ਦੁਨੀਆ ‘ਚ 300 ਕਰੋੜ ਲੋਕਾਂ ਦੇ ਕੋਲ ਸਾਬਣ ਨਾਲ ਹੱਥ ਧੋਣ ਦੀ ਸੁਵਿਧਾ ਨਹੀਂ

ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਹੱਥ ਧੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੋ ਗਿਆ ਹੈ। ਹਾਲਾਂਕਿ ਹਾਲੇ ਵੀ ਦੁਨੀਆ ‘ਚ ਕਰੋੜਾਂ ਲੋਕਾਂ ਲਈ ਸਾਫ਼ ਪਾਣੀ ਅਤੇ ਸਾਬਣ ਦੇ ਨਾਲ ਹੱਥ ਧੋਣਾ ਇੱਕ ਸੁਪਨੇ ਵਰਗਾ ਹੈ। ਯੂਨੀਸੇਫ ਅਤੇ ਡਬਲਯੂ ਐਚ ਓ ਦੀ ਸਾਂਝੀ ਮਾਨਟੀਰਿੰਗ ਰਿਪੋਰਟ 2019 ਮੁਤਾਬਿਕ ਦੁਨੀਆ ‘ਚ 300 ਕਰੋੜ ਲੋਕਾਂ ਕੋਲ ਹੱਥ ਧੋਣ ਲਈ ਸਾਬਣ ਨਹੀਂ ਹਨ। ਇਹ ਗਿਣਤੀ ਦੁਨੀਆ ਦੀ ਜਨਸੰਖਿਆ ਦਾ 40 ਫੀਸਦੀ ਹੈ। ਕੋਰੋਨਾ ਵਾਇਰਸ ਦੌਰਾਨ ਇਹ ਬਹੁਤ ਵੱਡੀ ਗਿਣਤੀ ਹੈ, ਜਿਸ ਦੇ ਕੋਲ ਹੱਥ ਧੋਣ ਲਈ ਪ੍ਰਾਪਤ ਸਾਫ਼ ਪਾਣੀ ਅਤੇ ਸਾਬਣ ਨਹੀਂ ਹੈ।
ਯੂਨੀਸੇਫ ਦੇ ਭਾਰਤੀ ਪ੍ਰਤੀਨਿਧੀ ਡਾ. ਯਸਮੀਨ ਅਲੀ ਹੱਕ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮਹਾਂਮਾਰੀ ਫੈਲਦੀ ਜਾ ਰਹੀ ਹੈ, ਇਹ ਯਾਦ ਰੱਖਣਾ ਬੇਹੱਦ ਜ਼ਰੂਰੀ ਹੋ ਗਿਆ ਹੈ ਕਿ ਹੱਥ ਧੋਣਾ ਹੁਣ ਇੱਕ ਵਿਅਕਤੀਗਤ ਪਸੰਦ ਨਹੀਂ, ਬਲਕਿ ਸਮਾਜਿਕ ਜ਼ਰੂਰਤ ਹੈ। ਕੋਰੋਨਾ ਵਾਇਰਸ ਅਤੇ ਦੂਜੇ ਇਨਫੈਕਸ਼ਨ ਤੋਂ ਖੁਦ ਨੂੰ ਬਚਾਉਣ ਲਈ ਇਸ ਪ੍ਰਕਿਰਿਆ ਨੂੰ ਅਪਣਾਇਆ ਜਾ ਸਕਦਾ ਹੈ ਅਤੇ ਇਹ ਸਭ ਤੋਂ ਸਸਤੀ ਪ੍ਰਕਿਰਿਆ ਹੈ। ਭਾਰਤ ‘ਚ ਪਾਣੀ ਦੇ ਨਾਲ ਹੱਥ ਧੋਣ ਦੀ ਸੁਵਿਧਾ ਇੱਕ ਵੱਡੀ ਚਿੰਤਾ ਹੈ, ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਾਰਤ ‘ਚ ਕੇਵਲ 60 ਫੀਸਦੀ ਪਰਵਾਰਾਂ ਦੇ ਕੋਲ ਹੀ ਸਾਬਣ ਦੇ ਨਾਲ-ਨਾਲ ਹੱਥ ਧੋਣ ਦੀ ਸੁਵਿਧਾ ਹੈ। ਪੇਂਡੂ ਇਲਾਕਿਆਂ ‘ਚ ਇਹ ਸੁਵਿਧਾ ਨਾ ਦੇ ਬਰਾਬਰ ਹੈ ਜਾਂ ਫਿਰ ਬਹੁਤ ਘੱਟ ਹੈ। ਵਿਸ਼ਵਵਿਆਪੀ ਤੌਰ ‘ਤੇ ਦੇਖਿਆ ਜਾਵੇ ਤਾਂ ਪੰਜ ‘ਚੋਂ ਤਿੰਨ ਦੇ ਕੋਲ ਪੱਕੇ ਤੌਰ ‘ਤੇ ਹੱਥ ਧੋਣ ਦੀ ਸੁਵਿਧਾ ਹੈ। ਇਸ ਤੋਂ ਪਹਿਲਾਂ ਰਾਸ਼ਟਰੀ ਸੈਂਪਲ ਸਰਵੇ 2019 ਦੀ ਰਿਪੋਰਟ ਮੁਤਾਬਿਕ ਖਾਣਾ ਖਾਣ ਤੋਂ ਪਹਿਲਾਂ 25.3 ਫੀਸਦੀ ਪੇਂਡੂ ਪਰਵਾਰ ਅਤੇ 56 ਫੀਸਦੀ ਸ਼ਹਿਰੀ ਪਰਵਾਰ ਸਾਬਣ ਨਾਲ ਹੱਥ ਸਾਫ਼ ਕਰਦੇ, ਜਦਕਿ ਖਾਣਾ ਖਾਣ ਤੋਂ ਪਹਿਲਾਂ 2.7 ਫੀਸਦੀ ਲੋਕ ਰਾਖ, ਮਿੱਟੀ ਜਾਂ ਫਿਰ ਰੇਤ ਦਾ ਇਸਤੇਮਾਲ ਹੱਥ ਸਾਫ ਕਰਨ ਲਈ ਵਰਤਦੇ ਹਨ। ਜ਼ਿਕਰਯੋਗ ਹੈ ਕਿ 15 ਅਕਤੂਬਰ ਨੂੰ ਦੁਨੀਆ ਭਰ ‘ਚ ਗਲੋਬਲ ਹੈਂਡ ਵਾਸ਼ਿੰਗ ਡੇ ਮਨਾਇਆ ਗਿਆ ਸੀ, ਜਿਸ ਦਾ ਟੀਚਾ ਲੋਕਾਂ ਨੂੰ ਸਮਝਾਉਣਾ ਹੈ ਕਿ ਹੱਥ ਧੋਣਾ ਕਿੰਨਾ ਜ਼ਰੂਰੀ ਹੈ ਅਤੇ ਸਿਰਫ਼ ਹੱਥ ਧੋਣ ਨਾਲ ਹੀ ਬਿਮਾਰੀਆਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

Post Author: admin

Leave a Reply

Your email address will not be published. Required fields are marked *