
ਪਟਨਾ : ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਵਰਚੁਅਲ ਮਹਾਂ ਰੈਲੀ ਸੋਮਵਾਰ ਫੇਲ੍ਹ ਹੋ ਗਈ। ਇਹ ਰੈਲੀ ਸੋਸ਼ਲ ਤੇ ਗੂਗਲ ਪਲੇਟਫਾਰਮ ‘ਤੇ ਨਦਾਰਦ ਰਹੀ। ਨਿਤਿਸ਼ ਕੁਮਾਰ ਤੇ ਜੇ ਡੀ (ਯੂ) ਦੇ ਫੇਸਬੁਕ, ਟਵਿਟਰ ਤੇ ਯੂਟਿਊਬ ਪੇਜ ‘ਤੇ ਲਾਈਵ ਸਟ੍ਰੀਮਿੰਗ ਹੋਣੀ ਸੀ, ਪਰ ਤਕਨੀਕੀ ਦਿੱਕਤ ਕਾਰਨ ਅਜਿਹਾ ਨਹੀਂ ਹੋ ਸਕਿਆ। ਕੁਝ ਦਿਨਾਂ ਤੋਂ ਪ੍ਰਚਾਰ ਚੱਲ ਰਿਹਾ ਸੀ ਕਿ ਨਿਤਿਸ਼ 7 ਸਤੰਬਰ ਨੂੰ ਪਹਿਲੀ ਡਿਜੀਟਲ ਰੈਲੀ ਨੂੰ ਸੰਬੋਧਨ ਕਰਨਗੇ। ਜਿਵੇਂ-ਕਿਵੇਂ 11 ਵੱਜ ਕੇ 48 ਮਿੰਟ ‘ਤੇ ਰੈਲੀ ਇਕ ਪੇਜ ‘ਤੇ ਲਾਈਵ ਹੋ ਸਕੀ। ਰੈਲੀ ਨੂੰ ਰੀਅਲ ਟਾਈਮ ‘ਤੇ ਸਾਢੇ ਚਾਰ ਹਜ਼ਾਰ ਲੋਕ ਦੇਖ ਸਕੇ, ਜਦਕਿ ਦਾਅਵਾ 25 ਲੱਖ ਨੂੰ ਦਿਖਾਉਣ ਦਾ ਕੀਤਾ ਗਿਆ ਸੀ। ‘ਨਿਸ਼ਚੇ ਸੰਵਾਦ’ ਰੈਲੀ ਲਈ ਪਾਰਟੀ ਵਰਕਰਾਂ ਨੇ 26 ਲੱਖ 25 ਹਜ਼ਾਰ ਤੋਂ ਵੱਧ ਲੋਕਾਂ ਨੂੰ ਮਹਾਂ ਰੈਲੀ ਨਾਲ ਜੋੜਨ ਲਈ ਲਿੰਕ ਭੇਜੇ ਸਨ। ਲੋਕਾਂ ਨੇ ਸਮਾਰਟ ਫੋਨ, ਲੈਪਟਾਪ, ਕੰਪਿਊਟਰ ਆਦਿ ਨਾਲ ਲਿੰਕ ਰਾਹੀਂ ਨਿਤਿਸ਼ ਨੂੰ ਸੁਣਨਾ ਸੀ। ਖੁੱਲ੍ਹੀਆਂ ਰੈਲੀਆਂ ਵਿਚ ਕੋਈ ਵੀ ਲੱਖਾਂ ਦਾ ਦਾਅਵਾ ਕਰ ਦਿੰਦਾ ਹੈ, ਪਰ ਵਰਚੁਅਲ ਰੈਲੀ ਵਿਚ ਸਾਫ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਕਿੰਨੇ ਲੋਕਾਂ ਨੇ ਦੇਖਿਆ। ਰੈਲੀ ਦੌਰਾਨ ਨਿਤਿਸ਼ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਣ ਦੇ ਨਾਲ-ਨਾਲ ਲਾਲੂ ਪ੍ਰਸਾਦ ਯਾਦਵ, ਉਨ੍ਹਾ ਦੀ ਪਤਨੀ ਰਾਬੜੀ ਦੇਵੀ ਤੇ ਬੇਟੇ ਤੇਜਸਵੀ ਯਾਦਵ ‘ਤੇ ਖੂਬ ਤਵਾ ਲਾਇਆ। ਇਸੇ ਦੌਰਾਨ ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਨਿਤਿਸ਼ ਦਾ ਕੋਈ ਆਧਾਰ ਨਹੀਂ ਅਤੇ ਅਸੰਬਲੀ ਚੋਣਾਂ ਵਿਚ ਮੁੱਖ ਮੁਕਾਬਲਾ ਆਰ ਜੇ ਡੀ ਤੇ ਭਾਜਪਾ ਵਿਚਾਲੇ ਹੋਵੇਗਾ।