ਪੰਜਾਬ ਨੂੰ 30 ਹਜ਼ਾਰ ਕਰੋੜ ਦੇ ਵਿੱਤੀ ਨੁਕਸਾਨ ਦਾ ਅਨੁਮਾਨ, ਲਾਕਡਾਊਨ ‘ਤੇ ਫ਼ੈਸਲਾ ਹਾਲਾਤ ‘ਤੇ ਨਿਰਭਰ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਿੱਤੀ ਵਰ੍ਹੇ ਦੇ ਅਖੀਰ ਤਕ ਪੰਜਾਬ ਨੂੰ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਇਹ ਅਨੁਮਾਨਤ ਹੈ। ਲਾਕਡਾਊਨ ਵਧਾਉਣ ਜਾਂ ਖ਼ਤਮ ਕਰਨ ਸਬੰਧੀ ਕੈਪਟਨ ਨੇ ਕਿਹਾ ਕਿ ਇਸ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਕੋਰੋਨਾ ਇਨਫੈਕਸ਼ਨ ਦੇ ਹਾਲਾਤ ‘ਤੇ ਨਿਰਭਰ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਹਾਲੇ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੋਇਆ ਹੈ ਜਿਸ ਤੋਂ ਅਸੀਂ ਸੂਬੇ ਨੂੰ ਬਚਾਉਣਾ ਹੈ।

ਕੈਪਟਨ ਮਾਰਚ ‘ਚ ਕਰਫ਼ਿਊ/ਲਾਕਡਾਊਨ ਲੱਗਣ ਤੋਂ ਬਾਅਦ ਪਹਿਲੀ ਵਾਰ ਅੱਜ ਸਿੱਧੇ ਮੀਡੀਆ ਨਾਲ ਰੂਬਰੂ ਹੋਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵੀਡੀਓ ਕਾਨਫਰੰਸ ਜ਼ਰੀਏ ਮੀਡੀਆ ਨਾਲ ਰਾਬਤਾ ਕਰ ਰਹੇ ਸਨ। ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ‘ਚ ਹੋਈ ਭਾਰਤੀ ਤੇ ਚੀਨੀ ਫ਼ੌਜੀਆਂ ਦੀ ਝੜੱਪ ਚੀਨ ਦੀ ਪੁਰਾਣੀ ਯੋਜਨਾ ਦਾ ਹਿੱਸਾ ਹੈ। ਜਾਣਬੁੱਝ ਕੇ ਗਸ਼ਤ ਦੌਰਾਨ ਚੀਨੀ ਫ਼ੌਜੀਆਂ ਵੱਲੋਂ ਪੰਗਾ ਲਿਆ ਜਾਂਦਾ ਹੈ। ਇਸ ਝੜੱਪ ‘ਚ ਪੰਜਾਬ ਦੇ 5 ਤੇ ਹਿਮਾਚਲ ਪ੍ਰਦੇਸ਼ ਦਾ ਇਕ ਜਵਾਨ ਸ਼ਹੀਦ ਹੋਇਆ। ਉਨ੍ਹਾਂ ਕਿਹਾ ਕਿ ਚੀਨੀ ਕੰਪਨੀਆਂ ਨੇ ਪੀਐੱਮ ਕੇਅਰਜ਼ ਫੰਡ ‘ਚ ਕਰੋੜਾਂ ਰੁਪਏ ਦਾਨ ਕੀਤੇ। ਇਨ੍ਹਾਂ ਵਿਚੋਂ ਕੁਝ ਕੰਪਨੀਆਂ ਦੇ ਸਬੰਧ ਚੀਨੀ ਫ਼ੌਜ ਨਾਲ ਹਨ। ਦੇਸ਼ ਨੂੰ ਚੀਨੀ ਕੰਪਨੀਆਂ ਦੇ ਪੈਸੇ ਦੀ ਜ਼ਰੂਰਤ ਨਹੀਂ। ਇਕ ਸਵਾਲ ਦੇ ਜਵਾਬ ‘ਚ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਸਬੰਧੀ ਕੈਪਟਨ ਨੇ ਕਿਹਾ ਕਿ ਪਾਕਿਸਤਾਨ ‘ਚ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਹੀ ਹੈ। ਜੇਕਰ ਸਰੀਰਕ ਦੂਰੀ ਦੇ ਨਿਯਮਾਂ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਪੰਜਾਬ ਸਰਕਾਰ ਇਸ ਨੂੰ ਖੋਲ੍ਹਣ ਲਈ ਸਹਿਮਤ ਹੈ। ਉਹ ਇਸ ਬਾਰੇ ਕੇਂਦਰ ਨੂੰ ਵੀ ਸਿਫ਼ਾਰਸ਼ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਿ ਹਰ ਸਿੱਖ ਖ਼ਾਲਿਸਤਾਨ ਚਾਹੁੰਦਾ ਹੈ, ਦੇ ਸਵਾਲ ‘ਤੇ ਕਿਹਾ ਕਿ ਉਹ ਖ਼ਾਲਿਸਤਾਨ ਨਹੀਂ ਚਾਹੁੰਦੇ। ਪਤਵੰਤ ਪੰਨੂ ਵਰਗੇ ਖ਼ਾਲਿਸਤਾਨ ਚਾਹੁੰਦੇ ਹਨ। ਉਹ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਪੰਜਾਬ ‘ਚ ਕੋਈ ਰੈਫਰੈਂਡਮ ਨਹੀਂ ਹੋਣੀ। ਬਠਿੰਡਾ ਥਰਮਲ ਪਲਾਂਟ ਬੰਦ ਕਰਨ ਸਬੰਧੀ ਸਵਾਲ ‘ਤੇ ਕੈਪਟਨ ਨੇ ਜਵਾਬ ਦਿੱਤਾ ਕਿ ਸਸਤੀ ਬਿਜਲੀ ਮਿਲ ਰਹੀ ਹੈ ਤਾਂ ਮਹਿੰਗੀ ਕਿਉਂ ਬਣਾਈਏ। ਨੈਸ਼ਨਲ ਗਰਿੱਡ ਤੋਂ ਸਸਤੀ ਬਿਜਲੀ ਮਿਲ ਰਹੀ ਹੈ।

Post Author: admin

Leave a Reply

Your email address will not be published. Required fields are marked *