ਮਿੰਨੀ ਕਹਾਣੀ/ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ / ਮਹਿੰਦਰ ਸਿੰਘ ਮਾਨ


ਰਮਾ ਦੇ ਪਤੀ ਮਨਜੀਤ ਨੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਪੈਨਸ਼ਨਰੀ ਲਾਭਾਂ ਦੇ ਅੱਧੇ ਪੈਸਿਆਂ ਨਾਲ ਮਾਹਿਲ ਪੁਰ ਵਿੱਚ ਇੱਕ 20 ਮਰਲੇ ਦਾ ਪਲਾਟ ਖਰੀਦ ਲਿਆ ਸੀ।ਹੁਣ ਉਹ ਇਸ ਵਿੱਚ ਕੋਠੀ ਬਣਵਾਉਣਾ ਚਾਹੁੰਦੇ ਸਨ।ਰਮਾ ਦੇ ਮਾਸੜ ਨੇ ਲੌਕ ਡਾਊਨ ਲੱਗਣ ਤੋਂ ਪਹਿਲਾਂ ਆਪਣੀ ਕੋਠੀ ਠੇਕੇ ਤੇ ਬਣਵਾਈ ਸੀ।ਹੁਣ ਸਰਕਾਰ ਨੇ ਲੌਕ ਡਾਊਨ ਵਿੱਚ ਕਾਫੀ ਢਿੱਲ ਦੇ ਦਿੱਤੀ ਸੀ।ਪਲਾਟ ਵਿੱਚ ਕੋਠੀ ਬਣਵਾਈ ਜਾ ਸਕਦੀ ਸੀ।ਠੇਕੇ ਤੇ ਕੋਠੀ ਬਣਵਾਉੇਣ ਦੇ ਰਾਜ ਮਿਸਤਰੀਆਂ ਦੇ ਵੱਖਰੇ ਵੱਖਰੇ ਰੇਟ ਹਨ। ਕੋਈ 150 ਰੁਪਏ ਫੁੱਟ ਮੰਗਦਾ ਹੈ, ਕੋਈ 160 ਰੁਪਏ ਫੁੱਟ।ਰਮਾ ਦੇ ਮਾਸੜ ਨੇ ਪਹਿਲਾਂ ਫੌਜ ਵਿੱਚ ਨੌਕਰੀ ਕੀਤੀ ਸੀ।ਫੌਜ ਵਿੱਚੋਂ ਰਿਟਾਇਰ ਹੋਣ ਪਿੱਛੋਂ ਉਸ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਨੌਕਰੀ ਕੀਤੀ ਸੀ।ਉਹ ਬਹੁਤ ਚੁਸਤ ਤੇ ਚੰਗਾ ਗੱਲਕਾਰ ਸੀ।ਉਹ ਮਾੜੇ ਧੀੜੇ ਬੰਦੇ ਨੂੰ ਤਾਂ ਆਪਣੇ ਮੂਹਰੇ ਗੱਲ ਹੀ ਨਹੀਂ ਕਰਨ ਦਿੰਦਾ ਸੀ।ਰਮਾ ਨੇ ਆਪਣੇ ਮਾਸੜ ਨੂੰ ਫੋਨ ਕਰਕੇ ਆਖਿਆ, “ਮਾਸੜ ਜੀ, ਤੁਸੀਂ ਕੋਠੀ ਕਿਸ ਰੇਟ ਤੇ ਬਣਵਾਈ ਸੀ। ਅਸੀਂ ਜਿਹੜਾ ਪਲਾਟ ਮਾਹਿਲ ਪੁਰ ਲਿਆ ਸੀ, ਉੱਥੇ ਕੋਠੀ ਬਣਵਾਉਣਾ ਚਾਹੁੰਦੇ ਆਂ।”
“ਪੁੱਤ, ਅਸੀਂ 145 ਰੁਪਏ ਫੁੱਟ ਦੇ ਹਿਸਾਬ ਨਾਲ ਕੋਠੀ ਬਣਵਾਈ ਸੀ। ਰਾਜ ਮਿਸਤਰੀ ਸਾਡੇ ਪਿੰਡ ਦਾ ਹੀ ਸੀ।ਮੇਰੀ ਸਲਾਹ ਆ ਕਿ ਤੁਸੀਂ ਕੋਠੀ ਅਜੇ ਨਾ ਬਣਵਾਇਉ। ਜੇ ਕੋਠੀ ਦਾ ਕੰਮ ਸ਼ੁਰੂ ਹੋ ਗਿਆ,ਮਨਜੀਤ ਨੂੰ ਇੱਟਾਂ, ਸਰੀਆ, ਸੀਮਿੰਟ ਤੇ ਹੋਰ ਛੋਟਾ,ਮੋਟਾ ਸਾਮਾਨ ਲੈਣ ਲਈ ਬਾਜ਼ਾਰ ਜਾਣਾ ਪੈਣਾ ਆਂ। ਕੋਰੋਨਾ ਦੀ ਬੀਮਾਰੀ ਅਜੇ ਹੋਰ ਵਧਣੀ ਆਂ।ਤੂੰ ਮਨਜੀਤ ਦਾ ਪੂਰਾ ਖ਼ਿਆਲ ਰੱਖੀਂ।ਉਸ ਨੂੰ ਘਰੋਂ ਬਾਹਰ ਨਾ ਜਾਣ ਦਈਂ। ਉਹ ਤਾਂ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਆ। ਜੇ ਉਸ ਨੂੰ ਕੁਝ ਹੋ ਗਿਆ, ਤੇਰੇ ਘਰ ‘ਚ ਭੰਗ ਭੁੱਜਣ ਲੱਗ ਪੈਣੀ ਆਂ।ਨਾਲੇ ਤੈਨੂੰ ਪਤਾ ਹੀ ਆ,ਆਦਮੀ ਬਗੈਰ ਜ਼ਨਾਨੀ ਦਾ ਕੱਲਾ ਰਹਿਣਾ ਬਹੁਤ ਔਖਾ ਹੁੰਦਾ ਆ।”
“ਮਾਸੜ ਜੀ, ਮੈਂ ਤੁਹਾਨੂੰ ਪੂਰਾ ਯਕੀਨ ਦੁਆਂਦੀ ਆਂ ਕਿ ਮੈਂ ਮਨਜੀਤ ਦਾ ਪੂਰਾ ਖ਼ਿਆਲ ਰੱਖਾਂਗੀ।ਨੇਕ ਸਲਾਹ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।” ਰਮਾ ਨੇ ਆਖਿਆ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

Post Author: admin

Leave a Reply

Your email address will not be published. Required fields are marked *