ਦਾਗੀਆਂ ਨੂੰ ਟਿਕਟ ਦੇਣ ‘ਤੇ ਚੋਣ ਕਮਿਸ਼ਨ ਸਖ਼ਤ

ਨਵੀਂ ਦਿੱਲੀ : ਦਾਗੀਆਂ ਦੇ ਚੋਣ ‘ਚ ਉਤਰਨ ‘ਤੇ ਚੋਣ ਕਮਿਸ਼ਨ ਸਖ਼ਤ ਹੋ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਜੇ ਕੋਈ ਦਲ ਇਸ ਤਰ੍ਹਾਂ ਦੇ ਵਿਅਕਤੀ ਨੂੰ ਆਪਣਾ ਉਮੀਦਵਾਰ ਬਣਾਉਂਦਾ ਹੈ, ਜਿਸ ‘ਤੇ ਅਪਰਾਧਕ ਮੁਕੱਦਮੇ ਚਲਦੇ ਹਨ ਤਾਂ ਉਸ ਦਾ ਨਾ ਸਿਰਫ਼ ਅਖ਼ਬਾਰ ਅਤੇ ਟੀ ਵੀ ‘ਚ ਤਿੰਨ ਵਾਰ ਪ੍ਰਚਾਰ ਕਰਨਾ ਹੋਵੇਗਾ, ਬਲਕਿ ਇਸ ਤਰ੍ਹਾਂ ਦੇ ਵਿਅਕਤੀ ਦੀ ਜਾਣਕਾਰੀ ਪਾਰਟੀ ਦੇ ਟਵਿੱਟਰ ਅਤੇ ਫੇਸਬੁਕ ਖਾਤੇ ‘ਤੇ ਵੀ ਦੇਣੀ ਹੋਵੇਗੀ।
ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਪਾਰਟੀ ਨੂੰ ਇਹ ਦੱਸਣਾ ਹੋਵੇਗਾ ਕਿ ਉਸ ਨੇ ਅਪਰਾਧਕ ਚਰਿਤਰ ਵਾਲੇ ਵਿਅਕਤੀ ਨੂੰ ਕਿਉਂ ਚੁਣਿਆ। ਇਸ ਮਾਮਲੇ ‘ਚ ਸਿਰਫ਼ ਇਹ ਕਹਿਣ ਨਾਲ ਕੰਮ ਨਹੀਂ ਚੱਲੇਗਾ ਕਿ ਇਹ ਵਿਅਕਤੀ ਜੇਤੂ ਹੈ, ਇਸ ਲਈ ਉਸ ਨੂੰ ਟਿਕਟ ਦਿੱਤੀ ਗਈ ਹੈ। ਦਲ ਨੂੰ ਦੱਸਣਾ ਹੋਵੇਗਾ ਕਿ ਇਹ ਦਾਗੀ ਉਮੀਦਵਾਰ ਦੂਜੇ ਸਾਫ਼ ਉਮੀਦਵਾਰਾਂ ਤੋਂ ਕਿਸ ਤਰ੍ਹਾਂ ਚੰਗਾ ਹੈ। ਆਖਰ ਸਾਫ਼ ਰਿਕਾਰਡ ਵਾਲਾ ਵਿਅਕਤੀ ਟਿਕਟ ਕਿਉਂ ਨਹੀਂ ਹਾਸਲ ਕਰ ਸਕਦਾ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਸਪੱਸ਼ਟੀਕਰਨ ਪਾਰਟੀ ਦੇਵੇਗੀ ਅਤੇ ਇਸ ਨੂੰ ਉਸ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਰੱਖਿਆ ਜਾਵੇਗਾ। ਕਮਿਸ਼ਨ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਸੋਸ਼ਲ ਮੀਡੀਆ ਦੀ ਪਹੁੰਚ ਦੂਰ ਤੱਕ ਹੈ ਅਤੇ ਇਸ ‘ਤੇ ਰੱਖੀ ਜਾਣਕਾਰੀ ਲੰਮੇ ਸਮੇਂ ਤੱਕ ਮੌਜੂਦ ਰਹਿੰਦੀ ਹੈ। ਟੀ ਵੀ ਅਤੇ ਅਖ਼ਬਾਰ ਨਾ ਦੇਖ ਸਕਣ ਵਾਲਾ ਵਿਅਕਤੀ ਵੀ ਮੋਬਾਇਲ ਫੋਨ ‘ਤੇ ਇਹ ਜਾਣਕਾਰੀ ਦੇਖ ਸਕਦਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਚੋਣ ਕਮਿਸ਼ਨ ਨੇ ਅਪਰਾਧ ਦੇ ਰਿਕਾਰਡ ਨੂੰ ਪ੍ਰਕਾਸ਼ਤ ਕਰਨਾ ਜ਼ਰੂਰੀ ਕੀਤਾ ਹੈ। ਚੋਣ ਕਮਿਸ਼ਨ ਨੇ ਉਮੀਦਵਾਰਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਉਹ ਨਾਮਜ਼ਦਗੀ ਪੱਤਰ ਦਾ ਕੋਈ ਕਾਲਮ ਖਾਲੀ ਨਾ ਛੱਡਣ, ਨਹੀਂ ਤਾਂ ਉਨ੍ਹਾਂ ਦੀ ਨਾਮਜ਼ਦਗੀ ਰੱਦ ਕੀਤੀ ਜਾ ਸਕਦੀ ਹੈ।

Post Author: admin

Leave a Reply

Your email address will not be published. Required fields are marked *