
ਨਵੀਂ ਦਿੱਲੀ, 24 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਪਹਿਲਾਂ ਕੋਰੋਨਾ ਵਾਇਰਸ ਬਾਰੇ ਕਹੀਆਂ ਗਈਆਂ ਮੇਰੀਆਂ ਗੱਲਾਂ ਨੂੰ ਅਣਸੁਣਿਆ ਕਰ ਦਿਤਾ ਅਤੇ ਹੁਣ ਉਹ ਚੀਨ ਬਾਰੇ ਵੀ ਇਹੋ ਕੁੱਝ ਕਰ ਰਹੀ ਹੈ। ਉਨ੍ਹਾਂ ਟਵਿਟਰ ‘ਤੇ ਕਿਹਾ, ‘ਮੈਂ ਕੋਵਿਡ-19 ਅਤੇ ਅਰਥਚਾਰੇ ਬਾਰੇ ਸੁਚੇਤ ਕਰਦਾ ਰਿਹਾ ਹਾਂ। ਉਨ੍ਹਾਂ ਮੇਰੀ ਚੇਤਾਵਨੀ ਨੂੰ ਨਹੀਂ ਸੁਣਿਆ। ਨਤੀਜਾ ਦੇਸ਼ ‘ਤੇ ਆਫ਼ਤ।’ ਕਾਂਗਰਸ ਆਗੂ ਨੇ ਦੋਸ਼ ਲਾਇਆ, ‘ਮੈਂ ਚੀਨ ਬਾਰੇ ਵਾਰ ਵਾਰ ਸੁਚੇਤ ਕਰਦਾ ਰਿਹਾ ਹਾਂ। ਉਹ ਹੁਣ ਵੀ ਨਹੀਂ ਸੁਣ ਰਹੇ।’ ਰਾਹੁਲ ਨੇ ਪਹਿਲਾਂ ਕਿਹਾ ਸੀ ਕਿ ਕੋਰੋਨਾ ਵਾਇਰਸ ਸੰਕਟ ਕਾਰਨ ਸਰਕਾਰ ਨੂੰ ਫ਼ੌਰੀ ਕਦਮ ਚੁਕਣੇ ਚਾਹੀਦੇ ਹਨ ਅਤੇ ਅੱਗੇ ਆਰਥਕ ਸੁਨਾਮੀ ਆਉਣ ਵਾਲੀ ਹੈ। ਉਹ ਚੀਨੀ ਘੁਸਪੈਠ ਬਾਰੇ ਵੀ ਪਿਛਲੇ ਕੁੱਝ ਹਫ਼ਤਿਆਂ ਤੋਂ ਸਰਕਾਰ ਨੂੰ ਸਵਾਲ ਪੁੱਛ ਰਹੇ ਹਨ।