ਦਵਾਈ ਨਾ ਬਣੀ ਤਾਂ ਭਾਰਤ ‘ਚ ਰੋਜ਼ਾਨਾ ਨਿਕਲਣਗੇ 2.87 ਲੱਖ ਕੇਸ

ਕੋਵਿਡ-19 ਦੀ ਦਵਾਈ ਨਾ ਬਣੀ ਤਾਂ ਭਾਰਤ ਵਿਚ ਅਗਲੇ ਸਾਲ ਦੇ ਸ਼ੁਰੂ ਵਿਚ ਰੋਜ਼ਾਨਾ 2 ਲੱਖ 87 ਹਜ਼ਾਰ ਕੇਸ ਨਿਕਲਣ ਲੱਗ ਪੈਣਗੇ।
ਇਹ ਦਾਅਵਾ ਅਮਰੀਕਾ ਦੇ ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਨੇ ਆਪਣੇ ਅਧਿਅਨ ਵਿਚ ਕੀਤਾ ਹੈ।
ਅਧਿਅਨ ਵਿਚ ਕਿਹਾ ਗਿਆ ਹੈ ਕਿ ਮਾਰਚ-ਮਈ ਵਿਚ ਦੁਨੀਆ ਵਿਚ 24 ਕਰੋੜ 90 ਲੱਖ ਕੇਸ ਆ ਸਕਦੇ ਹਨ ਤੇ 18 ਲੱਖ ਮੌਤਾਂ ਹੋ ਸਕਦੀਆਂ ਹਨ। ਦੁਨੀਆ ਦੀ ਕਰੀਬ 60 ਫੀਸਦੀ ਆਬਾਦੀ ਵਾਲੇ 84 ਦੇਸ਼ਾਂ ਵਿਚ ਕੇਸਾਂ, ਮੌਤਾਂ, ਟੈਸਟਿੰਗ ਤੇ ਕਈ ਹੋਰ ਪੱਖਾਂ ਦੇ ਅੰਕੜਿਆਂ ਦਾ ਹਿਸਾਬ-ਕਿਤਾਬ ਲਾਉਂਦਿਆਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਅਮਰੀਕਾ ਕਰੀਬ 30 ਲੱਖ ਕੇਸਾਂ ਨਾਲ ਸਭ ਤੋਂ ਵਧ ਪ੍ਰਭਾਵਤ ਹੈ, ਭਾਰਤ ਉਸ ਨੂੰ ਛੇਤੀ ਹੀ ਪਾਰ ਕਰ ਸਕਦਾ ਹੈ। ਅਗਲੇ ਸਾਲ ਫਰਵਰੀ ਦੇ ਅੰਤ ਤੱਕ ਅਮਰੀਕਾ ਰੋਜ਼ਾਨਾ 95 ਹਜ਼ਾਰ ਕੇਸਾਂ ਨਾਲ ਦੂਜੇ ਨੰਬਰ ‘ਤੇ ਆ ਜਾਵੇਗਾ। ਉਸ ਤੋਂ ਬਾਅਦ ਦੱਖਣੀ ਅਫਰੀਕਾ (21 ਹਜ਼ਾਰ ਕੇਸ), ਈਰਾਨ (17 ਹਜ਼ਾਰ ਕੇਸ) ਤੇ ਇੰਡੋਨੇਸ਼ੀਆ (13 ਹਜ਼ਾਰ ਕੇਸ) ਹੋਣਗੇ।
ਖੋਜੀਆਂ ਦਾ ਕਹਿਣਾ ਹੈ ਕਿ ਅਸਲ ਕੇਸ 12 ਗੁਣਾਂ ਵੱਧ ਹਨ। ਮਰਨ ਵਾਲਿਆਂ ਦੀ ਗਿਣਤੀ ਵੀ ਦੱਸੀਆਂ ਜਾਂਦੀਆਂ ਮੌਤਾਂ ਨਾਲੋਂ ਡੇਢੀ ਹੈ। ਖੋਜੀਆਂ ਨੇ ਕਿਹਾ ਹੈ ਕਿ ਉਮਰ, ਵਸੋਂ ਦੀ ਸਿਹਤ, ਮੈਡੀਕਲ ਢਾਂਚੇ ਤੇ ਸਰਕਾਰੀ ਨੀਤੀਆਂ ਦੇ ਹਿਸਾਬ ਨਾਲ ਮਰਨ ਵਾਲਿਆਂ ਦੀ ਪ੍ਰਤੀਸ਼ਤ ਔਸਤ 0.68 ਹੈ, ਪਰ ਵੱਖ-ਵੱਖ ਦੇਸ਼ਾਂ ਵਿਚਾਲੇ ਕਾਫੀ ਅੰਤਰ ਹੈ।
ਆਈਸਲੈਂਡ ਵਿਚ ਦਰ 0.56 ਮਿਲੀ, ਜਦਕਿ ਨਿਊਜ਼ੀਲੈਂਡ ਵਿਚ 0.64 ਤੇ ਅਮਰੀਕਾ ਵਿਚ 0.99। ਅਧਿਐਨ ਕਰਨ ਵਾਲੀ ਟੀਮ ਵਿਚ ਸ਼ਾਮਲ ਹਾਜ਼ਿਰ ਰਹਿਮਾਨਦਾਦ ਦਾ ਕਹਿਣਾ ਹੈ ਕਿ ਫਿਲਹਾਲ ਬਚਣ ਦਾ ਇਹੀ ਉਪਾਅ ਹੈ ਕਿ ਜਿਸਮਾਨੀ ਦੂਰੀ ਬਣਾਈ ਰੱਖੋ, ਮਾਸਕ ਪਾਓ ਤੇ ਦੱਸੀਆਂ ਜਾ ਰਹੀਆਂ ਹੋਰਨਾਂ ਸਾਵਧਾਨੀਆਂ ਦੀ ਪਾਲਣਾ ਕਰੋ। ਸੰਸਾਰ ਸਿਹਤ ਜਥੇਬੰਦੀ ਮੁਤਾਬਕ ਇਸ ਵੇਲੇ 19 ਦਵਾਈਆਂ ਦੇ ਕਲੀਨੀਕਲ ਟਰਾਇਲ ਚੱਲ ਰਹੇ ਹਨ ਅਤੇ ਸੈਂਕੜੇ ਬਣਾ ਲਈਆਂ ਗਈਆਂ ਤੇ ਟੈੱਸਟ ਵੀ ਕਰ ਲਈਆਂ ਗਈਆਂ ਹਨ, ਪਰ ਇਨ੍ਹਾਂ ਦੀ ਕਮਰਸ਼ੀਅਲ ਵਿਕਰੀ ਦੀ ਮਨਜ਼ੂਰੀ ਨਹੀਂ ਦਿੱਤੀ ਗਈ।

Post Author: admin

Leave a Reply

Your email address will not be published. Required fields are marked *