵੇਂ ਬਣਾਏ ਜ਼ਿਲ੍ਹੇ ਅਤੇ ਇਸ ਦੇ ਸਦਰ ਮੁਕਾਮ ਨੂੰ ਲਾਇਲਪੁਰ ਨਾਂ ਦਿੱਤਾ ਗਿਆ। ਜ਼ਿਲ੍ਹਾ ਝੰਗ ਅਤੇ ਜ਼ਿਲ੍ਹਾ ਸ਼ੇਖੂਪੁਰਾ ਦੇ ਕੁਝ ਇਲਾਕੇ ਨੂੰ ਸ਼ਾਮਲ ਕਰਕੇ ਇੱਥੇ ਵਸਾਈ ਗਈ ਕਾਲੋਨੀ ਨੂੰ ਲੋਅਰ ਚਨਾਬ ਕਾਲੋਨੀ ਕਹਿੰਦੇ ਸਨ। ਆਮ ਬੋਲਚਾਲ ਵਿਚ ਇਸ ਨੂੰ ਬਾਰ ਦਾ ਇਲਾਕਾ ਕਿਹਾ ਗਿਆ। ਇੱਥੇ ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਆਦਿ ਤੋਂ ਲਿਆ ਕੇ ਨਵੇਂ ਆਬਾਦਕਾਰਾਂ ਨੂੰ ਵਸਾਇਆ ਗਿਆ। ਇਹ ਜ਼ਮੀਨ ਨਾਂ-ਮਾਤਰ ਲਾਗਤ ਉੱਤੇ ਮੁਫ਼ਤ ਵਾਂਗ ਦਿੱਤੀ ਜਾ ਰਹੀ ਸੀ ਜਿਸ ਕਾਰਨ ਹਰ ਕਿਸਾਨ ਇੱਥੇ ਜ਼ਮੀਨ ਲੈਣ ਦਾ ਇੱਛੁਕ ਸੀ, ਪਰ ਸਰਕਾਰੀ ਅਧਿਕਾਰੀਆਂ ਨੇ ਇੱਛੁਕ ਵਿਅਕਤੀਆਂ ਦੇ ਹੱਥ ਵੇਖ ਕੇ ਖਰ੍ਹਵੇ ਅਤੇ ਅੱਟਣਾਂ ਵਾਲੇ ਹੱਥਾਂ, ਜੋ ਕਿਸੇ ਵਿਅਕਤੀ ਦੇ ਮਿਹਨਤੀ ਅਤੇ ਜਾਨ ਤੋੜ ਕੇ ਕੰਮ ਕਰਨ ਦੀ ਗਵਾਹੀ ਦਿੰਦੇ ਸਨ, ਵਾਲਿਆਂ ਦੀ ਚੋਣ ਕੀਤੀ। ਨਵੇਂ ਵਸੇਬੇ ਉੱਤੇ ਇਨ੍ਹਾਂ ਦਾ ਜੀਵਨ ਮੁਸ਼ਕਲ ਭਰਿਆ ਰਿਹਾ। ਉਨ੍ਹਾਂ ਨਵੇਂ ਟਿਕਾਣੇ ਆ ਮੱਲੇੇ, ਪਰ ਅਜੇ ਸਿੰਚਾਈ ਸਹੂਲਤ ਪੂਰੀ ਤਰ੍ਹਾਂ ਉਪਲੱਬਧ ਨਹੀਂ ਸੀ ਹੋਈ। ਜ਼ਮੀਨ ਵਿਚੋਂ ਝਾੜੀਆਂ ਮਲ੍ਹੇ ਪੁੱਟ ਕੇ ਜ਼ਮੀਨ ਨੂੰ ਪੱਧਰਾ ਕਰਨਾ ਅਤੇ ਪਾਣੀ ਲਾਉਣ ਲਈ ਖਾਲ ਬਣਾਏ ਜਾਣੇ ਸਨ। ਗਰਮੀ ਦੇ ਮੌਸਮ ਵਿਚ ਲਾਇਲਪੁਰ ਦੀ ਗਰਮੀ ਦਾ ਕੋਈ ਮੁਕਾਬਲਾ ਨਹੀਂ ਸੀ। ਪਸ਼ੂ-ਪਾਲਕ ਸਥਾਨਕ ਲੋਕ ਚਰਾਗਾਹਾਂ ਨੂੰ ਖੇਤੀਯੋਗ ਬਣਾਉਣ ਲਈ ਆਏ ਬਾਹਰਲੇ ਕਿਸਾਨਾਂ ਨੂੰ ਪਸੰਦ ਨਹੀਂ ਸਨ ਕਰਦੇ। ਉਹ ਇਨ੍ਹਾਂ ਦੇ ਪਸ਼ੂ ਚੋਰੀ ਕਰ ਲੈਂਦੇ ਅਤੇ ਤੰਗ ਪ੍ਰੇਸ਼ਾਨ ਕਰਨ ਲਈ ਹੋਰ ਢੰਗ ਤਰੀਕੇ ਵਰਤਦੇ। ਪਰ ਸਾਰੀਆਂ ਔਕੜਾਂ ਦਾ ਮੁਕਾਬਲਾ ਕਰਦੇ ਨਵੇਂ ਆਬਾਦਕਾਰ ਸਿਰ ਸੁੱਟ ਕੇ ਆਪਣੇ ਕੰਮ ਵਿਚ ਲੱਗੇ ਰਹੇ। ਨਤੀਜਾ ਇਹ ਨਿਕਲਿਆ ਕਿ ਸਦੀਆਂ ਤੋਂ ਬੇਆਬਾਦ ਪਏ ਇਲਾਕੇ ਦੀ ਵਰ੍ਹਾ-ਦਰ ਵਰ੍ਹਾ ਕਾਇਆ ਕਲਪ ਹੋਣ ਲੱਗੀ ਅਤੇ ਛੇਤੀ ਹੀ ਇਹ ਪੰਜਾਬ ਦਾ ਸਭ ਤੋਂ ਖੁਸ਼ਹਾਲ ਇਲਾਕਾ ਬਣ ਗਿਆ।

ਸੱਪਾਂ ਦੀਆਂ ਸਿਰੀਆਂ ਮਿੱਧ ਕੇ ਖੁਸ਼ਹਾਲੀ ਲਿਆਉਣ ਵਾਲੇ ਇਨ੍ਹਾਂ ਕਿਸਾਨਾਂ ਲਈ ਖ਼ੁਸ਼ੀ ਦਾ ਸਮਾਂ ਬਹੁਤਾ ਲੰਮਾ ਨਾ ਰਿਹਾ। ਇਨ੍ਹਾਂ ਦੀ ਖੁਸ਼ਹਾਲੀ ਨੂੰ ਵੇਖਦਿਆਂ ਇਸ ਵਿਚੋਂ ਹਿੱਸਾ ਵੰਡਾਉਣ ਲਈ ਪੰਜਾਬ ਸਰਕਾਰ ਦੇ ਮੂੰਹ ਵਿਚੋਂ ਲਾਲਾਂ ਟਪਕਣ ਲੱਗੀਆਂ। ਕਿਸਾਨਾਂ ਵਿਚ ਬਾਰ ਦੇ ਇਲਾਕੇ ਵਿਚ ਜਾਣ ਲਈ ਰੁਚੀ ਪੈਦਾ ਹੋ ਗਈ ਸੀ ਤਾਂ ਸਰਕਾਰ ਨੇ ਨਵੀਆਂ ਬਾਰਾਂ ਵਿਚ ਜ਼ਮੀਨ ਅਲਾਟਮੈਂਟ ਕਰਦਿਆਂ ਲੋਅਰ ਚਨਾਬ ਕਾਲੋਨੀ ਦੇ ਮੁਕਾਬਲੇ ਸਖ਼ਤ ਸ਼ਰਤਾਂ ਲਾਈਆਂ ਸਨ। ਉਦਾਹਰਨ ਵਜੋਂ ਇਕ ਥਾਂ ਸ਼ਰਤ ਇਹ ਲਾਈ ਕਿ ਜ਼ਮੀਨ ਦਾ ਮਾਮਲਾ ਨਾ ਦੇਣ ਅਤੇ ਦੂਜੀਆਂ ਸ਼ਰਤਾਂ ਦੀ ਪੂਰਤੀ ਨਾ ਕਰਨ ਦੀ ਹਾਲਤ ਵਿਚ ਜ਼ਮੀਨ ਸਰਕਾਰ ਕੋਲ ਚਲੀ ਜਾਵੇਗੀ। ਇਕ ਹੋਰ ਸ਼ਰਤ ਮੁਤਾਬਿਕ ਬਾਰ ਵਿਚਲੀ ਜ਼ਮੀਨ ਦੀ ਵੰਡ ਰੋਕਣ ਵਾਸਤੇ ਜੱਟ ਸਿੱਖਾਂ ਵਿਚ ਬਾਪ ਦੀ ਜਾਇਦਾਦ ਸਾਰੇ ਪੁੱਤਰਾਂ ਵਿਚ ਇਕਸਾਰ ਵੰਡੇ ਜਾਣ ਦੀ ਰਵਾਇਤ ਤੋਂ ਉਲਟ ਇਸ ਦੀ ਮਾਲਕੀ ਕੇਵਲ ਸਭ ਤੋਂ ਵੱਡੇ ਪੁੱਤਰ ਦੀ ਮੰਨੀ ਗਈ। ਭਾਵੇਂ ਸਰਕਾਰ ਜਾਣਦੀ ਸੀ ਕਿ ਸ਼ਾਨਦਾਰ ਜੰਗੀ ਸੇਵਾ ਬਦਲੇ ਜਿਹੜੇ ਸਾਬਕਾ ਫ਼ੌਜੀਆਂ ਨੂੰ ਜ਼ਮੀਨ ਦਿੱਤੀ ਗਈ ਹੈ, ਉਨ੍ਹਾਂ ਵਿਚੋਂ ਬਹੁਤੇ ਅਣਵਿਆਹੇ ਹਨ। ਫਿਰ ਵੀ ਇਹ ਸ਼ਰਤ ਇਹ ਲਾਗੂ ਕੀਤੀ ਗਈ ਕਿ ਜ਼ਮੀਨ ਮਾਲਕ ਦੇ ਬੇਔਲ਼ਾਦ ਮਰ ਜਾਣ ਦੀ ਸੂਰਤ ਵਿਚ ਜ਼ਮੀਨ ਸਰਕਾਰ ਦੇ ਖਾਤੇ ਵਿਚ ਚਲੀ ਜਾਵੇਗੀ। 1906 ਵਿਚ ਪੰਜਾਬ ਸਰਕਾਰ ਨੇ ‘‘ਅਲਾਟਮੈਂਟ ਦੀਆਂ ਸ਼ਰਤਾਂ ਵਿਚ ਸਮਾਨਤਾ ਲਿਆਉਣ ਅਤੇ ਕਾਲੋਨੀਆਂ ਦੇ ਸੁਚਾਰੂ ਪ੍ਰਬੰਧ ਕਰਨ’’ ਨੂੰ ਮਨੋਰਥ ਦੱਸ ਕੇ ਆਬਾਦਕਾਰੀ ਬਿਲ ਬਣਾਇਆ ਜਿਸ ਵਿਚ ਕਿਸਾਨਾਂ ਉੱਤੇ ਹੋਰ ਬੰਦਸ਼ਾਂ ਠੋਸਣ ਦੇ ਨਾਲ ਨਾਲ ਉਨ੍ਹਾਂ ਦੇ ਮਾਲਕੀ ਹੱਕ ਇੱਥੋਂ ਤੱਕ ਸੀਮਿਤ ਕਰ ਦਿੱਤੇ ਗਏ ਕਿ ਕੋਈ ਆਬਾਦਕਾਰ ਆਪਣੀ ਜ਼ਮੀਨ ’ਤੇ ਖੜ੍ਹੇ ਦਰਖਤਾਂ ਨੂੰ ਨਹੀਂ ਸੀ ਕੱਟ ਸਕਦਾ। ਬਿਲ ਵਿਚ ਇਹ ਪ੍ਰਾਵਿਧਾਨ ਵੀ ਸੀ ਕਿ ਸ਼ਰਤਾਂ ਦੀ ਛੋਟੀ ਮੋਟੀ ਉਲੰਘਣਾ ਕਰਨ ਦੇ ਦੋਸ਼ ਵਿਚ ਕੇਵਲ ਚੌਵੀ ਘੰਟੇ ਦਾ ਨੋਟਿਸ ਦੇ ਕੇ ਜ਼ਮੀਨ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਸੀ। ਇਨ੍ਹੀਂ ਦਿਨੀਂ ਹੀ ਸਰਕਾਰ ਨੇ ਬਾਰੀ ਦੁਆਬ ਨਹਿਰ ਦੇ ਪਾਣੀ ਨਾਲ ਸਿੰਜੀਆਂ ਜਾਣ ਵਾਲੀਆਂ ਜ਼ਮੀਨਾਂ ਦਾ ਮਾਲੀਆ ਕਈ ਗੁਣਾ ਵਧਾ ਦਿੱਤਾ। ਕਪਾਹ ਅਤੇ ਗੰਨੇ ਦੀ ਖੇਤੀ ਵਾਸਤੇ ਤਾਂ ਇਹ ਦਰ ਪਹਿਲਾਂ ਨਾਲੋਂ ਦੁੱਗਣੀ ਕਰ ਦਿੱਤੀ। ਇਹ ਮਾਰ ਮਾਝੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਅਤੇ ਲਾਹੌਰ ਦੇ ਕਿਸਾਨਾਂ ਨੂੰ ਵੱਧ ਪਈ। ਫਲਸਰੂਪ ਮਾਝੇ ਅਤੇ ਬਾਰ ਦੇ ਇਲਾਕਿਆਂ ਵਿਚ ਵਿਆਪਕ ਰੋਸ ਫੈਲ ਗਿਆ ਜਿਸ ਨੂੰ ਅੰਗਰੇਜ਼ ਸਾਮਰਾਜ ਦੀ ਗ਼ੁਲਾਮੀ ਤੋਂ ਦੇਸ਼ ਲਈ ਮੁਕਤੀ ਲਹਿਰ ਵਿਚ ਬਦਲਣ ਵਾਸਤੇ ਨੌਜਵਾਨ ਸ. ਅਜੀਤ ਸਿੰਘ ਅੱਗੇ ਆਇਆ।

ਸ. ਅਜੀਤ ਸਿੰਘ ਨੂੰ ਵਿਰਸੇ ਵਿਚ ਮਿਲੀ ਦੇਸ਼ ਪਿਆਰ ਦੀ ਗੁੜ੍ਹਤੀ ਡੀ.ਏ.ਵੀ. ਕਾਲਜ ਲਾਹੌਰ ਵਿਚ ਪੜ੍ਹਦਿਆਂ ਪ੍ਰਿੰਸੀਪਲ ਲਾਲਾ ਹੰਸ ਰਾਜ ਦੀ ਸਿੱਖਿਆ ਕਾਰਨ ਹੋਰ ਪ੍ਰਭਾਵੀ ਹੋ ਗਈ ਸੀ। 1906 ਵਿਚ ਕਲਕੱਤੇ ਵਿਚ ਹੋਏ ਭਾਰਤੀ ਕੌਮੀ ਕਾਂਗਰਸ ਦੇ ਸੰਮੇਲਨ ਵਿਚ ਭਾਗ ਲੈਣ ਨੇ ਸੋਨੇ ਉੱਤੇ ਸੁਹਾਗੇ ਦਾ ਕੰਮ ਕੀਤਾ। ਕਲਕੱਤੇ ਤੋਂ ਉਹ ਲੋਕਮਾਨਿਆ ਬਾਲ ਗੰਗਾਧਰ ਤਿਲਕ, ਸ੍ਰੀ ਅਰਬਿੰਦੋ ਘੋਸ਼ ਆਦਿ ਗਰਮ ਖਿਆਲੀ ਆਗੂਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਆਇਆ। ਜਨਵਰੀ 1907 ਵਿਚ ਉਸ ਦੇ ਕਲਕੱਤੇ ਤੋਂ ਮੁੜਨ ਤੱਕ ਬਾਰ ਦੇ ਇਲਾਕੇ ਵਿਚ ਨਵੇਂ ਬਿਲ ਬਾਰੇ ਘੁਸਰ ਮੁਸਰ ਸ਼ੁਰੂ ਹੋ ਚੁੱਕੀ ਸੀ। ਸ. ਅਜੀਤ ਸਿੰਘ ਨੇ ਇਸ ਮੌਕੇ ਨੂੰ ਸੰਭਾਲਣ ਦਾ ਮਨ ਬਣਾਇਆ ਅਤੇ ਉਹ ਪੰਜਾਬ ਸਰਕਾਰ ਦੇ ਇਸ ਅਨਿਆਂਪੂਰਨ ਇਰਾਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਗਰਮ ਹੋ ਗਿਆ। ਉਸ ਨੇ ਆਪਣੇ ਭਰਾਵਾਂ ਸ. ਕਿਸ਼ਨ ਸਿੰਘ ਤੇ ਸਵਰਨ ਸਿੰਘ ਅਤੇ ਇਕ ਮਿੱਤਰ ਘਸੀਟਾ ਰਾਮ ਨੂੰ ਸਹਿਯੋਗੀ ਬਣਾ ਕੇ ਪਹਿਲਾਂ ਲਾਹੌਰ ਸ਼ਹਿਰ ਵਿਚ ਜਲਸੇ ਕਰਨੇ ਸ਼ੁਰੂ ਕੀਤੇ ਅਤੇ ਫਿਰ ਬਾਰ ਦੇ ਸਮੁੱਚੇ ਇਲਾਕੇ ਨੂੰ ਕਰਮ ਖੇਤਰ ਬਣਾ ਲਿਆ। ਉਸ ਨੇ ਬਾਰ ਦੇ ਇਲਾਕੇ ਭਾਵ ਲਾਇਲਪੁਰ, ਝੰਗ, ਮਿੰਟਗੁਮਰੀ ਆਦਿ ਦੇ ਨਾਲ ਨਾਲ ਅੰਮ੍ਰਿਤਸਰ, ਫਿਰੋਜ਼ਪੁਰ ਵਿਚ ਜਨਤਕ ਇਕੱਠ ਕਰਕੇ ਕਿਸਾਨਾਂ ਨੂੰ ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਕਾਰਨ ਉਨ੍ਹਾਂ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਾਇਆ ਅਤੇ ਇਸ ਮੁੱਦੇ ਉੱਤੇ ਕਿਸਾਨੀ ਵਰਗ ਨੂੰ ਸਰਕਾਰ ਵਿਰੁੱਧ ਇੱਕਮੁੱਠ ਕਰਨ ਵਿਚ ਸਫ਼ਲ ਹੋਇਆ। ਮਾਰਚ ਅਤੇ ਅਪਰੈਲ ਦੇ ਦੋ ਮਹੀਨੇ ਸ. ਅਜੀਤ ਸਿੰਘ ਸਰਕਾਰੀ ਹੁਕਮਾਂ ਤੋਂ ਪ੍ਰਭਾਵਿਤ ਖੇਤਰ ਵਿਚ ਊਰੀ ਵਾਂਗ ਘੁੰਮਿਆ ਅਤੇ ਇਸ ਅਰਸੇ ਦੌਰਾਨ ਹੋਏ 23 ਜਨਤਕ ਇਕੱਠਾਂ ਵਿਚੋਂ 15 ਨੂੰ ਉਸ ਨੇ ਆਪ ਸੰਬੋਧਨ ਕੀਤਾ। ਉਨ੍ਹੀਂ ਦਿਨੀਂ ਜਨਤਾ ਦੀ ਨਜ਼ਰ ਵਿਚ ਲਾਲਾ ਲਾਜਪਤ ਰਾਏ ਨੂੰ ਆਗੂ ਵਜੋਂ ਥਾਂ ਪ੍ਰਾਪਤ ਹੋ ਚੁੱਕੀ ਸੀ। ਇਸ ਲਈ ਸ. ਅਜੀਤ ਸਿੰਘ ਨੇ ਲਾਲਾ ਜੀ ਨੂੰ ਵੀ ਕਈ ਇਕੱਠਾਂ ਵਿਚ ਸੱਦਾ ਦਿੱਤਾ। 22 ਮਾਰਚ 1907 ਨੂੰ ਲਾਇਲਪੁਰ ਵਿਚ ਹੋਏ ਭਰਵੇਂ ਇਕੱਠ ਵਿਚ ਨੌਜਵਾਨ ਲਾਲਾ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਜੱਟਾ’ ਟੇਕ ਵਾਲਾ ਗੀਤ ਗਾਇਆ। ਕਿਸਾਨਾਂ ਦੇ ਦੁੱਖਾਂ ਦਰਦਾਂ ਨੂੰ ਪੂਰੀ ਤਰ੍ਹਾਂ ਪ੍ਰਗਟਾਉਣ ਵਾਲਾ ਗੀਤ ਸਰੋਤਿਆਂ ਦੇ ਮਨ ਨੂੰ ਛੋਹ ਗਿਆ। ਇਸ ਅੰਦੋਲਨ ਦੌਰਾਨ ਹਰ ਕਿਸੇ ਦੀ ਜ਼ਬਾਨ ਉੱਤੇ ਚੜ੍ਹਨ ਵਾਲਾ ਇਹ ਗੀਤ ਅੰਦੋਲਨ ਦੀ ਆਤਮਾ ਨਾਲ ਏਨਾ ਇਕਸੁਰ ਹੋਇਆ ਕਿ ਇਹ ਅੰਦੋਲਨ ਹੀ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦੇ ਨਾਉਂ ਨਾਲ ਜਾਣਿਆ ਜਾਣ ਲੱਗਾ। ਲਾਲ ਚੰਦ ਫਲਕ ਇਸ ਲਹਿਰ ਦਾ ਮੁੱਖ ਕਵੀ ਸੀ। ਇਸ ਅੰਦੋਲਨ ਨੂੰ ਖੜ੍ਹਾ ਕਰਨ ਵਿਚ ਸ. ਅਜੀਤ ਸਿੰਘ ਦੀ ਭੂਮਿਕਾ ਦਾ ਨਿਚੋੜ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ (ਰਾਜਸੀ) ਦੀ 1907 ਦੀਆਂ ਕਾਰਵਾਈਆਂ ਬਾਰੇ ਇਕ ਰਿਪੋਰਟ (ਨੰਬਰ 148-235) ਵਿਚ ਇਉਂ ਕੀਤਾ ਮਿਲਦਾ ਹੈ, ‘‘ਅੰਦੋਲਨ ਪਿੰਡ-ਪਿੰਡ ਅਤੇ ਜ਼ਿਲ੍ਹੇ-ਜ਼ਿਲ੍ਹੇ ਵਿੱਚ ਚੱਲ ਰਿਹਾ ਹੈ। ਗੁਪਤ ਤੌਰ ’ਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸ. ਅਜੀਤ ਸਿੰਘ ਸਭ ਲੋਕਾਂ ਦੀ ਸਹਾਇਤਾ ਪ੍ਰਾਪਤ ਕਰ ਰਿਹਾ ਹੈ। ਉਹ ਬੜੇ ਜੋਸ਼ੀਲੇ ਭਾਸ਼ਨ ਕਰਦਾ ਹੈ। ਫਿੱਟ ਲਾਹਨਤ, ਫਿੱਟ ਲਾਹਨਤ, ਫਿੱਟੇ ਮੂੰਹ, ਫਿੱਟੇ ਮੂੰਹ ਸ਼ਬਦ ਉਸ ਦੇ ਭਾਸ਼ਨਾਂ ਵਿੱਚ ਵਾਰ-ਵਾਰ ਦੁਹਰਾਏ ਜਾਂਦੇ ਹਨ। ਲੋਕਾਂ ਵਿੱਚ ਅਥਾਹ ਜੋਸ਼ ਪੈਦਾ ਹੋ ਰਿਹਾ ਹੈ।’’ ਸਰਕਾਰ ਦੇ ਇਨ੍ਹਾਂ ਦੋਵਾਂ ਫ਼ੈਸਲਿਆਂ ਵਿਰੁੱਧ ਜਨਤਕ ਵਿਰੋਧ ਜ਼ਾਹਿਰ ਸੀ, ਪਰ ਸਰਕਾਰ ਨੇ ਇਸ ਪ੍ਰਤੀ ਲਾਪ੍ਰਵਾਹੀ ਵਿਖਾਈ ਅਤੇ ਆਬਾਦਕਾਰੀ ਬਿਲ 5 ਮਾਰਚ  1907 ਤੋਂ ਕਾਨੂੰਨ ਬਣ ਗਿਆ। ਉਧਰ 1907 ਦੇ ਅੱਧ ਤੱਕ ਪੰਜਾਬ ਅੰਦਰ ਅੰਗਰੇਜ਼ ਵਿਰੋਧੀ ਜਨ-ਅੰਦੋਲਨ ਸਿਖਰਾਂ ਉੱਤੇ ਪੁੱਜ ਗਿਆ। ਥਾਂ-ਥਾਂ ਲੋਕ ਅੰਗਰੇਜ਼ ਸਰਕਾਰ ਵਿਰੁੱਧ ਰੈਲੀਆਂ ਅਤੇ ਜਲਸੇ-ਜਲੂਸ ਆਦਿ ਆਯੋਜਿਤ ਕਰਨ ਲੱਗੇ। ਸਰਦਾਰ ਅਜੀਤ ਸਿੰਘ ਨੇ ਇਸ ਅੰਦੋਲਨ ਨੂੰ ਵਿਆਪਕ ਅਤੇ ਸ਼ਕਤੀਸ਼ਾਲੀ ਰੂਪ ਦੇਣ ਲਈ ਦਿਨ-ਰਾਤ ਇਕ ਕਰ ਕੇ ਕੰਮ ਕੀਤਾ। ਇਕ ਵਾਰ ਤਾਂ ਇਉਂ ਪ੍ਰਤੀਤ ਹੋਇਆ ਜਿਵੇਂ ਇਹ ਰੋਸ ਵਿਦਰੋਹ ਦਾ ਰੂਪ ਹੀ ਲੈ ਲਵੇਗਾ। ਇਸ ਲਈ ਸਰਕਾਰ ਸ. ਅਜੀਤ ਸਿੰਘ ਦੀਆਂ ਇਨ੍ਹਾਂ ਕਾਰਵਾਈਆਂ ਕਾਰਨ ਘਬਰਾ ਗਈ। ਸ. ਅਜੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਤਿਆਰ ਕੀਤੇ ਗਏ ਬਾਗ਼ੀਆਨਾ ਮਾਹੌਲ ਬਾਰੇ ਪੰਜਾਬ ਦੇ ਤਤਕਾਲੀਨ ਗਵਰਨਰ ਸਰ ਡੈਨਜੀਅਲ ਇਬਸਟਨ ਦੀ ਟਿੱਪਣੀ ਸੀ: ‘‘ਸਿਆਲਕੋਟ, ਲਾਇਲਪੁਰ, ਰਾਵਲਪਿੰਡੀ ਆਦਿ ਸ਼ਹਿਰਾਂ ਵਿੱਚ ਅੰਗਰੇਜ਼ ਵਿਰੋਧੀ ਪ੍ਰਚਾਰ ਖੁੱਲ੍ਹੇ ਅਤੇ ਬਾਗ਼ੀਆਨਾ ਤੌਰ ਉੱਤੇ ਕੀਤਾ ਜਾ ਰਿਹਾ ਹੈ। ਪ੍ਰਾਂਤ ਦੀ ਰਾਜਧਾਨੀ ਲਾਹੌਰ ਵਿੱਚ ਪ੍ਰਚਾਰ ਬੜਾ ਜ਼ਹਿਰੀਲਾ ਹੈ ਅਤੇ ਗੰਭੀਰ ਅਸ਼ਾਂਤੀ ਪੈਦਾ ਹੋ ਰਹੀ ਹੈ।’’ ਇਸ ਦੇ ਆਧਾਰ ਉੱਤੇ ਉਸ ਨੇ ਹਿੰਦੋਸਤਾਨ ਸਰਕਾਰ ਵੱਲ 30 ਅਪਰੈਲ 1907 ਨੂੰ ਭੇਜੀ ਰਿਪੋਰਟ ਵਿੱਚ ਲਿਖਿਆ, ‘‘ਵਰਤਮਾਨ ਅੰਦੋਲਨ ਇਕ ਗੰਭੀਰ ਰੂਪ ਧਾਰਨ ਕਰ ਰਿਹਾ ਹੈ। ਪਿੰਡਾਂ ਵਿੱਚ ਬਰਤਾਨੀਆ ਵਿਰੁੱਧ ਕਰੜਾ ਪ੍ਰਾਪੇਗੰਡਾ ਸ਼ੁਰੂ ਕੀਤਾ ਗਿਆ ਹੈ। ਵਿਦਰੋਹੀ ਆਪਣੇ ਕਾਰਜ ਦੀ ਸਿੱਧੀ ਲਈ ਜਨਤਾ ਦੇ ਦੁੱਖੜਿਆਂ ਨੂੰ ਸਾਧਨ ਮਾਤਰ ਵਰਤਣ ਤੋਂ ਵੀ ਸੰਕੋਚ ਨਹੀਂ ਕਰ ਰਹੇ।’’ ਇਸ ਅੰਦੋਲਨ ਦੌਰਾਨ ਅਕਸਰ ਹੀ ਲਾਲਾ ਲਾਜਪਤ ਰਾਏ ਵੀ ਸ. ਅਜੀਤ ਸਿੰਘ ਦੇ ਨਾਲ ਹੁੰਦੇ ਸਨ। ਇਸ ਕਾਰਨ ਵਰਤਮਾਨ ਸੰਕਟ ਵਿਚੋਂ ਨਿਕਲਣ ਲਈ ਸਰਕਾਰ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਕਾਰਵਾਈ ਕਰਨ ਦਾ ਮਨ ਬਣਾਇਆ। ਨਤੀਜੇ ਵਜੋਂ ਸਰਕਾਰ ਨੇ ਮਈ 1907 ਵਿਚ 1818 ਦੇ ਐਕਟ 3 ਅਧੀਨ ਇਨ੍ਹਾਂ ਦੋਵਾਂ ਆਗੂਆਂ ਦੇ ਵਾਰੰਟ ਗ੍ਰਿਫ਼ਤਾਰੀ ਜਾਰੀ ਕੀਤੇ। ਲਾਲਾ ਲਾਜਪਤ ਰਾਏ 29 ਮਈ ਅਤੇ ਸ. ਅਜੀਤ ਸਿੰਘ 3 ਜੂਨ ਨੂੰ ਪੁਲੀਸ ਦੀ ਪਕੜ ਵਿਚ ਆਏ। ਸਰਕਾਰ ਨੇ ਦੋਵਾਂ ਨੂੰ ਅੱਗੜ ਪਿੱਛੜ ਦੇਸ ਨਿਕਾਲੇ ਦੀ ਸਜ਼ਾ ਦੇ ਕੇ ਬਰਮਾ ਦੀ ਮਾਂਡਲੇ ਜੇਲ੍ਹ ਵਿਚ ਬੰਦ ਕਰ ਦਿੱਤਾ। ਸਰਕਾਰ ਦੀ ਇਹ ਕਾਰਵਾਈ ਲੋਕਾਂ ਨੂੰ ਡਰਾਉਣ ਦੀ ਥਾਂ ਉਨ੍ਹਾਂ ਦੀਆਂ ਸਰਕਾਰ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਦਾ ਕਾਰਨ ਬਣੀ ਅਤੇ ਅੰਦੋਲਨ ਹੋਰ ਵੀ ਤੇਜ਼ੀ ਫੜਨ ਲੱਗਾ। ਬਾਰ ਜ਼ਿਮੀਂਦਾਰ ਐਸੋਸੀਏਸ਼ਨ, ਜਿਸ ਦਾ ਪ੍ਰਧਾਨ ਜ਼ੈਲਦਾਰ ਸ. ਈਸ਼ਰ ਸਿੰਘ ਡਸਕਾ ਅਤੇ ਜਨਰਲ ਸਕੱਤਰ ਚੌਧਰੀ ਸ਼ਹਾਬੁਦੀਨ ਸੀ, ਨੇ ਇਕੱਤਰਤਾਵਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਜਲੰਧਰ ਦੇ ਰਾਮ ਕਰਨ ਦਾਸ ਨੇ ਉਸ ਸਮੇਂ ਪੰਜਾਬ ਤੇ ਬੰਗਾਲ ਦੇ ਇਨਕਲਾਬੀਆਂ ਨੂੰ ਇਕੱਠਾ ਕਰਨ ਦਾ ਮਹੱਤਵਪੂਰਨ ਕੰਮ ਕੀਤਾ। ਐਸੋਸੀਏਸ਼ਨ ਨੇ ਆਬਾਦਕਾਰੀ ਐਕਟ ਨੂੰ ਪ੍ਰਵਾਨਗੀ ਨਾ ਦੇਣ ਬਾਰੇ ਗਵਰਨਰ ਜਨਰਲ ਨੂੰ ਮੈਮੋਰੰਡਮ ਵੀ ਭੇਜਿਆ। ਸਥਿਤੀ ਵਿਗੜਦੀ ਵੇਖ ਕੇ ਵਾਇਸਰਾਇ ਨੇ ਆਪਣਾ ਵੀਟੋ ਦਾ ਅਧਿਕਾਰ ਵਰਤਦਿਆਂ ਨਵਾਂ ਬਿਲ ਹੀ ਵਾਪਸ ਨਾ ਲਿਆ ਸਗੋਂ ਨਵੰਬਰ 1907 ਵਿਚ ਦੋਵਾਂ ਆਗੂਆਂ ਨੂੰ ਬੰਧਨ ਮੁਕਤ ਵੀ ਕਰ ਦਿੱਤਾ। ਪੰਜਾਬ ਸਰਕਾਰ ਨੇ ਨਹਿਰੀ ਮਾਲੀਆ ਵਧਾਏ ਜਾਣ ਦਾ ਹੁਕਮ ਵੀ ਵਾਪਸ ਲੈ ਲਿਆ। ਇਉਂ ਇਹ ਅੰਦੋਲਨ ਆਪਣੇ ਮਨੋਰਥ ਦੀ ਪੂਰਨ ਪ੍ਰਾਪਤੀ ਉਪਰੰਤ ਸਫ਼ਲਤਾ ਸਹਿਤ ਖ਼ਤਮ ਹੋਇਆ।

ਅੰਦੋਲਨ ਦੀ ਜਿੱਤ ਦਾ ਪ੍ਰਭਾਵ:

ਇਸ ਕਿਸਾਨ ਅੰਦੋਲਨ ਦੀ ਜਿੱਤ ਨੇ ਹਿੰਦੋਸਤਾਨ ਦੇ ਭਾਵੀ ਰਾਜਨੀਤਿਕ ਘਟਨਾਕ੍ਰਮ ਉੱਤੇ ਪ੍ਰਭਾਵੀ ਅਸਰ ਪਾਇਆ। ਇਸ ਨਾਲ ਹੁਣ ਤੱਕ ਅੰਗਰੇਜ਼ ਸਾਮਰਾਜ ਦੇ ਅਜਿੱਤ ਹੋਣ ਦਾ ਬਣਿਆ ਭਰਮ ਟੁੱਟ ਗਿਆ। ਦੱਖਣੀ ਅਫ਼ਰੀਕਾ ਵਿਚ ਭਾਰਤੀਆਂ ਦੇ ਦੁੱਖੜੇ ਨਿਵਾਰਨ ਲਈ ਸੰਘਰਸ਼ ਕਰ ਰਹੇ ਗਾਂਧੀ ਜੀ ਇਸ ਤੋਂ ਪ੍ਰਭਾਵਿਤ ਹੋਏ। ਯਕੀਨਨ ਉਨ੍ਹਾਂ ਵੱਲੋਂ ਭਵਿੱਖ ਵਿਚ ਅੰਗਰੇਜ਼ ਸਰਕਾਰ ਵਿਰੁੱਧ ਲੜਨ ਵਾਸਤੇ ਅਪਣਾਏ ਤੌਰ ਤਰੀਕਿਆਂ ਦੇ ਪਿਛੋਕੜ ਵਿਚ ਇਸ ਅੰਦੋਲਨ ਦੌਰਾਨ ਅਪਣਾਏ ਪੈਂਤੜਿਆਂ ਦਾ ਅਸਰ ਸੀ। ਅੰਦੋਲਨ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਫ਼ਿਰਕੇ ਦੇ ਲੋਕਾਂ ਨੇ ਇਕਸਾਰ ਭਾਗੀਦਾਰੀ ਕੀਤੀ। ਸਰਕਾਰੀ ਰੁਤਬਾ ਪ੍ਰਾਪਤ ਜ਼ੈਲਦਾਰ, ਨੰਬਰਦਾਰ ਆਦਿ ਬੇਖ਼ੌਫ਼ ਹੋ ਕੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ। ਇਸ ਤੋਂ ਵੀ ਵੱਡੀ ਗੱਲ ਇਸ ਅੰਦੋਲਨ ਨੇ ਕੁਝ ਭਵਿੱਖੀ ਨਵੇਂ ਆਗੂਆਂ ਨੂੰ ਅੱਗੇ ਲਿਆਂਦਾ। ਇਨ੍ਹਾਂ ਵਿਚੋਂ ਦੋ – ਭਾਈ ਭਗਵਾਨ ਸਿੰਘ ‘ਪ੍ਰੀਤਮ’ ਅਤੇ ਰਾਮ ਚੰਦ ਪਿਸ਼ਾਵਰੀ ਪਿੱਛੋਂ ਗਦਰ ਪਾਰਟੀ ਵਿਚ ਸਰਗਰਮ ਰਹੇ ਅਤੇ ਮਹਿਤਾ ਅਨੰਦ ਕਿਸ਼ੋਰ ਨੂੰ ਤਾਂ 1915 ਵਿਚ ਗਦਰੀਆਂ ਖ਼ਿਲਾਫ਼  ਦਰਜ ਮੁੱਖ ਮੁਕੱਦਮੇ ਵਿਚ ਮੁਲਜ਼ਮ ਨੰਬਰ ਇਕ ਬਣਾਇਆ ਗਿਆ ਸੀ।

ਗੱਲ ਕੀ, ‘ਪਗੜੀ ਸੰਭਾਲ ਜੱਟਾ’ ਅੰਦੋਲਨ ਨੇ ਪੰਜਾਬ ਵਿਚ ਕਿਸਾਨਾਂ ਨੂੰ ਇਕਮੁੱਠ ਹੋ ਕੇ ਸੰਘਰਸ਼ ਕਰਨ ਦਾ ਰਾਹ ਵਿਖਾਇਆ ਜਿਸ ਉੱਤੇ ਚੱਲਦਿਆਂ ਅਗਲੇ ਚਾਰ ਦਹਾਕਿਆਂ ਵਿਚ ਕਿਸਾਨਾਂ ਨੇ ਕਈ ਵਾਰ ਅੰਗਰੇਜ਼ ਸਰਕਾਰ ਨਾਲ ਆਢਾ ਲਾਇਆ। ਨਿਰਸੰਦੇਹ, ਪੰਜਾਬ ਦੇ ਕਿਸਾਨਾਂ ਦਾ ਵਰਤਮਾਨ ਸੰਘਰਸ਼ ਵੀ ਦੇਸ਼ ਦੀ ਰਾਜਨੀਤੀ ਉੱਤੇ ਦੂਰਰਸੀ ਪ੍ਰਭਾਵ ਪਾਏਗਾ। ਇਸ ਦੀਆਂ ਖ਼ਬਰਾਂ ਪੜ੍ਹ ਕੇ ਦੇਸ਼ ਭਰ ਦੇ ਕਿਸਾਨਾਂ ਵਿਚ ਜਾਗ੍ਰਿਤੀ ਆ ਰਹੀ ਹੈ; ਪੰਜਾਬ ਦੀ ਵਸੋਂ ਦੇ ਕਿੱਤਿਆਂ ਉੱਤੇ ਆਧਾਰਿਤ ਵਿਭਿੰਨ ਵਰਗਾਂ ਵਿਚਕਾਰ ਆਪਸੀ ਸਹਿਹੋਂਦ ਵਧਿਆ ਹੈ ਭਾਵੇਂ ਆਰਜ਼ੀ ਹੀ ਸਹੀ; ਅਤੇ ਲੋਕਾਂ ਦੀਆਂ ਉਮੰਗਾਂ ਦੀ ਪੂਰਤੀ ਹਿਤ ਨਵੇਂ ਆਗੂ ਉੱਭਰ ਕੇ ਸਾਹਮਣੇ ਆ ਰਹੇ ਹਨ ਜੋ ਸਿਆਸੀ ਪਿੰਡੇ ਉੱਤੇ ਨਾਸੂਰ ਵਾਂਗ ਜੜ੍ਹਾਂ ਫੜ ਚੁੱਕੀ ਪਿਤਾ-ਪੁਰਖੀ ਸਿਆਸਤ ਨੂੰ ਮਾਤ ਦੇਣ ਦਾ ਸ਼ੁਭ ਸੰਕੇਤ ਹੈ।

ਐ ਫ਼ਲਕ ਤੂੰ ਭੀ ਬਦਲ ਕਿ ਜ਼ਮਾਨਾ ਬਦਲ ਗਿਆ

ਲਾਲ ਚੰਦ ‘ਫ਼ਲਕ’ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਇਕ ਹੋਰ ਮੁੱਖ ਸ਼ਾਇਰ ਸੀ। ਉਸ ਨੂੰ ਸਰਦਾਰ ਅਜੀਤ ਸਿੰਘ, ਲਾਲਾ ਲਾਜਪਤ ਰਾਏ ਅਤੇ ਬਾਂਕੇ ਦਿਆਲ ਨਾਲ ਗ੍ਰਿਫ਼ਤਾਰ ਕੀਤਾ ਗਿਆ ਤਾਂ ਜੱਜ ਨੇ ਉਸ ਬਾਰੇ ਲਿਖਿਆ ਸੀ, ‘‘ਸਾਰੇ ਕਵੀਆਂ ਨੇ ਦੁਨੀਆਂ ਦੇ ਇਨਕਲਾਬਾਂ ਵਿਚ ਵੱਡਾ ਯੋਗਦਾਨ ਪਾਇਆ ਹੈ। ਲਾਲ ਚੰਦ ਫ਼ਲਕ ਪੰਜਾਬ ਦਾ ਉੱਘਾ ਰਾਜਨੀਤਿਕ ਕਵੀ ਹੈ। ਉਹ ਮਸ਼ਹੂਰ ਕ੍ਰਾਂਤੀਕਾਰੀ ਲਾਲਾ ਹਰਦਿਆਲ ਅਤੇ ਸੂਫ਼ੀ ਅੰਬਾ ਪ੍ਰਸਾਦ ਦਾ ਪ੍ਰਸੰਸਕ ਹੈ। ਲਾਲਾ ਲਾਜਪਤ ਰਾਏ ਅਤੇ ਅਜੀਤ ਸਿੰਘ ਦਾ ਇਹ ਮਿੱਤਰ ਨੌਜਵਾਨਾਂ ਨੂੰ ਬਾਗ਼ੀਆਨਾ ਗੀਤਾਂ ਤੇ ਲਿਖਤਾਂ ਰਾਹੀਂ ਸਰਕਾਰ ਦਾ ਤਖ਼ਤਾ ਪਲਟਣ ਲਈ ਪ੍ਰੇਰਨਾ ਦਿੰਦਾ ਰਿਹਾ ਹੈ।’’ ਉਸ ਉੱਪਰ ਅੱਠ ਮੁਕੱਦਮੇ ਦਾਇਰ ਹੋਏ ਸਨ। ਉਸਦੀ ਹੇਠਲੀ ਕਵਿਤਾ ਬਹੁਤ ਮਸ਼ਹੂਰ ਹੋਈ:

ਸੂਫ਼ੀ ਔਰ ਅਜੀਤ ਨੇ ਤਰੱਕੀ ਕਾ ਰਾਹ ਲੀਆ,

ਮਹਿਤੇ ਨੇ ਅਪਨਾ ਰੰਗ ਬਦਲ ਲੀਆ।

ਲਾਲਾ ਲਾਜਪਤ ਰਾਏ ਭੀ ਬਦਲ ਗਏ,

ਐ ਫ਼ਲਕ ਤੂੰ ਭੀ ਬਦਲ ਕਿ ਜ਼ਮਾਨਾ ਬਦਲ ਗਿਆ।

ਗ਼ਦਰ ਲਹਿਰ ਸਮੇਂ ਉਹਨੂੰ ਲਾਹੌਰ ਸਿਟੀ ਕੌਂਸਪੀਰੇਸੀ ਕੇਸ ਵਿਚ ਸ਼ਾਮਿਲ ਕਰ ਕੇ ਉਮਰ ਕੈਦ ਜਲਾਵਤਨੀ ਦੀ ਸਜ਼ਾ ਦਿੱਤੀ ਗਈ। 1920 ਵਿਚ ਹਜ਼ਾਰੀ ਬਾਗ਼ ਜੇਲ੍ਹ ਵਿਚੋਂ ਰਿਹਾਅ ਹੋਏ।

ਪਗੜੀ ਸੰਭਾਲ ਜੱਟਾ

1907 ਵਿਚ ਪੰਜਾਬ ਸਰਕਾਰ ਵੱਲੋਂ ਬਾਰ ਦੀ ਆਬਾਦਕਾਰੀ ਬਾਰੇ ਬਣਾਏ ਨਵੇਂ ਕਾਨੂੰਨ ਅਤੇ ਮਾਮਲਾ ਵਧਾਏ ਜਾਣ ਵਿਰੁੱਧ ਕਿਸਾਨ ਅੰਦੋਲਨ 

ਦੇ ਦਿਨੀਂ 22 ਮਾਰਚ 1922 ਨੂੰ ਲਾਇਲਪੁਰ ਵਿਖੇ ਹੋਈ ਇੱਕ ਰੋਸ ਮੀਟਿੰਗ ਵਿੱਚ ਸ੍ਰੀ ਬਾਂਕੇ ਦਿਆਲ, ਅਖ਼ਬਾਰ ‘ਝੰਗ ਸਿਆਲ’ ਦੇ ਮਾਲਕ-ਪ੍ਰਕਾਸ਼ਕ, ਨੇ ‘ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ’ ਟੇਕ ਵਾਲਾ ਗੀਤ ਸੁਣਾਇਆ। 

ਗੀਤ ਦੀ ਲੋਕ ਭਾਵਨਾ ਨਾਲ ਇਕਸੁਰਤਾ ਕਾਰਨ ਇਸ ਅੰਦੋਲਨ ਨੂੰ ਹੀ ‘ਪਗੜੀ ਸੰਭਾਲ ਜੱਟਾ’ ਲਹਿਰ ਦਾ ਨਾਂ ਦਿੱਤਾ ਗਿਆ।

ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ

ਪਗੜੀ ਸੰਭਾਲ ਜੱਟਾਂ, ਪਗੜੀ ਸੰਭਾਲ ਓ,

ਲੁੱਟ ਲਿਆ ਮਾਲ ਤੇਰਾ, ਲੁੱਟ ਲਿਆ ਮਾਲ ਓ।

ਫਸਲਾਂ ਨੂੰ ਖਾ ਗਏ ਕੀੜੇ, ਤਨ ਤੇ ਨਹੀਂ ਤੇਰੇ ਲੀੜੇ,

ਭੁੱਖਾਂ ਨੇ ਖੂਬ ਨਪੀੜੇ, ਰੋਂਦੇ ਨੇ ਬਾਲ ਓ,

ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓ।

ਬਣਦੇ ਨੇ ਤੇਰੇ ਲੀਡਰ, ਰਾਜੇ ਤੇ ਖਾਨ ਬਹਾਦਰ,

ਤੈਨੂੰ ਤੇ ਖਾਵਨ ਖਾਤਰ, ਵਿਛਦੇ ਨੇ ਜਾਲ ਓ,

ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ।

ਹਿੰਦ ਹੈ ਮੰਦਰ ਤੇਰਾ ਇਸ ਦਾ ਪੁਜਾਰੀ ਓ,

ਝੱਲੇਂਗਾ ਅਜੇ ਕਦ ਤੱਕ ਹੋਰ ਖੁਆਰੀ ਓ,

ਮਰਨੇ ਦੀ ਕਰ ਲੈ ਹੁਣ ਤੂੰ ਛੇਤੀ ਤਿਆਰੀ ਓ,

ਮਰਨੇ ਤੋਂ ਜੀਣਾ ਭੈੜਾ ਹੋ ਕੇ ਬੇਹਾਲ ਓ,

ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ।

ਮੰਨਦੀ ਨਾ ਗੱਲ ਸਾਡੀ ਭੈੜੀ ਸਰਕਾਰ ਓ,

ਅਸੀਂ ਕਿਉਂ ਮੰਨੀਏ ਵੀਰੋ ਏਸ ਦੀ ਕਾਰ ਓ,

ਹੋ ਕੇ ਇਕੱਠੇ ਵੀਰੋ ਮਾਰੋ ਲਲਕਾਰ ਓ,

ਤਾੜੀ ਦੋਹੱਥੜ ਵਜੇ ਛਾਤੀਆਂ ਨੂੰ ਤੋੜ ਓ,

ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓ।

ਲਿਖ ਲਿਖ ਚਿੱਠੀਆਂ ਐਵੇਂ ਲਾਟ ਨੂੰ ਘੱਲੀਆਂ,

ਭੁੜ ਹੋ ਗਈਆਂ ਲੋਕੋ ਸੱਭ ਤਰਥੱਲੀਆਂ,

ਜਿਹੜੀ ਕੀਤੀ ਸੀ ਪਿੱਛੋਂ ਹਾਲ ਓ ਹਾਲ ਓ,

ਪਗੜੀ ਸੰਭਾਲ ਓ ਜੱਟਾ ਪਗੜੀ ਸੰਭਾਲ ਓ।

ਸਾਡੀਆਂ ਗੱਲਾਂ ਗਈਆਂ ਭੋਹ ਦੇ ਮੁੱਲ ਓ,

ਜਾਤਾ ਨਾ ਸਾਨੂੰ ਸਾਡੇ ਲਾਟ ਨੇ ਭੁੱਲ ਓ,

ਕੀਤਾ ਨਾ ਕਿਸੇ ਸਾਡੇ ਦੁੱਖ ਦਾ ਖਿਆਲ ਓ,

ਪਗੜੀ ਸੰਭਾਲ ਓ ਜੱਟਾ ਪਗੜੀ ਸੰਭਾਲ ਓ॥

ਸੰਪਰਕ: 94170-49417

Post Author: admin

Leave a Reply

Your email address will not be published. Required fields are marked *