ਜਿਣਸ ਦੇ ਮੰਡੀਕਰਨ ਲਈ ਕਾਨੂੰਨ ਬਣਾਊਣ ਤੋਂ ਪਹਿਲਾਂ ਵਿਆਪਕ ਚਰਚਾ ’ਤੇ ਜ਼ੋਰ

ਚੰਡੀਗੜ੍ਹ/ਲੰਬੀ, 19 ਸਤੰਬਰ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਊਨ੍ਹਾਂ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਨ ਬਾਰੇ ਆਪਣੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵੀ ਪਿੱਠ ਥਾਪੜੀ ਹੈ।

ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਟਲ ਬਿਹਾਰੀ ਵਾਜਪਾਈ ਨਾਲ ਸਾਂਝ ਪਾ ਕੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਬਣਾਉਣ ਵਾਸਤੇ ਹਮੇਸ਼ਾ ਪੱਬਾਂ ਭਾਰ ਰਹੇ ਸਨ ਅਤੇ ਆਪ ਕਈ ਪਾਰਟੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਐੱਨਡੀਏ ’ਚ ਲਿਆਏ ਸਨ। ਉਨ੍ਹਾਂ ਐਤਕੀਂ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਵਿੱਚੋਂ ਬਾਹਰ ਹੋਣ ਦੇ ਫ਼ੈਸਲੇ ਨੂੰ ਨਾ ਸਿਰਫ਼ ਵਾਜਬ ਠਹਿਰਾਇਆ ਹੈ ਬਲਕਿ ਮੋਦੀ ਸਰਕਾਰ ਵੱਲੋਂ ਖੇਤੀਬਾੜੀ ਬਾਰੇ ਆਰਡੀਨੈਂਸਾਂ ਦਾ ਵਿਰੋਧ ਵੀ ਕੀਤਾ ਹੈ।

ਉਨ੍ਹਾਂ ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਕਿ ਲੋਕਾਂ ਦੇ ਇੱਕ ਹੰਢੇ ਹੋਏ ਪ੍ਰਤੀਨਿਧ ਵਜੋਂ ਅਕਾਲੀ ਦਲ ਨੇ ਕਿਸਾਨਾਂ ਦੀਆਂ ਭਾਵਨਾਵਾਂ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਤੇ ਉਸ ਨੂੰ ਮਨਾਉਣ ਤੇ ਇਹ ਬਿੱਲ ਕਿਸਾਨਾਂ ਨਾਲ ਸਲਾਹ ਮਸ਼ਵਰੇ ਵਾਸਤੇ ਸੰਸਦੀ ਸਿਲੈਕਟ ਕਮੇਟੀ ਨੂੰ ਭੇਜਣ ਲਈ ਪੂਰਾ ਜ਼ੋਰ ਲਗਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਫ਼ੈਸਲੇ ਦਾ ਹਿੱਸਾ ਨਹੀਂ ਹੋ ਸਕਦਾ ਜੋ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ਼ ਹੋਵੇ।

ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਨੂੰ ਕੁਝ ਸਿਆਸੀ ਮਾਹਿਰ ਆਪਣੇ ਪੁੱਤਰ ਦੇ ਬਚਾਅ ਵਾਸਤੇ ਕੀਤੀ ਕਾਰਵਾਈ ਕਰਾਰ ਦੇ ਰਹੇ ਹਨ ਜਦਕਿ ਕੁਝ ਹੋਰਨਾਂ ਦਾ ਕਹਿਣਾ ਹੈ ਕਿ ਜੇਕਰ ਬਾਦਲ ਮੁਤਾਬਕ ਹੁਣ ਖੇਤੀਬਾੜੀ ਆਰਡੀਨੈਂਸਾਂ ਦਾ ਵਿਰੋਧ ਸਹੀ ਹੈ ਤਾਂ ਫਿਰ ਵੀ ਬਾਦਲ ਕੁਝ ਦਿਨ ਪਹਿਲਾਂ ਜਾਰੀ ਕੀਤੀ ਆਪਣੀ ਉਸ ਵੀਡੀਓ ਬਾਰੇ ਵੀ ਜਵਾਬ ਦੇਣ ਜਿਸ ਵਿਚ ਉਹਨਾਂ ਨੇ ਖੇਤੀਬਾੜੀ ਆਰਡੀਨੈਂਸਾਂ ਨੂੰ ਸਹੀ ਤੇ ਕਿਸਾਨਾਂ ਪੱਖੀ ਕਰਾਰ ਦਿੱਤਾ ਸੀ।

ਸ੍ਰੀ ਬਾਦਲ ਨੇ ਕਿਹਾ ਕਿ ਕਿਸਾਨਾਂ ਦੀ ਜਿਣਸ ਦੇ ਮੰਡੀਕਰਨ ਸਬੰਧੀ ਕਾਨੂੰਨ ਲਈ ਵਿਆਪਕ ਵਿਚਾਰ-ਚਰਚਾ ਹੋਣੀ ਚਾਹੀਦੀ ਸੀ। ਖਾਸ ਤੌਰ ਕਿਸਾਨਾਂ ਤੇ ਹੋਰ ਭਾਈਵਾਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਵਰਗੀਆਂ ਪਾਰਟੀਆਂ, ਜੋ ਹਮੇਸ਼ਾ ਕਿਸਾਨਾਂ ਦੀ ਆਵਾਜ਼ ਰਹੀਆਂ ਨਾਲ ਇਸ ਦੀ ਚਰਚਾ ਕੀਤੀ ਜਾਣੀ ਚਾਹੀਦੀ ਸੀ।

Post Author: admin

Leave a Reply

Your email address will not be published. Required fields are marked *