ਮੀਆਂਵਾਕੀ ਤਕਨੀਕ ਰਾਹੀਂ ਲਗਾਏ ਗਏ ਪੌਦਿਆਂ ਨੇ ਧਾਰਿਆ ਜੰਗਲ ਦਾ ਰੂਪ

*200 ਸਕੇਅਰ ਫੁੱਟ ਦੇ ਦਾਇਰੇ ਵਿੱਚ 28 ਪ੍ਰਜਾਤੀਆਂ ਦੇ ਲਗਾਏ ਗਏ 550 ਪੌਦੇ

 ਮਾਨਸਾ, ਗੁਰਜੰਟ ਸਿੰਘ ਸ਼ੀਹ 11 ਅਗਸਤ : 
ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਪਿੰਡ ਖੋਖਰ ਕਲਾਂ (ਗਊਸ਼ਾਲਾ) ਵਿਖੇ ਜੁਲਾਈ 2019 ਵਿੱਚ ਮੀਆਂਵਾਕੀ ਤਕਨੀਕ ਰਾਹੀਂ ਪੌਦੇ ਲਗਾਏ ਗਏ ਸਨ, ਜੋ ਕਿ ਹੁਣ ਜੰਗਲ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਮਾਨਸਾ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜੁਲਾਈ 2019 ਵਿੱਚ ਮਗਨਰੇਗਾ ਸਕੀਮ ਅਤੇ ਈਕੋ ਸਿੱਖ ਫਾਊਂਡੇਸ਼ਨ ਦੀ ਸਹਾਇਤਾ ਨਾਲ 200 ਸਕੇਅਰ ਮੀਟਰ ਦੇ ਦਾਇਰੇ ਵਿੱਚ 550 ਪੌਦੇ 28 ਪ੍ਰਜਾਤੀਆਂ ਦੇ ਲਗਾਏ ਗਏ ਸਨ।ਉਨ੍ਹਾਂ ਦੱਸਿਆ ਕਿ ਇਹ ਪੌਦੇ ਲਗਾਉਣ ਤੋਂ ਪਹਿਲਾਂ 3 ਫੁੱਟ ਮਿੱਟੀ ਦਾ ਇੱਕ ਬੈੱਡ ਤਿਆਰ ਕੀਤਾ ਗਿਆ ਸੀ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਕੰਮ ਮਗਨਰੇਗਾ ਸਕੀਮ ਅਧੀਨ ਕਰਵਾਇਆ ਗਿਆ ਸੀ ਜਿਸ ਦੇ ਹੁਣ ਬਹੁਤ ਹੀ ਸਾਰਥਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੌਦਿਆਂ ਦੀ ਲੰਬਾਈ ਇੱਕ ਸਾਲ ਵਿੱਚ ਹੀ 8 ਫੁੱਟ ਤੋਂ ਲੈ ਕੇ 12 ਫੁੱਟ ਤੱਕ ਹੋ ਚੁੱਕੀ ਹੈ ਅਤੇ ਇਹਨਾਂ ਪੌਦਿਆਂ ਦਾ ਸਰਵਾਈਵਲ ਰੇਟ 95% ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੌਦਿਆਂ ਦੇ ਪੱਤਿਆਂ ਦਾ ਰੰਗ ਅਤੇ ਆਕਾਰ ਬਹੁਤ ਹੀ ਵਧੀਆ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਜੰਗਲ ਲਗਾਉਣ ਉਪਰੰਤ ਇਸ ਦੀ ਸਾਂਭ-ਸੰਭਾਲ ਸਵੇਰੇ ਅਤੇ ਸ਼ਾਮ ਪਾਣੀ ਪਾ ਕੇ ਅਤੇ ਜੰਗਲ ਵਿੱਚ ਨਮੀ ਬਣਾਈ ਰੱਖਣ ਲਈ ਪਰਾਲੀ ਪਾ ਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜੰਗਲ ਵਿੱਚ ਕਿਸੇ ਵੀ ਤਰਾਂ ਦੀ ਦਵਾਈ ਜਾਂ ਹੋਰ ਕਿਸੇ ਵਿਧੀ ਦਾ ਉਪਯੋਗ ਨਹੀਂ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮਗਨਰੇਗਾ ਲੇਬਰ ਨੂੰ ਲਗਾਤਾਰ ਕੰਮ ਵੀ ਮੁਹੱਈਆ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਪਾਇਲਟ ਦੇ ਤੌਰ ‘ਤੇ ਪੌਦਿਆਂ ਦੇ ਵਾਧੇ ਨੂੰ ਦੇਖਣ ਲਈ ਲਗਾਇਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਹੁਣ ਇਹ ਪੌਦਿਆਂ ਦੀ ਹਰਿਆਲੀ ਕਾਰਨ ਵਾਤਾਵਰਣ ਤਾਂ ਸਾਫ ਹੋਇਆ ਹੀ ਹੈ, ਸਗੋਂ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀ ਸਵੇਰੇ ਅਤੇ ਸ਼ਾਮ ਆਪਣੀਆਂ ਅਵਾਜਾਂ ਨਾਲ ਵਾਤਾਵਰਣ ਦੀ ਸ਼ੋਭਾ ਵੀ ਵਧਾਉਂਦੇ ਹਨ।ਉਨ੍ਹਾਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਇਸ ਤਰਾਂ ਦੇ ਜੰਗਲ ਜਿੱਥੇ ਜਗ੍ਹਾ ਅਤੇ ਪਾਣੀ ਉਪਲਬਧ ਹੋਵੇ, ਲਗਾਏ ਜਾਣ ਤਾਂ ਜੋ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।

Post Author: admin

Leave a Reply

Your email address will not be published. Required fields are marked *