ਪੰਜ ਪਾਣੀਆਂ ਦਾ ਮਾਲਕ ਦਿਲ ਦੇ ਭੇਦ ਖੋਲਦਾ ਹਾਂ
ਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂ
ਸੰਨ ਸੰਤਾਲੀ ਜਦੋਂ ਸੀ ਇਥੇ ਵੰਡ ਦੀ ਘੜੀ ਕੁਲਖਣੀ ਆਈ
ਦਸ ਲੱਖ ਨਿਰਦੋਸ਼ੇ ਮਾਰ ਦਿੱਤੇ ਸੀ ਸਾਡੇ ਭੈਣ ਤੇ ਭਾਈ
ਕੁਰਸੀ ਦੇ ਭੁੱਖਿਆਂ ਦਾ ਮੈਂ ਲੋਕੋ ਰਾਜ ਖੋਲਦਾ ਹਾਂ
ਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂ
ਜੂਨ ਚੁਰਾਸੀ ਵਿੱਚ ਜਦੋਂ ਹਰਿਮੰਦਿਰ ਤੇ ਫ਼ੌਜ ਸੀ ਚਾੜ੍ਹੀ
ਹਰ ਕੋਈ ਕਹਿੰਦਾ ਨੀ ਸਰਕਾਰੇ ਕੀਤੀ ਮੇਰੇ ਨਾਲ ਮਾੜੀ
ਮੇਰਾ ਵਿੰਨਿਆ ਗਿਆ ਕਲੇਜਾ ਖੂਨ ਦੇ ਅੱਥਰੂ ਡੋਲਦਾ ਹਾਂ
ਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂ
ਪੂਰੇ ਦੇਸ਼ ਦੀ ਕਰਾਂ ਰਖਵਾਲੀ
ਫਿਰ ਵੀ ਕਿਸਮਤ ਕਰਤੀ ਕਾਲੀ
ਅੰਨ ਮੈਂ ਸਾਰੇ ਦੇਸ਼ ਨੂੰ ਦੇਵਾਂ ਕਦੇ ਨਾ ਝੂਠ ਬੋਲਦਾ ਹਾਂ
ਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂ
ਮੇਰੇ ਪੁੱਤ ਨਸ਼ਿਆਂ ਤੇ ਲਾਏ
ਸਰਕਾਰ ਨੇ ਪੁੱਠੇ ਰਾਹੇ ਪਾਏ
ਆਗੂਆਂ ਭਰ ਲਏ ਘਰ ਆਪਣੇ ਨਾ ਮੈਂ ਕੁਫ਼ਰ ਤੋਲਦਾ ਹਾਂ
ਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂ
ਕਦੇ ਹੜ੍ਹ ਪਾਣੀਆਂ ਮਾਰਿਆ ਮੈਨੂੰ
ਨਸਲੀ ਅੱਗਾਂ ਸਾੜਿਆ ਮੈਨੂੰ
ਕੁਰਸੀ ਭੁੱਖੇ ਖਾ ਗਏ ਮੈਨੂੰ ਮੈਂ ਤਾਂ ਸੱਚ ਬੋਲਦਾ ਹਾਂ
ਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂ
ਮੇਰੇ ਧੀਆਂ ਪੁੱਤ ਮਰਵਾਏ
ਜਦੋਂ ਸੀ ਟਾਇਰ ਗਲਾਂ ਵਿੱਚ ਪਾਏ
ਦਿੱਲੀ ਗਏ ਸੀ ਕਰਨ ਕਮਾਈਆਂ ਮੈਂ ਤਾਂ ਦਰਦ ਫੋਲਦਾ ਹਾਂ
ਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂ
ਮੀਤ ਦਾਤੇ ਅੱਗੇ ਅਰਜ਼ੋਈ
ਮੇਰੀ ਜਨਤਾ ਹੋਈ ਅਧਮੋਈ
ਕਰ ਨਜਰ ਮਿਹਰ ਦੀ ਦਾਤਾ ਤੇਰਾ ਭਗਤ ਬੋਲਦਾ ਹਾਂ
ਸੱਚ ਸੁਣ ਲਉ ਦੁਨੀਆਂ ਵਾਲਿਓ ਮੈਂ ਪੰਜਾਬ ਬੋਲਦਾ ਹਾਂ

ਹਰਮੀਤ ਕੌਰ ਮੀਤ
7508042900
ਅਕਾਲ ਅਕੈਡਮੀ ਤਿੱਬੜ, ਗੁਰਦਾਸਪੁਰ