ਖੱਬੇ ਪੱਖੀਆਂ ਵੱਲੋਂ ਕੇਂਦਰ ਖ਼ਿਲਾਫ਼ ਰੋਸ ਵਿਖਾਵਾ

ਅੰਮ੍ਰਿਤਸਰ, 11 ਅਗਸਤ

ਖੱਬੇ ਪੱਖੀ ਧਿਰਾਂ ਨਾਲ ਸਬੰਧਤ ਕੁੱਲ ਹਿੰਦ ਕਿਸਾਨ ਸਭਾ, ਸੀਟੂ ਅਤੇ ਕੁੱਲ ਹਿੰਦ ਖੇਤ-ਮਜ਼ਦੂਰ ਯੂਨੀਅਨ  ਵਲੋਂ ਅੱਜ ਇਥੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਅਤੇ ਫਿਰਕਾਪ੍ਰਸਤ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ  ਨੇ ਇਸ ਮੌਕੇ ਗ੍ਰਿਫਤਾਰੀਆਂ ਲਈ ਆਪਣੇ ਆਪ ਨੂੰ ਪੇਸ਼ ਕੀਤਾ ਪਰ ਪੁਲੀਸ ਨੇ ਕੋਈ ਵੀ ਗ੍ਰਿਫ਼ਤਾਰੀ ਨਹੀਂ ਕੀਤੀ। 

 ਸਥਾਨਕ ਕੰਪਨੀ ਬਾਗ ਵਿਚ ਇਕੱਠੇ ਹੋਏ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਦਰਬਾਰਾ ਸਿੰਘ ਲੋਪੋਕੇ, ਜੀਤ ਰਾਜ ਬਾਵਾ ਅਤੇ ਗੁਰਨਾਮ ਸਿੰਘ ਤਲਵੰਡੀ ਦੀ ਅਗਵਾਈ ਹੇਠ ਕੇਂਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਆਗੂ ਸੁੱਚਾ ਸਿੰਘ ਅਜਨਾਲਾ ਨੇ ਆਖਿਆ ਕਿ ਅੱਜ ਦੇ ਦਿਨ 9 ਅਗਸਤ 1942 ਨੂੰ ਦੇਸ਼ ਵਾਸੀਆਂ ਨੇ ਅੰਗਰੇਜ਼ੀ ਹਕੂਮਤ ਖਿਲਾਫ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਸੀ। ਅੱਜ ਭਾਵੇਂ ਭਾਰਤ ਅਾਜ਼ਾਦ ਹੈ ਪਰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਲੋਕ ਗੁਲਾਮੀ ਵਰਗਾ ਸੰਤਾਪ  ਹੰਢਾਅ ਰਹੇ ਹਨ।  ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਦੇਸ਼ ਇਨ੍ਹਾਂ ਅੱਗੇ ਗਹਿਣੇ ਪਾ  ਦਿੱਤਾ ਹੈ। ਸਰਕਾਰੀ ਅਦਾਰਿਆਂ ਦਾ  ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਨਾਲ ਦੇਸ਼ ਵਿਚ ਬੇਰੁਜ਼ਗਾਰੀ, ਭੁੱਖਮਰੀ ਤੇ ਲੁੱਟਮਾਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਾਰਪੋਰੇਟ ਘਰਾਣਿਆਂ ਨੂੰ ਭਾਰਤ ਛੱਡੋ ਦਾ ਨਾਅਰਾ ਵੀ ਦਿੱਤਾ। 

Post Author: admin

Leave a Reply

Your email address will not be published. Required fields are marked *