17 ਜੂਨ ਵਿਸ਼ਵ ਭਰ ‘ਚ ਮਾਰੂਥਲ ਅਤੇ ਸੋਕਾ ਰੋਕਥਾਮ ਦਿਹਾੜੇ ਵਜੋਂ ਮਨਾਇਆ ਜਾ ਰਿਹਾ ਹੈ। ਇਹ ਸਮੇਂ ਦੀ ਲੋੜ ਹੈ। ਜਿਵੇਂ-ਜਿਵੇਂ ਵਿਸ਼ਵ ਦੀ ਜਨ ਸੰਖਿਆ ਅਤੇ ਸ਼ਹਿਰੀਕਰਨ ਵਧਦਾ ਜਾ ਰਿਹਾ ਹੈ, ਤਿਵੇਂ-ਤਿਵੇਂ ਮਨੁੱਖ ਲਈ ਭੋਜਨ, ਪਸ਼ੂਆਂ ਲਈ ਚਾਰਾ ਅਤੇ ਕੱਪੜਿਆਂ ਲਈ ਰੇਸ਼ਾ ਜਾਂ ਫਾਈਬਰ ਦੀ ਲੋੜ ਵੀ ਵਧਦੀ ਜਾ ਰਹੀ ਹੈ, ਜਿਸ ਦੀ ਪੂਰਤੀ ਲਈ ਜ਼ਮੀਨ ਦੀ ਲੋੜ ਹੈ। ਪੂਰੀ ਦੁਨੀਆ ਲਈ ਦੋ ਅਰਬ ਹੈਕਟੇਅਰ ਤੋਂ ਜਿਆਦਾ ਉਪਜਾਊ ਜ਼ਮੀਨ, ਸੋਕੇ ਦੀ ਮਾਰ ਹੇਠ ਆਕੇ ਮਾਰੂਥਲ ਬਣ ਚੁੱਕੀ ਹੈ। ਸਾਲ 2030 ਤੱਕ ਸਾਰਿਆਂ ਲਈ ਭੋਜਨ ਅਤੇ ਹੋਰ ਲੋੜਾਂ ਦੀ ਪੂਰਤੀ ਲਈ ਵਾਧੂ 300 ਅਰਬ ਹੈਕਟੇਅਰ ਜ਼ਮੀਨ ਦੀ ਲੋੜ ਪਵੇਗੀ।
ਭਾਰਤ ਵਿੱਚ ਵੀ ਮਾਰੂਥਲ ਦੀ ਸਮੱਸਿਆ ਵਧਦੀ ਜਾ ਰਹੀ ਹੈ। ਰਾਜਸਥਾਨ, ਗੁਜਰਾਤ, ਮਹਾਂਰਾਸ਼ਟਰ, ਕਰਨਾਟਕ, ਝਾਰਖੰਡ, ਉੜੀਸਾ, ਮੱਧ ਪ੍ਰਦੇਸ਼ ਅਤੇ ਤਿਲੰਗਾਨਾ ਇਸ ਦੀ ਲਪੇਟ ਵਿੱਚ ਆ ਚੁੱਕੇ ਹਨ। ਮਾਰੂਥਲ ਦਾ ਮੁੱਖ ਕਾਰਨ ਮੀਂਹ ਦੀ ਕਮੀ ਅਤੇ ਗਰਮ ਹਵਾਵਾਂ ਦਾ ਵੱਗਣਾ ਹੈ। ਦਰਖਤਾਂ ਦੀ ਅੰਨੇਵਾਹ ਕਟਾਈ ਵੀ ਇਸਦਾ ਮੁੱਖ ਕਾਰਨ ਹੈ। ਇਸ ਨਾਲ ਜੰਗਲਾਤ ਸੁੰਗੜ ਰਹੇ ਹਨ। ਮਾਰੂਥਲ ਦਾ ਵਾਧਾ ਮਨੁੱਖ ਲਈ ਫੇਫੜਿਆਂ ਦੀਆਂ ਬੀਮਾਰੀਆਂ ‘ਚ ਵਾਧੇ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸਦਾ ਪ੍ਰਭਾਵ ਆਰਥਿਕ ਸਮਾਜਿਕ ਵਿਵਸਥਾ ਨੂੰ ਬਦਲ ਕੇ ਲੋਕਾਂ ਦੀ ਰੋਟੀ-ਰੋਜ਼ੀ ਲਈ ਵੀ ਸੰਕਟ ਖੜੇ ਕਰ ਰਿਹਾ ਹੈ।
ਮਾਰੂਥਲ ਜਿਹੀ ਸਮੱਸਿਆ ਨੂੰ ਸਾਂਭਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਪਾਣੀ ਦਾ ਠੀਕ ਪ੍ਰਬੰਧਨ ਦਰਖ਼ਤਾਂ ਦੀ ਕਟਾਈ ਰੋਕਣਾ, ਖਾਣ ਵਾਲੀਆਂ ਵਸਤਾਂ ਅਤੇ ਕੱਪੜਿਆਂ ਦੀ ਲੋੜੋਂ ਵੱਧ ਵਰਤੋਂ ਰੋਕਣਾ, ਕੁਝ ਇਹੋ ਜਿਹੇ ਉਪਾਅ ਹਨ, ਜਿਹਨਾ ਨਾਲ ਵੱਧ ਰਹੇ ਮਾਰੂਥਲ ਉਤੇ ਕਾਬੂ ਪਾਇਆ ਜਾ ਸਕਦਾ ਹੈ।