ਪ੍ਰਵਾਸੀ ਪੰਜਾਬੀ-ਜਿਹਨਾ ਉਤੇ ਮਾਣ ਪੰਜਾਬੀਆਂ ਨੂੰ/ ਗੁਰਮੀਤ ਸਿੰਘ ਪਲਾਹੀ

ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੇ ਭਾਵੇਂ ਆਪਣੀ ਜਨਮ ਭੂਮੀ ਨੂੰ ਆਪਣੀ ਮਾਨਸਿਕਤਾ ਦਾ ਹਿੱਸਾ ਬਣਾਇਆ ਹੋਇਆ ਹੈ, ਪਰ ਉਹ ਜਿਸ ਵੀ ਮੁਲਕ ਦੇ ਸ਼ਹਿਰੀ ਹਨ, ਉਹਨਾ ਨੇ ਉਸ ਮੁਲਕ ਨੂੰ ਆਪਣਾ ਦੇਸ਼ ਮੰਨਿਆ ਹੋਇਆ ਹੈ ਅਤੇ ਉਸੇ ਦੇਸ਼ ਦੀ ਤਰੱਕੀ ਅਤੇ ਭਲਾਈ ਲਈ ਉਹ ਤਤਪਰ ਦਿਸਦੇ ਹਨ ਅਤੇ ਆਪਣੀ ਕਰਮ ਭੂਮੀ ‘ਚ ਵੱਡੀ ਪ੍ਰਾਪਤੀਆਂ ਕਰਦੇ ਵੇਖੇ ਜਾ ਰਹੇ ਹਨ। ਇਹੋ ਜਿਹੀਆਂ ਕੁਝ ਸਖਸ਼ੀਅਤਾਂ ਦੀ ਜੀਵਨ-ਘਾਲਣਾ ਆਪਦੇ ਸਨਮੁੱਖ ਹੈ:-

ਅਮਰੀਕੀ ਕਨੂੰਨ ਦਾ ਗਿਆਤਾ- ਪ੍ਰੀਤ ਭਰਾੜਾ ਉਰਫ਼ ਪ੍ਰੀਤ ਇੰਦਰ ਸਿੰਘ ਭਰਾੜਾ

ਪ੍ਰੀਤ ਭਰਾੜਾ ਉਰਫ਼ ਪ੍ਰੀਤ ਇੰਦਰ ਸਿੰਘ ਭਰਾੜਾ ਇੱਕ ਅਮਰੀਕਨ ਵਕੀਲ ਹੈ। ਕਨੂੰਨ ਦੀਆਂ ਕਿਤਾਬਾਂ ਦਾ ਲਿਖਾਰੀ ਹੈ। ਉਹ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੇ ਬਹੁ-ਚਰਚਿਤ, ਪ੍ਰਸਿੱਧੀ ਪ੍ਰਾਪਤ ਗਗਨ-ਚੁੰਭੀ ਇਮਾਤਰਾਂ ਦੇ ਸ਼ਹਿਰ ਨੀਊਯਾਰਕ ਦੇ ਸਾਊਥਰਨ ਜ਼ਿਲੇ ਦਾ 2009 ਤੋਂ 2017 ਤੱਕ ਪੂਰਾ-ਸੂਰਾ ਅਟਾਰਨੀ ਰਿਹਾ। ਇਸ ਤੋਂ ਪਹਿਲਾ ਉਸਨੇ ਪੰਜ ਸਾਲ ਅਸਿਸਟੈਂਟ ਯੂ.ਐਸ.ਅਟਾਰਨੀ ਦੇ ਅਹੁਦੇ ਤੇ ਕੰਮ ਕੀਤਾ।

ਪ੍ਰੀਤ ਭਰਾੜਾ 13 ਅਕਤੂਬਰ 1968 ਨੂੰ ਫਿਰੋਜ਼ਪੁਰ ਵਿਖੇ ਜਨਮਿਆ। ਆਪਣੇ ਪ੍ਰੀਵਾਰ ਨਾਲ 1970 ‘ਚ ਅਮਰੀਕਾ ਪ੍ਰਵਾਸ ਕਰ ਗਿਆ। 1990 ‘ਚ ਉਸਨੇ ਹਾਰਵਰਡ ਕਾਲਜ ਤੋਂ ਡਿਗਰੀ ਪ੍ਰਾਪਤ ਕੀਤੀ। ਫਿਰ ਵਕੀਲ ਵਜੋਂ ਪ੍ਰੈਕਟਿਸ ਕਰਨ ਲੱਗਾ। ਸਾਲ 2004 ‘ਚ ਯੂ.ਐਸ.ਏ. ਅਸਿਸਟੈਂਟ ਅਟਾਰਨੀ ਬਣਿਆ। ਅਪਰਾਧਿਕ ਮਾਮਲਿਆਂ, ਮਾਫੀਆ ਨਾਲ ਸਬੰਧਤ ਅਪਰਾਧੀਆਂ ਨੂੰ ਸਜ਼ਾਵਾਂ ਦਿਵਾਉਣ ‘ਚ ਉਸਨੇ  ਮੁਹਾਰਤ ਪ੍ਰਾਪਤ ਕੀਤੀ ਅਤੇ ਪ੍ਰਸ਼ਾਸਨ ਦੀਆਂ ਨਜ਼ਰਾਂ ‘ਚ ਚੰਗਾ ਨਾਮਣਾ ਖੱਟ ਲਿਆ। ਉਹ ਨੀਊਯਾਰਕ ਸ਼ਹਿਰ ਦੀ ਵਾਲ 100 ਵਾਲ ਸਟਰੀਟ ‘ਚ ਕੰਮ ਕਰਨ ਵਾਲੇ ਅਫ਼ਸਰਾਂ ਵਲੋਂ ਕੀਤੀਆਂ ਜਾ ਰਹੀਆਂ ਕੁਰੱਪਟ ਕਾਰਵਾਈਆਂ ਦੇ ਸਬੂਤ ਇਕੱਠੇ ਕਰਕੇ ਉਹਨਾ ਨੂੰ ਸਜ਼ਾਵਾਂ ਦਿਵਾਉਣ ‘ਚ ਸਫ਼ਲ ਹੋਇਆ ਅਤੇ ਦੇਸ਼ ਭਰ ‘ਚ ਇੱਕ ਹੋਣਹਾਰ ਅਪਰਾਧਿਕ ਵਕੀਲ ਵਜੋਂ ਪ੍ਰੱਸਿਧੀ ਪ੍ਰਾਪਤ ਕਰ ਗਿਆ। ਰਾਸ਼ਟਰਪਤੀ ਟਰੰਪ ਪ੍ਰਸ਼ਾਸ਼ਨ ਵੇਲੇ ਉਸ ਤੋਂ 2017 ‘ਚ ਅਸਤੀਫ਼ਾ ਮੰਗਿਆ ਗਿਆ, ਜਿਸਨੂੰ ਦੇਣ ਤੋਂ ਉਸਨੇ ਨਾਂਹ ਕਰ ਦਿੱਤੀ। ਫਿਰ ਟਰੰਪ ਪ੍ਰਸ਼ਾਸਨ ਨੇ ਉਸਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ। ਉਰਪੰਤ ਉਸਨੇ ਨੀਊਯਾਰਕ ਯੂਨੀਵਰਿਸਟੀ ਦੇ ਕ੍ਰਿਮੀਨਲ ਜਸਟਿਸ ਫਕੈਲਟੀ ‘ਚ ਪੜ੍ਹਾਉਣਾ ਆਰੰਭਿਆ ਅਤੇ ਅਪਾਣੀ ਪਹਿਲੀ ਪੁਸਤਕ “ਡੂਇੰਗ ਜਸਟਿਸ ਸਾਲ 2019 ‘ਚ ਲਿਖੀ। ਉਸਦਾ ਪਿਤਾ, ਇੱਕ ਸਿੱਖ ਅਤੇ ਮਾਂ ਇੱਕ ਹਿੰਦੂ ਅਤੇ ਉਸਦੀ ਪਤਨੀ ਇੱਕ ਮੁਸਲਿਮ ਅਤੇ ਉਸਦੀ ਪਤਨੀ ਦੀ ਮਾਂ ਇੱਕ ਜਹੂਦੀ ਹੈ। ਸਾਲ 2012 ‘ਚ ਭਰਾੜਾ ਨੂੰ ਦੁਨੀਆ ਦੇ 100 ਪ੍ਰਭਾਵਸ਼ਾਲੀ  ਸਖਸ਼ੀਅਤਾਂ ਵਿੱਚੋਂ ਇੱਕ ਜਗਤ  ਪ੍ਰਸਿੱਧ ਮੈਗਜੀਨ “ਦੀ ਟਾਈਮ” ਨੇ ਐਲਾਨਿਆ। ਪ੍ਰੀਤ ਭਰਾੜਾ ਨੂੰ ਇੱਕ ਪ੍ਰਵਾਸੀ ਅਤੇ ਫਿਰ ਇੱਕ ਅਮਰੀਕਾ  ਹੋਣ ਉਤੇ ਵੱਡਾ ਮਾਣ ਹੈ।

ਅਮਰੀਕਾ ਦੀ ਪ੍ਰਸਿੱਧ ਵਕੀਲ ਤੇ ਸਿਆਸਤਦਾਨ- ਹਰਮੀਤ ਢਿਲੋਂ

ਬਚਪਨ ਵਿੱਚ ਹੀ ਹਰਮੀਤ ਢਿਲੋਂ ਦੇ ਮਾਤਾ ਪਿਤਾ ਅਮਰੀਕਾ ਚਲੇ ਗਏ ਸਨ।ਜਿਥੇ ਉਸਨੇ ਚੰਗੀ ਪੜ੍ਹਾਈ ਕੀਤੀ ਅਤੇ ਇੱਕ ਵਕੀਲ ਬਣੀ। ਉਸਦੀ ਮਾਤਾ ਪਰਮਿੰਦਰ ਕੌਰ ਢਿਲੋਂ ਅਤੇ ਪਿਤਾ ਤੇਜ ਪਾਲ ਸਿੰਘ ਢਿਲੋਂ ਚੰਡੀਗੜ੍ਹ ਰਹਿੰਦੇ ਸਨ। ਡਾ: ਤੇਜ ਪਾਲ ਸਿੰਘ ਇੱਕ ਆਰਥੋਪੈਡਿਕ ਸਰਜਨ ਹਨ। ਹਰਮੀਤ ਢਿਲੋਂ ਨੇ ਯੂਨੀਵਰਸਿਟੀ ਆਫ਼ ਵਿਰਜੀਨੀਆ ਤੋਂ ਕਾਨੂੰਨ ਦੀ ਡਿਗਰੀ  ਪ੍ਰਾਪਤੀ ਕੀਤੀ ਅਤੇ ਫਿਰ ਅਮਰੀਕੀ ਜੱਜ ਪਾਲ ਵਿਕਟਰ ਨੀਮੀਅਰ ਨਾਲ ਕਲਰਕ ਵਜੋਂ ਕੰਮ ਕਰਨ ਲੱਗੀ। ਸਾਲ 2008 ਵਿੱਚ ਉਸਨੇ ਸਿਆਸਤ ਵਿੱਚ ਭਰਵਾਂ ਪੈਰ ਰੱਖਿਆ ਅਤੇ ਰਿਪਬਲਿਕ ਪਾਰਟੀ ਵਜੋਂ ਕੈਲੇਫੋਰਨੀਆ ਅਸੰਬਲੀ ਸੀਟ ਉਤੇ ਡੈਮੋਕਰੈਟਿਕ ਉਮੀਦਵਾਰ ਤੋਂ ਹਾਰ ਗਈ। ਉਹ ਸਾਨਫ੍ਰਾਂਸਸਿਸਕੋ ਰਿਪਬਲਿਕ ਪਾਰਟੀ ਦੀ ਚੇਅਰਮੈਨ ਬਣੀ। ਕਾਨੂੰਨ ‘ਚ ਮੁਹਾਰਤ ਰੱਖਦਿਆਂ ਉਸਨੇ ਨਾਮਣਾ ਖੱਟਣਾ ਅਤੇ ਆਪਣੀ ਲਾਅ ਫਰਮ ਸਥਾਪਿਤ ਕੀਤੀ। ਅਮਰੀਕਾ ਸਿਵਲ ਲਿਬਰਟੀ ਯੂਨੀਅਨ ਦੀ ਬੋਰਡ ਮੈਂਬਰ ਬਣੀ। ਇਸ ਦੌਰਾਨ ਸਿੱਖ ਅਤੇ ਏਸ਼ੀਅਨਾਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਉਸਨੇ ਅਵਾਜ਼ ਉਠਾਈ। ਕਮਲਾ ਹੈਰਿਸ ਦੀ ਸਮਰੱਥਕ ਹੋਣ ਕਾਰਨ ਰਿਪਬਲਿਕਨ ਪਾਰਟੀ ਦੇ ਕਾਰਕੁੰਨਾਂ ਵਲੋਂ ਉਸਦੀ ਆਲੋਚਨਾ ਹੋਈ। ਸਾਲ 2016 ‘ਚ ਉਹ  ਪਾਰਟੀ ਦੀ ਨੈਸ਼ਨਲ ਕਮੇਟੀ ਵੂਮੈਨ ਬਣਾਈ ਗਈ। ਹਰਮੀਤ ਢਿਲੋਂ ਨੇ ਟਰੰਪ ਲਈ ਅਮਰੀਕਾ ਦੀ ਰਾਸ਼ਟਰਪਤੀ ਚੋਣ ‘ਚ ਕੰਮ ਕੀਤਾ। ਉਹ 2020 ਟਰੰਪ ਚੋਣ ਲਈ ਉਸਦੀ ਲੀਗਲ ਸਲਾਹਕਾਰ ਹੈ। ਵਕੀਲ ਦੇ ਤੌਰ ‘ਤੇ ਉਸਨੇ ਕਈ ਮਹੱਤਵਪੂਰਨ ਕੇਸ ਲੜੇ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ।

ਢਿਲੋਂ ਔਰਤਾਂ ਦੀ ਆਜ਼ਾਦੀ ਦੇ ਪੱਖ ਵਿੱਚ ਆਵਾਜ਼ ਉਠਾਉਂਦੀ ਹੈ। ਇੰਡੀਅਨ ਏਅਰ ਫੋਰਸ ਦੇ ਚਾਰ ਸਟਾਰਾਂ ਵਾਲੇ ਦਾਦੇ ਦੀ ਪੋਤੀ ਅਤੇ ਵਿਸ਼ਵ ਪ੍ਰਸਿੱਧ ਆਰਥੋ ਸਰਜਨ ਡਾ: ਤੇਜ ਪਾਲ ਸਿੰਘ ਢਿਲੋਂ ਦੀ ਪੁੱਤਰੀ ਸਿੱਖ ਧਰਮ ਵਿਚ ਵਿਸ਼ਵਾਸ ਰੱਖਦੀ ਹੈ ਪਰ ਸਿਆਸਤ ਅਤੇ ਧਰਮ ਨੂੰ ਇਕੱਠਿਆਂ ਕਰਨ ਦੀ ਹਾਮੀ ਨਹੀਂ ਹੈ। ਢਿਲੋਂ ਔਰਤਾਂ ਦੀ ਆਜ਼ਾਦੀ ਦੇ ਪੱਖ ਵਿੱਚ ਆਵਾਜ਼ ਉਠਾਉਂਦੀ ਹੈ।

ਕੈਨੇਡਾ ਦਾ ਪ੍ਰਸਿੱਧ ਸਿਆਸਤਦਾਨ ਪੰਜਾਬੀ – ਜਗਮੀਤ ਸਿੰਘ

ਕੈਨੇਡੀਅਨ ਵਕੀਲ ਸਿਆਸਤਦਾਨ ਜਗਮੀਤ ਸਿੰਘ 2017 ਤੋਂ ਨਿਊ ਡੈਮੋਕਰੈਟਿਕ ਪਾਰਟੀ ਦਾ ਮੁੱਖੀ ਹੈ ਅਤੇ 2019 ਤੋਂ ਕੈਨੇਡੀਅਨ ਪਾਰਲੀਮੈਂਟ ਦਾ ਮੈਂਬਰ ਹੈ।

ਜਗਮੀਤ ਸਿੰਘ ਕੈਨੇਡਾ ਰਹਿੰਦੇ ਦੂਜੀ ਪੀੜ੍ਹੀ ਦੇ ਮਾਪਿਆਂ ਜਗਤਾਰਨ ਸਿੰਘ ਅਤੇ ਹਰਮੀਤ ਕੌਰ ਦਾ ਸਪੁੱਤਰ ਹੈ ਅਤੇ ਪ੍ਰਸਿੱਧ ਪੰਜਾਬੀ ਭਾਰਤੀ ਆਜ਼ਾਦੀ ਸੰਗਰਾਮੀਏ ਸੇਵਾ ਸਿੰਘ ਠੀਕਰੀਵਾਲ ਦਾ ਪੋਤਰਾ ਹੈ, ਜਿਸ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਉਣ ਲਈ ਵੱਡਾ ਸੰਘਰਸ਼ ਲੜਿਆ।

ਜਗਮੀਤ ਸਿੰਘ ਇਸ ਵੇਲੇ ਕੈਨੇਡਾ ਦਾ ਤਾਕਤਵਰ ਪੰਜਾਬੀ ਸਿਆਸਤਦਾਨ ਹੈ। ਜਿਸ  ਨੇ ਅਪਰਾਧਿਕ ਡੀਫੈਂਸ ਵਕੀਲ ਵਜੋਂ ਗ੍ਰੇਟਰ ਟਰੰਟੋ ਖੇਤਰ ਵਿੱਚ ਵਕਾਲਤ ਦਾ ਕਿੱਤਾ ਵਕਾਲਤ ਦੀ ਡਿਗਰੀ ਯਾਰਕ ਯੂਨੀਵਰਸਿਟੀ ਤੋਂ 2005 ਵਿੱਚ ਕਰਨ ਉਪਰੰਤ ਆਰੰਭਿਆ। ਜਗਮੀਤ ਸਿੰਘ 2011 ਵਿੱਚ  ਸਿਆਸਤ ਵਿੱਚ ਕੁੱਦਿਆ ਅਤੇ ਐਨ ਡੀ ਪੀ ਦੀ ਟਿਕਟ ੳੱਤੇ ਐਮ ਪੀ ਦੀ ਚੋਣ ਲੜਿਆ। ਇਸ ਤੋਂ ਪਹਿਲਾ ਉਹ ਉਨਟੋਰੀਓ ਸੂਬੇ ਦੀਆਂ ਜਨਰਲ ਚੋਣਾਂ `ਚ ਕਈ ਵਾਰ ਚੁਣਿਆ ਗਿਆ।

ਜਗਮੀਤ ਸਿੰਘ ਇਹੋ ਜਿਹਾ ਪੰਜਾਬੀ ਕੈਨੇਡੀਅਨ ਸਿਆਸਤਦਾਨ ਹੈ, ਜਿਹੜਾ ਫੈਡਰਲ ਕੈਨੇਡਾ ਵਿੱਚ 15 ਡਾਲਰ ਪ੍ਰਤੀ ਘੰਟਾ ਘੱਟੋ ਘੱਟ ਤਨਖਾਹ, ਘੱਟ ਗਿਣਤੀਆਂ ਨਾਲ ਹੋ ਰਹੇ ਵਿਤਕਰੇ ਵਿਰੁੱਧ ਆਵਾਜ ਬੁਲੰਦ ਕਰਨ ਵਾਲਾ ਸਿਆਸਤਦਾਨ ਹੈ। ਜਗਮੀਤ ਸਿੰਘ ਪਹਿਲਾ ਪਗੜੀਧਾਰੀ ਸੀ ਜੋ ਜਿੱਤ ਉਪਰੰਤ ਉਨਟੋਰੀਓ ਸੂਬੇ `ਚ ਸੂਬਾ ਵਿਧਾਨ ਸਭਾ ਲਈ ਚੁਣਿਆ ਗਿਆ। ਜਗਮੀਤ ਸਿੰਘ ਨੂੰ ਇਸ ਗੱਲ ਦਾ ਵੀ ਮਾਣ ਹਾਸਲ ਹੈ ਕਿ ਉਹ ਘੱਟ ਗਿਣਤੀ ਗਰੁੱਪ ਵਿਚੋਂ ਕਿਸੇ ਪਾਰਟੀ ਦਾ ਨੇਤਾ ਬਣਿਆ। ਪ੍ਰਪੱਕ ਵਿਚਾਰਾਂ ਦਾ ਧਾਰਨੀ ਜਗਮੀਤ ਸਿੰਘ, ਉਸ ਪਾਰਟੀ ਦਾ ਮੁਖੀ ਹੈ, ਜਿਸਦੇ ਕਾਰਨ ਅੱਜ ਟਰੂਡੋ ਦੀ ਲਿਬਰਲ ਸਰਕਾਰ ਕੈਨੇਡਾ ਉਤੇ ਰਾਜ ਕਰਦੀ ਹੈ, ਕਿਉਂਕਿ ਲਿਬਰਲ ਪਾਰਟੀ ਨੂੰ ਫੈਡਰਲ ਚੋਣਾਂ `ਚ ਬਹੁਸੰਮਤੀ ਪ੍ਰਾਪਤ ਨਹੀਂ ਹੋ ਸਕੀ ਸੀ।

ਜਗਮੀਤ ਸਿੰਘ ਪ੍ਰੋਗਰੈਸਿਵ ਸੋਸ਼ਲ ਡੈਮੋਕਰੇਟਿਕ ਹੈ, ਜਿਹੜਾ ਉਹਨਾਂ ਕੈਨੇਡੀਅਨ ਲੋਕਾਂ ਦੇ ਹੱਕ ਵਿਚ ਖੜਦਾ ਹੈ ਜਿਹੜੇ ਗਰੀਬ ਹਨ। ਉਹ ਕਾਰਪੋਰੇਟ ਘਰਾਣਿਆਂ ਅਤੇ ਅਮੀਰਾਂ ਉਤੇ ਵੱਧ ਟੈਕਸ ਲਾਉਣ ਦਾ ਹਾਮੀ ਹੈ।

ਜਗਮੀਤ ਸਿੰਘ ਦੀਆਂ ਰਗਾਂ ਵਿਚ ਸੁਤੰਤਰਤਾ ਸੰਗਰਾਮੀ ਦਾਦੇ ਸੇਵਾ ਸਿੰਘ ਠੀਕਰੀਵਾਲ ਦਾ ਖੂਨ ਹੀ ਨਹੀਂ ਵਗਦਾ, ਉਸਦੇ ਵਿਚਾਰ ਵੀ ਐਲਾਨੀਆਂ , ਉਸਦੇ ਪੁਰਖਿਆਂ ਦੀ ਜ਼ਿੰਦਗੀ, ਤੋਂ ਪ੍ਰਭਾਵਤ ਹਨ।

ਪ੍ਰਗਤੀਵਾਦੀ ਵਿਚਾਰਾਂ ਦੀ ਧਾਰਨੀ- ਰਚਨਾ ਸਿੰਘ (ਕੈਨੇਡਾ)

ਪੰਜਾਬਣ ਰਚਨਾ ਸਿੰਘ ਟਰੇਡ ਯੂਨੀਅਨਿਸਟ ਅਤੇ ਸਿਆਸਤਦਾਨ ਹੈ। 2017 ਵਿੱਚ ਉਹ ਸਰੀ-ਗ੍ਰੀਨ ਤੋਂ ਬ੍ਰਿਟਿਸ਼ ਕੋਲੰਬੀਆ ਨੀਊ ਡੈਮੋਕਰੇਟਿਕ ਪਾਰਟੀ ਦੀ ਟਿਕਟ ਉਤੇ ਬ੍ਰਿਟਿਸ਼ ਅਸੈਂਬਲੀ ਲਈ ਚੁਣੀ ਗਈ। ਉਹ ਇਕ ਸਾਈਕਲੋਜਿਸਟ ਹੈ, ਜਿਹੜੀ ਲੋਕਾਂ ਦੀ ਨਸ਼ਾ ਮੁਕਤੀ ਲਈ ਕੌਂਸਲਿੰਗ ਕਰਦੀ ਰਹੀ ਅਤੇ ਫਿਰ ਕੈਨੇਂਡੀਅਨ ਯੂਨਿਅਨ ਆਫ ਪਬਲਿਕ ਇਮਪਲਾਈਜ਼ ਦੇ ਪਲੇਟਫਾਰਮ ਉਤੇ ਟਰੇਡ ਯੂਨੀਅਨ `ਚ ਕੰਮ ਕਰਨ ਲੱਗੀ। ਰਚਨਾ ਸਿੰਘ, ਪੰਜਾਬ ਦੇ ਪ੍ਰਸਿੱਧ ਲੇਖਕ, ਅਲੋਚਕ ਰਘਬੀਰ ਸਿੰਘ ਸਿਰਜਨਾ ਦੀ ਸਪੁੱਤਰੀ ਅਤੇ ਪ੍ਰਸਿੱਧ ਬਰੌਡਕਾਸਟਰ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਪਤਨੀ ਹੈ। ਰਚਨਾ ਸਿੰਘ ਆਪਣੇ ਪਰਿਵਾਰ ਸਮੇਤ ਸਰੀ ਵਿੱਚ ਵਸਦੀ ਹੈ ਅਤੇ ਭਾਰਤ ਰਹਿੰਦਿਆਂ ਤੋਂ ਹੀ ਸੈਕੂਲਰ ਵਿਚਾਰਾਂ ਦੀ ਧਾਰਨੀ ਹੈ।

ਨੀਊ ਡੈਮੋਕਰੇਟਿਕ ਪਾਰਟੀ ਜਿਸ ਨੇ ਬ੍ਰਿਟਿਸ਼ ਕੋਲੰਬੀਆਂ ਦੀਆਂ 87 ਵਿੱਚੋਂ 55 ਸੀਟਾਂ ਹੁਣ ਦੀਆਂ ਚੋਣਾਂ `ਚ ਜਿੱਤੀਆਂ ਹਨ। ਰਚਨਾ ਸਿੰਘ ਅਸੰਬਲੀ ਚੋਣਾਂ `ਚ ਦੂਜੀ ਵਾਰ ਚੋਣ ਜਿੱਤੀ ਹੈ।

ਰਚਨਾ ਸਿੰਘ 2001 ਵਿੱਚ ਕੈਨੇਡਾ ਗਈ ਸੀ। ਰਚਨਾ ਸਿੰਘ ਕੈਨੇਡਾ ਵਿਚੋਂ ਨਸਲਵਾਦ ਖਤਮ ਕਰਨ ਦੀ ਧਾਰਨੀ ਹੈ।

ਬਰਤਾਨੀਆ ਦਾ ਪ੍ਰਸਿੱਧ ਕਾਰੋਬਾਰੀ- ਟੌਮ ਸਿੰਘ

ਟੌਮ ਸਿੰਘ ਦੇ ਪੰਜਾਬੀ ਪੁਰਖੇ 1940 ਵਿਚ ਬਰਤਾਨੀਆ ਗਏ। ਜਿਥੇ 1949 ਵਿਚ ਟੌਮ ਸਿੰਘ ਦਾ ਜਨਮ ਹੋਇਆ। ਟੌਮ ਸਿੰਘ ਨੇ ਯੂਨੀਵਰਸਿਟੀ ਆਫ ਵੇਲਜ ਤੋਂ ਇੰਟਰਨੈਸ਼ਨਲ ਪੌਲਟਿਕਸ ਅਤੇ ਜੋਗਰਾਫੀ ਵਿੱਚ ਡਿਗਰੀ ਪ੍ਰਾਪਤ ਕੀਤੀ। ਸਾਲ 1969 ਵਿਚ ਉਸਨੇ ਯੂ.ਕੇ. ਫੈਸ਼ਨ ਰਿਟੇਲ ਚੇਨ “ਨਿਊ ਲੁੱਕ” ਆਪਣੇ ਮਾਪਿਆਂ ਤੋਂ 5000 ਪਾਊਂਡ ਵਿਆਜ ਤੇ ਧੰਨ ਲੈ ਕੇ ਖੋਲ੍ਹੀ। ਅੱਜ ਉਹ ਇਸ ਬਰਤਾਨੀਆ ਦੀ ਸਭ ਤੋਂ ਵੱਡੀ ਰਿਟੇਲ ਚੇਨ, ਜਿਸਦਾ ਕਾਰੋਬਾਰ 340 ਮਿਲੀਅਨ ਪੌਂਡ ਹੈ, ਦਾ ਮਾਲਕ ਹੈ। ਸਾਲ 2006 `ਚ ਉਸਨੂੰ ਬਿਟ੍ਰਿਸ਼ ਸਰਕਾਰ ਵਲੋਂ ਵੱਡੀਆਂ ਪ੍ਰਾਪਤੀਆਂ ਕਾਰਨ ਓ.ਬੀ.ਈ. ਦਾ ਖਿਤਾਬ ਮਿਲਿਆ।

ਟੌਮ ਸਿੰਘ, ਦੁਨੀਆ ਦੇ ਮਸ਼ਹੂਰ ਬਰਤਾਨੀਆ ਰਹਿੰਦੇ ਲੇਖਕ ਅਤੇ ਬਰਾਡਕਾਸਟਰ ਡਾ: ਸੀਮੋਨ ਸਿੰਘ ਦਾ ਵੱਡਾ ਭਰਾ ਹੈ। ਟੌਮ ਸਿੰਘ, ਇੱਕ ਇਹੋ ਜਿਹਾ ਪੰਜਾਬੀ ਬਰਤਾਨਵੀ ਹੈ, ਜਿਹੜਾ ਆਪਣੇ ਪੁਰਖਿਆਂ ਦੇ ਦੇਸ਼ ਦੇ ਉਹਨਾਂ ਲੋਕਾਂ ਲਈ ਜਿਹੜੇ ਸਾਧਨ ਵਿਹੂਣੇ ਹਨ ਲਈ ਕੰਮ ਕਰਦਾ ਹੈ ਅਤੇ ਉਹਨਾਂ ਨੂੰ ਛੋਟੇ-ਛੋਟੇ ਕਾਰੋਬਾਰ ਖੋਲਣ ਲਈ ਸਹਾਇਤਾ ਦਿੰਦਾ ਹੈ।

-ਗੁਰਮੀਤ ਸਿੰਘ ਪਲਾਹੀ
-9815802070

Post Author: admin

Leave a Reply

Your email address will not be published. Required fields are marked *