ਕਰੋਨਾ ਕਾਲ ਦੌਰਾਨ ਮੀਡੀਆ ਦੀ ਭੂਮਿਕਾ/ ਦਰਸ਼ਨ ਸਿੰਘ ਰਿਆੜ


ਲੋਕਰਾਜ ਦੇ ਇਸ ਯੁਗ ਦੌਰਾਨ ਮੀਡੀਆ ਨੂੰ ਸਰਕਾਰ ਦੇ ਚੌਥੇ ਥੰਮ ਦਾ ਦਰਜਾ ਪ੍ਰਾਪਤ ਹੈ।ਤਕਨੀਕ ਦੇ ਇਸ ਦੌਰ ਦੌਰਾਨ ਮੀਡੀਆ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ।ਅੱਜਕੱਲ ਦਾ ਮੀਡੀਆ ਅਖਬਾਰਾਂ ਜਾਂ ਰੇਡੀਓ ਤੱਕ ਸੀਮਤ ਨਹੀਂ ਰਿਹਾ।ਇਹ ਹੁਣ ਪ੍ਰਿੰਟ ਮੀਡੀਆ,ਇਲੈਕਟ੍ਰੋਨਿਕ ਮੀਡੀਆ ਤੇ ਸ਼ੋਸ਼ਲ ਮੀਡੀਆ ਵਿੱਚ ਵਿਸਤਰਤ ਹੋ ਗਿਆ ਹੈ।ਹੁਣ ਇਹ ਟੈਲੀਫੋਨਤੇ ਕੰਪਿਊਟਰ ਰਾਂਹੀ ਝੱਟ ਦੁਨੀਆਂ ਦੇ ਹਰ ਕੋਨੇ ਵਿੱਚ ਸੂਚਨਾ ਪਹੁੰਚਾ ਦਿੰਦਾ ਹੈ।ਇਲੈਕਟ੍ਰੋਨਿਕ ਮੀਡੀਏ ਦੀ ਰਫਤਾਰ ਬਹੁਤ ਤੇਜ਼ ਹੋ ਗਈ ਹੈ।ਵਿਸ਼ਵ ਦੇ ਗਲੋਬਲ ਪਿੰਡ ਬਣ ਜਾਣ ਨਾਲ ਦੁਨੀਆਂ ਬਹੁਤ ਛੋਟੀ ਹੋ ਗਈ ਹੈ।ਮੀਡੀਏ ਦਾ ਜਨਮ ਤਾਂ ਸਮਾਜ ਦੇ ਰਖਵਾਲੇ,ਚੌਕੀਦਾਰ ਵਜੋਂ ਹੋਇਆ ਸੀ।ਇਹਨੂੰ ਸਮਾਜ ਦੇ ਦਰਪਣ ਵਜੋਂ ਚਿਤਵਿਆ ਗਿਆ ਸੀ ਜਿਸਦਾ ਮੁੱਖ ਕੰਮ ਸਰਕਾਰਾਂ ਦੇ ਕੰਮਾਂ ਉਪਰ ਬਾਜ ਨਜ਼ਰ ਰੱਖ ਕੇ ਉਹਨਾਂ ਦੇ ਕੰਮਾਂ ਨੂੰ ਸਮਾਜ ਮੂਹਰੇ ਪ੍ਰੋਸਣਾ ਸੀ ਤਾਂ ਜੋ ਲੋੜ ਵੇਲੇ ਸਮਾਜ ਉਹਨਾਂ ਗਤੀਵਿਧੀਆਂ ਦਾ ਮੁਲਾਂਕਣ ਕਰਕੇ ਆਪਣੇ ਹਿੱਤਾਂ ਦਾ ਧਿਆਨ ਰੱਖ ਸਕੇ।ਸ਼ੁਰੂ ਸ਼ੁਰੂ ਵਿੱਚ ਇਸਦੀ ਭੂਮਿਕਾ ਬੜੀ ਸੁਚਾਰੂ ਲੱਗਦੀ ਸੀ ਤੇ ਸਰਕਾਰ ਨੂੰ ਮੀਡੀਆ ਦਾ ਡਰ ਬਣਿਆ ਰਹਿੰਦਾ ਸੀ।ਪਰ ਵਕਤ ਦੇ ਬੀਤਣ ਨਾਲ ਬਹੁਤ ਕੁਝ ਬਦਲ ਗਿਆ ਹੈ ਤੇ ਮੀਡੀਏ ਉਪਰ ਕਿੰਤੂ ਪ੍ਰਤੂੰ ਹੋਣ ਲੱਗ ਪਿਆ ਹੈ।
ਬਹੁਤੇ ਟੀਵੀ ਚੈਨਲ ਤਾਂ ਬਹੁਤ ਜਿਆਦਾ ਮਸਾਲੇ ਵਾਲੀਆਂ ਤੇ ਟੀ ਆਰ ਪੀ ਵਧਾਉਣ ਵਾਲੀਆਂ ਸੰਗੀਨ ਖਬਰਾਂ ਪੇਸ਼ ਕਰਨ ਦੀ ਹੋੜ ਵਿੱਚ ਮਸਰੂਫ ਹੋ ਗਏ ਹਨ। ਪੱਖਪਾਤੀ ਰਵੱਈਏ ਕਾਰਨ ਲੋਕਾਂ ਦਾ ਟੀਵੀ ਚੈਨਲਾਂ ਤੋਂ ਮੋਹ ਭੰਗ ਹੋਣ ਲੱਗ ਪਿਆ ਹੈ ਕਿਉਂਕਿ ਲੋਕਾਂ ਨੂੰ ਸੱਚੀਆਂ ਤੇ ਸਹੀ ਖਬਰਾਂ ਨਹੀਂ ਮਿਲਦੀਆਂ।ਪੰਜਾਬ ਕਾਲਮਨਵੀਸ ਪੱਤਰਕਾਰ ਮੰਚ ਵੱਲੋਂ ਪਿਛਲੇ ਕੁਝ ਅਰਸੇ ਤੋਂ ਕਰੋਨਾ ਪੀਰੀਅਡ ਦੌਰਾਨ ਵੱਖ ਵੱਖ ਸਾਧਨਾਂ ਦੇ ਰੋਲ ਬਾਰੇ ਹਰ ਐਤਵਾਰ ਵੈਬੀਨਾਰ ਵਿਚਾਰ ਚਰਚਾ ਸ਼ੁਰੂ ਕਰਕੇ ਸਲਾਘਾਯੋਗ ਕੰਮ ਅਰੰਭਿਆ ਹੈ।ਇਸ ਵਿੱਚ ਦੇਸ਼ ਤੇ ਵਿਦੇਸ਼ਾਂ ਤੋਂ ਕਾਲਮਨਵੀਸ ਅਤੇ ਬੁਧੀਜੀਵੀ ਹਿੱਸਾ ਲੈਂਦੇ ਹਨ।ਲੰਘੇ ਐਤਵਾਰ ਭਾਵ ਦੋ ਅਗਸਤ ਨੂੰ ਵਿਚਾਰ ਚਰਚਾ ਦੇ ਮੁੱਖ ਬੁਲਾਰੇ ਪ੍ਰਸਿੱਧ ਪੱਤਰਕਾਰ ਹਰਜਿੰਦਰ ਸਿੰਘ ਵਾਲੀਆ ਸਨ।ਮੰਚ ਦਾ ਪ੍ਰਬੰਧ ਤੇ ਸੰਚਾਲਨ ਕ੍ਰਮਵਾਰ ਗੁਰਮੀਤ ਸਿੰਘ ਪਲਾਹੀ ਅਤੇ ਪਰਵਿੰਦਰਜੀਤ ਸਿੰਘ ਕਰਦੇ ਹਨ।ਸ਼ਿਰਕਤ ਕਰਨ ਵਾਲਿਆਂ ਵਿੱਚ ਵਿਦੇਸ਼ਾਂ ਤੋਂ ਮੈਂਬਰ ਪਾਰਲੀਮੈਂਟ ਯੂਕੇ,ਸ਼੍ਰੀ ਵਰਿੰਦਰ ਸ਼ਰਮਾ ਤੇ ਪੱਤਰਕਾਰਤਾ ਨਾਲ ਸਨੇਹ ਰੱਖਣ ਵਾਲਿਆਂ ਵਿੱਚ ਰਣਜੀਤ ਧੀਰ, ਕੇਹਰ ਸ਼ਰੀਫ ਮੁੱਖ ਸਨ।ਪੰਜਾਬ ਵਿੱਚੋਂ ਇਸ ਸੰਸਥਾ ਦੇ ਸਾਰੇ ਮੈਂਬਰ ਬੜੀ ਦਿਲਚਸਪੀ ਨਾਲ ਵਿਚਾਰ ਚਰਚਾ ਵਿੱਚ ਸ਼ਿਰਕਤ ਕਰਦੇ ਹਨ।
ਪ੍ਰਸਿੱਧ ਪੱਤਰਕਾਰ ਸ਼.ਹਰਜਿੰਦਰ ਸਿੰਘ ਵਾਲੀਆ ਨੇ ਪੱਤਰਕਾਰੀ ਦੇ ਕੰਮ,ਲਫਜੀ ਅਰਥ ਤੇ ਮੌਜੂਦਾ ਰੋਲ ਦਾ ਬਾਖੂਬੀ ਤੇ ਸੰਖੇਪ ਵਰਨਣ ਕਰਦੇ ਹੋਏ ਦੱਸਿਆ ਕਿ ਮੀਡੀਆ ਹੁਣ ਆਪਣੇ ਅਸਲ ਮਾਰਗ ਤੋਂ ਥਿੜਕ ਗਿਆ ਹੈ।ਬੇਲੋੜੀਆਂ ਖਬਰਾਂ ਨੂੰ ਬਿਨਾਂ ਵਜਾ੍ਹ ਵਧਾ ਚੜਾ ਕੇ ਪੇਸ਼ ਕਰਨਾ ਅੱਜਕੱਲ ਦੇ ਬਹੁਤੇ ਟੀਵੀ ਚੈਨਲਾਂ ਦਾ ਕੰਮ ਬਣ ਗਿਆ ਹੈ।ਟੀਵੀ ਚੈਨਲਾਂ ਦੇ ਐਂਕਰ ਇਸ ਕਦਰ ਉੱਚੀ ਉੱਚੀ ਰੌਲਾ ਪਾਉਂਦੇ ਹਨ ਕਿ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਵਕਤਾ ਉਕਤਾ ਜਾਂਦੇ ਹਨ।ਐਂਕਰ ਪ੍ਰੋਗਰਾਮ ਪੇਸ਼ ਕਰਨ ਅਤੇ ਸੁਝਾ ਦੇਣ ਦਾ ਕੰਮ ਕਰਨ ਦੇ ਪਬੰਦ ਹੁੰਦੇ ਹਨ ਨਾ ਕਿ ਉੱਚੀ ਸੁਰ ਨਾਲ ਆਪਣਾ ਪ੍ਰਭਾਵ ਜਮਾ ਕੇ ਫੈਂਸਲਾ ਠੋਸਣਾ ਉਹਨਾਂ ਦੀ ਜਿੰਮੇਵਾਰੀ ਹੁੰਦੀ ਹੈ।ਐਡਵੋਕੇਸੀ ਜਨਰਲਿਜ਼ਮ,ਯੈਸਮੈਨ ਤੇ ਯੈਲੋ ਜਰਨਲਿਜ਼ਮ ਹਾਵੀ ਹੁੰਦਾ ਜਾ ਰਿਹਾ ਹੈ।ਕਰੋਨਾ ਕਾਲ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਚੀਨ ਵਿੱਚ ਦਸੰਬਰ 2019 ਵਿੱਚ ਫੈਲ ਚੁੱਕੀ ਸੀ।ਜਨਵਰੀ 2020 ਵਿੱਚ ਭਾਰਤ ਵਿੱਚ ਵੀ ਇਸਦੀਆਂ ਖਬਰਾਂ ਆਉਣ ਲੱਗ ਪਈਆਂ ਸਨਪਰ ਸਾਡਾ ਸਾਰਾ ਮੀਡੀਆ ਅਮਰੀਕਨ ਪ੍ਰਧਾਨ ਟਰੰਪ ਦੇ ਦੌਰੇ ਦੀਆਂ ਤਿਆਰੀਆਂ ਵਿੱਚ ਮਸਰੂਫ ਸੀ ਉਸ ਵੇਲੇ ਇਸ ਨੂੰ ਕਰੋਨਾ ਦੀ ਕੋਈ ਚਿੰਤਾ ਨਹੀਂ ਸੀ।ਉਸਦੇ ਦੌਰੇ ਤੋਂ ਬਾਦ ਸਾਡੇ ਮੀਡੀਏ ਨੂੰ ਕਰੋਨਾ ਯਾਦ ਆਇਆ ਤੇ ਫਿਰ 22 ਮਾਰਚ ਨੂੰ ਇੱਕ ਦਿਨ ਦਾ ਜੰਤਾ ਕਰਫਿਊ ਲੱਗਣ ਤੋਂ ਬਾਦ ਜਦ 24 ਮਾਰਚ ਤੋਂ ਲਾਕਡਾਊਨ ਤੇ ਕਰਫਿਊ ਲਗਾ ਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਗਿਆ ਤਾਂ ਮੀਡੀਆ ਨੇ ਲਗਾਤਾਰ ਕਰੋਨਾ ਕਰੋਨਾ ਦਾ ਰਾਗ ਅਲਾਪ ਕੇ ਡਰ ਤੇ ਦਹਿਸ਼ਤ ਵਾਲਾ ਮਹੌਲ ਪੈਦਾ ਕਰ ਦਿੱਤਾ।
ਲੋਕਰਾਜ ਦੀ ਸਫਲਤਾ ਦੀ ਕਾਮਨਾ ਕਰਦੇ ਹੋਏ ਮੀਡੀਆ ਨੂੰ ਲੋਕ ਪੱਖੀ ਰੋਲ ਅਦਾ ਕਰਨਾ ਚਾਹੀਦਾ ਹੈ।ਮੀਡੀਆ ਦਾ ਜਨਮ ਹੀ ਲੋਕਾਂ ਦੀ ਅਵਾਜ਼ ਬਣਨ ਲਈ ਹੋਇਆ ਸੀ ਨਾ ਕਿ ਲੋਕ ਵਿਰੋਧੀ ਖਬਰਾਂ ਪੇਸ਼ ਕਰਨ ਲਈ।ਲੋਕ ਸੱਚ ਜਾਨਣ ਦੀ ਚਾਹਤ ਰੱਖਦੇ ਹਨ ਪਰ ਉਹਨਾਂ ਨੂੰ ਸਨਸਨੀਖੇਜ ਖਬਰਾਂ ਪਰੋਸੀਆਂ ਜਾਂਦੀਆਂ ਹਨ।ਇੱਕ ਧਿਰ ਨੂੰ ਉੱਚਾ ਤੇ ਦੂਜੀ ਨੂੰ ਨੀਂਵਾ ਦਿਖਾਉਣਾ ਮੀਡੀਆ ਦਾ ਕੰਮ ਨਹੀਂ ਹੁੰਦਾ ਇਸ ਨੂੰ ਤਾਂ ਸੱਚ ਲੋਕਾਂ ਸਾਹਮਣੇ ਪੇਸ਼ ਕਰਨ ਲਈ ਚਿਤਵਿਆ ਗਿਆ ਸੀ ਜਿਸ ਤੋਂ ਇਹ ਬੁਰੀ ਤਰਾਂ੍ਹ ਥਿੜਕ ਗਿਆ ਹੈ।ਸਾਡਾ ਮੀਡੀਆ ਤਾਂ ਵੀ ਆਈ ਪੀ ਤੇ ਸੈਲੀਬਰਿਟੀ ਲੋਕਾਂ ਦੀਆਂ ਖਬਰਾਂ ਨਾਲ ਲੋਕਾਂ ਦਾ ਮਨੋਰੰਜਨ ਕਰਨ ਵਿੱਚ ਲੱਗਾ ਰਹਿੰਦਾ ਹੈ ਜਿਵੇਂ ਦੇਸ਼ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਕਰਨ ਵਾਲੇ ਉਹ ਕੁਝ ਲੋਕ ਹੀ ਹੁੰਦੇ ਹਨ।ਵਿਦੇਸ਼ ਤੋਂ ਸ਼ਿਰਕਤ ਕਰਨ ਵਾਲੇ ਕੇਹਰ ਸ਼ਰੀਫ ਨੇ ਠੀਕ ਹੀ ਖਦਸ਼ਾ ਜਾਹਰ ਕੀਤਾ ਸੀ ਕਿ ਸਾਡਾ ਮੀਡੀਆ ਰੌਲਾ ਪਾਉਣ ਵਾਲਾ ਤੇ ਜੀ ਹਜੂਰੀਆ ਬਣ ਗਿਆ ਹੈ।ਪੰਜਾਬੀ ਦਾ ਸਿਰਮੌਰ ਕਵੀ ਸੁਰਜੀਤ ਪਾਤਰ ਬਹੁਤ ਵਧੀਆ ਲਿਖਦਾ ਹੈ;ਕਿ ਏਨਾ ਵੀ ਸੱਚ ਨਾ ਬੋਲ ਕਿ ਕੱਲਾ ਰਹਿ ਜਾਂਵੇ……।ਅਜੋਕੇ ਮਹੌਲ ਵਿੱਚ ਸੱਚ ਬੋਲਣਾ ਬਹੁਤ ਮੁਸ਼ਕਲ ਹੋ ਗਿਆ ਲੱਗਦਾ ਹੈ।
ਕਰੋਨਾ ਦੇ ਇਸ ਦੌਰ ਵਿੱਚ ਗਰੀਬ ਤੇ ਅਮੀਰ ਦਾ ਪਾੜਾ ਹੋਰ ਵੱਧਣ ਲੱਗ ਪਿਆ ਹੈ।ਸਭ ਤੋਂ ਵੱਧ ਨੁਕਸਾਨ ਦਿਹਾੜੀਦਾਰ ਮਜ਼ਦੂਰਾਂ ਦਾ ਹੋਇਆ ਹੈ।ਲਾਕਡਾਊਨ ਦੌਰਾਨ ਉਹਨਾਂ ਨੂੰ ਘਰ-ਵਾਪਸੀ ਦਾ ਕੋਈ ਸਮਾਂ ਨਹੀਂ ਮਿਲਿਆ ਤੇ ਜਦੋਂ ਘਰ-ਵਾਪਸੀ ਦੇ ਪ੍ਰਬੰਧ ਹੋਏ ਉਹ ਲੋੜ ਅਨੁਸਾਰ ਤੇ ਪੁਖਤਾ ਨਹੀਂ ਸਨ।ਨਤੀਜੇ ਵਜੋਂ ਸੈਂਕੜੇ ਹੀ ਲੋਕ ਲੰਬਾ ਸਫਰ ਪੈਦਲ ਕਰਨ ਨੂੰ ਮਜਬੂਰ ਹੋ ਗਏ ਤੇ ਹਾਦਸਿਆਂ ਦਾ ਸ਼ਿਕਾਰ ਹੋ ਗਏ।ਸ਼ੋਸ਼ਲ ਮੀਡੀਆ ਰਾਂਹੀ ਸਰਗਰਮ ਹੋਈਆਂ ਸਮਾਜ ਸੇਵੀ ਸੰਸਥਾਂਵਾਂ ਨੇ ਲੋੜਵੰਦਾ ਦੀ ਦਿਲ ਖੋਹਲ ਕੇ ਮਦਦ ਕੀਤੀ ਹੈ।ਦੇਸ਼ ਦੀ ਆਰਥਿਕਤਾ ਨੂੰ ਬਹੁਤ ਢਾਹ ਲੱਗੀ ਹੈ।ਕੰਮਕਾਰ ਠੱਪ ਹੋ ਕੇ ਰਹਿ ਗਏ ਹਨ। ਸਕੂਲ ਕਾਲਜ ਤੇ ਹੋਰ ਅਜਿਹੀਆਂ ਸੰਸਥਾਂਵਾਂ ਬੰਦ ਹਨ।ਵਿਦਿਆਰਥੀਆਂ ਦਾ ਵੀ ਨੁਕਸਾਨ ਹੋਇਆ ਹੈ ਸਕੂਲਾਂ ਵਾਲਿਆਂ ਨੇ ਮਾਪਿਆਂ ਕੋਲੋਂ ਬਿਨਾਂ ਪੜਾਈ ਫੀਸਾਂ ਲੈਣ ਲਈ ਅਦਾਲਤਾਂ ਦੇ ਦਰਵਾਜੇ ਜਾ ਖੜਕਾਏ ਹਨ ਪਰ ਮੀਡੀਆ ਚੁੱਪ ਹੈ ਹੁਣ ਉਸਨੂੰ ਕਰੋਨਾ ਹੀ ਕਰੋਨਾ ਨਜ਼ਰ ਆਉਂਦਾ ਹੈ।
ਲਦਾਖ ਸੈਕਟਰ ਵਿੱਚ ਚੀਨ ਦੀ ਛੇੜਛਾੜ ਕਾਰਨ ਜਦੋਂ ਵੀਹ ਕੁ ਦੇ ਕਰੀਬ ਭਾਰਤੀ ਫੌਜੀ ਸ਼ਹੀਦ ਹੋ ਗਏ ਸਨ ਉਦੋਂ ਕਰੋਨਾ ਭੁੱਲ ਕੇ ਮੀਡੀਆ ਇੱਕਦਮ ਚੀਨ ਸਰਹੱਦ ਤੇ ਪਹੁੰਚ ਗਿਆ ਸੀ। ਹੁਣ ਰਾਫੇਲ ਜਹਾਜਾਂ ਦੀ ਪਹਿਲੀ ਖੇਪ ਪਹੁਚਣ ਤੇ ਹਫਤਾ ਭਰ ਰਾਫੇਲ ਹੀ ਛਾਇਆ ਰਿਹਾ।ਕਦੇ ਮੰਦਰ ਤੇ ਕਦੇ ਮਸਜਿਦ ਦੁਆਲੇ ਹੋ ਜਾਂਦਾ ਹੈ ਸਾਡਾ ਮੀਡੀਆ।ਪਰ ਇਹ ਗੱਲ ਮੀਡੀਆ ਭੁੱਲੀ ਬੈਠਾ ਹੈ ਕਿ ਲੋਕਾਂ ਦਾ ਰਹਿਣ ਸਹਿਣ ਬਹੁਤ ਔਖਾ ਹੁੰਦਾ ਜਾ ਰਿਹਾ ਹੈ।ਵਧੀਆ ਪੜਾਈ ਦੀ ਅਣਹੋਂਦ ਤੇ ਬੇਰੋਜ਼ਗਾਰੀ ਸਾਡੀ ਜਵਾਨੀ ਵਿਦੇਸ਼ਾਂ ਨੂੰ ਧੱਕ ਰਹੀ ਹੈ।ਸਾਡੀ ਮੈਡੀਕਲ ਉੱਚ ਸਿਖਿਆ ਲੋੜੋਂ ਵੱਧ ਮਹਿੰਗੀ ਕਰ ਦਿੱਤੀ ਗਈ ਹੈ।ਗਰੀਬੀ ਦੀ ਰੇਖਾ ਤੋਂ ਥੱਲੇ ਵੱਲ ਲੋਕਾਂ ਦੀ ਗਿਣਤੀ ਹੋਰ ਵੱਧਣ ਲੱਗੀ ਹੈ।ਮੀਡੀਆ ਇਹ ਗੱਲਾਂ ਨਹੀਂ ਦਰਸਾ ਰਿਹਾ ਕਿ ਮੁੱਫਤ ਬਿਜਲੀ ਪਾਣੀ ਲੋਕਾਂ ਦੀਆਂ ਮੁਸ਼ਕਲਾਂ ਦੇ ਅਸਲ ਹੱਲ ਨਹੀਂ ਹਨ।ਸਕੂਲਾਂ ਵਿੱਚ ਬੱਚਿਆਂ ਨੂੰ ਖਾਣਾ ਦੇਣ ਨਾਲ ਵਿਦਿਆ ਦਾ ਪੱਧਰ ਉੱਚਾ ਨਹੀਂ ਉੱਠਣਾ।ਬੱਚੇ ਤੇ ਅਧਿਆਪਕ ਖਾਣੇ ਦਾਣੇ ਦੀ ਚਿੰਤਾ ਤੇ ਚਾਹਤ ਵਿੱਚ ਰੁੱਝੇ ਰਹਿਣਗੇ ਤਾਂ ਗੱਲ ਲੰਗਰ ਤੇ ਪੇਟ ਦੀ ਭੁੱਖ ਤੋਂ ਅੱਗੇ ਨਹੀਂ ਤੁਰੇਗੀ।
ਅਬਾਦੀ ਦਾ ਢਿੱਡ ਭਰਨਾ ਵੀ ਜਰੂਰੀ ਹੈ ਪਰ ਉਸ ਕੰਮ ਲਈ ਕਿਸਾਨਾਂ ਨੂੰ ਸਹੂਲਤਾਂ ਵੀ ਮਿਲਣੀਆਂ ਚਾਹੀਦੀਆਂ ਹਨ।ਬੇਲੋੜੇ ਅਬਾਦੀ ਦੇ ਵਾਧੇ ਤੇ ਰੋਕ ਬਾਹਰਲੇ ਲੋਕਾਂ ਨੇ ਆਕੇ ਨਹੀਂ ਲਗਾਉਣੀ ਇਸਦੇ ਬਾਰੇ ਮੀਡੀਏ ਦੀ ਬੜੀ ਸੁਚਾਰੂ ਭੂਮਿਕਾ ਬਣਦੀ ਹੈ।ਵਿਦਿਆ ਦਾ ਚਾਨਣ ਸਭ ਲਈ ਜਰੂਰੀ ਤੇ ਮੁੱਫਤ ਹੋਣ ਦੇ ਪ੍ਰਬੰਧ ਹੋਣ ਤਾਂ ਇਸਦੇ ਨਾਲ ਦਾ ਸੋਨੇ ਤੇ ਸੁਹਾਗਾ ਕੋਈ ਨਹੀਂ?ਵਿਦੇਸ਼ਾਂ ਵਾਂਗ ਸਭ ਦਾ ਇਲਾਜ ਸਰਕਾਰੀ ਤੇ ਮੁੱਫਤ ਹੋਣ ਲੱਗ ਜਾਵੇ ਤਾਂ ਲੋਕਾਂ ਦੀ ਲੁੱਟ ਹੋਣੀ ਬੰਦ ਹੋ ਜਾਵੇ ਤਾਂ ਲੋਕਾਂ ਦੀਆਂ ਅੱਧੇ ਤੋਂ ਵੱਧ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ।ਹੁਣ ਤਾਂ ਸਾਡੀ ਸਿੱਖਿਆ ਪਣਾਲੀ ਮਜ਼ਦੂਰ ਹੀ ਪੈਦਾ ਕਰਨ ਲੱਗੀ ਹੋਈ ਹੈ ਉਹ ਵੀ ਵਿਦੇਸ਼ਾਂ ਲਈ।ਰੋਜ਼ਗਾਰ ਤੇ ਸਹੂਲਤਾਂ ਦੀ ਅਣਹੋਂਦ ਕਾਰਨ ਸਾਡੇ ਪ੍ਰੋਫੈਸ਼ਨਲ ਵੀ ਪਰਵਾਸ ਕਰ ਬ੍ਰੇਨ ਡ੍ਰੇਨ ਕਰ ਰਹੇ ਹਨ ਉਸਦੀ ਨਾਂ ਸਰਕਾਰਾਂ ਨੂੰ ਪ੍ਰਵਾਹ ਹੈ ਨਾ ਮੀਡੀਏ ਨੂੰ ਚਿੰਤਾ ਹੈ।ਇਹ ਕੰਮ ਤਾਂ ਸਮਾਜ ਦੇ ਦਰਪਣ ਮੀਡੀਏ ਦੇ ਹਿੱਸੇ ਆਉਂਦਾ ਸੀ।
ਕਰੋਨਾ ਦੇ ਡਰ ਤੇ ਦਹਿਸ਼ਤ ਨੇ ਸਮਾਜ ਨੂੰ ਸੁਧਾਰਨ ਦਾ ਕੰਮ ਵੀ ਕੀਤਾ ਹੈ।ਵਾਤਾਵਰਣ ਨੂੰ ਕੁਝ ਰਾਹਤ ਮਿਲੀ ਹੈ।ਪ੍ਰਹੇਜ ਨਾਲ ਹੌਲੀ ਹੌਲੀ ਲੋਕ ਸਿੱਖ ਜਾਣਗੇ।ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਹਰ ਰੋਜ 1500 ਲੋਕ ਟੀਬੀ ਦੀ ਬੀਮਾਰੀ ਨਾਲ ਮਰਦੇ ਹਨ।ਦਿਲ ਦੇ ਰੋਗ,ਸ਼ੂਗਰ ਵਰਗੀ ਨਾਮੁਰਾਦ ਬੀਮਾਰੀ ਤੇ ਕੈਂਸਰ ਵਰਗੀਆਂ ਬੀਮਾਰੀਆਂ ਬਾਰੇ ਅੱਜਕੱਲ ਮੀਡੀਆ ਚੁੱਪ ਹੈ । ਕੀ ਇਹ ਬੀਮਾਰੀਆਂ ਖਤਮ ਹੋ ਗਈਆਂ ਹਨ ਜਾਂ ਫਿਰ ਹੁਣ ਮੀਡੀਏ ਦੇ ਖੇਤਰ ਵਿੱਚ ਨਹੀਂ ਰਹੀਆਂ ?

ਦਰਸ਼ਨ ਸਿੰਘ ਰਿਆੜ

ਮੋ; 9316311677

Post Author: admin

Leave a Reply

Your email address will not be published. Required fields are marked *