ਸਚਿਨ ਪਾਇਲਟ ਦੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ, ਪਾਰਟੀ ‘ਚ ਵਾਪਸੀ

ਰਾਜਸਥਾਨ ਦੇ ਸਿਆਸੀ ਸੰਕਟ ਵਿਚਕਾਰ, ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਆਪਣੇ ਸਮਰਥਕ ਵਿਧਾਇਕਾਂ ਦੇ ਨਾਲ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਹੈ। ਜਿਸ ਤੋਂ ਪ੍ਰਤੀਤ ਹੋ ਰਿਹਾ ਹੈ ਕਿ ਰਾਜਸਥਾਨ ’ਚ ਅਸ਼ੋਕ ਗਹਿਲੋਤ ਦੀ ਅਗਵਾਈ ਹੇਠਲੀ ਸਰਕਾਰ ’ਤੇ ਮੰਡਰਾ ਰਹੇ ਸੰਕਟ ਦੇ ਬੱਦਲ ਖਿੰਡ ਜਾਣਗੇ। ਕਾਂਗਰਸ ਨੇ ਦੇਰ ਸ਼ਾਮ ਨੂੰ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਪਾਰਟੀ ਅਤੇ ਰਾਜਸਥਾਨ ’ਚ ਗਹਿਲੋਤ ਸਰਕਾਰ ਦੇ ਹਿੱਤ ’ਚ ਕੰਮ ਕਰਨਗੇ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਸਚਿਨ ਪਾਇਲਟ ਵਿਚਕਾਰ ਖੁਲ੍ਹਾ ਵਿਚਾਰ ਵਟਾਂਦਰਾ ਹੋਇਆ ਹੈ। ਬਿਆਨ ’ਚ ਕਿਹਾ ਗਿਆ ਕਿ ਇਸ ਮੀਟਿੰਗ ਮਗਰੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਇਲਟ ਧੜੇ ਵੱਲੋਂ ਉਠਾਏ ਗਏ ਮੁੱਦਿਆਂ ਦੇ ਨਿਬੇੜੇ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ।

ਬਗ਼ਾਵਤ ਮਗਰੋਂ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਸਚਿਨ ਪਾਇਲਟ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦੇ ਦਾ ਲਾਲਚ ਨਹੀਂ ਹੈ, ਬਸ ਮਾਣ-ਸਨਮਾਨ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਰਾਜ਼ ਵਿਧਾਇਕਾਂ ਦੀ ਗੱਲ ਸੁਣੀ ਗਈ ਹੈ ਅਤੇ ਉਨ੍ਹਾਂ ਪਾਰਟੀ ਦੇ ਹਿੱਤ ’ਚ ਸਾਰੀਆਂ ਗੱਲਾਂ ਆਖੀਆਂ ਹਨ। ਪਾਇਲਟ ਨੇ ਕਿਹਾ ਕਿ ਉਨ੍ਹਾਂ ’ਤੇ ਹੋਏ ਨਿੱਜੀ ਹਮਲਿਆਂ ਦਾ ਦੁੱਖ ਜ਼ਰੂਰ ਹੈ ਪਰ ਛੇਤੀ ਪਾਰਟੀ ’ਚ ਸੰਕਟ ਦਾ ਹੱਲ ਜ਼ਰੂਰ ਨਿਕਲੇਗਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੇ ਹਨ ਅਤੇ ਉਹ ਪਾਰਟੀ ’ਚ ਹੀ ਰਹਿਣਗੇ। ਉਧਰ ਬਾਗ਼ੀ ਵਿਧਾਇਕ ਭੰਵਰ ਲਾਲ ਸ਼ਰਮਾ ਨੇ ਜੈਪੁਰ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਮੁਲਾਕਾਤ ਕਰ ਕੇ ਸਮਝੌਤੇ ਦੇ ਸੰਕੇਤ ਦਿੱਤੇ। ਉਸ ਨੇ ਦਾਅਵਾ ਕੀਤਾ ਕਿ ਰਾਜਸਥਾਨ ’ਚ ਕਾਂਗਰਸ ਸਰਕਾਰ ਸੁਰੱਖਿਅਤ ਹੈ ਅਤੇ ਸਾਰਾ ਕੁਝ ਮੰਗਲਵਾਰ ਤੱਕ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਵਿਧਾਇਕਾਂ ਨੂੰ ਵੀ ਜੈਪੁਰ ਪਰਤ ਆਉਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਸੂਤਰਾਂ ਨੇ ਖ਼ਬਰ ਏਜੰਸੀ ਕੋਲ ਤਸਦੀਕ ਕੀਤੀ ਸੀ ਕਿ ਸਚਿਨ ਪਾਇਲਟ ਕਾਂਗਰਸ ਦੇ ਮੋਹਰੀ ਆਗੂਆਂ ਦੇ ਸੰਪਰਕ ’ਚ ਹਨ ਅਤੇ ਉਨ੍ਹਾਂ ਦੀ ‘ਘਰ ਵਾਪਸੀ’ ਦਾ ਫਾਰਮੂਲਾ ਤਿਆਰ ਕੀਤਾ ਜਾ ਰਿਹਾ ਹੈ। ਕਰੀਬ ਦੋ ਘੰਟੇ ਤੱਕ ਚੱਲੀ ਮੀਟਿੰਗ ਦੌਰਾਨ ਪਾਇਲਟ ਧੜੇ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀਆਂ ਸਾਰੀਆਂ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾਵੇਗਾ।ਬੈਠਕ ਦੌਰਾਨ ਇਸ ਗੱਲ ’ਤੇ ਵੀ ਚਰਚਾ ਹੋਈ ਕਿ ਜੇਕਰ ਵਿਧਾਨ ਸਭਾ ਇਜਲਾਸ ਦੌਰਾਨ ਭਰੋਸੇ ਦਾ ਵੋਟ ਹਾਸਲ ਕੀਤਾ ਜਾਂਦਾ ਹੈ ਤਾਂ ਪਾਇਲਟ ਅਤੇ ਉਨ੍ਹਾਂ ਦੇ ਵਫ਼ਾਦਾਰ ਵਿਧਾਇਕ ਗਹਿਲੋਤ ਸਰਕਾਰ ਦੇ ਪੱਖ ’ਚ ਨਿਤਰਣਗੇ।

Post Author: admin

Leave a Reply

Your email address will not be published. Required fields are marked *