ਮੁਹੱਬਤ ਦੀ ਕੈਮਿਸਟਰੀ /ਡਾ. ਹਰਸ਼ਿੰਦਰ ਕੌਰ

ਹਾਰਵਰਡ ਮੈਡੀਕਲ ਸਕੂਲ ਦੇ ਪ੍ਰੋਫੈੱਸਰ ਪਿਆਰ ਉੱਤੇ ਕੋਈ ਖੋਜ ਨਹੀਂ ਸਨ ਕਰ ਰਹੇ। ਉਹ ਤਾਂ ਨੌਜਵਾਨ ਬੱਚਿਆਂ ਦੇ ਦਿਮਾਗ਼ ਦੀ ਹਿਲਜੁਲ ਰਿਕਾਰਡ ਕਰਨਾ ਚਾਹ ਰਹੇ ਸਨ। ਇਸੇ ਲਈ ਉਨਾਂ ਨੇ 2500 ਫਾਰਮ ਭਰਵਾ ਕੇ ਕਾਲਜ ਦੇ ਵਿਦਿਆਰਥੀਆਂ ਦੀ ਸਕੈਨਿੰਗ ਕੀਤੀ। ਪਰ ਨੁਕਤਾ ਕੁੱਝ ਵੱਖ ਹੀ ਲੱਭ ਪਿਆ। ਕਾਫ਼ੀ ਸਾਰੇ ਬੱਚਿਆਂ ਦੇ ਦਿਮਾਗ਼ ਦੇ ਉਸ ਹਿੱਸੇ ਵਿਚ ਤਰੰਗਾਂ ਵੱਧ ਚੁਸਤ ਲੱਭੀਆਂ ਜਿਸ ਵਿੱਚੋਂ ਡੋਪਾਮੀਨ ਨਿਕਲਦੀ ਹੈ। ਡੋਪਾਮੀਨ ਚੰਗਾ ਮਹਿਸੂਸ ਕਰਵਾਉਣ ਵਾਲਾ ਨਿਊਰੋਟਰਾਂਸਮਿਟਰ ਹੈ।
ਇਨਾਂ ਬੱਚਿਆਂ ਦੇ ਦਿਮਾਗ਼ ਦੇ ਜਿਹੜੇ ਹਿੱਸੇ ਲੋੜੋਂ ਵੱਧ ਹਰਕਤ ਕਰਦੇ ਦਿਸੇ, ਉਹ ਸਨ ‘‘ਕੌਡੇਟ ਨਿਊਕਲੀਅਸ’’ ਤੇ ‘‘ਵੈਂਟਰਲ ਟੈਗਮੈਂਟਲ ਏਰੀਆ’’। ਕੌਡੇਟ ਨਿਊਕਲੀਅਸ ਵਿਚਲੀ ਹਿਲਜੁਲ ਚੜਦੀ ਕਲਾ ਦਾ ਇਹਸਾਸ ਦਵਾਉਂਦੀ ਹੈ ਤੇ ਠਰੰਮਾ ਬਖ਼ਸ਼ਦੀ ਹੈ ਜਦਕਿ ਵੈਂਟਰਲ ਟੈਗਮੈਂਟਲ ਏਰੀਆ ਧਿਆਨ ਲਾਉਣ ਵਿਚ ਮਦਦ ਕਰਦਾ ਹੈ ਤੇ ਕੁੱਝ ਹਾਸਲ ਕਰਨ ਦੀ ਇੱਛਾ ਨੂੰ ਪ੍ਰਬਲ ਕਰਕੇ ਸਰੀਰ ਤੇ ਦਿਮਾਗ਼ ਨੂੰ ਪੂਰਾ ਚੁਸਤ ਰੱਖ ਕੇ ਆਨੰਦਿਤ ਮਹਿਸੂਸ ਕਰਵਾਉਂਦਾ ਹੈ।
ਯਾਨੀ ਇਨਾਂ ਦਿਮਾਗ਼ ਵਿਚਲੇ ਹਿੱਸਿਆਂ ਦੇ ਚੁਸਤ ਹੋਣ ਦਾ ਮਤਲਬ ਹੈ ਕਿ ਸਰੀਰਕ ਚੁਸਤੀ ਵੀ ਵੱਧ, ਗੁੱਸਾ ਕਾਬੂ ਕਰ ਕੇ ਦੂਜਿਆਂ ਦੀ ਮਦਦ ਕਰਨ ਦੀ ਇੱਛਾ ਵੀ ਪ੍ਰਬਲ ਤੇ ਆਪ ਨਿੱਠ ਕੇ ਕੰਮ ਕਰ ਕੇ ਅਣਕਿਆਸੀਆਂ ਉਚਾਈਆਂ ਹਾਸਲ ਕਰਨ ਦੀ ਤਾਕਤ ਵੀ ਬੇਮਿਸਾਲ!
ਇਨਾਂ ਬੱਚਿਆਂ ਤੇ ਬਾਕੀ ਬੱਚਿਆਂ ਵਿਚਲੇ ਫਾਰਮਾਂ ਨੂੰ ਚੰਗੀ ਤਰਾਂ ਘੋਖਿਆ ਗਿਆ ਕਿ ਕਿਹੜੀ ਚੀਜ਼ ਇਨਾਂ ਬੱਚਿਆਂ ਨੂੰ ਬਾਕੀਆਂ ਨਾਲੋਂ ਵੱਖ ਤੇ ਵਾਧੂ ਚੜਦੀਕਲਾ ਦਾ ਇਹਸਾਸ ਦੁਆ ਰਹੀ ਹੈ? ਪੈਸਾ, ਰੁਤਬਾ, ਮਾਪਿਆਂ ਦਾ ਆਪਸੀ ਰਿਸ਼ਤਾ, ਇਨਾਂ ਸਾਰਿਆਂ ਦਾ ਅਸਰ ਸਭ ’ਤੇ ਇੱਕੋ ਜਿਹਾ ਲੱਭਿਆ। ਫੇਰ ਧਿਆਨ ਗਿਆ ਇਕ ਖਾਨੇ ਵਿਚ ਜਿੱਥੇ ਸਭ ਤੋਂ ਪਿਆਰੀ ਸ਼ੈਅ ਭਰਨ ਲਈ ਕਿਹਾ ਗਿਆ ਸੀ। ਇਨਾਂ ਸਾਰੇ ਬੱਚਿਆਂ ਨੇ ਇਸ ਖਾਨੇ ਵਿਚ ਆਪਣੇ ਪਿਆਰੇ ਸਾਥੀ, ਕੁੜੀ ਜਾਂ ਮੁੰਡੇ ਦਾ ਜ਼ਿਕਰ ਕੀਤਾ ਹੋਇਆ ਸੀ ਜਿਸ ਨਾਲ ਉਹ ਮੁਹੱਬਤ ਕਰਦੇ ਸਨ। ਇਨਾਂ ਵਿੱਚੋਂ 7, 8 ਜਣੇ ਪਾਲਤੂ ਕੁੱਤੇ ਜਾਂ ਬਿੱਲੀ ਨਾਲ ਬਹੁਤ ਲਗਾਓ ਪਾਲ ਕੇ ਬੈਠੇ ਸਨ।
ਇਸ ਨੁਕਤੇ ਤੋਂ ਇਹ ਫ਼ੈਸਲਾ ਲਿਆ ਗਿਆ ਕਿ ਮੁਹੱਬਤ ਦਾ ਦਿਮਾਗ਼ ਉੱਤੇ ਕਾਫੀ ਚੰਗਾ ਅਸਰ ਪੈਂਦਾ ਹੈ। ਇਸ ਖੋਜ ਨੂੰ ਹੋਰ ਪੱਕਾ ਕਰਨ ਲਈ ਇਨਾਂ ਸਾਰਿਆਂ ਨੂੰ ਉਨਾਂ ਦੇ ਪਿਆਰੇ ਸਾਥੀ ਦੀ ਤਸਵੀਰ ਵਿਖਾਈ ਗਈ ਤੇ ਉਸੇ ਵੇਲੇ ਨਾਲੋ ਨਾਲ ਬਰੇਨ ਮੈਪਿੰਗ ਕੀਤੀ ਗਈ। ਸਾਰਿਆਂ ਦੇ ਦਿਮਾਗ਼ ਦੇ ਉਸ ਹਿੱਸੇ ਵਿਚ ਚੁਸਤੀ ਦਿਸੀ ਜਿੱਥੋਂ ਡੋਪਾਮੀਨ ਨਿਕਲਦੀ ਸੀ।
ਬੌਸਟਨ ਦੇ ਮੈਸਾਚੂਟਿਸ ਵਿਚ 166 ਵਿੱਚੋਂ 147 ਮਰੀਜ਼ਾਂ ਦੇ ਆਪਣੇ ਪਿਆਰੇ ਦੀ ਤਸਵੀਰ ਕੋਲ ਰੱਖਣ, ਸਾਹਮਣੇ ਟੰਗਣ ਜਾਂ ਫ਼ੋਨ ਉੱਤੇ ਗੱਲ ਕਰਵਾਉਣ ਨਾਲ ਚਿਹਰੇ ਉੱਤੇ ਰੌਣਕ ਵੱਖ ਦਿਸੀ। ਕਈਆਂ ਦੇ ਚਿਹਰੇ ’ਤੇ ਏਨੀ ਚੌੜੀ ਮੁਸਕਾਨ ਦਿਸੀ ਕਿ ਚੈੱਕ ਕਰਨ ਆਏ ਡਾਕਟਰ ਤੇ ਨਰਸਾਂ ਦੇ ਮੂੰਹ ਉੱਤੇ ਵੀ ਬਦੋਬਦੀ ਖ਼ੁਸ਼ੀ ਦਾ ਅਸਰ ਦਿਸਣ ਲੱਗ ਪਿਆ।
ਇਸ ਦਾ ਸਪਸ਼ਟ ਅਰਥ ਸੀ ਕਿ ਦਿਲੋਂ ਮਹਿਸੂਸ ਕੀਤੀ ਜਾ ਰਹੀ ਖ਼ੁਸ਼ੀ ਲਾਗ ਦੀ ਬੀਮਾਰੀ ਵਾਂਗ ਆਲਾ-ਦੁਆਲਾ ਵੀ ਉਸੇ ਤਰਾਂ ਹੀ ਖ਼ੁਸ਼ਗਵਾਰ ਕਰ ਦਿੰਦੀ ਹੈ।
ਇਹੀ ਨੁਕਤਾ ਫੇਰ ਗੁੱਸੇ ਦੇ ਦੌਰੇ ਪੈਣ ਵਾਲੇ ਮਰੀਜ਼ਾਂ ਅੱਗੇ ਅਪਣਾਇਆ ਗਿਆ। ਉਨਾਂ ਨੂੰ ਖਿੜਖਿੜਾ ਕੇ ਹੱਸਦੇ ਹੋਏ ਬੱਚੇ ਦੀ ਵੀਡੀਓ ਵਿਖਾਈ ਗਈ। ਸਾਰੇ ਦੇ ਸਾਰੇ ਮਰੀਜ਼ਾਂ ਦੇ ਚਿਹਰੇ ’ਤੇ ਰੌਣਕ ਦਿਸੀ। ਕਿਸੇ ਦੇ ਘੱਟ, ਕਿਸੇ ਦੇ ਵੱਧ ਤੇ ਕੋਈ ਵੀਡੀਓ ਵੇਖਦੇ ਸਾਰ ਖਿੜਖਿੜਾ ਕੇ ਹੱਸ ਪਿਆ। ਫੇਰ ਸ਼ਰਾਰਤ ਕਰਦੇ ਦੋ ਪਿਆਰ ਕਰਨ ਵਾਲਿਆਂ ਦੀ ਵੀਡੀਓ ਵਿਖਾਈ ਗਈ। ਉਸ ਨਾਲ ਵੀ ਤਿਊੜੀਆਂ ਭਰੇ ਮੱਥਿਆਂ ਉੱਤੋਂ ਤਿਊੜੀਆਂ ਸਾਫ਼ ਹੋ ਕੇ ਸਹਿਜ ਹੋਣ ਤੋਂ ਲੈ ਕੇ ਕੁੱਝ ਜਣਿਆਂ ਦੇ ਚਿਹਰੇ ’ਤੇ ਮੁਸਕਾਨ ਤੱਕ ਆਉਂਦੀ ਦਿਸੀ।
ਮੈਸਾਚਿਊਟਿਸ ਹਸਪਤਾਲ ਵਿਚ ਨਾਲੋ ਨਾਲ ਕੀਤੇ ਦਿਮਾਗ਼ ਦੇ ਸਕੈਨਾਂ ਵਿਚ ਪਿਆਰ ਕਰਨ ਵਾਲਿਆਂ ਤੇ ਪਿਆਰ ਦਾ ਇਹਸਾਸ ਜਾਗਣ ਵਾਲਿਆਂ ਦੇ ਦਿਮਾਗ਼ ਦੇ ਉਨਾਂ ਹੀ ਹਿੱਸਿਆਂ ਵਿਚ ਵੱਧ ਲਹੂ ਜਾਂਦਾ ਲੱਭਿਆ ਜਿਹੜੇ ਹਿੱਸੇ ਚੜਦੀ ਕਲਾ ਦਾ ਇਹਸਾਸ ਦਵਾਉਂਦੇ ਸਨ। ਇਨਾਂ ਥਾਵਾਂ ਉੱਤੇ ਲਹੂ ਦੀ ਰਵਾਨੀ ਕਾਫ਼ੀ ਦੇਰ ਵਧੀ ਰਹੀ ਤੇ ਸੈੱਲਾਂ ਦੀ ਹਰਕਤ ਵੀ ਕਾਫ਼ੀ ਦੇਰ ਦਿਸਦੀ ਰਹੀ।
ਜਿਹੜੇ ਮੁਹੱਬਤ ਵਿਚ ਗੜੁੱਚ ਸਨ ਉਨਾਂ ਵਿੱਚੋਂ ਕੁੱਝ ਦੇ ਜਿਨਾਂ ਨੂੰ ਆਪਣੇ ਪਿਆਰੇ ਨਾਲ ਮਿਲਣ ਦੀ ਆਸ ਪੈਦਾ ਹੋਈ, ਉਨਾਂ ਦੇ ਸਰੀਰਾਂ ਅੰਦਰ ਵੀ ਕੁੱਝ ਤਬਦੀਲੀ ਦਿਸੀ-ਧੜਕਨ ਤੇਜ਼ ਹੋਈ, ਗੱਲਾਂ ਲਾਲ ਹੋਈਆਂ, ਹੱਥਾਂ ਵਿਚ ਪਸੀਨਾ ਆਇਆ, ਘਬਰਾਹਟ ਹੋਈ, ਦਿਲ ਛਾਤੀ ’ਚੋਂ ਬਾਹਰ ਨਿਕਲਦਾ ਮਹਿਸੂਸ ਹੋਇਆ, ਇਕਦਮ ਤਣਾਓ ਵਾਲਾ ਹਾਰਮੋਨ ਕੌਰਟੀਸੋਲ ਵੱਧ ਗਿਆ ਤੇ ਸਿਰੋਟੋਨਿਨ ਘੱਟ ਗਿਆ।
ਇਸ ਹਾਲਤ ਨੂੰ ਖੋਜੀ ਸ਼ਵਾਰਟਜ਼ ਨੇ ‘ਵਾਧੂ ਲਗਾਓ’ ਦਾ ਨਾਂ ਦਿੱਤਾ। ਇਸ ਹਾਲਤ ਵਿਚ ਜਾਣ ਵਾਲੇ ਆਪਣੇ ਪਿਆਰ ਦੇ ਖੁੱਸ ਜਾਣ ਉੱਤੇ ਕਈ ਵਾਰ ਆਪ ਖ਼ੁਦਕੁਸ਼ੀ ਕਰ ਜਾਂਦੇ ਹਨ ਜਾਂ ਆਪਣੇ ਪਿਆਰੇ ਨੂੰ ਮਾਰ ਦਿੰਦੇ ਹਨ। ਕੁੱਝ ਜਣੇ ਆਪਣੀ ਪ੍ਰੇਮਿਕਾ ਦੇ ਖੁੱਸ ਜਾਣ ਦਾ ਖ਼ਦਸ਼ਾ ਭਾਂਪਦੇ ਸਾਰ ਉਸ ਦੇ ਮਾਪੇ, ਭਰਾ, ਭਾਬੀ ਜਾਂ ਹੋਰ ਰਿਸ਼ਤੇਦਾਰ ਤੱਕ ਨੂੰ ਕਤਲ ਕਰ ਦਿੰਦੇ ਹਨ। ਅਜਿਹਾ ਇਕਦਮ ਉੱਠੇ ਹਿਲੌਰੇ ਜਾਂ ਸਰੀਰਕ ਤੇ ਮਾਨਸਿਕ ਤਬਦੀਲੀ ਸਦਕਾ ਹੁੰਦਾ ਹੈ।
ਜੇ ਡੋਪਾਮੀਨ ਦੀ ਮਾਤਰਾ ਸਰੀਰ ਅੰਦਰ ਵੱਧ ਜਾਵੇ ਤੇ ਸਿਰੋਟੋਨਿਨ ਦੇ ਘਾਟੇ ਨੂੰ ਪੂਰ ਜਾਵੇ ਤਾਂ ਅਜਿਹੀ ਵਕਤੀ ਸੋਚ ਉੱਤੇ ਠੱਲ ਪੈ ਜਾਂਦੀ ਹੈ ਤੇ ਡੋਪਾਮੀਨ ਦਾ ਅਸਰ ਹਾਵੀ ਹੋ ਜਾਂਦਾ ਹੈ। ਡੋਪਾਮੀਨ ਦਾ ਵਾਧਾ ਕੋਕੀਨ ਜਾਂ ਸ਼ਰਾਬ ਪੀ ਕੇ ਮਹਿਸੂਸ ਹੋ ਰਹੇ ਅਨੰਦ ਜਿੰਨਾ ਹੀ ਨਸ਼ਾ ਮਹਿਸੂਸ ਕਰਵਾਉਂਦਾ ਹੈ।
ਸੈਨ ਫਰਾਂਸਿਸਕੋ ਦੀ ਯੂਨੀਵਰਸਿਟੀ ਔਫ ਕੈਲੀਫੋਰਨੀਆ ਵਿਚ ਹੋਈ ਖੋਜ ਸੰਨ 2012 ਦੇ ‘ਸਾਇੰਸ’ ਜਰਨਲ ਵਿਚ ਛਪੀ ਸੀ ਜਿਸ ਅਨੁਸਾਰ ਪਿਆਰ ਨਸੀਬ ਨਾ ਹੋਣ ਨਾਲ ਜਾਂ ਨਕਾਰੇ ਜਾਣ ਉੱਤੇ ਬਹੁਤੇ ਲੋਕ ਸ਼ਰਾਬ ਜਾਂ ਨਸ਼ੇ ਵੱਲ ਝੁਕਾਓ ਰੱਖਣ ਲੱਗ ਪੈਂਦੇ ਹਨ ਤੇ ਕਈ ਵਾਰ ਪਹਿਲਾਂ ਤੋਂ ਚਾਰ ਗੁਣਾ ਵੱਧ ਪੀਣ ਲੱਗ ਪੈਂਦੇ ਹਨ ਤਾਂ ਜੋ ਸਰੀਰ ਨੂੰ ਉਸੇ ਹਾਲਾਤ ਵਿਚ ਲਿਜਾ ਸਕਣ ਜਿਹੜੀ ਡੋਪਾਮੀਨ ਦੇ ਵਾਧੇ ਨਾਲ ਮਹਿਸੂਸ ਹੋ ਰਿਹਾ ਸੀ।
ਇਨਾਂ ਹਾਰਮੋਨਾਂ ਦੇ ਨਾਲ ਵੇਜ਼ੋਪਰੈੱਸਿਨ ਤੇ ਆਕਸੀਟੋਸਿਨ ਵੀ ਵਧੇ ਹੋਏ ਵੇਖੇ ਗਏ ਹਨ। ਇਹ ਦੋਵੇਂ ਹਾਰਮੋਨ ਹੱਥਾਂ ਵਿਚ ਹੱਥ ਲੈਣ ਨਾਲ, ਜੱਫੀ ਪਾਉਣ ਨਾਲ ਜਾਂ ਸਰੀਰਾਂ ਦੀ ਛੋਹ ਸਦਕਾ ਇਕਦਮ ਵੱਧ ਜਾਂਦੇ ਹਨ। ਆਕਸੀਟੋਸਿਨ ਇਕਦਮ ਸਰੀਰਕ ਸੰਬੰਧ ਬਣਾਉਣ ਨੂੰ ਉਕਸਾਉਂਦੀ ਹੈ ਜਦਕਿ ਵੇਜ਼ੋਪਰੈੱਸਿਨ ਲੰਮੇ ਸਮੇਂ ਤਕ ਨਿੱਘਾ ਰਿਸ਼ਤਾ ਬਣਾਉਣ ਵਿਚ ਸਹਾਈ ਹੁੰਦੀ ਹੈ ਜੋ ਸਦੀਵੀ ਹੋਵੇ ਤੇ ਨਿਰੀ ਸਰੀਰਕ ਖਿੱਚ ਉੱਤੇ ਨਿਰਭਰ ਨਾ ਹੋਵੇ।
ਦਿਮਾਗ਼ ਵਿਚਲੇ ਅਮਿਗਡਲਾ, ਹਿੱਪੋਕੈਂਪਸ ਤੇ ਪ੍ਰੀਫਰੰਟਲ ਕੌਰਟੈਕਸ ਹਿੱਸੇ ਦਰਅਸਲ ਰਲ ਕੇ ਰਿਵਾਰਡ ਸਰਕਟ ਬਣਾ ਦਿੰਦੇ ਹਨ ਜਿਹੜੇ ਮੁਹੱਬਤ ਦੇ ਅਸਰ ਅਧੀਨ ਇਕਜੁੱਟ ਹੋ ਕੇ ਸਾਰੀਆਂ ਤਬਦੀਲੀਆਂ ਲੈ ਕੇ ਆਉਂਦੇ ਹਨ ਤੇ ਸੋਚ ਵੀ ਸਕਾਰਾਤਮਕ ਬਣਾ ਦਿੰਦੇ ਹਨ।


ਇਕ ਹੋਰ ਕਮਾਲ ਦਾ ਨੁਕਤਾ ਪਤਾ ਲੱਗਿਆ। ਉਹ ਇਹ ਸੀ ਕਿ ਮੁਹੱਬਤ ਕਰਨ ਵਾਲਿਆਂ ਦੇ ਦਿਮਾਗ਼ ਦੀ ਮਸ਼ੀਨਰੀ ਵਿਚਲੀ ਉਹ ਗਰਾਰੀ ਜੋ ਨਿਊਕਲੀਅਸ ਐਕਿਊਂਬੈਂਸ ਤੋਂ ਪ੍ਰੀ ਫਰੰਟਲ ਕੌਰਟੈਕਸ ਵੱਲ ਸੁਣੇਹੇ ਭੇਜਦੀ ਹੈ, ਇਹ ਚੁਸਤ ਹੋ ਜਾਂਦੀ ਹੈ। ਇਸ ਰਸਤੇ ਵਿਚਲੇ ਸੁਣੇਹੇ ਸਿਰਫ਼ ਚੰਗਾ ਹੀ ਚੰਗਾ ਵਿਖਾਉਂਦੇ ਹਨ। ਯਾਨੀ ‘‘ਇਸ਼ਕ ਕੀਆ ਗਧੀ ਸੇ ਤੋ ਹੂਰ ਸੇ ਕਿਆ’’ ਵਾਲੀ ਪੁਰਾਣੀ ਇਬਾਰਤ ਇਸੇ ਸਦਕਾ ਸਹੀ ਸਾਬਤ ਹੁੰਦੀ ਰਹੀ ਹੈ। ਮੁਹੱਬਤ ਕਰਨ ਵਾਲੇ ਨੂੰ ਆਪਣੇ ਸਾਥੀ ਵਿਚ ਐਬ ਦਿਸਣੇ ਬੰਦ ਹੀ ਹੋ ਜਾਂਦੇ ਹਨ।
ਜਿਉਂ ਹੀ ਮੁਹੱਬਤ ਘਟੇ ਤਾਂ ਦੂਜਾ ਰਾਹ ਜੋ ਨਿਊਕਲੀਅਸ ਐਕਿਊਂਬੈਂਸ ਤੋਂ ਅਮਿਗਡਲਾ ਵੱਲ ਜਾਂਦਾ ਹੈ, ਚੁਸਤ ਹੋ ਜਾਂਦਾ ਹੈ ਜਿਸ ਸਦਕਾ ਸਾਨੂੰ ਦੂਜੇ ਵਿਚ ਐਬ ਦਿਸਣੇ ਸ਼ੁਰੂ ਹੋ ਜਾਂਦੇ ਹਨ ਜੋ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਹਨ।
ਸੌਖਿਆਂ ਹੀ ਸਮਝ ਆ ਸਕਦੀ ਹੈ ਕਿ ਕਿਉਂ ‘ਮੁਹੱਬਤ ਅੰਨੀ ਹੁੰਦੀ ਹੈ’ ਇਬਾਰਤ ਸਦੀਆਂ ਤੋਂ ਸਹੀ ਸਾਬਤ ਹੁੰਦੀ ਰਹੀ ਹੈ। ਇਹੀ ਕਾਰਨ ਹੈ ਕਿ ਬਥੇਰੇ ਜਣੇ ਕਹਿੰਦੇ ਹਨ, ਜਦੋਂ ਪੇ੍ਰਮਿਕਾ ਸੀ ਤਾਂ ਮੇਨਕਾ ਜਾਪਦੀ ਸੀ ਪਰ ਪਤਨੀ ਬਣਦੇ ਸਾਰ ਚੰਡੀ ਦਿਸਣ ਲੱਗ ਪਈ ਹੈ।
ਮੁਹੱਬਤ ਦੇ ਸ਼ੁਰੂਆਤੀ ਦੌਰ ਵਿਚ ਸਾਥੀ ਦੇ ਖੁੱਸਣ ਦਾ ਡਰ ਤੇ ਉਸ ਦੇ ਨਾਰਾਜ਼ ਹੋ ਜਾਣ ਦਾ ਡਰ ਚਰਮ ਸੀਮਾ ਉੱਤੇ ਹੁੰਦਾ ਹੈ।
ਹੌਲੀ-ਹੌਲੀ, ਇਕ ਦੋ ਸਾਲਾਂ ਵਿਚ ਇਹ ਡਰ ਘਟਦਾ ਹੋਇਆ ਖ਼ਤਮ ਹੋ ਜਾਂਦਾ ਹੈ। ਇਸ ਦੌਰਾਨ ਕੌਰਟੀਸੋਲ ਤੇ ਸਿਰੋਟੋਨਿਨ ਦੀ ਮਾਤਰਾ ਘਟਣ ਲੱਗ ਪੈਂਦੀ ਹੈ ਤੇ ਉਹੀ ਮੁਹੱਬਤ ਜੋ ਪਹਿਲਾਂ ਤਣਾਓ ਤੇ ਘਬਰਾਹਟ ਦਿੰਦੀ ਹੈ, ਫੇਰ ਸਹਿਜ ਤੇ ਠਰੰਮੇ ਨਾਲ ਭਿਉਂ ਦਿੰਦੀ ਹੈ। ਇੰਜ ਪਾ ਲੈਣ ਜਾਂ ਖੋਹ ਕੇ ਹਾਸਲ ਕਰਨ ਦੀ ਥਾਂ ਬੰਦਾ ਆਪਾ ਵਾਰਨ ਜਾਂ ਨਿਛਾਵਰ ਕਰਨ ਦੀ ਹਾਲਤ ਵਿਚ ਪਹੁੰਚ ਜਾਂਦਾ ਹੈ।
ਇਸ ਤਬਦੀਲੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਮੁਹੱਬਤ ਘਟ ਗਈ ਹੈ। ਸੰਨ 2011 ਵਿਚ ਨਿਊਯੌਰਕ ਵਿਚ ਸਟੋਨੀ ਬਰੂਕ ਯੂਨੀਵਰਸਿਟੀ ਵਿਚ ਉਹ ਜੋੜੇ ਸ਼ਾਮਲ ਕੀਤੇ ਗਏ ਜਿਨਾਂ ਦੇ ਵਿਆਹ ਦਾ ਆਧਾਰ ਮੁਹੱਬਤ ਸੀ। ਇਨਾਂ ਸਾਰਿਆਂ ਦੇ ਵਿਆਹ ਨੂੰ 20 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ। ਇਹ ਵੇਖਣ ਵਿਚ ਆਇਆ ਕਿ ਜਦੋਂ ਉਨਾਂ ਨੂੰ ਉਨਾਂ ਦੀਆਂ ਪੁਰਾਣੀਆਂ ਤਸਵੀਰਾਂ ਵਿਖਾਈਆਂ ਗਈਆਂ ਤਾਂ ਹਰ ਕਿਸੇ ਦੇ ਦਿਮਾਗ਼ ਦੇ ਡੋਪਾਮੀਨ ਭਰਪੂਰ ਹਿੱਸਿਆਂ ਵਿਚ ਓਨੀਆਂ ਹੀ ਤਰੰਗਾਂ ਉੱਠੀਆਂ ਦਿਸੀਆਂ ਜਿੰਨੀਆਂ ਜਵਾਨ ਜੋੜਿਆਂ ਵਿਚ ਦਿਸਦੀਆਂ ਹਨ। ਉਨਾਂ ਦੇ ਰੋਜ਼ਮਰਾ ਦੀ ਜ਼ਿੰਦਗੀ ਵਿਚਲੀ ਚਲਦੀ ਖਟਪਟ ਦੇ ਬਾਵਜੂਦ ਮਨਾਂ ਵਿਚ ਲੁਕੀ ਮੁਹੱਬਤ ਓਨੀ ਹੀ ਡੂੰਘੀ ਸੀ। ਵੇਖਣ ਵਿਚ ਇਹ ਆਇਆ ਕਿ ਜਿੰਨੇ ਜੋੜੇ ਲੰਮੇ ਸਮੇਂ ਤੱਕ ਮੁਹੱਬਤ ਵਿਚ ਗੜੁੱਚ ਲੱਭੇ, ਉਨਾਂ ਸਾਰਿਆਂ ਵਿਚ ਸਰੀਰਕ ਰੋਗ ਘੱਟ ਸਨ ਤੇ ਲਗਭਗ ਸਾਰੇ ਹੀ ਚੜਦੀ ਕਲਾ ਵਿਚ ਸਨ।
ਇਨਾਂ ਵਿੱਚੋਂ ਬਹੁਤ ਸਾਰੀਆਂ ਉਹ ਜੋੜੀਆਂ ਜੋ ਸਰੀਰਕ ਸੰਬੰਧ ਨਹੀਂ ਬਣਾ ਰਹੀਆਂ ਸਨ, ਵਿੱਚੋਂ ਵੀ ਜਦੋਂ ਕਿਸੇ ਨੇ ਉਹ ਰਿਸ਼ਤਾ ਜਾਗਿ੍ਰਤ ਕੀਤਾ ਤਾਂ ਉਸ ਉਮਰ ਵਿਚ ਵੀ ਉਨਾਂ ਦੇ ਦਿਮਾਗ਼ ਦਾ ਰਿਵਾਰਡ ਸਿਸਟਮ ਰਵਾਂ ਹੋਇਆ ਤੇ ਓਕਸੀਟੋਸਿਨ ਹਾਰਮੋਨ ਵੀ ਵਧ ਗਿਆ। ਇਸ ਨੂੰ ‘‘ਰਸਟੀਨੈੱਸ ਫਿਨਾਮਿਨਾ’’ ਦਾ ਨਾਂ ਦਿੱਤਾ ਗਿਆ ਤੇ ਸਪਸ਼ਟ ਕੀਤਾ ਗਿਆ ਕਿ ਕਿਸੇ ਵੀ ਉਮਰ ਦਾ ਦਿਮਾਗ਼ ਮੁਹੱਬਤ ਦੇ ਅਸਰ ਤੋਂ ਬਚ ਨਹੀਂ ਸਕਦਾ ਤੇ ਮੁਹੱਬਤ ਕਿਸੇ ਵੀ ਉਮਰ ਦੇ ਬੰਦੇ ਨੂੰ ਦੁਬਾਰਾ ਜਵਾਨੀ ਦਾ ਇਹਸਾਸ ਦੁਆ ਸਕਦੀ ਹੈ ਅਤੇ ਸਰੀਰ ਦੀ ਰਵਾਨੀ ਦੁਗਣੀ ਕਰ ਸਕਦੀ ਹੈ।

ਡਾ. ਹਰਸ਼ਿੰਦਰ ਕੌਰ, ਐਮ.ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

Post Author: admin

Leave a Reply

Your email address will not be published. Required fields are marked *