ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ‘ਤੇ ਹਮਲਾ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ

ਪਠਾਨਕੋਟ, 16 ਸਤੰਬਰ- ਪਿੰਡ ਥਰਿਆਲ ਵਿੱਚ 19-20 ਅਗਸਤ ਦੀ ਦਰਮਿਆਨੀ ਰਾਤ ਨੂੰ ਕ੍ਰਿਕਟਰ ਸੁਰੇਸ਼ ਰੈਣਾ ਦੇ ਰਿਸ਼ਤੇਦਾਰਾਂ ਦੇ ਘਰ ਦਾਖ਼ਲ ਹੋ ਕੇ ਸੁੱਤੇ ਪਏ ਪਰਿਵਾਰਕ ਮੈਂਬਰਾਂ ’ਤੇ ਕੀਤੇ ਗਏ ਜਾਨਲੇਵਾ ਹਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ ਅਤੇ ਇਸ ਹਮਲੇ ’ਚ ਸ਼ਾਮਲ ਅੰਤਰਰਾਜੀ ਗਰੋਹ ਦੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ 11 ਮੁਲਜ਼ਮਾਂ ਦੀ ਭਾਲ ਜਾਰੀ ਹੈ। ਇਸ ਹਮਲੇ ’ਚ ਸੁਰੇਸ਼ ਰੈਣਾ ਦੇ ਫੁੱਫੜ ਅਸ਼ੋਕ ਕੁਮਾਰ ਦੀ ਹਮਲੇ ਵਿੱਚ ਮੌਤ ਹੋ ਗਈ ਸੀ ਜਦਕਿ ਉਸ ਦੇ ਭੂਆ ਦੇ ਲੜਕੇ ਤੇ ਮ੍ਰਿਤਕ ਦੇ ਵੱਡੇ  ਬੇਟੇ ਕੁਸ਼ਲ ਕੁਮਾਰ (33) ਦੀ 31 ਅਗਸਤ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਸੁਰੇਸ਼ ਰੈਣਾ ਦੀ ਭੂਆ ਆਸ਼ਾ ਰਾਣੀ (55), ਉਸ ਦੀ ਸੱਸ ਸੱਤਿਆ ਦੇਵੀ (80) ਤੇ ਛੋਟਾ ਬੇਟਾ ਅਪਨ ਕੁਮਾਰ (28) ਵੀ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਸੁਰੇਸ਼ ਰੈਣਾ ਦੀ ਭੂਆ ਆਸ਼ਾ ਰਾਣੀ ਪ੍ਰਾਈਵੇਟ ਹਸਪਤਾਲ ’ਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ। 

ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਵਾਰਦਾਤ ਤੋਂ ਬਾਅਦ ਮੁੱਖ ਮੰਤਰੀ ਨੇ ਮਾਮਲੇ ਦੀ ਜਾਂਚ ਕਰਨ ਲਈ ਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕਰਨ ਦੇ ਹੁਕਮ ਦਿੱਤੇ ਸਨ। ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਐੱਸਆਈਟੀ ਨੇ 20 ਅਗਸਤ ਨੂੰ ਸ਼ਾਹਪੁਰਕੰਡੀ ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਉਨ੍ਹਾਂ ਦੱਸਿਆ ਕਿ 15 ਸਤੰਬਰ ਨੂੰ ਐੱਸਆਈਟੀ ਨੂੰ ਸੂਚਨਾ ਪ੍ਰਾਪਤ ਹੋਈ ਕਿ ਤਿੰਨ ਸ਼ੱਕੀਆਂ, ਜਿਨ੍ਹਾਂ ਨੂੰ ਘਟਨਾ ਤੋਂ ਬਾਅਦ ਸਵੇਰ ਵੇਲੇ ਡਿਫੈਂਸ ਰੋਡ ’ਤੇ ਦੇਖਿਆ ਗਿਆ ਸੀ, ਪਠਾਨਕੋਟ ਰੇਲਵੇ ਸਟੇਸ਼ਨ ਨੇੜੇ ਝੁੱਗੀਆਂ ਵਿੱਚ ਰਹਿ ਰਹੇ ਹਨ। ਪੁਲੀਸ ਨੇ ਛਾਪਾ ਮਾਰ ਕੇ ਤਿੰਨਾਂ ਨੂੰ ਕਾਬੂ ਕਰ ਲਿਆ। ਡੀਜੀਪੀ ਮੁਤਾਬਕ ਇਨ੍ਹਾਂ ਦੀ ਪਛਾਣ ਸਾਵਣ ਉਰਫ਼ ਮੈਚਿੰਗ, ਮੋਹੱਬਤ ਅਤੇ ਸ਼ਾਹਰੁਖ ਖਾਨ ਵਜੋਂ ਹੋਈ ਹੈ ਜੋ ਇਸ ਸਮੇਂ ਰਾਜਸਥਾਨ ਦੇ ਜ਼ਿਲ੍ਹਾ ਚਿਵਾੜਾ ਤੇ ਪੀਲਾਨੀ ਝੁੱਗੀਆਂ ਦੇ ਵਾਸੀ ਹਨ। ਇਨ੍ਹਾਂ ਪਾਸੋਂ ਸੋਨੀ ਦੀ ਮੁੰਦਰੀ, ਮਹਿਲਾ ਦੀ ਇਕ ਮੁੰਦਰੀ, ਇਕ ਸੋਨੇ ਦੀ ਚੇਨ ਅਤੇ 1530 ਰੁਪਏ ਬਰਾਮਦ ਕੀਤੇ ਗਏ ਜੋੋ ਕਿ ਇਨ੍ਹਾਂ ਨੇ ਵਾਰਦਾਤ ਸਮੇਂ ਲੁੱਟੇ ਸਨ। ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਗੁਲਨੀਤ ਖੁਰਾਨਾ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਇਹ ਸਪੱਸ਼ਟ ਹੋ ਗਿਆ ਹੈ ਕਿ ਉਕਤ ਲੁਟੇਰਾ ਗਰੋਹ ਵੱਖ-ਵੱਖ ਥਾਵਾਂ ’ਤੇ ਲੁੱਟਖੋਹ ਦੀ ਘਟਨਾਵਾਂ ਨੂੰ ਅੰਜਾਮ ਦੇ ਕੇ ਆਪਣਾ ਸਥਾਨ ਬਦਲ ਲੈਂਦਾ ਹੈ। ਕੁਝ ਮਹੀਨੇ ਪਹਿਲਾਂ ਉਨ੍ਹਾਂ ਜਗਰਾਓਂ ਵਿੱਚ ਵੀ ਅਜਿਹੀਆਂ ਘਟਨਾਵਾਂ ਨੂੰ ਅਜਾਮ   ਦਿੱਤਾ ਸੀ।

Post Author: admin

Leave a Reply

Your email address will not be published. Required fields are marked *