ਕੇਂਦਰ ਸਰਕਾਰ ਦੀਆਂ ਮੁਲਕ ਤੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਮੁਲਕ ਵਿਆਪੀ ਹੜਤਾਲ ਦੀ ਤਿਆਰੀ ਲਈ 26 ਨੂੰ ਜਲੰਧਰ ਕਨਵੈਨਸ਼ਨ


9 ਨਵੰਬਰ ਨੂੰ ਸੋਧੇ ਖੇਤੀ ਬਿਜਲੀ ਤੇ ਕਿਰਤ ਕਾਨੂੰਨਾਂ ਖ਼ਿਲਾਫ ਰੋਸ ਦਿਹਾੜਾ –ਕਾ ਬਰਾੜ ਤੇ ਧਾਲੀਵਾਲ

ਫ਼ਰੀਦਕੋਟ( ਸੁਰਿੰਦਰ ਮਚਾਕੀ) ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਅਤੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ 26 ਨਵੰਬਰ ਨੂੰ 10 ਕੇਂਦਰੀ ਟਰੇਡ ਯੂਨੀਅਨਾਂ ਤੇ ਫੈਡਰੇਸ਼ਨਾਂ ਵੱਲੋਂ ਕੇਂਦਰ ਸਰਕਾਰ ਦੀਆਂ ਮੁਲਕ ਤੇ ਲੋਕ ਵਿਰੋਧੀ ਆਰਥਕ ਤੇ ਸਨਅਤੀ ਨੀਤੀਆਂ ਵਿਰੁੱਧ ਦੇਸ਼ ਵਿਆਪੀ ਇੱਕ ਰੋਜ਼ਾ ਲਾਮਿਸਾਲ ਹੜਤਾਲ ਕੀਤੀ ਜਾਵੇਗੀ। ਇਸ ਵਿੱਚ ਮੁਲਕ ਭਰ ‘ਚੋਂ 30 ਕਰੋੜ ਤੋਂ ਵਧ ਕਿਰਤੀ, ਮੁਲਾਜਮ, ਮਜ਼ਦੂਰ ਤੇ ਮਿਹਨਤਕਸ਼ ਹਿੱਸਾ ਲੈਣਗੇ। ਹੜਤਾਲ ਦੀ ਤਿਆਰੀ ਲਈ 26 ਅਕਤੂਬਰ ਨੂੰ ਜਲੰਧਰ ਦੇਸ਼ ਭਗਤ ਯਾਦਗਾਰ ‘ਚ ਏਟਕ, ਇੰਟਕ, ਸੀਟੂ,ਸੀ ਟੀ ਯੂ , ਐਚ.ਐਮ.ਐਸ, ਏਕਟੂ ਅਤੇ ਮੁਲਾਜਮ ਫੈਡਰੇਸ਼ਨਾਂ ਨਾਲ ਸਬੰਧਤ ਹਜ਼ਾਰ ਤੋਂ ਵਧ ਮੁਲਾਜ਼ਮਾਂ —ਮਜਦੂਰਾਂ ਵਲੋਂ ਕਨਵੈਨਸ਼ਨ ਕੀਤੀ ਜਾਵੇਗੀ । ਇੱਕ ਨਵੰਬਰ ਤੋਂ 15 ਨਵੰਬਰ ਤੱਕ ਸਭ ਜਥੇਬੰਦੀਆਂ ਜਿਲ੍ਹਾ ਅਤੇ ਸੂਬਾਈ ਪੱਧਰ ‘ਤੇ ਮੀਟਿੰਗਾਂ ਕਨਵੈਨਸ਼ਨਾਂ ਕਰਕੇ ਹੜਤਾਲ ਦੀ ਸਫਲਤਾ ਲਈ ਲਗਾਤਾਰ ਸਰਗਰਮੀ ਕਰਨਗੀਆਂ। 9ਨਵੰਬਰ ਨੂੰ ਸੋਧੇ ਖੇਤੀ ,ਬਿਜਲੀ ਤੇ ਕਿਰਤ ਕਾਨੂੰਨਾਂ ਖ਼ਿਲਾਫ ਧਰਨੇ ਮਾਰੇ ਤੇ ਮੁਜ਼ਹਾਰੇ ਕੀਤੇ ਜਾਣਗੇ।
ਜਿੰਨਾਂ ਮੰਗਾਂ ਬਾਰੇ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਬਾਰੇ ਜਾਣਕਾਰੀ ਦਿੰਦਿਆਂ ਬਰਾੜ ਤੇ ਧਾਲੀਵਾਲ ਨੇ ਦੱਸਿਆ ਕਿ 44 ਕੇਂਦਰੀ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ 4 ਕੋਡਜ਼ ਵਿੱਚ ਬਦਲਕੇ ਪੂਰੀ ਤਰ੍ਹਾਂ ਮਜਦੂਰ ਵਿਰੋਧੀ ਬਣਾ ਦਿੱਤਾ ਗਿਆ ਹੈ, ਮੁਲਕ ਦੇ ਬੇਸ਼ਕੀਮਤੀ ਪਬਲਿਕ ਸੈਕਟਰ ਅਦਾਰਿਆਂ ਦਾ ਨਿੱਜੀਕਰਨ ਕਰਨਾ ਅਤੇ ਕੌਡੀਆਂ ਦੇ ਭਾਅ ਵੇਚਣਾ, ਮਜ਼ਦੂਰਾਂ ਦੀਆਂ ਘੱਟੋ—ਘੱਟ ਉਜਰਤ 21000 ਰੁਪਏ ਮਹੀਨਾ ਤੈਅ ਕਰਨਾ, ਕਿਸਾਨ ਅਤੇ ਮਜ਼ਦੂਰ ਵਿਰੋਧੀ ਤਿੰਨੇ ਖੇਤੀ ਸਬੰਧੀ ਕਾਨੂੰਨ ਵਾਪਸ ਲੈਣਾ, ਕਰੋਨਾ ਮਹਾਂਮਾਰੀ ਬਹਾਨੇ ਖੋਹੇ ਰੁਜ਼ਗਾਰਾਂ ਨੂੰ ਬਹਾਲ ਕਰਨਾ, ਸਕੀਮ ਵਰਕਰਾਂ ਨੂੰ ਵਰਕਰਾਂ ਦਾ ਦਰਜਾ ਦੇ ਕੇ ਘੱਟੋ—ਘੱਟ ਉਜਰਤਾਂ ਦੇ ਘੇਰੇ ‘ਚ ਲਿਆਉਣਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਨਾ, ਕੰਟਰੈਕਟ ਅਤੇ ਆਊਟ ਸੋਰਸ ਸਿਸਟਮ ਖਤਮ ਕਰਕੇ ਵਰਕਰਾਂ ਨੂੰ ਪੱਕੇ ਕਰਨਾ, ਰੁਜ਼ਗਾਰ ਦੇ ਮੌਕੇ ਪੈਦਾ ਕਰਨਾ, ਸਮਾਜਿਕ—ਸੁਰੱਖਿਆ ਸਕੀਮਾਂ ਦਾ ਵਿਸਥਾਰ ਕਰਨਾ, ਮਨਰੇਗਾ ਕਾਨੂੰਨ ਤਹਿਤ ਕੰਮ 200 ਦਿਨ ਤੱਕ ਦੇਣਾ ਅਤੇ ਇਹ ਕਾਨੂੰਨ ਸ਼ਹਿਰੀ ਖੇਤਰਾਂ ਵਿੱਚ ਵੀ ਲਾਗੂ ਕਰਨਾ ਮੰਗਾਂ ਹਨ। ਮੁਲਕ ਭਰ ਦੇ ਕਿਰਤੀ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕਰਨਗੇ। ਆਗੂਆਂ ਨੇ ਏਟਕ ਨਾਲ ਸਬੰਧਤ ਜਥੇਬੰਦੀਆਂ ਪੂਰੀ ਤਿਆਰੀ ਨਾਲ 26 ਅਕਤੂਬਰ ਨੂੰ ਜਲੰਧਰ ਕਨਵੈਨਸ਼ਨ ‘ਚ ਪਹੁੰਚਣ ਲਈ ਕਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ 31 ਅਕਤੂਬਰ ਨੂੰ ਏਟਕ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਤ ਪ੍ਰੋਗਰਾਮ ਆਪਣੇ ਆਪਣੇ ਪੱਧਰ ਤੇ ਜਥੇਬੰਦੀਆਂ ਵੱਲੋਂ ਕੀਤੇ ਜਾਣ।

Post Author: admin

Leave a Reply

Your email address will not be published. Required fields are marked *