ਮਾਤ ਭਾਸ਼ਾ ਖੋਲ੍ਹਦੀ ਹੈ ਸਿੱਖਿਆ, ਗਿਆਨ ਅਤੇ ਅੰਗਰੇਜ਼ੀ ਸਿੱਖਣ ਦੇ ਦਰਵਾਜ਼ੇ/ ਜੋਗਾ ਸਿੰਘ (ਡਾ.)

ਭਾਸ਼ਾ ਨੀਤੀ ਬਾਰੇ ਅੰਤਰਰਾਸ਼ਟਰੀ ਖੋਜ

ਜੋਗਾ ਸਿੰਘ (ਡਾ.); +919915709582; jogasinghvirk@yahoo.co.in

I. ਭੂਮਿਕਾ

ਭਾਰਤ ਵਿੱਚ ਭਾਰਤੀ ਭਾਸ਼ਾਵਾਂ ਦੀ ਹਾਲਤ ਬੜੀ ਦਰਦਨਾਕ ਬਣੀ ਹੋਈ ਹੈ ਅਤੇ ਦਿਨ-ਬ-ਦਿਨ ਭਾਰਤੀ ਭਾਸ਼ਾਵਾਂ ਨੂੰ ਹੋਰ ਵੀ ਖੋਰਾ ਲੱਗੀ ਜਾ ਰਿਹਾ ਹੈ। ਭਾਸ਼ਾ ਦੇ ਸਵਾਲ ਨਾਲ ਸਿੱਖਿਆ, ਗਿਆਨ, ਵਿਗਿਆਨ, ਸਭਿਆਚਾਰ, ਵਿਰਸਾ, ਅਤੇ ਵਿਦੇਸ਼ੀ ਭਾਸ਼ਾ ਸਿੱਖਣ ਜਿਹੇ ਸਵਾਲ ਬੜੀ ਡੂੰਘੀ ਤਰ੍ਹਾਂ ਜੁੜੇ ਹੋਏ ਹਨ। ਪਰ ਭਾਰਤੀ ਨੀਤੀਕਾਰਾ ਤੇ ਭਾਰੂ ਵਰਗ ਭਾਸ਼ਾ ਨਾਲ ਜੁੜੇ ਸਵਾਲਾਂ ਬਾਰੇ ਜਾਣਕਾਰੀ ਤੋਂ ਬਿਲਕੁਲ ਕੋਰੇ ਹਨ। ਨਤੀਜੇ ਵੱਜੋਂ ਭਾਰਤ ਨੂੰ ਸਿੱਖਿਆ, ਗਿਆਨ, ਵਿਗਿਆਨ, ਅੰਤਰਰਾਸ਼ਟਰੀ ਕਾਰੋਬਾਰ, ਸਭਿਆਚਾਰ, ਵਿਰਸਾ, ਅਤੇ ਵਿਦੇਸ਼ੀ ਭਾਸ਼ਾ ਸਿੱਖਣ ਦੇ ਖੇਤਰਾਂ ਵਿੱਚ ਨਾ ਭਰੇ ਜਾ ਸੱਕਣ ਵਾਲੇ ਘਾਟੇ ਪਏ ਰਹੇ ਹਨ। ਇਹਨਾਂ ਤੋਂ ਭਾਰਤੀਆਂ ਨੂੰ ਸੁਚੇਤ ਕਰਨ ਲਈ ਇਹ ਦਸਤਾਵੇਜ ਲਿਖਿਆ ਗਿਆ ਹੈ।

ਉਂਜ ਤਾਂ ਅਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਵੀ ਭਾਰਤੀ ਭਾਸ਼ਾਵਾਂ ਨੂੰ ਉਹ ਥਾਂ ਨਹੀਂ ਮਿਲੀ ਜੋ ਹਰ ਕਾਰਣ ਨਾਲ ਉਹਨਾਂ ਨੂੰ ਮਿਲਣੀ ਚਾਹੀਦੀ ਸੀ, ਪਰ ਪਿਛਲੇ ਕੋਈ ਤੀਹ ਸਾਲਾਂ ਤੋਂ ਭਾਰਤੀ ਭਾਸ਼ਾਵਾਂ ਦੀ ਦੁਰਗਤੀ ਦੀ ਗਤੀ ਹੋਰ ਵੀ ਤਿੱਖੀ ਹੋ ਗਈ ਹੈ ਤੇ ਅੰਗਰੇਜ਼ੀ ਭਾਸ਼ਾ ਭਾਰਤੀ ਭਾਸ਼ਾਵਾਂ ਨੂੰ ਬਾਹਰ ਕੱਢੀ ਜਾ ਰਹੀ ਹੈ, ਖਾਸ ਤੌਰ ‘ਤੇ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ। ਇਹਦਾ ਮੂਲ ਕਾਰਣ ਤਾਂ ਉਪਰਲੇ ਵਰਗ ਦੇ ਸਵਾਰਥ ਹਨ ਪਰ ਇਸ ਨੀਤੀ ਦੇ ਪੱਖ ਵਿੱਚ ਜੋ ਦਲੀਲਾਂ ਦਿੱਤੀਆਂ ਜਾਂਦੀਆਂ ਹਨ ਉਹ ਹੇਠ ਤਰ੍ਹਾਂ ਦੀਆਂ ਹਨ:

  1. ਅੰਗਰੇਜ਼ੀ ਗਿਆਨ-ਵਿਗਿਆਨ ਦੀ ਭਾਸ਼ਾ ਹੈ ਅਤੇ ਗਿਆਨ-ਵਿਗਿਆਨ ਵਿੱਚ ਤਰੱਕੀ ਲਈ ਅੰਗਰੇਜ਼ੀ ਦੀ ਮੁਹਾਰਤ ਹੋਣੀ ਜ਼ਰੂਰੀ ਹੈ;
  2. ਅੰਗਰੇਜ਼ੀ ਭਾਸ਼ਾ ਇੱਕੋ-ਇੱਕ ਅੰਤਰਰਾਸ਼ਟਰੀ ਭਾਸ਼ਾ ਹੈ ਅਤੇ ਇਹਦੇ ਬਿਨਾਂ ਅੰਤਰਰਾਸ਼ਟਰੀ ਕਾਰ-ਵਿਹਾਰ ਸੰਭਵ ਨਹੀਂ ਹੈ;
  3. ਭਾਰਤੀ ਭਾਸ਼ਾਵਾਂ ਵਿੱਚ ਉੱਚ ਪੱਧਰ ਦੇ ਗਿਆਨ-ਵਿਗਿਆਨ ਦੀ ਸਿੱਖਿਆ ਦਾ ਮਾਧਿਅਮ ਬਣਨ ਦੀ ਸਮਰੱਥਾ ਨਹੀਂ ਹੈ।

ਉਪਰਲੀ ਤਰ੍ਹਾਂ ਦੀਆਂ ਦਲੀਲਾਂ ਭਾਸ਼ਾ, ਗਿਆਨ, ਵਿਗਿਆਨ, ਸਿੱਖਿਆ, ਅਤੇ ਅੰਤਰਰਾਸ਼ਟਰੀ ਭਾਸ਼ਾਈ ਸਥਿਤੀ ਬਾਰੇ ਸੌ ਫੀਸਦੀ ਅਗਿਆਨਤਾ ਦਾ ਸਬੂਤ ਹਨ। ਇਸ ਲੇਖ ਦਾ ਉਦੇਸ਼ ਇਸ ਅਗਿਆਨਤਾ ਨੂੰ ਬੇਨਕਾਬ ਕਰਨਾ ਹੈ।

II. ਸਿੱਖਿਆ ਅਤੇ ਮਾਤ ਭਾਸ਼ਾ

ਸਭ ਤੋਂ ਪਹਿਲਾਂ ਅੱਜ ਦੇ ਸਮੇਂ ਦੇ ਸਭ ਤੋਂ ਮਹੱਤਵਪੂਰਨ ਖੇਤਰ ਗਿਆਨ-ਵਿਗਿਆਨ ਨਾਲ ਭਾਸ਼ਾ ਦੇ ਸਬੰਧਾਂ ਬਾਰੇ ਅੰਤਰਰਾਸ਼ਟਰੀ ਗਿਆਨ ਅਤੇ ਤਜ਼ਰਬੇ ‘ਤੇ ਨਜ਼ਰ ਮਾਰਨਾ ਠੀਕ ਹੋਵੇਗਾ। ਹੇਠਲੀ ਟੂਕ ਸੰਜੁਗਤ ਰਾਸ਼ਟਰ ਸੰਘ ਦੀ ਸਿੱਖਿਆ, ਵਿਗਿਆਨ ਅਤੇ ਸਭਿਆਚਾਰ ਬਾਰੇ ਸੰਸਥਾ (ਯੂਨੈਸਕੋ) ਵੱਲੋਂ ਛਾਪੀ ਪੁਸਤਕ ‘ਸਿੱਖਿਆ ਵਿੱਚ ਸਥਾਨਕ ਭਾਸ਼ਾਵਾਂ ਦੀ ਵਰਤੋਂ’ ਵਿਚੋਂ ਲਈ ਗਈ ਹੈ, ਜੋ ਇਹਨਾਂ ਮੁੱਦਿਆਂ ‘ਤੇ ਅੰਤਰਰਾਸ਼ਟਰੀ ਸਮਝ ਅਤੇ ਖੋਜ ਦਾ ਨਿਚੋੜ ਪੇਸ਼ ਕਰਦੀ ਹੈ:

     ”ਇਹ ਆਪੂੰ-ਸਿੱਧ ਹੈ ਕਿ ਬੱਚੇ ਲਈ ਸਿੱਖਿਆ ਦਾ ਸਭ ਤੋਂ ਵਧੀਆ ਮਾਧਿਅਮ ਉਸ ਦੀ ਮਾਤ ਭਾਸ਼ਾ ਹੈ। ਮਨੋਵਿਗਿਆਨਕ ਤੌਰ ‘ਤੇ ਇਹ ਸਾਰਥਕੀ ਚਿੰਨ੍ਹਾਂ ਦੀ ਅਜਿਹੀ ਪ੍ਰਣਾਲੀ ਹੁੰਦੀ ਹੈ ਜੋ ਪ੍ਰਗਟਾਅ ਅਤੇ ਸਮਝ ਲਈ ਉਸਦੇ ਦਿਮਾਗ ਵਿੱਚ ਆਪੂੰ-ਚਾਲੀ ਰੂਪ ਵਿੱਚ ਕੰਮ ਕਰਦੀ ਹੈ, ਸਮਾਜੀ ਤੌਰ ‘ਤੇ ਜਿਸ ਜਨ-ਸਮੂਹ ਦੇ ਮੈਂਬਰਾਂ ਨਾਲ ਉਸ ਦਾ ਸਬੰਧ ਹੁੰਦਾ ਹੈ, ਉਸ ਨਾਲ ਇੱਕਮਿਕ ਹੋਣ ਦਾ ਸਾਧਨ ਹੈ, ਸਿੱਖਿਆਵੀ ਤੌਰ ‘ਤੇ ਉਹ ਮਾਤ ਭਾਸ਼ਾ ਰਾਹੀਂ ਇੱਕ ਅਣਜਾਣੇ ਭਾਸ਼ਾਈ ਮਾਧਿਅਮ ਨਾਲੋਂ ਤੇਜ਼ੀ ਨਾਲ ਸਿੱਖਦਾ ਹੈ।”@ (Unesco, 1953:11).

ਯੂਨੈਸਕੋ ਦੀ ਇਹ ਰਾਇ ਬੜੇ ਲੰਮੇ ਚੌੜੇ ਅਧਿਐਨਾਂ ਦਾ ਨਤੀਜਾ ਸੀ। ਇਸੇ ਤਰ੍ਹਾਂ ਯੂਨੈਸਕੋ ਨੇ 1968 ਵਿੱਚ ਫਿਰ ਦੁਹਰਾਇਆ,  

”ਮਾਤ ਭਾਸ਼ਾਦੀ ਸਿੱਖਿਆ ਲਈ ਵਰਤੋਂ ਜਿੰਨੀ ਦੂਰ ਤੱਕ ਸੰਭਵ ਹੋ ਸਕੇ ਓਨੀ ਦੂਰ ਤੱਕ ਕੀਤੀ ਜਾਵੇ।”@ (Unesco, 1968:691).

ਯੂਨੈਸਕੋ ਦੀ 2004 ਦੀ ਵਿਕਾਸ ਰਿਪੋਰਟ ਵਿੱਚ ਇਹ ਦਰਜ ਹੈ:

 ”ਫਿਲੀਪੀਨ ਵਿੱਚ ਦੋ-ਭਾਸ਼ਾਈ ਸਿੱਖਿਆ ਨੀਤੀ ਦੀਆਂ ਦੋ ਭਾਸ਼ਾਵਾਂ (ਟਾਗਾਲੋਗ ਅਤੇ ਅੰਗਰੇਜ਼ੀ) ਵਿੱਚ ਮੁਹਾਰਤ ਰੱਖਣ ਵਾਲੇ ਵਿਦਿਆਰਥੀ ਉਹਨਾਂ ਵਿਦਿਆਰਥੀਆਂ ਨੂੰ ਪਿੱਛੇ ਛੱਡ ਜਾਂਦੇ ਸਨ ਜੋ ਘਰ ਵਿੱਚ ਟਾਗਾਲੋਗ ਨਹੀਂ ਸਨ ਬੋਲਦੇ॥” @ (UNDP Report 2004:61)

ਹੇਠਲੀ ਟੂਕ ਤਾਂ ਪ੍ਰਧਾਨ ਰੂਪ ਵਿੱਚ ਅੰਗਰੇਜ਼ੀ ਭਾਸ਼ੀ ਦੇਸ਼ ਅਮਰੀਕਾ ਦੇ ਬਾਰੇ ਹੈ:

”ਅਮਰੀਕਾ ਵਿੱਚ ਜਿਨ੍ਹਾਂ ਨਵਾਯੋ ਬੱਚਿਆਂ ਨੂੰ ਪ੍ਰਾਇਮਰੀ ਪੱਧਰ ‘ਤੇ ਪਹਿਲੀ ਭਾਸ਼ਾ (ਨਵਾਯੋ) ਅਤੇ ਦੂਜੀ ਭਾਸ਼ਾ (ਅੰਗਰੇਜ਼ੀ) ਦੋਹਾਂ ਵਿੱਚ ਪੜ੍ਹਾਇਆ ਗਿਆ ਉਹਨਾਂ ਬੱਚਿਆਂ ਨੇ ਨਵਾਯੋ ਭਾਸ਼ੀ ਉਹਨਾਂ ਬੱਚਿਆਂ ਨੂੰ ਪਿੱਛੇ ਛੱਡ ਦਿੱਤਾ ਜਿਨ੍ਹਾਂ ਨੂੰ ਕੇਵਲ ਅੰਗਰੇਜ਼ੀ ਵਿੱਚ ਪੜ੍ਹਾਇਆ ਗਿਆ।” @ (UNDP Report 2004:61)

ਭਾਰਤੀ ਅੰਗਰੇਜ਼ੀ-ਨਸ਼ੇੜੀਆਂ ਨੂੰ ਬੇਨਤੀ ਹੈ ਕਿ ਉਹ ਇਹ ਜਾਣਨ ਦੀ ਖੇਚਲ ਕਰਨ ਕਿ ਅਮਰੀਕਾ, ਕਨੇਡਾ, ਨਿਊਜ਼ੀਲੈਂਡ ਅਤੇ ਆਸਟਰੇਲੀਆ ਜਿਹੇ ਮੁੱਖ ਤੌਰ ‘ਤੇ ਅੰਗਰੇਜ਼ੀ ਭਾਸ਼ੀ ਦੇਸ਼ਾਂ ਵਿੱਚ ਵੀ ਕਿੰਨੀ ਵੱਡੀ ਗਿਣਤੀ ਵਿੱਚ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਨਹੀਂ ਹੈ।

ਹੇਠਾਂ ਦਿੱਤੀਆਂ ਜਾ ਰਹੀਆਂ ਟੂਕਾਂ ਇਸ ਮਾਮਲੇ ‘ਤੇ ਦੁਨੀਆਂ ਭਰ ਵਿੱਚ ਵੱਖ-ਵੱਖ ਥਾਵਾਂ ਤੇ ਹੋਏ ਅਧਿਐਨਾਂ ਵਿਚੋਂ ਹਨ:

 ”ਇੰਜ ਮੋਦਿਆਨੇ (1968, 1973) ਦੀ ਮੈਕਸੀਕੋ ਵਿੱਚਲੀ ਖੋਜ, ਸਕੁਨਤਨਾਬ-ਕਾਂਗਸ ਦੀ ਫਿਨਲੈਂਡ ਵਿੱਚਲੀ ਖੋਜ ਅਤੇ ਉਹਨਾਂ ਲਾਤੀਨੀ ਅਮਰੀਕੀ ਅਧਿਐਨਾਂ ਦੇ ਨਤੀਜੇ ਜਿਨ੍ਹਾਂ ਦਾ ਸਾਰ ਗੁਦਸ਼ਿੰਸਕੀ (1975) ਵਿੱਚ ਦਿੱਤਾ ਗਿਆ ਹੈ, ਮੈਨੂੰ ਇੱਕਸਾਰ ਲੱਗਦੇ ਹਨ। ਇਹਨਾਂ ਅਧਿਐਨਾਂ ਵਿੱਚ ਵਿਖਾਇਆ ਗਿਆ ਹੈ ਕਿ ਉਹਨਾਂ ਬੱਚਿਆਂ ਦਾ ਵੱਡਾ ਅਨੁਪਾਤ ਜੋ ਪਹਿਲਾਂ ਆਪਣੀ ਪੜ੍ਹਾਈ ਸਥਾਨਕ ਭਾਸ਼ਾ ਵਿੱਚ ਆਰੰਭ ਕਰਦਾ ਹੈ, ਆਪਣੀ ਮਾਤ ਭਾਸ਼ਾ ਵਿੱਚ ਸਾਖਰਤਾ ਦਾ ਵਿਕਾਸ ਕਰ ਲੈਂਦਾ ਹੈ ਅਤੇ ਵਿਸ਼ੇ ਅਤੇ ਦੂਜੀ ਭਾਸ਼ਾ ‘ਤੇ ਉਹਨਾਂ ਬੱਚਿਆਂ ਨਾਲੋਂ ਬਿਹਤਰ ਮੁਹਾਰਤ ਹਾਸਲ ਕਰ ਲੈਂਦਾ ਹੈ ਜਿਨ੍ਹਾਂ ਨੂੰ ਕੇਵਲ ਦੂਜੀ ਭਾਸ਼ਾ ਵਿੱਚ ਪੜ੍ਹਾਇਆ ਜਾਂਦਾ ਹੈ।” @ (Tucker, 1977:3).

ਹੇਠਲੀ ਟੂਕ ਫਿਨਲੈਂਡ ਤੋਂ ਸਵੀਡਨ ਵਿੱਚ ਪਰਵਾਸ ਕਰਨ ਵਾਲੇ ਬੱਚਿਆਂ ਤੇ ਹੋਏ ਅਧਿਐਨ ਵਿਚੋਂ ਹੈ:

 ”ਨਿਰੀਖਣ ਦੇ ਨਤੀਜਿਆ ਤੋਂ ਜਾਣੀ ਜਾਂਦੀ ਫਿਨੀਸ਼ੀ ਭਾਸ਼ਾ ਦੀ ਮੁਹਾਰਤ ਦਾ ਗਣਿਤ ਵਿੱਚ ਪ੍ਰਾਪਤ ਅੰਕਾਂ ਨਾਲ ਕਾਫੀ ਨੇੜਲਾ ਸਬੰਧ ਹੈ। ਸਵੀਡੀ ਨਾਲੋਂ ਫਿਨੀਸ਼ੀ ਗਣਿਤ ਵਿੱਚ ਪ੍ਰਾਪਤੀ ਲਈ ਵਧੇਰੇ ਮਹੱਤਵਪੂਰਨ ਲਗਦੀ ਹੈ, ਭਾਵੇਂ ਕਿ ਗਣਿਤ ਸਵੀਡੀ ਵਿੱਚ ਪੜ੍ਹਾਇਆ ਜਾਂਦਾ ਹੈ। ਨਤੀਜੇ ਇਸ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹਨ ਕਿ ਗਣਿਤ ਵਿੱਚਲੀਆਂ ਸੰਕਲਪੀ ਪਰਕਿਰਿਆਵਾਂ ਲਈ ਮਾਤ ਭਾਸ਼ਾ ਦਾ ਅਮੂਰਤੀਕਰਨ ਪੱਧਰ ਮਹੱਤਵਪੂਰਨ ਹੈ। ਜੀਵ ਵਿਗਿਆਨ, ਰਸਾਇਣ ਵਿਗਿਆਨ ਅਤੇ ਭੌਤਿਕ ਵਿਗਿਆਨ ਵਿੱਚ ਵੀ ਸੰਕਲਪਾਵੀ ਸੋਚ ਦੀ ਲੋੜ ਹੁੰਦੀ ਹੈ ਅਤੇ ਇਹਨਾਂ ਵਿਸ਼ਿਆਂ ਵਿੱਚ ਆਪਣੀ ਮਾਤ ਭਾਸ਼ਾ’ਤੇ ਚੰਗੀ ਮੁਹਾਰਤ ਵਾਲੇ ਪਰਵਾਸੀ ਬੱਚੇ ਉਹਨਾਂ ਬੱਚਿਆਂ ਨਾਲੋਂ ਕਿਧਰੇ ਬਿਹਤਰ ਸਫਲਤਾ ਹਾਸਲ ਕਰਦੇ ਹਨ ਜਿਨ੍ਹਾਂ ਦੀ ਮਾਤ ਭਾਸ਼ਾ ‘ਤੇ ਮੁਹਾਰਤ ਮਾੜੀ ਸੀ। @ (Skutnabb-Kangas and Toukomaa, 1976).” (quoted in Paulston, 1977:94)

ਅਮਰੀਕਾ ਬਾਰੇ ਇੱਕ ਹੋਰ ਕਥਨ ਵੇਖੋ:

          ”ਇਵੇਂ ਹੀ ਅਮਰੀਕਾ ਵਿੱਚ ਵੀ ਹੌਲੀ-ਹੌਲੀ ਇਹ ਸਮਝ ਪੈਦਾ ਹੋ ਗਈ ਹੈ ਕਿ ਗੈਰ-ਅੰਗਰੇਜ਼ੀ ਭਾਸ਼ਾਈ ਨਾਗਰਿਕਾਂ ਨੂੰ ਅੰਗਰੇਜ਼ੀ ਭਾਸ਼ਾਈ ਸਿੱਖਿਆ ਪ੍ਰਣਾਲੀ ਵਿੱਚ ਪਾਉਣ ਅਤੇ ਉਹਨਾਂ ਦੀ ਮਾਤ ਭਾਸ਼ਾਦੇ ਵਿਕਾਸ ਵੱਲ ਧਿਆਨ ਨਾ ਦੇਣ ਦੇ ਨਤੀਜੇ ਚੰਗੇ ਨਹੀਂ ਨਿਕਲਦੇ।” @ (Tucker, 1977:3).

ਘਾਨਾ ਵਿੱਚ ਹੋਈ ਇੱਕ ਖੋਜ ਬਾਰੇ ”ਬੋਕਾਮਲਾ ਅਤੇ ਤਲੂ (1977:45) ਦੱਸਦੇ ਹਨ ਕਿ ਘਾਨਾ ਵਿੱਚ ਕੇਵਲ 5 ਫੀਸਦੀ ਬੱਚੇ ਸੈਕੰਡਰੀ ਸਕੂਲ ਵਿੱਚ ਅਤੇ ਜ਼ਾਇਰ ਵਿੱਚ ਕੇਵਲ 30 ਫੀਸਦੀ ਬੱਚੇ ਪਹਿਲੀਆਂ ਚਾਰ ਜਮਾਤਾਂ ਪੂਰੀਆਂ ਕਰਦੇ ਹਨ। ਲੇਖਕ ਇਸ ਦਾ ਕਾਰਣ ਸਿੱਖਿਆ ਦੀ ਭਾਸ਼ਾ ‘ਤੇ ਮੁਹਾਰਤ ਨਾ ਕਰ ਪਾਉਣਾ ਦੱਸਦਾ ਹੈ।” @ (Tucker, 1977:3).

”ਇਹ ਧਾਰਣਾ ਵੀ ਗਲਤ ਹੈ ਕਿ ਜੇ ਵਿਦਿਆਰਥੀ ਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਉਹ ਵਿਗਿਆਨ ਅਤੇ ਗਣਿਤ ਦੇ ਵਿਸ਼ੇ ਨਹੀਂ ਸਿੱਖ ਸਕੇਗਾ, ਕਿਉਂਕਿ ਵਿਗਿਆਨ ਦੇ ਸੰਕਲਪ ਕਿਸੇ ਇੱਕ ਭਾਸ਼ਾ ਜਾਂ ਸਭਿਆਚਾਰ ਨਾਲ ਬੱਝੇ ਹੋਏ ਨਹੀਂ ਹਨ। ਰੂਸੀ, ਜਰਮਨ ਅਤੇ ਫਰਾਂਸੀਸੀ ਲੋਕ ਆਪਣੀਆਂ ਉੱਚੀਆਂ ਵਿਗਿਆਨਕ ਖੋਜਾਂ ‘ਤੇ ਮਾਣ ਕਰਦੇ ਹਨ ਅਤੇ ਉਹਨਾਂ ਨੇ ਇਹ ਖੋਜਾਂ ਅੰਗਰੇਜ਼ੀ ਭਾਸ਼ਾ ਤੋਂ ਬਗੈਰ ਕੀਤੀਆਂ ਹਨ। 2003 ਵਿੱਚ ਗਣਿਤ ਅਤੇ ਵਿਗਿਆਨਕ ਅਧਿਐਨਾਂ ਦੇ ਰੁਝਾਨਾਂ ਵਿੱਚ ਚੋਟੀ ‘ਤੇ ਰਹਿਣ ਵਾਲੇ ਪੰਜ ਦੇਸ (ਸਿੰਗਾਪੁਰ, ਕੋਰੀਆ ਗਣਤੰਤਰ, ਹਾਂਗਕਾਂਗ, ਚੀਨੀ ਤਾਈਪੇਈ ਅਤੇ ਜਪਾਨ) ਉਹ ਸਨ ਜਿੱਥੇ ਅੰਗਰੇਜ਼ੀ ਪਹਿਲੀ ਭਾਸ਼ਾ ਨਹੀਂ ਹੈ।” (Ricardo Nolasco, 2009).

2012 ਵਿੱਚ ਵਿਗਿਆਨ ਦੀ ਸਕੂਲ ਪੱਧਰ ਦੀ ਸਿੱਖਿਆ ਵਿੱਚ ਪਹਿਲੇ 50 ਥਾਂ ਹਾਸਲ ਕਰਨ ਵਾਲੇ ਦੇਸਾਂ ਵਿੱਚੋਂ ਅੰਗਰੇਜ਼ੀ ਵਿੱਚ ਪੜ੍ਹਾਉਣ ਵਾਲਿਆਂ ਦੇਸਾਂ ਦੇ ਥਾਂ ਤੀਜਾ (ਸਿੰਗਾਪੁਰ), ਦਸਵਾਂ (ਕਨੇਡਾ), ਚੌਹਦਵਾਂ (ਆਇਰਲੈਂਡ), ਸੋਹਲਵਾਂ (ਅਸਟਰੇਲੀਆ), ਅਠ੍ਹਾਰਵਾਂ (ਨਿਊਜ਼ੀਲੈਂਡ) ਅਤੇ ਅਠਾਈਵਾਂ (ਅਮਰੀਕਾ) ਸਨ। (ਇਹਨਾਂ ਦੇਸਾਂ ਵਿੱਚ ਵੀ ਸਿੱਖਿਆ ਅੰਗਰੇਜ਼ੀ ਦੇ ਨਾਲ-ਨਾਲ ਦੂਜੀਆਂ ਮਾਤ ਭਾਸ਼ਾਵਾਂ ਵਿੱਚ ਵੀ ਦਿੱਤੀ ਜਾਂਦੀ ਹੈ)। 2003, 2006 ਅਤੇ 2009 ਵਿੱਚ ਵੀ ਇਹੀ ਰੁਝਾਨ ਸਨ। ਏਸ਼ੀਆ ਦੀਆਂ ਪਹਿਲੀਆਂ ਪੰਜਾਹ ਯੂਨੀਵਰਸਿਟੀਆਂ ਵਿੱਚ ਇੱਕਾ-ਦੁੱਕਾ ਯੂਨੀਵਰਸਿਟੀ ਹੀ ਅਜਿਹੀ ਹੈ ਜਿੱਥੇ ਪੜ੍ਹਾਈ ਅੰਗਰੇਜ਼ੀ ਮਾਧਿਅਮ ਵਿੱਚ ਕਰਾਈ ਜਾਂਦੀ ਹੈ ਤੇ ਭਾਰਤ ਦੀ ਇੱਕ ਵੀ ਯੂਨੀਵਰਸਿਟੀ ਇਹਨਾਂ ਪੰਜਾਹਵਾਂ ਵਿੱਚ ਨਹੀਂ ਆਉਂਦੀ।

ਪੁਰਾਤਨ ਭਾਰਤ ਅਤੇ ਅਰਬ ਦੇਸ਼ਾਂ ਦੇ ਗਿਆਨ-ਵਿਗਿਆਨ ਵਿੱਚ ਝੰਡੇ ਝੂਲਦੇ ਸਨ। ਕੁਝ ਖਾਸ ਅਰਥਾਂ ਵਿੱਚ, ਅੰਗਰੇਜ਼ੀ ਉਦੋਂ ਹਾਲੇ ਜੰਮੀ ਵੀ ਨਹੀਂ ਸੀ।

ਇਵੇਂ ਹੀ ਨਾਰਵੇ ਦੀ ਗਲੋਬਲ ਮੋਨੀਟਰਿੰਗ ਰਿਪੋਰਟ (Benson, 2005) ਵਿੱਚ ਬਿਆਨ ਕੀਤਾ ਗਿਆ ਹੈ:

”ਯੋਰੂਬਾ ਮਾਧਿਅਮ ਮੁੱਢਲੀ ਸਿੱਖਿਆ ਪ੍ਰਾਜੈਕਟ (Fofunwa, et. al, 1975, Akinnaso, 1993 ਅਤੇ ਹੋਰ ਹਵਾਲਿਆਂ ਲਈ Adegpiya 2003 ਵੇਖੋ) ਤੋਂ ਪੂਰੀ ਤਰ੍ਹਾਂ ਸਾਬਤ ਹੋ ਗਿਆ ਕਿ ਮਾਤ ਭਾਸ਼ਾ ਮਾਧਿਅਮ ਵਿੱਚ ਪੂਰੇ ਛੇ ਸਾਲਾਂ ਦੀ ਪੜ੍ਹਾਈ ਅਤੇ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਨੂੰ ਇੱਕ ਵਿਸ਼ੇ ਦੇ ਰੂਪ ਵਿੱਚ ਪੜ੍ਹਾਉਣਾ ਕੇਵਲ ਮੁਮਕਿਨ ਹੀ ਨਹੀਂ ਸੀ ਬਲਕਿ ਇਸ ਨਾਲ ਪੂਰੀ ਪੜ੍ਹਾਈ ਅੰਗਰੇਜ਼ੀ ਮਾਧਿਅਮ ਰਾਹੀਂ ਕਰਾਉਣ ਨਾਲੋਂ ਬਿਹਤਰ ਨਤੀਜੇ ਸਾਹਮਣੇ ਆਏ।”

”ਹੁਣੇ-ਹੁਣੇ ਦੀਆਂ ਖੋਜਾਂ ਵੀ ਇਹ ਸਾਬਤ ਕਰਦੀਆਂ ਹਨ ਅਤੇ ਮਾਤ ਭਾਸ਼ਾ ਅਧਾਰਤ ਦੋ ਭਾਸ਼ਾਈ ਸਿੱਖਿਆ ਦੇ ਹਾਂ-ਪੱਖੀ ਪਹਿਲੂਆਂ ਨੂੰ ਸਾਹਮਣੇ ਲਿਆਉਣ ਵਿੱਚ ਹੋਰ ਵੀ ਅੱਗੇ ਜਾਂਦੀਆਂ ਹਨ।” (Benson, 2004)। (ਮਾਤ ਭਾਸ਼ਾ ਅਧਾਰਤ ਦੋ ਭਾਸ਼ਾਈ ਸਿੱਖਿਆ ਦਾ ਅਰਥ ਹੈ ਕਿ ਮਾਤ ਭਾਸ਼ਾ ਮਾਧਿਅਮ ਵਿੱਚ ਸਿੱਖਿਆ ਹੋਵੇ ਅਤੇ ਵਿਦੇਸ਼ੀ/ਦੂਜੀ ਭਾਸ਼ਾ ਇੱਕ ਵਿਸ਼ੇ ਦੇ ਰੂਪ ਵਿੱਚ ਪੜ੍ਹਾਈ ਜਾਵੇ)।

ਇੰਜ, ਅਸੀਂ ਵੇਖਦੇ ਹਾਂ ਕਿ ਪੂਰੀ ਦੁਨੀਆਂ ਵਿੱਚ ਇਹ ਬਾਰ-ਬਾਰ ਸਾਬਤ ਹੋ ਚੁੱਕਾ ਹੈ ਕਿ ਸਿੱਖਿਆ ਵਿੱਚ ਜਿੰਨੀ ਸਫ਼ਲਤਾ ਮਾਤ ਭਾਸ਼ਾ ਮਾਧਿਅਮ ਨਾਲ ਹਾਸਲ ਹੋ ਸਕਦੀ ਹੈ, ਓਨੀ ਸਫ਼ਲਤਾ ਵਿਦੇਸ਼ੀ ਭਾਸ਼ਾ ਮਾਧਿਅਮ ਰਾਹੀਂ ਨਹੀਂ ਹੋ ਸਕਦੀ। ਇਹ ਕਹਿਣਾ ਗਲਤ ਨਹੀਂ ਹੈ ਕਿ ਸਿੱਖਿਆ ਦੀ ਸਫ਼ਲਤਾ ਸਿਰਫ ਤੇ ਸਿਰਫ ਮਾਤ ਭਾਸ਼ਾ ਮਾਧਿਅਮ ਨਾਲ ਹੀ ਸੰਭਵ ਹੈ। ਹੇਠਲਾ ਕਥਨ ਇਹਦੇ ਕੁਝ ਕਾਰਣਾਂ ਨੂੰ ਸਾਹਮਦੇ ਲਿਆਉਂਦਾ ਹੈ:

”ਬੱਚਾ ਆਪਣੀ ਗੱਲ ਆਪਣੀ ਮਾਤ ਭਾਸ਼ਾ ਵਿੱਚ ਅਸਾਨੀ ਨਾਲ ਕਹਿ ਸਕਦਾ ਹੈ, ਕਿਉਂਕਿ ਇੰਜ ਉਸਨੂੰ ਗਲਤੀਆਂ ਕਰਨ ਦਾ ਡਰ ਨਹੀਂ ਹੁੰਦਾ। ਮਾਤ ਭਾਸ਼ਾ ਅਧਾਰਤ ਸਿੱਖਿਆ ਵਿੱਚ ਵਿਦਿਆਰਥੀ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਕਿਉਂਕਿ ਜੋ ਉਹਨਾਂ ਨੂੰ ਦੱਸਿਆ ਜਾ ਰਿਹਾ ਹੁੰਦਾ ਹੈ ਜਾਂ ਜੋ ਉਹਨਾਂ ਤੋਂ ਪੁੱਛਿਆ ਜਾ ਰਿਹਾ ਹੁੰਦਾ ਹੈ ਉਸਨੂੰ ਉਹ ਸਮਝ ਰਹੇ ਹੁੰਦੇ ਹਨ। ਵਿਚਾਰਾਂ ਦੇ ਸਿਰਜਣ ਅਤੇ ਯਥਾਰਥ ਦੇ ਵੇਰਵੇ ਲਈ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਲਈ, ਅਤੇ ਜੋ ਵਿਚਾਰ ਉਹਨਾਂ ਦੇ ਦਿਮਾਗ ਦਾ ਹਿੱਸਾ ਹਨ ਉਹਨਾਂ ਵਿੱਚ ਨਵੇਂ ਵਿਚਾਰ ਸ਼ਾਮਲ ਕਰਨ ਲਈ ਉਹ ਮਾਤ ਭਾਸ਼ਾ ਦੀ ਤੁਰੰਤ ਵਰਤੋਂ ਕਰ ਸਕਦੇ ਹਨ। ਮਾਤ ਭਾਸ਼ਾ ਅਧਾਰਤ ਸਿੱਖਿਆ ਅਧਿਆਪਕਾਂ ਦਾ ਸ਼ਕਤੀਕਰਣ ਵੀ ਕਰਦੀ ਹੈ, ਖਾਸ ਤੌਰ ‘ਤੇ ਜਦੋਂ ਉਹ ਸਥਾਨਕ ਭਾਸ਼ਾ ਵਿੱਚ ਵਿਦੇਸ਼ੀ/ਦੂਜੀ ਭਾਸ਼ਾ ਨਾਲੋਂ ਵੱਧ ਮੁਹਾਰਤ ਰੱਖਦੇ ਹੋਣ, ਕਿਉਂਕਿ ਇੰਜ ਵਿਦਿਆਰਥੀ ਆਪਣੇ ਆਪ ਨੂੰ ਬਿਹਤਰ ਪਰਗਟ ਕਰ ਸਕਦੇ ਹਨ ਅਤੇ ਅਧਿਆਪਕ ਵਧੇਰੇ ਠੀਕ ਢੰਗ ਨਾਲ ਜਾਣ ਸਕਦੇ ਹਨ ਕਿ ਵਿਦਿਆਰਥੀ ਕੀ ਸਿੱਖ ਚੁੱਕੇ ਹਨ ਅਤੇ ਕਿਹੜੇ ਅਜਿਹੇ ਖੇਤਰ ਹਨ ਜਿੱਥੇ ਵਿਦਿਆਰਥੀਆਂ ਨੂੰ ਵਧੇਰੇ ਸਹਾਇਤਾ ਦੀ ਲੋੜ ਹੈ। ਮਾਤ ਭਾਸ਼ਾ ਅਧਾਰਤ ਸਿੱਖਿਆ ਲੋਕਾਂ ਦੇ ਸਾਂਝੇ ਗਿਆਨ ਨੂੰ ਸਕੂਲ ਪਰਣਾਲੀ ਨਾਲ ਜੋੜਨ ਲਈ ਅਧਾਰ ਤਿਆਰ ਕਰਦੀ ਹੈ। ਮਾਤ ਭਾਸ਼ਾ ਅਧਾਰਤ ਸਿੱਖਿਆ ਵਿੱਚ ਇਹ ਵੀ ਸੰਭਵ ਹੁੰਦਾ ਹੈ ਕਿ ਕੋਈ ਸਮੂਹ ਸਥਾਨਕ ਰਚਨਾਕਾਰਾਂ, ਸਭਿਆਚਾਰਕ ਜਥੇਬੰਦੀਆਂ ਅਤੇ ਦੂਜੇ ਸਬੰਧਤ ਲੋਕਾਂ ਨਾਲ ਮਿਲ ਕੇ ਅਰਥ ਭਰਪੂਰ ਸਿੱਖਿਆ ਸਮੱਗਰੀ ਤਿਆਰ ਕਰ ਸਕਣ। ਮਾਤ ਭਾਸ਼ਾ ਅਧਾਰਤ ਸਿੱਖਿਆ ਮਾਪਿਆਂ ਦਾ ਵੀ ਸ਼ਕਤੀਕਰਣ ਕਰਦੀ ਹੈ ਕਿਉਂਕਿ ਇੰਜ ਉਹ ਆਪਣੇ ਬੱਚੇ ਦੀ ਸਿੱਖਿਆ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਦੇ ਹਨ, ਕਿਉਂਕਿ ਇੰਜ ਸਕੂਲ ਦੀ ਭਾਸ਼ਾ ਅਤੇ ਸਮੂਹ ਦੀ ਭਾਸ਼ਾ ਇੱਕ ਹੀ ਹੁੰਦੀ ਹੈ। (Ricardo and Nolasco, 2009)

ਭਾਸ਼ਾ ਵਿਦਵਾਨਾਂ ਅਤੇ ਸਿੱਖਿਆ ਵਿਦਵਾਨਾਂ ਅਨੁਸਾਰ ਜੇ ਮਾਤ ਭਾਸ਼ਾ ਵਿੱਚ ਸਿੱਖਿਆ ਨਹੀਂ ਹੁੰਦੀ ਤਾਂ ਬੱਚਾ ਆਪਣੇ ਕਈ ਸਾਲ ਭਾਸ਼ਾ ਸਿੱਖਣ ਵਿੱਚ ਹੀ ਬਰਬਾਦ ਕਰ ਲੈਂਦਾ ਹੈ, ਕਿਉਂਕਿ ਇੰਜ ”ਵਿਦਿਆਰਥੀ ਅਤੇ ਅਧਿਆਪਕ ਦਾ ਧਿਆਨ ਭਾਸ਼ਾ ਤੇ ਹੀ ਕੇਂਦਰਤ ਹੋਵੇਗਾ ਅਤੇ ਵਿਗਿਆਨ, ਗਣਿਤ ਅਤੇ ਸਾਖਰਤਾ ਤੇ ਨਹੀਂ ਜਾਏਗਾ।” (Ricardo and Nolasco, 2009:11)

ਉੱਤੇ ਅਸੀਂ ਵੇਖਿਆ ਹੈ ਕਿ ਦੁਨੀਆਂ ਭਰ ਦੀ ਖੋਜ ਅਤੇ ਮਾਹਰ ਇਸ ਗੱਲ ਦਾ ਪੱਕਾ ਸਬੂਤ ਪੇਸ਼ ਕਰਦੇ ਹਨ ਕਿ ਸਿੱਖਿਆ ਦੀ ਸਫ਼ਲਤਾ ਕੇਵਲ ਮਾਤ ਭਾਸ਼ਾ ਰਾਹੀਂ ਹੀ ਸੰਭਵ ਹੈ। ਪਰ ਸਾਡੇ ਭਾਰਤ ਵਿੱਚ ਭਾਸ਼ਾ ਅਤੇ ਸਿੱਖਿਆ ਨੀਤੀਆਂ ਨੂੰ ਚਲਾਉਣ ਵਾਲੇ ਅੱਖਾਂ ਤੇ ਅਗਿਆਨਤਾ ਦੀਆਂ ਪੱਟੀਆਂ ਬੰਨ੍ਹੀ ਅਤੇ ਕੰਨਾਂ ਵਿੱਚ ਅੰਗਰੇਜ਼ੀ ਰੂੰ ਦੇ ਵੱਡੇ-ਵੱਡੇ ਗੋਲੇ ਫਸਾਈ ਅੰਗਰੇਜ਼ੀ-ਅੰਗਰੇਜ਼ੀ ਚੀਕੀ ਜਾ ਰਹੇ ਹਨ ਤੇ ਦੇਸ਼ ਦੀ ਸਿੱਖਿਆ, ਭਾਸ਼ਾਵਾਂ ਅਤੇ ਸਭਿਆਚਾਰ ਨੂੰ ਬਰਬਾਦੀ ਦੀ ਪਟੜੀ ‘ਤੇ ਤੇਜ ਰਫਤਾਰ ਭਜਾਈ ਜਾ ਰਹੇ ਹਨ। ਇਸ ਲੇਖ ਦਾ ਮਕਸਦ ਇਸ ਅਗਿਆਨਤਾ ਨੂੰ ਚੀਰਨਾ ਅਤੇ ਇਹਨਾਂ ਰੂੰ ਦਿਆਂ ਗੋਲਿਆਂ ਨੂੰ ਕੱਢਣਾ ਹੀ ਹੈ।      

ਅੰਤਰਰਾਸ਼ਟਰੀ ਖੋਜ ਅਤੇ ਮਾਹਿਰਾਂ ਦੇ ਜੋ ਸਿੱਟੇ ਹੇਠਾਂ ਦਿੱਤੇ ਜਾ ਰਹੇ ਹਨ ਉਹ ਇਸ ਅਗਿਆਨਤਾ ਨੂੰ ਦੂਰ ਕਰਨ ਵਿੱਚ ਹੋਰ ਵੀ ਸਹਾਇੱਕ ਹੋਣਗੇ, ਅਜਿਹੀ ਮੈਨੂੰ ਉਮੀਦ ਹੈ। ਇਹ ਸਿੱਟੇ ਦਰਸਾਉਂਦੇ ਹਨ ਕਿ ਮਾਤ ਭਾਸ਼ਾ ਮਾਧਿਅਮ ਕੇਵਲ ਸਿੱਖਿਆ ਵਿੱਚ ਸਫ਼ਲਤਾ ਲਈ ਹੀ ਜ਼ਰੂਰੀ ਨਹੀਂ ਹੈ, ਬਲਕਿ ਵਿਦੇਸ਼ੀ ਭਾਸ਼ਾ ਸਿੱਖਣ ਲਈ ਵੀ ਵਿਦੇਸ਼ੀ ਭਾਸ਼ਾ ਮਾਧਿਅਮ ਰਾਹੀਂ ਸਿੱਖਿਆ ਨਾਲੋਂ ਮਾਤ ਭਾਸ਼ਾ ਮਾਧਿਅਮ ਰਾਹੀਂ ਸਿੱਖਿਆ ਵਧੇਰੇ ਸਹਾਇੱਕ ਹੁੰਦੀ ਹੈ।

III. ਵਿਦੇਸ਼ੀ ਭਾਸ਼ਾ ਦੀ ਪੜ੍ਹਾਈ ਅਤੇ ਮਾਤ ਭਾਸ਼ਾ ਮਾਧਿਅਮ ਬਨਾਮ ਵਿਦੇਸ਼ੀ ਭਾਸ਼ਾ ਮਾਧਿਅਮ

 ਦੁਨੀਆਂ ਭਰ ਵਿੱਚ ਅੰਗਰੇਜ਼ੀ ਪੜ੍ਹਾਉਣ ਵਾਲੀ ਇੰਗਲੈਂਡ ਦੀ ਸਰਕਾਰੀ ਸੰਸਥਾ ਬਰਿਟਿਸ਼ ਕਾਉਂਸਲ ਹਿਦਾਇਤ ਨਾਲ ਸ਼ੁਰੂ ਕਰਨਾ ਹੀ ਠੀਕ ਹੋਵੇਗਾ।

III.1 ਵਿਦੇਸ਼ੀ ਭਾਸ਼ਾ ਸਿੱਖਣ ਬਾਰੇ ਵੱਡੇ ਅੰਧਵਿਸ਼ਵਾਸ

ਬਰਿਟਿਸ਼ ਕਾਉਂਸਲ ਦੀ 2017 ਵਿੱਚ ਛਪੀ ਕਿਤਾਬ ਵਿੱਚ ਇਹ ਦਰਜ ਏ: ‘ਚਾਰੇ ਪਾਸੇ ਇਹ ਸੋਚ ਫੈਲੀ ਹੋਈ ਏ ਕਿ ਅੰਗਰੇਜ਼ੀ ਭਾਸ਼ਾ ‘ਤੇ ਮੁਹਾਰਤ ਲਈ ਅੰਗਰੇਜ਼ੀ ਇੱਕ ਵਿਸ਼ੇ ਵੱਜੋਂ ਪੜ੍ਹਨ ਨਾਲੋਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਨਾ ਬਿਹਤਰ ਤੇ ਪੱਕਾ ਤਰੀਕਾ ਏ। ਪਰ ਇਸ ਸੋਚ ਲਈ ਕੋਈ ਸਬੂਤ ਹਾਸਲ ਨਹੀਂ’। (ਇੰਗਲਿਸ਼ ਲੈਂਗੁਏਜ ਐਂਡ ਮੀਡੀਅਮ ਆਫ ਇਨਸਟਰਕਸ਼ਨ ਇਨ ਬੇਸਿਕ ਐਜੂਕੇਸ਼ਨ…’ ਪੰਨਾਂ 3, ਕਿਤਾਬ ਮੱਕੜਜਾਲ ‘ਤੇ ਪਈ ਏ)। ਬਰਿਟਿਸ਼ ਕਾਉਂਸਲ ਦਾ ਦਫਤਰ ਦੇਸੀ-ਅੰਗਰੇਜ਼ੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਹੈ ਵੇ ਤੇ ਮਾਣਯੋਗ ਪੰਜਾਬੀ ਬੜੇ ਸੌਖੇ ਇਸ ਬਾਰੇ ਜਾਣਕਾਰੀ ਲਏ ਸੱਕਦੇ ਨੇ।

ਬਰਿਟਿਸ਼ ਕਾਉਂਸਲ ਦੀ ਏਸੇ ਕਿਤਾਬ ਵਿੱਚ ਅੰਗਰੇਜ਼ੀ ਮਾਧਿਅਮ ਦੇ ਨੁਕਸਾਨਾਂ ਬਾਰੇ ਇਹ ਵੀ ਦਰਜ ਏ (ਪੰਨਾ 3): ‘ਛੇ ਤੋਂ ਅੱਠ ਸਾਲ ਲੱਗਦੇ ਨੇ ਕਿ ਕੋਈ ਬੱਚਾ ਏਨੀ ਕੁ ਅੰਗਰੇਜ਼ੀ ਸਿੱਖ ਲਵੇ ਕਿ ਉਸ ਨੂੰ ਪਾਠਕ੍ਰਮ ਵਿਚਲਾ ਵਿਸ਼ਾ-ਵਸਤੂ ਸਮਝ ਆ ਸੱਕੇ। ਏਨੇ ਸਾਲ ਲਾ ਕੇ ਵੀ ਉਹ ਅੰਗਰੇਜ਼ੀ ਏਨੀ ਚੰਗੀ ਨਹੀਂ ਸਿੱਖ ਸੱਕਦਾ ਕਿ ਉਹ ਉਪਰਲੀਆਂ ਜਮਾਤਾਂ ਵਿਚਲੇ ਪਾਠਕ੍ਰਮ ਨੂੰ ਚੰਗੀ ਤਰ੍ਹਾਂ ਸਮਝ ਸੱਕੇ’। ਜੇ ਅੰਗਰੇਜ਼ੀ ਮਾਧਿਅਮ ਵਾਲੇ ਨਿਆਣੇ ਦਾ ਇੱਕ ਸਾਲ ਦਾ ਖਰਚਾ ਪੰਜਾਹ ਹਜ਼ਾਰ ਵੀ ਮੰਨ ਲਈਏ ਤਾਂ ਵਿਆਜ ਤੋਂ ਬਿਨਾਂ ਵੀ ਅੱਠ ਸਾਲਾਂ ਦੇ ਚਾਰ ਲੱਖ ਬਣਦੇ ਨੇ। ਪੂਰਾ ਭਾਰਤ ਕਿੰਨਾ ਪੈਸਾ ਬਰਬਾਦ ਕਰ ਰਿਹਾ ਏ ਇਹ ਸੋਚਣ ਨਾਲ ਈ ਬੇਹੋਸ਼ੀ ਹੋ ਸੱਕਦੀ ਏ। ਨਿਆਣੇ ਦੇ ਅੱਠ ਸਾਲ ਬਰਬਾਦ ਹੋਣ ਦਾ ਕੀ ਮਤਲਬ ਏ, ਇਹ ਦੱਸਣ ਦੀ ਲੋੜ ਨਹੀਂ ਹੋਣੀ ਚਾਹੀਦੀ। ਸੋ, ਸਾਨੂੰ  ਭਾਰਤੀਆਂ ਨੂੰ ਪਤਾ ਲੱਗ ਜਾਣਾ ਚਾਹੀਦਾ ਏ ਕਿ ਅੰਗਰੇਜ਼ੀ ਵਧੀਆ ਸਿੱਖਣ ਲਈ ਅੰਗਰੇਜ਼ੀ ਮੋਹ ਨਾਲੋਂ ਅੰਗਰੇਜ਼ੀ ਸਿੱਖਣ ਬਾਰੇ ਅੱਜ ਦੀ ਅੰਗਰੇਜ਼ ਸਮਝ ਅਪਨਾਉਣ ਦੀ ਲੋੜ ਏ। ਪੰਜਾਬੀ ਮਾਧਿਅਮ ਵਾਲੇ ਬੱਚਿਆਂ ਨੂੰ ਅੰਗਰੇਜ਼ੀ ਇਸ ਕਰਕੇ ਨਹੀਂ ਆ ਰਹੀ ਕਿਉਂਕਿ ਓਥੇ ਪੜ੍ਹਾਈ ਈ ਨਹੀਂ ਏਂ, ਨਿਆਣੇ ਮਾੜੀ ਹਾਲਤ ਵਾਲੇ ਪਿਛੋਕੜ ਤੋਂ ਹੁੰਦੇ ਨੇ ਤੇ ਪੜ੍ਹਾਈ ਲਈ ਕੋਈ ਉਤਸਾਹ ਨਹੀਂ ਹੁੰਦਾ।

ਖੋਜ ਇਹ ਵੀ ਦੱਸਦੀ ਏ ਕਿ ਬਾਲ ਨਾਲੋਂ 15 ਸਾਲ ਤੋਂ ਵੱਧ ਉਮਰ ਵਾਲਾ ਪਰਦੇਸੀ/ਦੂਜੀ ਭਾਸ਼ਾ ਛੇਤੀ ਤੇ ਬਿਹਤਰ ਸਿੱਖਦਾ ਏ। ਖੋਜ ਇਹ ਵੀ ਦੱਸਦੀ ਏ ਕਿ ਮਾਤ ਭਾਸ਼ਾ ਸਿੱਖਿਆ ਦਾ ਮਾਧਿਅਮ ਹੋਵੇ ਤਾਂ ਗਰੀਬ ਤੇ ਅਮੀਰ ਵਿਦਿਆਰਥੀਆਂ ਵਿਚਕਾਰ ਸਿੱਖਿਆ ਦਾ ਪਾੜਾ ਵੀ ਪਰਦੇਸੀ ਭਾਸ਼ਾ ਮਾਧਿਅਮ ਦੇ ਮੁਕਾਬਲੇ ਘੱਟ ਹੁੰਦਾ ਏ।

ਸਾਰੀ ਦੁਨੀਆਂ ਵਿੱਚ ਖੋਜ ਕਰਕੇ ਲਿਖੀ ਗਈ ਯੂਨੈਸਕੋ ਦੀ ਕਿਤਾਬ ਵਿੱਚ ਇਹ ਦਰਜ ਏ:

”ਸਾਡੇ ਰਾਹ ਵਿੱਚ ਵੱਡੀ ਰੁਕਾਵਟ ਭਾਸ਼ਾ ਤੇ ਸਿੱਖਿਆ ਬਾਰੇ ਕੁਝ ਅੰਧਵਿਸ਼ਵਾਸ ਹਨ ਅਤੇ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ ਇਹਨਾਂ ਅੰਧਵਿਸ਼ਵਾਸ ਦਾ ਭਾਂਡਾ ਭੰਨਣਾ ਚਾਹੀਦਾ ਹੈ। ਅਜਿਹਾ ਹੀ ਇੱਕ ਅੰਧਵਿਸ਼ਵਾਸ ਇਹ ਹੈ ਕਿ ਦੂਜੀ (ਵਿਦੇਸ਼ੀ) ਭਾਸ਼ਾ ਸਿੱਖਣ ਦਾ ਵਧੀਆ ਤਰੀਕਾ ਇਸ ਦੀ ਪੜ੍ਹਾਈ ਦੇ ਮਾਧਿਅਮ ਵੱਜੋਂ ਵਰਤੋਂ ਹੈ। (ਅਸਲ ਵਿੱਚ, ਹੋਰ ਭਾਸ਼ਾ ਨੂੰ ਇੱਕ ਵਿਸ਼ੇ ਵੱਜੋਂ ਪੜ੍ਹਨਾ ਵਧੇਰੇ ਕਾਰਗਰ ਹੁੰਦਾ ਹੈ)। ਦੂਜਾ ਅੰਧਵਿਸ਼ਵਾਸ ਇਹ ਹੈ ਕਿ, ਦੂਜੀ ਭਾਸ਼ਾ ਸਿੱਖਣ ਲਈ ਜਿੰਨਾ ਛੇਤੀ ਸ਼ੁਰੂ ਕੀਤਾ ਜਾਏ ਓਨਾ ਚੰਗਾ ਹੈ। (ਛੇਤੀ ਸ਼ੁਰੂ ਕਰਨ ਨਾਲ ਲਹਿਜਾ ਤਾਂ ਬਿਹਤਰ ਹੋ ਸਕਦਾ ਹੈ ਪਰ ਲਾਭ ਦੀ ਸਥਿਤੀ ਵਿੱਚ ਉਹ ਸਿੱਖਣ ਵਾਲਾ ਹੁੰਦਾ ਹੈ ਜੋ ਪਹਿਲੀ ਭਾਸ਼ਾ ‘ਤੇ ਚੰਗੀ ਮੁਹਾਰਤ ਹਾਸਲ ਕਰ ਚੁੱਕਿਆ ਹੋਵੇ)। ਤੀਜਾ ਅੰਧਵਿਸ਼ਵਾਸ ਇਹ ਹੈ ਕਿ ਮਾਤ ਭਾਸ਼ਾਵਿਦੇਸ਼ੀ ਭਾਸ਼ਾ ਸਿੱਖਣ ਦੇ ਰਾਹ ਵਿੱਚ ਰੁਕਾਵਟ ਹੈ। (ਮਾਤ ਭਾਸ਼ਾਵਿੱਚ ਮਜ਼ਬੂਤ ਨੀਂਹ ਨਾਲ ਵਿਦੇਸ਼ੀ ਭਾਸ਼ਾ ਬਿਹਤਰ ਸਿੱਖੀ ਜਾਂਦੀ ਹੈ)। ਸਪਸ਼ਟ ਹੈ ਕਿ ਇਹ ਅੰਧਵਿਸ਼ਵਾਸ ਹਨ ਅਸਲੀਅਤ ਨਹੀਂ ਪਰ ਫਿਰ ਵੀ ਇਹ ਨੀਤੀਘਾੜਿਆਂ ਦੀ ਇਸ ਸੁਆਲ ‘ਤੇ ਅਗਵਾਈ ਕਰਦੇ ਹਨ ਕਿ ਭਾਰੂ ਭਾਸ਼ਾ ਕਿਵੇਂ ਸਿੱਖੀ ਜਾਵੇ।”  @ (UNESCO, 2008:12). ਸਾਡੇ ਪਰਸੰਗ ਵਿੱਚ ਭਾਰੂ ਭਾਸ਼ਾ ਅੰਗਰੇਜ਼ੀ ਅਤੇ ਕਿਸੇ ਹੱਦ ਤੱਕ ਹਿੰਦੀ ਹੈ।

ਜਿਸ ਅਧਿਐਨ ਵਿਚੋਂ ਉਤਲੀ ਟੂਕ ਲਈ ਗਈ ਹੈ ਉਹ ਸਾਰੇ ਮਹਾਂਦੀਪਾਂ ‘ਚੋਂ ਲਏ ਗਏ ਬਾਰਾਂ ਦੇਸ਼ਾਂ ਦੇ ਅਧਿਐਨ ‘ਤੇ ਅਧਾਰਤ ਹੈ। ਇਹਨਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਅਧਿਐਨ ਲਈ ਪੈਸਾ ਵਿਸ਼ਵ ਬੈਂਕ ਵੱਲੋਂ ਦਿੱਤਾ ਗਿਆ ਸੀ, ਜੋ ਹਰ ਤਰ੍ਹਾਂ ਨਾਲ ਅੰਗਰੇਜ਼ੀ ਹਿਤੈਸ਼ੀ ਹੈ।

ਅਜਿਹਾ ਹੀ ਇੱਕ ਅਧਿਐਨ ਫਿਨਲੈਂਡ ਤੋਂ ਸਵੀਡਨ ਵਿੱਚ ਪਰਵਾਸ ਕਰਨ ਵਾਲੇ ਬੱਚਿਆਂ ‘ਤੇ ਅਧਾਰਤ ਹੈ। ਇਸ ਅਧਿਐਨ ਵਿੱਚ ਸਾਹਮਣੇ ਆਇਆ ਕਿ,

 ”ਕਈ ਸਾਲ ਫਿਨਲੈਂਡ ਵਿੱਚ ਸਕੂਲ ਜਾਣ ਕਰਕੇ ਲਗਭਗ ਸਮੁੱਚੇ ਰੂਪ ਵਿੱਚ ਜਿੰਨੀ ਕਿਸੇ ਵਿਦਿਆਰਥੀ ਨੂੰ ਜ਼ਿਆਦਾ ਫਿਨੀਸ਼ੀ ਆਉਂਦੀ ਸੀ ਉਨੀ ਹੀ ਉਹ ਬਿਹਤਰ ਸਵੀਡੀ ਸਿੱਖਦਾ ਸੀ। ਇੱਕੋ ਮਾਪਿਆਂ ਦੇ ਬੱਚਿਆਂ ਦੀ ਭਾਸ਼ਾਈ ਮੁਹਾਰਤ ਦੇ ਨਿਰੀਖਣ ਤੋਂ ਪਤਾ ਲੱਗਾ ਕਿ ਜੋ ਬੱਚੇ 10 ਸਾਲ ਦੀ ਔਸਤ ਉਮਰ ‘ਤੇ ਫਿਨਲੈਂਡ ਵਿੱਚੋਂ ਆਏ, ਉਹਨਾਂ ਨੇ ਫਿਨੀਸ਼ੀ ਦਾ ਆਮ ਪੱਧਰ ਵੀ ਨਹੀਂ ਗੁਆਇਆ ਅਤੇ ਉਹਨਾਂ ਸਵੀਡੀ ਵਿੱਚ ਵੀ ਸਵੀਡੀ ਬੱਚਿਆਂ ਦੇ ਬਰਾਬਰ ਦਾ ਭਾਸ਼ਾਈ ਪੱਧਰ ਹਾਸਲ ਕੀਤਾ। ਜੋ ਬੱਚੇ 6 ਸਾਲ ਤੋਂ ਘੱਟ ਉਮਰ ਵਿੱਚ ਆਏ ਜਾਂ ਜੋ ਸਵੀਡਨ ਵਿੱਚ ਹੀ ਪੈਦਾ ਹੋਏ ਸਨ, ਉਹਨਾਂ ਦੇ ਨਤੀਜੇ ਚੰਗੇ ਨਹੀਂ ਹਨ। ਉਹਨਾਂ ਦਾ ਸਵੀਡੀ ਭਾਸ਼ਾ ਵਿੱਚ ਵਿਕਾਸ ਲਗਭਗ 12 ਸਾਲ ਦੀ ਉਮਰ ‘ਤੇ ਰੁਕ ਜਾਂਦਾ ਹੈ, ਕਿਉਂਕਿ ਸਪੱਸ਼ਟ ਹੈ ਕਿ ਉਹਨਾਂ ਦੀ ਮਾਤ ਭਾਸ਼ਾ ਵਿੱਚ ਨੀਂਹ ਪੱਕੀ ਨਹੀਂ ਹੁੰਦੀ।” @ (Paulston, 1977:92-3).

ਪਿੱਛੇ ਜਿਹੇ ਆਈ.ਆਈ.ਟੀ. ਕਾਨਪੁਰ ਨੇ ਇੱਕ ਰਿਪੋਰਟ ਛਾਪੀ ਹੈ ਕਿ ਭਾਰਤ ਵਿੱਚ ਇੰਜੀਨੀਰਿੰਗ ਦੇ 97% (ਸਤਾਨਵੇਂ ਫੀਸਦੀ) ਵਿਦਿਆਰਥੀ ਅੰਗਰੇਜ਼ੀ ਵਿੱਚ ਆਪਣੀ ਗੱਲ ਕਾਮਯਾਬੀ ਨਾਲ ਨਹੀਂ ਕਰ ਸੱਕਦੇ। ਯਾਦ ਰਹੇ ਕਿ ਪਿਛਲੇ ਸੌ ਸਾਲ ਤੋਂ ਵੀ ਵੱਧ ਤੋਂ ਭਾਰਤ ਵਿੱਚ ਇੰਜੀਨੀਰਿੰਗ ਦੀ ਪੜ੍ਹਾਈ ਹਮੇਸ਼ਾ ਅੰਗਰੇਜ਼ੀ ਮਾਧਿਅਮ ਵਿੱਚ ਰਹੀ ਹੈ।

ਸੋ, ਸਪਸ਼ਟ ਹੈ ਕਿ ਵਿਦੇਸ਼ੀ ਭਾਸ਼ਾ ਵੀ ਵਿਦੇਸ਼ੀ ਭਾਸ਼ਾ ਰਾਹੀਂ ਪੜ੍ਹਾਈ ਕਰਨ ਨਾਲੋਂ ਮਾਤ ਭਾਸ਼ਾ ਮਾਧਿਅਮ ਰਾਹੀਂ ਪੜ੍ਹਾਈ ਕਰਨ ਨਾਲ ਬਿਹਤਰ ਆਉਂਦੀ ਹੈ। ਅਜਿਹਾ ਕਿਉਂ ਹੁੰਦਾ ਹੈ, ਇਹ ਹੇਠਲੀ ਟੂਕ ਤੋਂ ਸਾਫ ਹੋ ਜਾਵੇਗਾ:

”ਬੁਜ਼ਕਮ (Butzkamm) ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਵਿਦੇਸ਼ੀ ਭਾਸ਼ਾ ਸਿੱਖਣ ਅਤੇ ਸਿਖਾਉਣ ਵਿੱਚ ਮਾਤ ਭਾਸ਼ਾ ਦੇ ਸਰੋਤ ਦੇ ਰੂਪ ਵਿੱਚ ਪਾਏ ਜਾਣ ਵਾਲੇ ਯੋਗਦਾਨ ਨੂੰ ਮੁੜ ਪਰਭਾਸ਼ਤ ਕਰਨ ਦੀ ਲੋੜ ਹੈ। ਬੱਚੇ ਜਿਵੇਂ-ਜਿਵੇਂ ਵੱਡੇ ਹੁੰਦੇ ਹਨ 1) ਉਹ ਯਥਾਰਥ ਨੂੰ ਸੰਕਲਪਣਾ ਸਿੱਖ ਚੁੱਕੇ ਹੁੰਦੇ ਹਨ; 2) ਉਹ ਵਿਚਾਰਾਂ ਦਾ ਅਦਾਨ-ਪਰਦਾਨ ਕਰਨਾ ਸਿੱਖ ਚੁੱਕੇ ਹਨ; 3) ਉਹ ਆਪਣੀ ਮਾਤ ਭਾਸ਼ਾ ਵਿੱਚ ਬੋਲਣਾ ਅਤੇ ਉਸਦੀ ਵਰਤੋਂ ਕਰਨਾ ਸਿੱਖ ਚੁੱਕੇ ਹੁੰਦੇ ਹਨ; 4) ਉਹ ਵਿਆਕਰਣ ਦੀ ਸਮਝ ਸਹਿਜ ਰੂਪ ਵਿੱਚ ਹਾਸਲ ਕਰ ਚੁੱਕੇ ਹੁੰਦੇ ਹਨ ਅਤੇ ਭਾਸ਼ਾ ਦੇ ਕਈ ਸੂਖਮ ਪੱਖਾਂ ਬਾਰੇ ਚੇਤੰਨ ਹੋ ਚੁੱਕੇ ਹੁੰਦੇ ਹਨ; 5) ਉਹ ਪੜ੍ਹਨ ਅਤੇ ਲਿਖਣ ਦੇ ਹੁਨਰ ਪ੍ਰਾਪਤ ਕਰ ਚੁੱਕੇ ਹਨ : ਮਾਤ ਭਾਸ਼ਾ ਏਸੇ ਕਰਕੇ ਵਿਦੇਸ਼ੀ ਭਾਸ਼ਾ ਸਿੱਖਣ ਲਈ ਵੱਡੀ ਪੂੰਜੀ ਹੁੰਦੀ ਹੈ। ਇਸ ਨਾਲ ਭਾਸ਼ਾ ਗ੍ਰਹਿਣ ਕਰਨ ਦੀ ਸਹਾਇੱਕ ਪਰਣਾਲੀ ਹਾਸਲ ਹੁੰਦੀ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਇਸ ਨਾਲ ਪੜ੍ਹਾਈ ਸੰਭਵ ਹੁੰਦੀ ਹੈ।”

”ਸਫਲ ਸਿਖਿਆਰਥੀ ਮਾਤ ਭਾਸ਼ਾ ਦੇ ਰਾਹੀਂ ਹਾਸਲ ਭਾਸ਼ਾਈ ਹੁਨਰ ਅਤੇ ਯਥਾਰਥ ਗਿਆਨ ਦੇ ਵੱਡੇ ਖਜ਼ਾਨੇ ਨੂੰ ਅਧਾਰ ਬਣਾਉਂਦੇ ਹਨ। ਵਿਸ਼ੇਸ਼ ਤੌਰ ‘ਤੇ ਉਹਨਾਂ ਨੂੰ ਯਥਾਰਥ ਨੂੰ ਨਵੀਂ ਭਾਸ਼ਾ ਵਿੱਚ ਨਵੇਂ ਸਿਰਿਓਂ ਸੰਕਲਪਣ ਦੀ ਲੋੜ ਨਹੀਂ ਹੁੰਦੀ। ਉਹ ਪਹਿਲੀ ਭਾਸ਼ਾ ਗ੍ਰਹਿਣ ਕਰ ਚੁੱਕੇ ਹਨ ਅਤੇ ਇਹਦੇ ਨਾਲ ਹੀ ਗੱਲ-ਬਾਤ ਦੇ ਹੁਨਰ ਅਤੇ ਵਿਹਾਰਕ ਗਿਆਨ ਹਾਸਲ ਕਰ ਚੁੱਕੇ ਹਨ। ਮਿਸਾਲ ਲਈ, ਬੇਨਤੀ, ਇੱਛਾ ਜਾਂ ਚੇਤਾਵਨੀ ਦੇ ਭਾਵ ਆਮ ਤੌਰ ‘ਤੇ ਸਧਾਰਣ ਕਿਸਮ ਦੇ ਵਾਕਾਂ ਰਾਹੀਂ ਪਰਗਟ ਨਹੀਂ ਕੀਤੇ ਜਾਂਦੇ ਪਰ ਫਿਰ ਵੀ ਇਹ ਭਾਵ ਕਿਸੇ ਸਧਾਰਣ ਵਾਕ ਵਿੱਚ ਵੀ ਲੁੱਕੇ ਹੋ ਸਕਦੇ ਹਨ ਅਤੇ ਪਹਿਲੀ ਭਾਸ਼ਾ ਦੀ ਰਾਹ ਰੋਸ਼ਨ ਕਰਨ ਦੀ ਸ਼ਕਤੀ ਇਸ ਗੱਲ ਤੇ ਨਿਰਭਰ ਨਹੀਂ ਹੁੰਦੀ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਆਕਰਣਾਂ ਇਕੋ ਜਿਹੜੀਆਂ ਹੋਣ। ਇਹ ਇਸ ਗੱਲ ਲਈ ਹੈ ਕਿ ਸਾਰੀਆਂ ਭਾਸ਼ਾਵਾਂ ਅਧਿਕਾਰ, ਗਿਣਤੀ, ਕਰਤਾ, ਸਾਧਨ, ਨਿਖੇਧ, ਕਾਰਣ, ਸ਼ਰਤ, ਲੋੜ ਜਿਹੇ ਅਮੂਰਤ ਭਾਵਾਂ ਨੂੰ ਪਰਗਟ ਕਰਨ ਵਾਲੀਆਂ ਵਿਧੀਆਂ ਦਾ ਵਿਕਾਸ ਕਰ ਚੁੱਕੀਆਂ ਹੁੰਦੀਆਂ ਹਨ, ਉਹ ਭਾਵੇਂ ਇਸ ਨੂੰ ਕਿਵੇਂ ਵੀ ਪੂਰਾ ਕਰਦੀਆਂ ਹੋਣ। ਇੱਕ ਭਾਸ਼ਾ ਦੀ ਵਿਆਕਰਣ ਦੂਜੀ ਭਾਸ਼ਾ ਦੇ ਦਰਵਾਜੇ ਖੋਲ੍ਹਣ ਲਈ ਇਸ ਲਈ ਕਾਫ਼ੀ ਹੁੰਦੀ ਹੈ ਕਿਉਂਕਿ ਸਾਰੀਆਂ ਭਾਸ਼ਾਵਾਂ ਦਾ ਸੰਕਲਪੀ ਅਧਾਰ ਇੱਕੋ ਜਿਹਾ ਹੈ। ਡੂੰਘੇ ਅਰਥਾਂ ਵਿੱਚ ਅਸੀਂ ਭਾਸ਼ਾ ਇੱਕੋ ਵਾਰ ਹੀ ਸਿੱਖਦੇ ਹਾਂ” (http://en.wikipedia.org/wiki/WolfgangButzkamm)।

ਉੱਤੇ ਹੁਣ ਤੱਕ ਬਿਆਨ ਕੀਤੇ ਤੱਥ ਭਾਰਤੀ ਨੀਤੀਕਾਰਾਂ ਦੀਆਂ ਅੱਖਾਂ ਤੋਂ ਅੰਗਰੇਜ਼ੀ ਪੱਟੀਆਂ ਲਾਹੁਣ ਅਤੇ ਕੰਨਾਂ ‘ਚੋਂ ਅੰਰਗੇਜ਼ੀ ਸਿੱਕਾ ਕੱਢਣ ਲਈ ਕਾਫ਼ੀ ਹੋਣੇ ਚਾਹੀਦੇ ਹਨ, ਪਰ ਫਿਰ ਵੀ ਇੱਕ ਨਜ਼ਰ ਇਸ ਉੱਤੇ ਵੀ ਮਾਰ ਲੈਣੀ ਚਾਹੀਦੀ ਹੈ ਕਿ ਬਾਕੀ ਦੁਨੀਆਂ ਵਿੱਚ ਕੀ ਭਾਸ਼ਾਈ ਵਿਹਾਰ ਹੋ ਰਿਹਾ ਹੈ।

ਅਸਲੀਅਤ ਇਹ ਹੈ ਕਿ ਜਿੱਥੇ ਕਿਤੇ ਵੀ ਅੰਗਰੇਜ਼ੀ ਵਿਦੇਸ਼ੀ ਭਾਸ਼ਾ ਹੈ ਅਤੇ ਇਸ ਦੀ ਵਰਤੋਂ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ ਹੁੰਦੀ ਆਈ ਹੈ, ਉਥੇ ਵੀ ਜਾਂ ਤਾਂ ਇਹ ਖਤਮ ਹੋ ਚੁੱਕੀ ਹੈ ਜਾਂ ਦਿਨੋ-ਦਿਨ ਘੱਟ ਹੁੰਦੀ ਜਾ ਰਹੀ ਹੈ। ਇਸਦੇ ਸਬੂਤ ਵੱਜੋਂ ਕੁਝ ਕੁ ਮਿਸਾਲਾਂ ਹੀ ਕਾਫੀ ਹੋਣੀਆਂ ਚਾਹੀਦੀਆਂ ਹਨ।

ਯੂਗਾਂਡਾ ਨੇ 2007 ਵਿੱਚ ਤੈਅ ਕੀਤਾ ਸੀ ਕਿ ਮੁੱਢਲੀ ਸਿੱਖਿਆ ਦੇ ਪਹਿਲੇ ਤਿੰਨ ਸਾਲ ਸਿੱਖਿਆ ਦਾ ਮਾਧਿਅਮ ਮਾਤ ਭਾਸ਼ਾ ਹੋਵੇ ਅਤੇ ਅੰਗਰੇਜ਼ੀ ਇੱਕ ਵਿਸ਼ੇ ਵੱਜੋਂ ਪੜ੍ਹਾਈ ਜਾਵੇ। ਇਸ ਨਾਲ ਉਹਨਾਂ ਨੂੰ ਸਫ਼ਲਤਾ ਵੀ ਹਾਸਲ ਹੋਈ। 2008 ਵਿੱਚ ਕੀਤੀ ਪੜਚੋਲ ਵਿੱਚ ਹੀ ਸਾਹਮਣੇ ਆ ਗਿਆ ਕਿ ਇਸ ਨਾਲ ਸਾਖਰਤਾ ਵਿੱਚ ਸੁਧਾਰ ਹੋਇਆ ਹੈ।

ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਯੂਗਾਂਡਾ ਵਿੱਚ 52 ਭਾਸ਼ਾ ਸਮੂਹ ਹਨ। ਯੂਗਾਂਡਾ ਵਿੱਚਲੀ ਤਬਦੀਲੀ ਇਸ ਵਿਚਾਰ ‘ਤੇ ਅਧਾਰਤ ਸੀ ਕਿ ਜੇ ਵਿਦਿਆਰਥੀ ਦੀ ਮਾਤ ਭਾਸ਼ਾ ਵਿੱਚ ਨੀਂਹ ਰੱਖੀ ਜਾ ਚੁੱਕੀ ਹੋਵੇ ਤਾਂ ਉਹ ਵਿਦੇਸ਼ੀ ਭਾਸ਼ਾ ਅਸਾਨੀ ਨਾਲ ਸਿੱਖਦਾ ਹੈ। ਨਵੀਂ ਨੀਤੀ ਤੋਂ ਪਹਿਲਾਂ ਯੂਗਾਂਡਾ ਵਿੱਚ ਸਕੂਲੀ ਸਿੱਖਿਆ ਅਰੰਭ ਤੋਂ ਹੀ ਅੰਗਰੇਜ਼ੀ ਮਾਧਿਅਮ ਰਾਹੀਂ ਹੁੰਦੀ ਸੀ। (ਇਹਨਾਂ ਤੱਥਾਂ ਲਈ ਵੇਖੋ Kavuma, 2009)

ਮਲੇਸ਼ੀਆ ਨੇ 2009 ਵਿੱਚ ਤੈਅ ਕੀਤਾ ਕਿ ਗਣਿਤ ਅਤੇ ਵਿਗਿਆਨ ਰਾਸ਼ਟਰੀ ਸਕੂਲਾਂ ਵਿੱਚ ਭਾਸ਼ਾ ਮਲੇਸ਼ੀਆ ਵਿੱਚ ਅਤੇ ਸਥਾਨਕ ਸਕੂਲਾਂ ਵਿੱਚ ਚੀਨੀ ਅਤੇ ਤਮਿਲ ਵਿੱਚ ਪੜ੍ਹਾਏ ਜਾਣ।

ਭਾਰਤ ਦੇ ਨੀਤੀਕਾਰਾਂ ਦੀ ਅਗਿਆਨਤਾ ‘ਤੇ ਇਸ ਤੋਂ ਵੱਡੀ ਕੀ ਟਿੱਪਣੀ ਹੋ ਸਕਦੀ ਹੈ ਕਿ ਮਲੇਸ਼ੀਆ ਤਾਂ ਤਮਿਲ ਭਾਸ਼ੀਆਂ ਨੂੰ ਵਿਗਿਆਨ ਤਮਿਲ ਵਿੱਚ ਪੜ੍ਹਾਉਣਾ ਠੀਕ ਸਮਝਦਾ ਹੈ ਪਰ ਭਾਰਤ ਵਿੱਚ ਇਹ ਇੱਕ ਅਪਰਾਧ ਵਰਗਾ ਹੈ। ਇੱਕ ਅਖਾਣ ਹੈ ‘ਅਕਲਾਂ ਬਾਝੋਂ ਖੂਹ ਖਾਲੀ’। ਖੂਹਾਂ ਦੀ ਗੱਲ ਤਾਂ ਇੱਕ ਪਾਸੇ, ਪਰ ਭਾਰਤੀ ਅੰਗਰੇਜ਼ੀ ਨਸ਼ੇੜੀਆਂ ਦੇ ਦਿਮਾਗ ਜ਼ਰੂਰ ਖਾਲੀ ਹੋ ਚੁੱਕੇ ਹਨ। ਖੈਰ, ਕੁਝ ਮਿਸਾਲਾਂ ਹੋਰ ਦੇਣੀਆਂ ਮਾੜੀ ਗੱਲ ਨਹੀਂ ਹੋਵੇਗੀ।

”ਪਿਛਲੇ ਕੁਝ ਸਾਲਾਂ ਤੋਂ ਇੰਗਲੈਂਡ ਅਤੇ ਨਿਊਜੀਲੈਂਡ ਆਪਣੀਆਂ ਮੂਲਵਾਸੀ ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਵੱਲ ਹੋਰ ਵੀ ਵਧੇਰੇ ਧਿਆਨ ਦੇ ਰਹੇ ਹਨ। ….ਮਾਓਰੀ ਭਾਸ਼ਾ ਅਤੇ ਸਭਿਆਚਾਰ ਦੇ ਬਾਰੇ ਨਿਊਜੀਲੈਂਡ ਦੇ ਨੇੜਲੇ ਭਵਿੱਖ ਨੂੰ ਸ. ਮੇਅ ਨੇ ਆਸਵੰਦ ਨਜਰੀਏ ਨਾਲ ਪੇਸ਼ ਕੀਤਾ ਹੈ। …ਨਵੇਂ ਮਾਓਰੀ ਮਾਧਿਅਮ ਸਕੂਲਾਂ ਦਾ ਮੁਲਾਂਕਣ ਦਰਸਾਉਂਦਾ ਹੈ ਕਿ ਇਹਨਾਂ ਬੱਚਿਆਂ ਦਾ ਸਿੱਖਿਆਵੀ ਵਿਕਾਸ ਮੁੱਖ ਧਾਰਾ ਵਾਲੇ ਬੱਚਿਆਂ ਦੇ ਬਰਾਬਰ  ਹੈ, ਬਲਕਿ ਇਸ ਨਾਲ ਉਹਨਾਂ ਨੂੰ ਦੋਭਾਸ਼ੀ ਹੋਣ ਦਾ ਲਾਭ ਵੀ ਹੈ। ਹਾਂਗਕਾਂਗ ਵਿੱਚ ਪੂੰਤੋਘੂਆਂ ਭਾਸ਼ਾ ਦੀ ਵਰਤੋਂ ਦਿਨ-ਬ-ਦਿਨ ਵੱਧ ਰਹੀ ਹੈ। …ਮਲੇਸ਼ੀਆ ਨੇ ਵੀ ਭਾਸ਼ਾ ਮਲੇਸ਼ੀਆ ਨੂੰ ਰਾਜ ਭਾਸ਼ਾ ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਹੈ (S.Kaur Gill, pp.135-152)” (Ammon, 2009)

ਇੰਜ ਸਾਫ ਹੈ ਕਿ ਅੰਗਰੇਜ਼ੀ ਰੋਗ ਨਾਲ ਪਹਿਲੇ ਸਾਰੇ ਗ੍ਰਸੇ ਰਾਸ਼ਟਰ ਇਹਨੂੰ ਬਾਏ-ਬਾਏ ਕਹਿੰਦੇ ਜਾ ਰਹੇ ਹਨ। ਵਜ੍ਹਾ ਇਹ ਲੱਗਦੀ ਹੈ ਕਿ ਕੋਈ ਵੀ ਦੇਸ ਭਾਰਤੀਆਂ ਵਾਂਗ ਅਗਿਆਨਤਾ-ਮਿੱਤਰ ਨਹੀਂ ਬਣਿਆ ਰਹਿਣਾ ਚਾਹੁੰਦਾ।

ਪਰ ਇਹ ਸੋਚਣ ਵਾਲੀ ਗੱਲ ਹੈ ਕਿ ਭਾਰਤ ਵਿੱਚ ਅਜਿਹਾ ਕਿਉਂ ਹੈ। ਇਸਦਾ ਅਸਲ ਕਾਰਣ ਤਾਂ ਆਧੁਨਿਕ ਵਰਣ-ਪ੍ਰਥਾ ਹੈ ਜੋ ਅੰਗਰੇਜ਼ੀ ਨੂੰ ਹਥਿਆਰ ਬਣਾ ਕੇ ਸਾਰੇ ਲਾਭ ਹਜਮ ਕਰਨਾ ਚਾਹੁੰਦੀ ਹੈ। ਸੋ ਓਹਨਾਂ ਵਿਚਾਰਕ ਅਧਾਰਾਂ ਨੂੰ ਮਲੀਆਮੇਟ ਕਰਨਾ ਜ਼ਰੂਰੀ ਹੈ ਜਿਹਨਾਂ ਦਾ ਇਹ ਅੰਗਰੇਜ਼ੀ ਮਨੁਵਾਦ ਸਹਾਰਾ ਲੈਂਦਾ ਹੈ। ਇਹ ਅਧਾਰ ਕੁਝ ਅੰਧਵਿਸ਼ਵਾਸ ਹਨ ਜਿਹਨਾਂ ਦਾ ਚੰਗਾ ਵਰਣਨ ਸਟਾੱਕਹੋਮ ਯੂਨੀਵਰਸਿਟੀ (ਸਵੀਡਨ) ਦੀ 2005 ਵਿੱਚ ਜਾਰੀ ਰਿਪੋਰਟ ਵਿੱਚ ਮਿਲਦਾ ਹੈ (ਵੇਖੋ Benson, 2005)। ਇਹਨਾਂ ਵਿਚੋਂ ਕੁਝ ਅੰਧਵਿਸ਼ਵਾਸਾਂ ਦਾ ਬਿਓਰਾ ਹੇਠਾਂ ਦਿੱਤਾ ਜਾ ਰਿਹਾ ਹੈ।

III.2 ਭਾਸ਼ਾ ਸਬੰਧੀ ਕੁਝ ਹੋਰ ਅੰਧ ਵਿਸ਼ਵਾਸ

III.2.1 ”ਇੱਕ ਰਾਸ਼ਟਰ – ਇੱਕ ਭਾਸ਼ਾ ਅੰਧ-ਵਿਸ਼ਵਾਸ

ਇਸ ਉਪਨਿਵੇਸ਼ੀ ਸੰਕਲਪ ਨੇ ਕਿ ਕਿਸੇ ਰਾਸ਼ਟਰ-ਰਾਜ ਨੂੰ ਇੱਕ ਸਾਂਝੀ ਭਾਸ਼ਾ ਦੀ ਲੋੜ ਹੁੰਦੀ ਹੈ, ਦੁਨੀਆਂ ਦੇ ਕਈ ਹਿੱਸਿਆਂ ਵਿੱਚ ਨੀਤੀ ਘਾੜਿਆਂ ਨੂੰ ਪ੍ਰਭਾਵਿਤ ਕੀਤਾ ਹੈ। ਪਰ ਨਾ ਤਾਂ ਇੱਕ ਨਿਰਪੱਖ ਵਿਦੇਸ਼ੀ ਭਾਸ਼ਾ ਥੋਪਣ ਨਾਲ ਕਿਧਰੇ ਏਕਤਾ ਪੈਦਾ ਹੋਈ ਹੈ ਅਤੇ ਨਾ ਹੀ ਸੋਮਾਲੀਆ, ਬਰੂੰਦੀ, ਰਵਾਂਡਾ ਜਿਹੇ ਮੁਕਾਬਲਤਨ ਇੱਕ ਭਾਸ਼ਾਈ ਦੇਸਾਂ ਵਿੱਚ ਸਥਿਰਤਾ ਪੱਕੀ ਹੋਈ ਹੈ। ਅਸਲ ਵਿੱਚ, ਬੰਗਲਾਦੇਸ਼, ਪਾਕਿਸਤਾਨ, ਮਿਆਂਮਾਰ ਅਤੇ ਸ੍ਰੀਲੰਕਾ ਜਿਹੇ ਦੇਸਾਂ ਵਿੱਚ ਨਸਲੀ-ਭਾਸ਼ਾਈ ਵਖਰੇਵੇਂ ਨੂੰ ਸਰਕਾਰ ਵੱਲੋਂ ਸਵੀਕਾਰ ਕਰਨ ਦੀ ਅਸਫਲਤਾ ਹੀ ਅਸਥਿਰਤਾ ਦਾ ਵੱਡਾ ਕਾਰਣ ਬਣਿਆ ਹੈ।”  (Ouane, 2003)

III.2.2  ”ਇਹ ਅੰਧ-ਵਿਸ਼ਵਾਸ ਕਿ ਸਥਾਨਕ ਭਾਸ਼ਾਵਾਂ ਆਧੁਨਿਕ ਸੰਕਲਪਾਂ ਦੇ ਸੰਚਾਰ ਲਈ ਸਮਰੱਥ ਨਹੀਂ                     ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਯੂਰਪੀ ਭਾਸ਼ਾਵਾਂ ਦੀ ਜਨਮਜਾਤ ਸਮਰੱਥਾ ਇੱਕ ਦੂਜਾ ਉਪਨਿਵੇਸ਼ੀ ਸੰਕਲਪ ਹੈ। ਪਰ ਦੁਨੀਆਂ ਦੀ ਹਰ ਭਾਸ਼ਾ ਇਸ ਦੇ ਬੁਲਾਰਿਆਂ ਦੇ ਵਿਚਾਰ ਪਰਗਟ ਕਰਨ ਦੇ ਸਮਰੱਥ ਹੈ ਅਤੇ ਲੋੜ ਪੈਣ ‘ਤੇ ਨਵੀਂ ਤਕਨੀਕੀ ਸ਼ਬਦਾਵਲੀ ਅਤੇ ਬਣਤਰਾਂ ਦਾ ਵਿਕਾਸ ਕਰਨ ਦੇ ਸਮਰੱਥ ਹੈ। ਇਸ ਗੱਲ ਦਾ ਸਬੂਤ ਇੱਕ ਵਾਰ ਲੇਓਪੋਲਡ ਸੇਂਘਰ ਨੇ ਆਈਨਸਟਾਈਨ ਦੇ ਸਪੇਖਤਾ ਦੇ ਸਿਧਾਂਤ ਦਾ ਸੇਨੇਗਲ ਦੀ ਭਾਸ਼ਾ ਵੋਲੋਫ ਵਿੱਚ ਅਨੁਵਾਦ ਕਰ ਕੇ ਦਿੱਤਾ। ਅਸਲ ਫ਼ਰਕ ਇਹ ਹੈ ਕਿ ਲਿਖਤ ਅਤੇ ਪ੍ਰਕਾਸ਼ਨਾ ਰਾਹੀਂ ਬੌਧਿਕਤਾ ਅਤੇ ਵਿਕਾਸ ਵਾਸਤੇ ਇਤਿਹਾਸਕ ਤੌਰ ‘ਤੇ ਇੱਕ ਭਾਸ਼ਾ ਦੀ ਚੋਣ ਕੀਤੀ ਗਈ ਹੈ।” (Alexandu, 2003).

ਜਿਵੇਂ ਕਿ ਉਤਲੇ ਕਥਨ ਤੋਂ ਸਾਫ ਹੁੰਦਾ ਹੈ, ਹਰ ਭਾਸ਼ਾ ਵਿੱਚ ਕਿਸੇ ਵੀ ਸੰਕਲਪ ਨੂੰ ਪਰਗਟਾਉਣ ਦੀ ਸਮਰੱਥਾ ਹੁੰਦੀ ਹੈ। ਪਰ ਇਸ ਮਾਮਲੇ ਬਾਰੇ ਅਗਿਆਨਤਾ ਦਾ ਏਨਾ ਪਸਾਰ ਹੈ ਕਿ ਕੁਝ ਵਿਸਤਾਰ ਵਿੱਚ ਜਾਣਾ ਜ਼ਰੂਰੀ ਹੈ।

ਵਾਕ ਬਣਤਰ ਦੇ ਅਧਾਰ ‘ਤੇ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਕੋਈ ਭਾਸ਼ਾ ਵਧੇਰੇ ਸਮਰੱਥ ਹੈ ਅਤੇ ਕੋਈ ਘੱਟ। ਹਰ ਭਾਸ਼ਾ ਦੀ ਵਾਕ ਬਣਤਰ ਥੋੜੇ-ਬਹੁਤ ਬਣਤਰੀ ਫਰਕਾਂ ਨਾਲ ਇੱਕੋ ਜਿਹੀ ਹੈ। ਕੋਈ ਦੋ ਭਾਸ਼ਾਵਾਂ ਦਾ ਵਿਆਕਰਣ ਲੈ ਕੇ ਕੁਝ ਕੁ ਪੰਨੇ ਪੜ੍ਹਨ ਨਾਲ ਹੀ ਇਹ ਸਾਫ ਹੋ ਜਾਂਦਾ ਹੈ। ਜਿਹੜੀਆਂ ਭਾਸ਼ਾਵਾਂ ਦਾ ਕੋਈ ਵਿਆਕਰਣ ਨਹੀਂ ਵੀ ਲਿਖਿਆ ਗਿਆ ਉਹਨਾਂ ਦੀ ਵਾਕ ਬਣਤਰ ਵੀ ਓਨੀ ਹੀ ਅਮੀਰ ਹੁੰਦੀ ਹੈ ਜਿੰਨੀ ਲਿਖਤੀ ਵਿਆਕਰਣ ਵਾਲੀਆਂ ਭਾਸ਼ਾਵਾਂ ਦੀ। ਮੁਸੀਬਤ ਖੜੀ ਕਰਨ ਵਾਲੀ ਗੱਲ ਸ਼ਬਦਾਵਲੀ ਹੈ।

ਅਕਸਰ ਸੁਣਿਆ ਜਾਂਦਾ ਹੈ ਕਿ ਸਾਡੀਆਂ ਭਾਸ਼ਾਵਾਂ ਕੋਲ ਵਿਗਿਆਨ ਅਤੇ ਤਕਨੀਕ ਜਿਹੇ ਵਿਸ਼ਿਆਂ ਦੀ ਸਿੱਖਿਆ ਲਈ ਸ਼ਬਦ ਨਹੀਂ ਹਨ। ਪਰ ਇਹ ਸਮਝ ਸੌ ਫੀਸਦੀ ਅਗਿਆਨਤਾ ‘ਤੇ ਅਧਾਰਤ ਹੈ।

ਅਸਲ ਵਿੱਚ ਹਰ ਭਾਸ਼ਾ ਦੀ ਸ਼ਬਦ ਸਮਰੱਥਾ ਇਕੋ ਜਿਹੀ ਹੁੰਦੀ ਹੈ, ਕਿਉਂਕਿ ਕਿਸੇ ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਕੁਝ ਮੂਲ ਤੱਤਾਂ ਤੋਂ ਘੜੀ ਜਾਂਦੀ ਹੈ ਅਤੇ ਇਹਨਾਂ ਮੂਲ ਤੱਤਾਂ ਦੇ ਪੱਖ ਤੋਂ ਭਾਸ਼ਾਵਾਂ ਵਿੱਚ ਕੋਈ ਅੰਤਰ ਨਹੀਂ ਹੈ। ਮਿਸਾਲ ਲਈ ਹੇਠਲੇ ਅੰਗਰੇਜ਼ੀ ਸ਼ਬਦਾਂ ਨੂੰ ਵੇਖਿਆ ਜਾ ਸਕਦਾ ਹੈ:

1.        “Haem. A prefix signifying blood.

2.       Haemacyte. A blood cell.

3.       Haemagogue. Medicine that promotes the catamenial and haemorrhoidal discharges.

4.       Haemal. Pertaining to the blood.

5.       Haemalopia. An effusion of the blood into the globe of the eye; bloodshot eye.

6.       Haemngiectasis. Dilatation of a blood vessel.

7.       Haemangioma. A malformation of a blood vessels which may occur in any part of the

          body.

8.       Haemarthrosis. The presence of blood in a joint cavity.

9.       Haematemesis. The vomiting of blood.

10.      Haematin. An iron-containing constituent of haemoglobin.

11.      Haematinic. An agent improving the blood-quality.

12.      Haematinuria. The presence of haematin in the urine.

13.      Haematocele. A swelling filled with blood; haematoma.

14.      Haematocolpos. Retention of the menses due to a congenital obstruction of vagina.

15.      Haematogenesis. The development of the blood.

16.      Haematoid. Having the nature or appearance of blood.

17.      Haematology. The science dealing with the formation, composition, functions and

 diseases of the blood.

18.      Haematolysis. Destruction of blood cells and liberation of haemoglobin.

19.      Haematoma. The blood tumour; H. Auris, the blood tumour of the external.”

(Rawat, 1985 ਚੋਂ ਧੰਨਵਾਦ ਸਹਿਤ)

ਪਹਿਲੀ ਨਜ਼ਰੇ ਵੇਖਣ ਤੋਂ ਤਾਂ ਇਹ ਲੱਗੇਗਾ ਕਿ ਪੰਜਾਬੀ ਭਾਸ਼ਾ ਵਿੱਚ ਇਹਨਾਂ ਸ਼ਬਦਾਂ ਦੇ ਬਰਾਬਰ ਸ਼ਬਦ ਨਹੀਂ ਹਨ। ਪਰ ਹਕੀਕਤ ਇਹ ਹੈ ਕਿ ਇਹ ਸਾਰੇ ਸ਼ਬਦ ਇੱਕ ਹੀ ਮੂਲ ਤੱਤ ‘Heam’ (ਰੱਤ) ਨਾਲ ਵੱਖ-ਵੱਖ ਵਧੇਤਰ ਲੱਗ ਕੇ ਬਣੇ ਹਨ। ਹੇਠਾਂ ਦਿੱਤੇ ਜਾ ਰਹੇ ਇਹਨਾਂ ਦੇ ਪੰਜਾਬੀ ਸਮਾਨ-ਅਰਥੀ ਖੁਦ ਹੀ ਦੱਸ ਦੇਣਗੇ ਕਿ ਚੰਦ ਮਿੰਟਾਂ ਵਿੱਚ ਇਹਨਾਂ ਦੇ ਬਰਾਬਰ ਦੇ ਸ਼ਬਦ ਹਾਸਲ ਹੋ ਸਕਦੇ ਹਨ:

1.        Haem                     – ਰੱਤ

2.       Haemacyte               – ਰੱਤ-ਕੋਸ਼ਕਾ

3.       Haemagogue – ਰੱਤ-ਵਗਾਊ

4.       Haemal                    – ਰੱਤੂ/ਰੱਤਾਵੀ

5.       Haemalopia              – ਰੱਤੂ-ਨੇਤਰ

6.       Haemngiectasis         – ਰੱਤ-ਵਹਿਣੀ-ਪਸਾਰ

7.       Haemangioma – ਰੱਤ-ਮਹੁਕਾ

8.       Haemarthrosis – ਰੱਤ-ਜੋੜ-ਵਿਕਾਰ

9.       Haematemesis          – ਰੱਤ-ਉਲਟੀ

10.      Haematin                 – ਲੋਹ-ਰੱਤੀਆ

11.      Haematinic               – ਰੱਤ-ਵਧਾਊ

12.      Haematinuria            – ਰੱਤ ਮੂਤਰ

13.      Haematocele            – ਰੱਤ-ਗਿਲਟੀ

14.      Haematocolpos         – ਰੱਤ-ਗਰਭਰੋਧ

15.      Haematogenesis        – ਰੱਤ-ਉਤਪਾਦਨ/ਵਿਕਾਸ

16.      Haematoid                – ਰੱਤ-ਰੂਪ/ਰੰਗ, ਰੱਤੀਆ

17.      Haematology – ਰੱਤ-ਵਿਗਿਆਨ

18.      Haematolysis  – ਰੱਤ-ਹਰਾਸ

19.      Haematoma              – ਰੱਤ-ਗੰਢ

ਸੋ ਇਹ ਕਹਿਣਾ ਕਿ ਸਾਡੀਆਂ ਭਾਸ਼ਾਵਾਂ ਵਿੱਚ ਸ਼ਬਦ ਨਹੀਂ ਮਿਲਦੇ ਕਿਸੇ ਦੀ ਭਾਸ਼ਾਈ ਅਗਿਆਨਤਾ ਦਾ ਚੰਗਾ ਸਬੂਤ ਹੀ ਹੋ ਸਕਦਾ ਹੈ ਇਸ ਤੋਂ ਵੱਧ ਕੁਝ ਨਹੀਂ।

ਉਤਲੇ ਸ਼ਬਦ ਗਿਆਨ-ਵਿਗਿਆਨ ਅਤੇ ਅੰਗਰੇਜੀ ਭਾਸ਼ਾ ਦੇ ਸਬੰਧ ਬਾਰੇ ਇੱਕ ਹੋਰ ਵੱਡਾ ਤੱਥ ਸਾਹਮਣੇ ਲਿਆਉਂਦੇ ਹਨ – ਇਹਨਾਂ ਸ਼ਬਦਾਂ ‘ਚੋਂ ਇੱਕ ਵੀ ਸ਼ਬਦ ਅੰਗਰੇਜ਼ੀ ਭਾਸ਼ਾ ਦਾ ਨਹੀਂ ਹੈ। ਅੰਗਰੇਜ਼ੀ ਭਾਸ਼ੀਆਂ ਨੇ ਇਹ ਸਾਰੇ ਲਾਤੀਨੀ ਭਾਸ਼ਾ ‘ਚੋਂ ਸਿੱਧੇ ਚੁੱਕੇ ਹਨ। ਇਸ ਲਈ ਇਹ ਸਮਝਣਾ ਵੀ ਮੂਰਖਤਾ ਹੈ ਕਿ ਜੇ ਕਿਸੇ ਨੂੰ ਅੰਗਰੇਜ਼ੀ ਭਾਸ਼ਾ ਆਉਂਦੀ ਹੋਵੇ ਤਾਂ ਉਹਨੂੰ ਗਿਆਨ-ਵਿਗਿਆਨ ਦੀ ਸ਼ਬਦਾਵਲੀ ਸਮਝ ਆ ਜਾਏਗੀ, ਕਿਉਂਕਿ ਅੰਗਰੇਜ਼ੀ ਭਾਸ਼ਾ ਵਿੱਚ ਗਿਆਨ-ਵਿਗਿਆਨ ਦੀ ਬਹੁਤੀ ਸ਼ਬਦਾਵਲੀ ਲਾਤੀਨੀ, ਯੂਨਾਨੀ ਆਦਿ ਭਾਸ਼ਾਵਾਂ ਦੀ ਹੈ ਨਾ ਕਿ ਅੰਗਰੇਜ਼ੀ ਦੀ।

ਪਿਛਲੇ ਦਿਨੀਂ ਮੇਰੇ ਇੱਕ ਜੀਵ ਵਿਗਿਆਨ ਦੇ ਅਧਿਆਪਕ ਦੋਸਤ ਨੇ ਮੈਨੂੰ ਜੀਵ ਵਿਗਿਆਨ ਨਾਲ ਸਬੰਧਤ ਇੱਕ ਪੈਰਾ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਲਈ ਕਿਹਾ। ਇਹ ਪੈਰਾ ਅੰਗਰੇਜ਼ੀ ਰੂਪ ਸਮੇਤ ਹੇਠਾਂ ਦਿੱਤਾ ਜਾ ਰਿਹਾ ਹੈ ਇਸ ‘ਤੇ ਇੱਕ ਸਰਸਰੀ ਝਾਤ ਹੀ ਦੱਸ ਦੇਂਦੀ ਹੈ ਕਿ ਪੰਜਾਬੀ ਵਿੱਚ ਉੱਚੇ ਤੋਂ ਉੱਚੇ ਵਿਗਿਆਨ ਦੀ ਗੱਲ ਕਰਨੀ ਕਿੰਨੀ ਸੌਖੀ ਹੈ ਅਤੇ ਪੰਜਾਬੀ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਮੁਕਾਬਲੇ ਪੰਜਾਬੀ ਵਿੱਚ ਕਿੰਨੀ ਛੇਤੀ ਸਮਝ ਆ ਸੱਕਦੀ ਹੈ।

“ਅਪਰਾਧ-ਜਾਂਚੀ ਕੀੜਾਵਿਗਿਆਨ ਵਿੱਚ ਇੱਕ ਉਭਰ ਰਿਹਾ ਖੇਤਰ ਕੀੜਾ ਵਿਸ਼ੈਲਤਾ ਵਿਗਿਆਨਕ  ਖੇਤਰ ਹੈ ਜੋ ਮਰੇ ਮਾਨਵੀ ਮਾਸ-ਭਖੀ ਕੀੜਿਆਂ ਵਿੱਚ ਵਿਸ਼ੈਲੇ ਪਦਾਰਥਾਂ (ਔਖਧੀਆਂ, ਨਸ਼ੀਲੇ ਪਦਾਰਥ, ਵਾਤਾਵਰਣ ਪਰਦੂਸ਼ਣ ਪਦਾਰਥ, ਕੀੜੇ-ਮਾਰ ਅਤੇ ਹੋਰ ਜ਼ਹਿਰ) ਦੇ ਗਿਣਾਤਮਕ ਅਤੇ ਗੁਣਾਤਮਕ ਨਿਸਚੇਕਰਨ ਨਾਲ ਸਬੰਧਿਤ ਹੈ। ਵਿਸ਼ੈਲੇ ਪਦਾਰਥਾਂ ਦੇ ਗੁਣਾਤਮਕ ਨਿਸਚੇਕਰਨ ਨਾਲ ਮੌਤ ਦੇ ਕਾਰਣ ਅਤੇ ਉਸ ਭੂਗੌਲਿਕ ਖੇਤਰ ਬਾਰੇ ਜਾਣਕਾਰੀ ਵਿੱਚ ਵਾਧਾ ਹੁੰਦਾ ਹੈ ਜਿੱਥੇ ਮਰੀ ਦੇਹ/ਲਾਸ਼ ਪਈ ਰਹੀ ਹੋਵੇ। ਗਲ-ਸੜ ਰਹੇ ਮਾਸ-ਖੰਡ/ਉੱਤਕ ਵਿੱਚ ਮੌਜੂਦ ਜੀਵ-ਬਾਹਰੀ ਪਦਾਰਥ ਮਰੀ ਦੇਹ/ਲਾਸ਼ ਉਤਲੇ ਕੀੜਿਆਂ ਦੀ ਵਿਕਾਸ ਦਰ ਜਾਂ ਵਿਰਸਾ ਦਰ ਵਿੱਚ ਵਾਧਾ ਕਰ ਸੱਕਦੇ ਹਨ, ਇਸ ਲਈ ਉਹਨਾਂ ਦੇ ਗੁਣਾਤਮਕ ਨਿਸਚੇਕਰਨ ਨਾਲ ਪੀਐਮਆਈ-ਮਿਨ ( ਮੌਤ ਉਪਰੰਤ ਘੱਟੋ-ਘੱਟ ਅੰਤਰਾਲ) ਦਾ ਵਧੇਰੇ ਸਹੀ ਅਨੁਮਾਨ ਲਾਇਆ ਜਾ ਸੱਕਦਾ ਹੈ। ਰਸਾਇਣਕ ਪਦਾਰਥ ਕਿਉਂਕਿ ਕਿਸੇ ਕੀੜੇ ਦੇ ਵਾਧੇ ਅਤੇ ਵਿਕਾਸ ‘ਤੇ ਅਸਰ ਕਰ ਸੱਕਦੇ ਹਨ, ਇਸ ਲਈ ਇਹ ਅਸਰ ਕੀ ਹਨ  ਤੇ ਇਹ ਪੀਐਮਆਈ-ਮਿਨ ਦੇ ਨਿਸਚੇਕਰਨ ਨੂੰ ਕਿਵੇਂ ਬਦਲ ਸੱਕਦੇ ਹਨ ਦੇ ਟੀਚੇ ਨਾਲ ਪ੍ਰਯੋਗਸ਼ਾਲਾਈ ਤਜ਼ਰਬੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਹਨ ਅਤੇ ਵਿਸ਼ਵ ਪੱਧਰ ‘ਤੇ ਕੀਤੇ ਜਾਂਦੇ ਰਹੇ ਹਨ। ਪਰ ਭਾਰਤ ‘ਚੋਂ ਕੀੜਾ ਵਿਸ਼ੈਲਤਾ ਵਿਗਿਆਨਕ ਅੰਕੜਿਆਂ ਦੀ ਅਸਲ ਵਿੱਚ ਅਣਹੋਂਦ ਹੈ। ਭੂਮੰਡਲੀ ਪੱਧਰ ‘ਤੇ ਪਿਛਲੀ ਬਹੁਤੀ ਖੋਜ ਬਨਾਉਟੀ ਔਖਧੀਆਂ ਅਤੇ ਵਰਜਤ ਨਸ਼ੀਲੇ ਪਦਾਰਥਾਂ ਅਤੇ ਭਾਰੀਆਂ ਧਾਤਾਂ ਜਿਹੇ ਵਾਤਾਵਰਣ ਪਰਦੂਸ਼ਕਾਂ ਨਾਲ ਸਬੰਧਿਤ ਹੈ। ਜੈਵਫਾਸਫੇਟਾਂ ਦੇ ਅਸਰਾਂ ਬਾਰੇ ਕੁਝ ਛਪੇ ਅਧਿਐਨ ਵੀ ਮਿਲਦੇ ਹਨ, ਪਰ ਐਂਡੋਸਲਫਾਨ ਅਤੇ ਕਾਰਗੋਫਰਾਨ ਕੀੜੇਮਾਰਾਂ ਦਾ ਮੁਲੰਕਣ ਕਰਨ ਵਾਲੀਆਂ ਕੀੜਾ ਵਿਸ਼ੈਲਤਾ ਵਿਗਿਆਨਕ ਪੜਤਾਲਾਂ ਦੇ ਸਿੱਟੇ ਹਾਸਲ ਨਹੀਂ ਹਨ। ਇਸ ਕਰਕੇ, ਬਨਾਉਟੀ ਜੈਵ ਕੀੜੇ-ਮਾਰਾਂ ਦੇ ਤਿੰਨ ਵੱਖ-ਵੱਖ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੇ ਤਿਂਨ ਕੀੜੇ-ਮਾਰਾਂ, ਮਿਥਾਈਲ, ਪੈਰਾਥਿਓਨ, ਐਂਡੋਸਲਫਾਨ ਅਤੇ ਕਾਰਬੋਫਰਾਨ, ਦੀ ਇਸ ਅਧਿਐਨ ਲਈ ਚੋਣ ਕੀਤੀ ਗਈ ਹੈ। ਇਸ ਅਧਿਐਨ ਲਈ ਪਰਖੀ ਜੀਵ-ਪਿੰਡ ਵੱਡਸਿਰੀ-ਮਾਸ-ਮੱਖੀ (Chrysomya megacephala (Fab.) ਦੀ ਚੋਣ ਕੀਤੀ ਗਈ ਹੈ, ਜੋ ਸਰਬਵਿਆਪਕ ਹੈ ਅਤੇ ਜੋ ਭਾਰਤ ਵਿਚਲੀਆਂ ਅਪਰਾਧੀ ਜਾਂਚ ਮਹੱਤਾ ਵਾਲੀਆਂ ਪਹਿਲੀਆਂ ਮੱਖੀਆਂ ਵਿੱਚੋਂ ਹੈ। ਇਸ ਅਧਿਐਨ ਦਾ ਵਿਸ਼ਾ ਵੱਡਸਿਰੀ-ਮਾਸ-ਮੱਖੀਆਂ ਦੇ ਵਿਕਾਸ ਅਤੇ ਜੀਵਨ ਚੱਕਰ ‘ਤੇ ਕਾਰਬੋਫਰਾਨ, ਮਿਥਾਈਲ ਪੈਰਾਥਿਓਨ, ਐਂਡੋਸਲਫਾਨ ਦੇ ਅਸਰਾਂ ਦਾ ਅਧਿਐਨ ਹੈ। ਪਰਖੀ ਜੀਵਾਂ ਦੇ ਮਾਸ ਪਿੰਡ ਵਿੱਚ ਮੌਤ-ਪੂਰਬ ਦਾਖਲ ਕੀੜੇ-ਮਾਰਾਂ  ਦੀ ਘਣਤਾ ਦੇ ਵੱਡਸਿਰੀ-ਮਾਸ-ਮੱਖੀਆਂ ਦੇ ਵਿਕਾਸ-ਕ੍ਰਮ ਦੀਆਂ ਸਭ ਅਵਸਥਾਵਾਂ ਵਿੱਚ ਘਣਤਾ ਨਾਲ ਅੰਤਰਸਬੰਧ ਦਾ ਪਤਾ ਲਾਉਣ ਲਈ ਵਧੀਕ ਪੜਤਾਲਾਂ ਵੀ ਕੀਤੀਆਂ ਗਈਆਂ ਹਨ। ਇੰਜ ਵੱਡਸਿਰੀ-ਮਾਸ-ਮੱਖੀਆਂ ਦੀਆਂ ਵਿਕਾਸ-ਕ੍ਰਮ ਅਵਸਥਾਵਾਂ ਦੀ (ਲਾਰਵਾ (ਸੁੰਡੀ) ਅਵਸਥਾ, ਪਿਊਪਾ (ਪੂਰਬ-ਬਾਲਗ) ਅਵਸਥਾ, ਅਤੇ ਬਾਲਗ ਅਵਸਥਾ ਨੂੰ ਵਿਸ਼ੈਲਤਾ ਵਿਗਿਆਨਕ ਪੜਤਾਲਾਂ ਲਈ ਨਮੂਨੇ ਵੱਜੋਂ ਲੈ ਕੇ) ਇਕਸਾਰਤਾ ਦਾ ਪਤਾ ਲਾਇਆ ਗਿਆ ਹੈ। ਇਸ ਖੋਜ ਕਾਰਜ ਦੀਆਂ ਲੱਭਤਾਂ ਇਹ ਸਥਾਪਤ ਕਰਦੀਆਂ ਹਨ ਕਿ  ਮਿਥਾਈਲ ਪੈਰਾਥਿਓਨ, ਐਂਡੋਸਲਫਾਨ ਅਤੇ  ਕਾਰਬੋਫਰਾਨ ਨਾਲ ਵੱਡਸਿਰੀ-ਮਾਸ-ਮੱਖੀਆਂ ਦੇ ਆਮ ਵਿਕਾਸ-ਕ੍ਰਮ ਦੇ ਰੂਪਾਂ ਵਿੱਚ ਵੱਡੇ ਵਿਗਾੜ ਪੈਦਾ ਹੁੰਦੇ ਹਨ। ਸਿੱਟਿਆਂ ਤੋਂ ਇਹ ਸਾਫ ਹੁੰਦਾ ਹੈ ਕਿ ਜੇ ਪਤਾ ਨਾ ਲਾਇਆ ਜਾਵੇ ਤਾਂ ਮੁਰਦਾਰ-ਭਾਖੀ ਕੀੜਿਆਂ ਦੀ ਭਰਮਾਰ ਵਾਲੀ ਮਰੀ ਦੇਹ/ਲਾਸ਼ ਵਿੱਚ ਇਹਨਾਂ ਕੀੜੇ-ਮਾਰਾਂ ਦੀ ਮੌਜੂਦਗੀ ਦਾ ਸਿੱਟਾ ਪੀਐਮਆਈ-ਮਿਨ ਦੇ ਵੱਧ ਅਨੁਮਾਨ ਵਿੱਚ ਨਿਕਲ ਸੱਕਦਾ ਹੈ। ਜੇ ਅਨੁਮਾਨ ਲਾਰਵਾ (ਸੁੰਡੀ) ਵਿਕਾਸ ਦਰ ਜਾਂ ਲਾਰਵਾ (ਸੁੰਡੀ) ਅਤੇ ਪਿਊਪਾਈ (ਪੂਰਬਬਾਲਗ) ਅਵਸਥਾਵਾਂ ਦੇ ਕਾਲ-ਮਾਪ ‘ਤੇ ਅਧਾਰਤ ਹੋਵੇ ਤਾਂ ਅਨੁਮਾਨ ਇਹਨਾਂ ਅਵਸਥਾਵਾਂ ਸਮੇਂ ਵਿਕਾਸਰੋਧ ਕਰਕੇ ਵਾਸਤਵਿਕ ਅੰਤਰਾਲ ਨਾਲੋਂ ਘੱਟ ਹੋਵੇਗਾ। ਚੂਹਿਆਂ ਦੇ ਮਾਸ-ਖੰਡ ਵਿੱਚ ਅਤੇ ਵੱਡਸਿਰੀ-ਮਾਸ-ਮੱਖੀਆਂ ਦੀਆਂ ਅਪੂਰਨ ਅਵਸਥਾਵਾਂ ਵਿੱਚ ਮਿਲਦੇ ਅਤੇ ਦਾਖਲ ਕੀਤੇ ਗਏ ਕੀੜੇ-ਮਾਰਾਂ ਦੀ ਘਣਤਾ ਵਿੱਚ ਉੱਚ-ਦਰੀ ਨੇੜਤਾ ਵੀ ਵੇਖੀ ਗਈ ਹੈ। ਸਮੁੱਚੇ ਤੌਰ ‘ਤੇ ਇਸ ਖੋਜ ਦੇ ਸਿੱਟੇ ਪੁਨਰਸਥਾਪਤ ਕਰਦੇ ਹਨ ਕਿ ਮਰੀ ਦੇਹ/ਲਾਸ਼ ਨੂੰ ਖਾਣ ਵਾਲੀ ਮਾਸ-ਮੱਖੀ ਦੇ ਲਾਰਵੇ (ਦੀ ਸੁੰਡੀ) ਅਤੇ ਇਸ ਚੋਂ ਵਿਕਾਸ ਕਰਨ ਵਾਲੇ ਪਿਊਪੇ (ਪੂਰਬ-ਬਾਲਗ) ਤੋਂ ਪ੍ਰਾਪਤ ਕੀਤੇ ਪੱਧਰਾਂ ਤੋਂ ਕਿਸੇ ਵਿਅਕਤੀ ਵੱਲੋਂ ਮੌਤ-ਪੂਰਬ ਵਰਤੇ ਵਿਸ਼ੈਲੇ ਪਦਾਰਥ ਦੀ ਮਾਤਰਾ ਨਿਸਚਤ ਕਰਨੀ ਸੰਭਵ ਹੈ। ਇੰਜ ਵੱਡਸਿਰੀ-ਮਾਸ-ਮੱਖੀ ਦੀਆਂ ਅਪੂਰਨ ਅਵਸਥਾਵਾਂ ਇਹਨਾਂ ਕੀੜੇ-ਮਾਰਾਂ ਦੀ ਵਿਸ਼ੈਲਤਾ ਵਿਗਿਆਨਕ ਪੜਤਾਲ ਲਈ ਭਰੋਸੇਯੋਗ ਮੁਤਬਾਦਲ ਨਮੂਨੇ ਸਾਬਤ ਹੁੰਦੀਆਂ ਹਨ।

ਕੁੰਜੀਵਤ ਸ਼ਬਦ: ਅਪਰਾਧ ਜਾਂਚੀ ਕੀੜਾ ਵਿਗਿਆਨ; ਕੀੜਾ ਵਿਸ਼ੈਲਤਾ ਵਿਗਿਆਨ; ਮੌਤ-ਉਪਰੰਤ ਅੰਤਰਾਲ; ਕੀੜੇ-ਮਾਰ।”

An emerging field in Forensic Entomology is Entomotoxicology which deals with the qualitative and/or quantitative determination of toxic substances (e.g. drugs, environmental pollutants, pesticides and other poisons) in insects feeding on human remains. The qualitative determination of toxic substances and drugs can augment information on both the cause of death and the geographical area where the cadaver had been lying. The xenobiotics present in decomposing tissues might alter the development rate or the succession of the insects on the cadaver, so, their qualitative determination can provide a more accurate calculation of PMImin (minimum Postmortem Interval). Because chemicals may affect an insect’s growth and development, laboratory experiments aimed at determining what these effects are and how they may change the determination of PMImin have been specifically designed and conducted globally. However, entomotoxicological data from India is virtually nonexistent. Globally, the majority of past research pertains to pharmaceuticals and illicit drugs and environmental pollutants like heavy metals. Few published studies exist regarding the effect of organophosphates, however, there are no reported results of entomotoxicological investigations evaluating some other classes of pesticides like Organochlorines and Carbamates. Hence, three pesticides viz. Methyl parathion, Endosulfan and Carbofuran representing the three different classes of synthetic organic pesticides were chosen for the present study. The experimental organism selected for the present study is the blow fly Chrysomya megacephala (Fab.) which is ubiquitous and one of the dominant flies of forensic importance in India. The present work was carried out to study the effect of Carbofuran, Methyl parathion and Endosulfan on the patterns of development and life cycle of C. megacephala. Additional investigations were carried out to scrutinize the correlation between concentrations of these antemortem administered pesticides in the tissues of the experimental animal with their concentration in all the stages of development of C. megacephala, thus gauging the consistency of the developmental stages of C. megacephala including larval stages, pupae, puparial cases and adults as samples for toxicological investigations. These findings establish the fact that there are major aberrations produced by Methyl parathion, Endosulfan and Carbofuran on the normal developmental pattern of C. megacephala. It is evident from the results that if undetected, the presence of these pesticides in a corpse colonized by necrophagous insects can lead to PMImin overestimation. If based on larval growth rates or duration of larval and pupal stages, the estimate would be shorter than the actual interval because of retardation of development during these stages. Furthermore, the concentrations of pesticides administered and found in rat tissues and immature stages of C. megacephala were highly correlated. The overall findings of this research reiterate that it is possible to determine the dose of toxicant a person might have consumed antemortem, from the levels recovered from blow fly larvae feeding on the body and the pupae that develop from them. Thus, immature stages of C. megacephala have proven to be reliable alternative specimens for toxicological investigations involving these pesticides.

Keywords: Forensic entomology; Entomotoxicology; Chrysomya megacephala; Postmortem Interval; Pesticides

ਇਸ ਪਰਸੰਗ ਵਿੱਚ ਵਿਗਿਆਨ ਦੇ ਇੱਕ ਅਧਿਆਪਕ ਦਾ ਤਜਰਬਾ ਸਾਂਝਾ ਕਰਨਾ ਚੰਗਾ ਹੋਵੇਗਾ:

ਵਿਗਿਆਨ ਦੇ ਅਧਿਆਪਕ ਵਰੁਣ ਕੁਮਾਰ ਦਾ ਅੱਖਾਂ ਖੋਹਲਣ ਵਾਲਾ ਸੁਨੇਹਾ: “ਮੈਂ ਇੱਕ ਸਰਕਾਰੀ ਸਕੂਲ ‘ਚ ਲੁਧਿਆਣੇ ਇੱਕ ਟਿਊਟਰ ਵੱਜੋਂ ਬੱਚਿਆਂ ਨੂੰ ਭੌਤਿਕ ਵਿਗਿਆਨ (ਫਿਜਿਕਸ) ਪੜ੍ਹਾਉਂਦਾ ਹਾਂ ਤੇ ਆਪਣੇ ਕੋਚਿੰਗ ਸੈਂਟਰ ‘ਤੇ ਐਮ.ਐਸ-ਸੀ ਮੈਥ ਦੇ ਬੱਚਿਆਂ ਨੂੰ ਪੜ੍ਹਾਉਂਦਾ ਹਾਂ। ਮੇਰੇ ਕੋਲ ਜੋ ਬੱਚੇ ਪੜ੍ਹਦੇ ਹਨ, ਪਹਿਲਾਂ ਵੀ ਉਹ ਸਰਕਾਰੀ ਸਕੂਲ ਤੋਂ ਆਏ ਹੁੰਦੇ ਨੇ ਤੇ ਅੰਗਰੇਜ਼ੀ ਘੱਟ ਆਉਣ ਕਰਕੇ ਉਹ ਆਪਣੇ ਆਪ ਨੂੰ ਨਲਾਇਕ ਸਮਝਣ ਲੱਗ ਜਾਂਦੇ ਸੀ। ਪਰ ਮੈਂ ਤੁਹਾਡਾ ਲੈਕਚਰ ਕੁਝ ਸਾਲ ਪਹਿਲਾਂ ਪੱਖੋਵਾਲ ਪਿੰਡ ਦੇ ਸਕੂਲ ਪਹੁੰਚ ਕੇ ਲਾਇਆ ਸੀ ਤੇ ਉਸ ਦਿਨ ਤੋਂ ਬਾਅਦ ਮੇਰਾ ਪੜ੍ਹਾਉਣ ਦਾ ਤਰੀਕਾ ਬਦਲ ਗਿਆ। ਮੈਂ ਬੱਚਿਆਂ ਨੂੰ ਦੱਸਦਾ ਹਾਂ ਕਿ ਅੰਗਰੇਜ਼ੀ ਕੋਈ ਵਿਦਵਾਨ ਹੋਣ ਦਾ ਇਕੱਲਾ ਸਾਧਨ ਨਹੀਂ ਸਗੋਂ ਇਸ ਤੋਂ ਬਿਨਾਂ ਵੀ ਦੁਨੀਆਂ ਦੇ ਹਰ ਵਿਗਿਆਨ ਨੂੰ ਸਿੱਖਿਆ ਜਾ ਸੱਕਦਾ ਹੈ। ਮੇਰੇ ਬੱਚੇ ਪੰਜਾਬੀ ਵਿੱਚ ਭੌਤਿਕ ਵਿਗਿਆਨ ਦੇ ਕੋਈ ਵੀ ਵਿਸ਼ੇ ‘ਤੇ ਬਹੁਤ ਕੁਝ ਦੱਸ ਸੱਕਦੇ ਨੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਵਧੀਆ ਵਿਗਿਆਨੀ ਤੇ ਵਧੀਆ ਡਾਕਟਰ ਬਣਾ ਰਿਹਾ ਹਾਂ। ਅੰਗਰੇਜ਼ੀ ਬੋਲਣ ਦੀ ਰੇਸ ‘ਚ ਲੱਗੇ ਹੋਏ ਇਨਸਾਨ ਨਹੀਂ ਹੋਣਗੇ ਮੇਰੇ ਵਿਦਿਆਰਥੀ। ਮਾਤ ਭਾਸ਼ਾ ਵਿੱਚ ਵਿਗਿਆਨ ਪੜ੍ਹਾਉਣ ਨਾਲ ਮੈਂ ਖੁਦ ਨੂੰ  ਅਸਲੀ ਜਿਹਾ ਮਹਿਸੂਸ ਕਰਨ ਲੱਗਾ ਹਾਂ।

ਮੈਂ ਟੋਪੋਲੋਜੀ ਅਤੇ ਫੀਲਡ ਥਿਓਰੀ ਵੀ ਪੰਜਾਬੀ ‘ਚ ਪੜ੍ਹਾਉਂਦਾ ਹਾਂ ਤੇ ਆਪ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਮੇਰੇ ਹੀ ਐਮ.ਐਸ-ਸੀ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੇ ਟਾਪਰ ਵੀ ਰਹੇ ਨੇ 2012, 2013 ਤੇ 2014 ਵਿੱਚ ਲਗਾਤਾਰ, ਕਿਉਂਕਿ ਟੋਪੋਲੋਜੀ ਨੂੰ ਪੰਜਾਬੀ ‘ਚ ਪੜ੍ਹਨ ਵਾਲੇ ਬੱਚੇ ਹੀ ਉਸਨੂੰ ਸਮਝ ਪਾਂਦੇ ਨੇ। ਜੋਗਾ ਜੀ, ਮੈਂ ਕਾਨਵੈਂਟ ਦੇ ਬੱਚਿਆਂ ਨੂੰ ਵੀ ਭੌਤਿਕ ਵਿਗਿਆਨ (ਫਿਜਿਕਸ) ਪੜ੍ਹਾਇਆ ਹੈ। ਸੱਚੀ ਏਨਾ ਬੁਰਾ ਹਾਲ ਮੈਂ ਕਦੇ ਨਹੀਂ ਦੇਖਿਆ ਬੱਚਿਆਂ ਦਾ। ਉਹਨਾਂ ਨੂੰ ਭੌਤਿਕ ਵਿਗਿਆਨ ਤਾਂ ਕੀ ਆਉਣਾ, ਅੰਗਰੇਜ਼ੀ ਮਾਧਿਅਮ ਵਾਲਿਆਂ ਨੂੰ ਅੰਗਰੇਜ਼ੀ ਵੀ ਸਾਡੇ ਤੋਂ ਵਧੀਆ ਨਹੀਂ ਆਉਂਦੀ, ਜਦ ਕਿ ਮੈਂ ਪੰਜਾਬੀ ਮਾਧਿਅਮ ‘ਚ ਹੀ ਦਸਵੀਂ ਤੱਕ ਪੜ੍ਹਿਆ ਸੀ ਆਪ। ਮੈਂ ਆਪ ਦੀ ਇਸ ਲੜਾਈ ‘ਚ ਤੁਹਾਡਾ ਸੱਚਾ ਸਾਥੀ ਬਣਾਂਗਾ। ਪੰਜਾਬੀ ‘ਚ ਹਰ ਇੱਕ ਵਿਗਿਆਨ ਨੂੰ ਪੜ੍ਹਾਉਣ ਤੇ ਸਮਝਾਉਣ ਦੇ ਲੇਖੇ ਹੀ ਲਾਵਾਂਗਾ ਆਪਣੀ ਜਿੰਦਗੀ। ਮੈਂ ਛੋਟੇ-ਛੋਟੇ ਬੱਚਿਆਂ ਨੂੰ ਜਦੋਂ ਅੰਗਰੇਜ਼ੀ ਮਾਧਿਅਮ ਸਕੂਲ ਦੀ ਬੱਸ ‘ਚ ਜਾਂਦਾ ਦੇਖਦਾ ਹਾਂ ਤਾਂ ਮੇਰੀ ਆਤਮਾ ਕੰਗ ਜਾਂਦੀ ਹੈ। ਮੈਨੂੰ ਇਹ ਤੇ ਪਤਾ ਸੀ ਕਿ ਕੁਝ ਗਲਤ ਹੋ ਰਿਹਾ ਹੈ ਪਰ ਮੈਨੂੰ ਸਹੀ ਦਿਸ਼ਾ ਆਪ ਜੀ ਦੇ ਉਸ ਲੈਕਚਰ ਤੋਂ ਮਿਲੀ ਸੀ ਜਦੋਂ ਮੈਂ ਪੱਖੋਵਾਲ ਪਿੰਡ ਦੇ ਇੱਕ ਸਕੂਲ ਵਿੱਚ ਤੁਹਾਨੂੰ ਸੁਣਿਆ ਸੀ। ਉਸ ਦਿਨ ਨੂੰ ਮੈਂ ਕਦੇ ਨਹੀਂ ਭੁੱਲ ਸੱਕਦਾ। ਉਸ ਦਿਨ ਹੀ ਮੇਰੇ ਅਧਿਆਪਨ ਨੂੰ ਇੱਕ ਨਵੀਂ ਦਿਸ਼ਾ ਤੇ ਇੱਕ ਨਵਾਂ ਮਕਸਦ ਮਿਲਿਆ ਸੀ। ਤੁਸੀਂ ਆਪਣੇ ਮਕਸਦ ਵਿੱਚ ਜਰੂਰ ਕਾਮਯਾਬ ਹੋਵੋਗੇ, ਜੋਗਾ ਜੀ, ਕਿਉਂਕਿ ਤੁਸੀਂ ਮਨੁੱਖ ਨੂੰ ਮਨੁੱਖ ਹੋਣਾ ਸਿਖਾ ਰਹੇ ਹੋ। ਉਸਨੂੰ ਉਸ ਦੀ ਮਾਤ ਭਾਸ਼ਾ ਦੇ ਕੇ ਇੱਕ ਅਨਾਥ ਵਾਂਗੂ ਜੀਣ ਤੋਂ ਬਚਾ ਰਹੇ ਹੋ। ਇਹ ਕਾਨਵੈਂਟ ਤੇ ਅੰਗਰੇਜ਼ੀ ਮਾਧਿਅਮ ਸਕੂਲਾਂ ਦੇ ਬੱਚਿਆਂ ਨਾਲ ਵੀ ਮੇਰੀਆਂ ਭਾਵਨਾਵਾਂ ਜੁੜੀਆਂ ਨੇ ਜੋਗਾ ਜੀ, ਕਿ ਇਹਨਾਂ ਬੱਚਿਆਂ ਨੂੰ ਬਚਾ ਲਈਏ ਆਪਾਂ।”

ਇੱਕ ਹੋਰ ਮਿੱਥਿਆ ਧਾਰਣਾ ਜੋ ਅੰਗਰੇਜ਼ੀ ਛੂਤ ਰੋਗ ਦਾ ਕਾਰਣ ਬਣੀ ਹੋਈ ਹੈ ਇਹ ਹੈ ਕਿ ਅੰਗਰੇਜ਼ੀ ਦੀ ਜਾਣਕਾਰੀ ਨਾਲ ਕਿਸੇ ਲਈ ਦੁਨੀਆਂ ਭਰ ਦੇ ਦਰਵਾਜ਼ੇ ਖੁਲ੍ਹ ਜਾਂਦੇ ਹਨ। ਇਸ ਲਈ, ਦੁਨੀਆਂ ਭਰ ਵਿੱਚ ਇਸ ਮੁਹਾਜ ‘ਤੇ ਕੀ ਹੋ ਰਿਹਾ ਹੈ ਇਹ ਜਾਣਨਾ ਵੀ ਜ਼ਰੂਰੀ ਹੈ।

।।।.2.3. ਇਹ ਅੰਧ-ਵਿਸ਼ਵਾਸ ਕਿ ਵਿਦੇਸ਼ੀ ਭਾਸ਼ਾ ਗਲੋਬਲੀ ਭਾਸ਼ਾ ਹੈ

ਆਮ ਤੌਰ ‘ਤੇ ਵਿਦੇਸ਼ੀ ਭਾਸ਼ਾ ਨੂੰ ਅਗਲੇਰੀ ਪੜ੍ਹਾਈ, ਕੰਮ ਅਤੇ ਮੌਕਿਆਂ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਪਰ ਜਿਵੇਂ ਕਿ Phillipson (1992) ਕਹਿੰਦੇ ਹਨ ਕਿ ਇਹ ਕਿਸੇ ਰਾਜਸੀ ਖਲਾਅ ਵਿੱਚ ਨਹੀਂ ਵਾਪਰਿਆ ਬਲਕਿ ਤਾਕਤਵਰ ਦੇਸਾਂ ਅਤੇ ਸਮੂਹਾਂ ਵੱਲੋਂ ਆਪਣੀਆਂ ਭਾਸ਼ਾਵਾਂ ਦੇ ਪਰਚਾਰ-ਪਰਸਾਰ ਲਈ ਕੀਤੇ ਸੋਚੇ-ਸਮਝੇ ਜਤਨਾਂ ਕਰਕੇ ਹੋਇਆ ਹੈ। ਇਹ ਵੀ ਧਿਆਨ ਯੋਗ ਹੈ ਕਿ ਘੱਟ ਆਮਦਨ ਵਾਲੇ ਦੇਸ਼ਾਂ ਦੇ ਗੈਰ-ਉਪਚਾਰਕ ਖੇਤਰਾਂ ਵਿੱਚ 50 ਫੀਸਦ ਲੋਕ ਲੱਗੇ ਹੋਏ ਹਨ ਅਤੇ ਇਹ ਅਨੁਪਾਤ ਵਧ ਰਿਹਾ ਹੈ, ਅਤੇ ਇਸ ਅਬਾਦੀ ਦੀ ਸਿੱਖਿਆ ਪ੍ਰਾਇਮਰੀ ਪੱਧਰ ‘ਤੇ ਹੀ ਖਤਮ ਹੋ ਜਾਂਦੀ ਹੈ। ਇਸ ਵੱਡੇ ਬਹੁਮਤ ਨੇ ਗਲੋਬਲੀ ਮੰਡੀ ਦਾ ਹਿੱਸਾ ਨਹੀਂ ਬਣਨਾ ਅਤੇ ਇਹਨਾਂ ਲਈ ਵਿਦੇਸ਼ੀ ਭਾਸ਼ਾ ਦੇ ਕੋਈ ਮਾਅਨੇ ਨਹੀਂ।(Bruthiaux, 2002)” @ (Carol Benson, 2005)

ਇਥੇ ਇਹ ਵੀ ਵਿਚਾਰਨ ਯੋਗ ਹੈ ਕਿ ਕਿੰਨੇ ਕੁ ਭਾਰਤੀ ਹਨ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ੀ ਦੇਸਾਂ ਵਿੱਚ ਜਾਣਾ ਪੈਂਦਾ ਹੈ। ਇਹਨਾਂ ਚਾਰ ਕੁ ਬੰਦਿਆਂ ਵਾਸਤੇ ਦੇਸ ਦੀ ਪੂਰੀ ਅਬਾਦੀ ਦੇ ਗਲ ਵਿੱਚ ਅੰਗਰੇਜ਼ੀ ਦਾ ਫਾਹਾ ਪਾਇਆ ਹੋਇਆ ਹੈ। ਤੇ ਇਹਨਾਂ ਚਾਰ ਕੁ ਬੰਦਿਆਂ ਚੋਂ ਭਾਰਤ ਮਾਂ ਦੀ ਸੇਵਾ ਵੀ ਕਿਸੇ ਨੇ ਸ਼ਾਇਦ ਹੀ ਆ ਕੇ ਕਰਨੀ ਹੋਵੇ।  ਇਸ ਤੋਂ ਵੱਧ ਮੂਰਖਤਾਈ ਵਾਲੀ, ਬਲਕਿ ਬੇਸ਼ਰਮੀ ਵਾਲੀ, ਗੱਲ ਕੀ ਹੋ ਸੱਕਦੀ ਹੈ ਕਿ ਭਾਰਤ ਦੇ ਲੱਖਾਂ ਧੀਆਂ-ਪੁੱਤਰ ਦਸਵੀਂ ਪਾਸ ਦਾ ਪ੍ਰਮਾਣ-ਪੱਤਰ ਇਸ ਲਈ ਹਾਸਲ ਨਹੀਂ ਕਰ ਪਾਂਦੇ ਕਿਉਂਕਿ ਉਹ ਅੰਗਰੇਜ਼ੀ ਦਾ ਪਰਚਾ ਪਾਸ ਨਹੀਂ ਕਰ ਸੱਕੇ? ਇਹਨਾਂ ਵਿੱਚੋਂ ਸ਼ਾਇਦ ਹੀ ਕਿਸੇ ਨੇ ਕਦੇ ਆਪਣੇ ਜ਼ਿਲ੍ਹੇ ਤੋਂ ਵੀ ਬਾਹਰ ਜਾਣਾ ਹੋਵੇ। ਪੰਜਾਬ ਚੋਂ ਚਾਰ ਕੁ ਟੋਟਰੂ ਅੰਗਰੇਜ਼ੀ ਭਾਸ਼ੀ ਦੇਸਾਂ ਵਿੱਚ ਜਾਂਦੇ ਹਨ ਪਰ ਸਾਰੇ ਪੰਜਾਬ ਦੇ ਗਲ ਅੰਗਰੇਜ਼ੀ ਫਾਹਾ ਪਿਆ ਹੈ। ਪੰਜਾਬ ਚੋਂ ਹਰ ਰੋਜ਼ ਹਜ਼ਾਰਾਂ ਟਰੱਕ ਕਲਕੱਤੇ ਵੱਲ ਤੁਰਦੇ ਹਨ ਪਰ ਭਾਰਤੀ ਨੀਤੀਕਾਰ ਕਿਸੇ ਪੰਜਾਬੀ ਨੂੰ ਬੰਗਾਲੀ ਜਾਂ ਮੈਥਿਲੀ ਪੜ੍ਹਾਉਣ ਦੀ ਲੋੜ ਮਹਿਸੂਸ ਨਹੀਂ ਕਰਦੇ। ਮੈਂ ਬਹੁਤ ਪਹਿਲਾਂ ਆਪਣੇ ਇੱਕ ਵਿਅੰਗ ਲੇਖ ਵਿੱਚ ਲਿਖਿਆ ਸੀ, ‘ਦੇਸ ਬਨਾਂ ਅੰਗਰੇਜ਼ੀ ਚਿੜੀਆ, ਅਕਲਾਂ ਹੱਦਾਂ ਬੰਨੇ ਟੱਪੇ’। ਜੇ ਮੈਂ ਉਹ ਲੇਖ ਅੱਜ ਲਿਖਦਾ ਤਾਂ ਲਿਖਦਾ, ‘ਦੇਸ ਬਨਾਂ ਅੰਗਰੇਜ਼ੀ ਉੱਲੂ, ਅਕਲਾਂ ਪੀਤੀਆਂ ਸ਼ਰਮਾਂ ਘੋਲ’।

।।।.2.4. ਅੰਗਰੇਜ਼ੀ ਅਤੇ ਅੰਤਰਰਾਸ਼ਟਰੀ ਕਾਰੋਬਾਰ

ਇਹ ਵੀ ਭਰਮ ਹੈ ਕਿ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਅੰਤਰਰਾਸ਼ਟਰੀ ਕਾਰੋਬਾਰ ਵਿੱਚ ਕੋਈ ਵਾਧਾ ਕਰ ਸੱਕਦੀ ਹੈ। ਸਤਾਰ੍ਹਵੀਂ ਸਦੀ ਵਿੱਚ (ਜਦੋਂ ਕੋਈ ਇੱਕ-ਅੱਧਾ ਭਾਰਤੀ ਹੀ ਅੰਗਰੇਜ਼ੀ ਜਾਣਦਾ ਹੋਵੇਗਾ) ਦੁਨੀਆ ਦੀ ਪੈਦਾਵਾਰ ਵਿੱਚ ਭਾਰਤ ਦਾ ਹਿੱਸਾ 22 (ਬਾਈ) ਫੀਸਦੀ ਸੀ ਜੋ ਹੁਣ ਸਿਰਫ 2.5 (ਢਾਈ) ਫੀਸਦੀ ਹੈ। 1950 ਵਿੱਚ ਦੁਨੀਆਂ ਦੇ ਵਪਾਰ ਵਿੱਚ ਭਾਰਤ ਦਾ ਹਿੱਸਾ 1.78 ਫੀਸਦੀ ਸੀ ਜੋ 1995 ਵਿੱਚ ਮਾਤਰ 0.6 ਫੀਸਦੀ ਰਹਿ ਗਿਆ (ਯਾਨੀ ਕਿ ਇੱਕ ਫੀਸਦੀ ਤੋਂ ਵੀ ਘੱਟ)। ਇਹਨਾਂ ਸਾਰੇ ਸਾਲਾਂ ਵਿੱਚ ਸਾਡੀ ਲਗਭਗ ਸਾਰੀ ਉੱਚ ਸਿੱਖਿਆ ਅੰਗਰੇਜ਼ੀ ਵਿੱਚ ਹੀ ਹੁੰਦੀ ਰਹੀ ਹੈ। 5 ਕਰੋੜ ਅਬਾਦੀ (ਸਾਡੇ ਤੋਂ ਪੰਝੀ ਗੁਣਾ ਘੱਟ) ਵਾਲਾ ਦੇਸ ਕੋਰੀਆ ਆਪਣੇ ਬੱਚਿਆਂ ਨੂੰ ਆਪਣੀ ਭਾਸ਼ਾ ਵਿੱਚ ਪੜ੍ਹਾਉਂਦਾ ਹੈ ਪਰ ਵਿਸ਼ਵ ਵਪਾਰ ਵਿੱਚ ਉਸਦੀ ਥਾਂ ਸਾਡੇ ਤੋਂ ਕੋਈ 15 ਦਰਜੇ ਉੱਤੇ ਹੈ, ਉਹ ਵੀ ਕੁੱਲ ਵਪਾਰ ਵਿੱਚ। ਪ੍ਰਤਿ ਵਿਅਕਤੀ ਬਰਾਮਦ ਵਿੱਚ ਭਾਰਤ ਦਾ ਦਰਜਾ 150ਵਾਂ ਹੈ।  ਸੋ, ਇਸ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਾਰਤੀ ਨੀਤੀਕਾਰਾਂ ਦੀ ਅੰਗਰੇਜ਼ੀ ਦੀ ਸਵਾਰੀ ‘ਕਾਣੀ ਘੋੜੀ ਅੰਨ੍ਹਾ ਸਵਾਰ’ ਦੀ ਅਤਿ ਸੁੰਦਰ ਬਾਲ-ਕਹਾਣੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਕਹਾਣੀ ਸਿੱਖਿਆ ਜਾਂ ਮਨੋਰੰਜਨ ਨਹੀਂ ਤਬਾਹੀ ਕਰ ਰਹੀ ਹੈ।

IV. ਅਜੋਕੇ ਕੌਮਾਂਤਰੀ ਭਾਸ਼ਾਈ ਰੁਝਾਨ

ਅੱਜ ਦੇ ਸਮੇਂ ਵਿੱਚ ਦੁਨੀਆਂ ਵਿੱਚ ਦੋ ਭਾਸ਼ਾਈ ਰੁਝਾਨ ਸਪੱਸ਼ਟ ਵੇਖੇ ਜਾ ਸਕਦੇ ਹਨ- ਇੱਕ ਤਾਂ ਅੰਗਰੇਜ਼ੀ ਭਾਸ਼ਾ ਦਾ ਘਟ ਰਿਹਾ ਦਬਦਬਾ ਅਤੇ ਦੂਜੇ ਗੈਰ-ਅੰਗਰੇਜ਼ੀ ਭਾਸ਼ਾਵਾਂ ਦੀ ਹਰ ਖੇਤਰ ਵਿੱਚ ਵਧ ਰਹੀ ਮਹੱਤਾ। ਅਸੀਂ ਪਹਿਲਾਂ ਹੀ ਵੇਖ ਆਏ ਹਾਂ ਕਿ ਗੈਰ-ਅੰਗਰੇਜ਼ੀ ਭਾਸ਼ੀ ਜਿਹਨਾਂ ਦੇਸ਼ਾਂ ਵਿੱਚ ਵੀ (ਮਹਾਨ ਇੰਡੀਆ ਅਤੇ ਇਹਦੇ ਪੁਰਾਣੇ ਭਰਾ ਅਤੇ ਅੱਜ ਦੇ ਪੱਕੇ ਭੁਗੋਲਿਕ ਅਤੇ ਦਿਮਾਗੀ ਗੁਆਂਢੀ ਪਾਕਿਸਤਾਨ ਨੂੰ ਛੱਡ ਕੇ) ਸਿੱਖਿਆ ਅੰਗਰੇਜ਼ੀ ਭਾਸ਼ਾ ਰਾਹੀਂ ਦਿੱਤੀ ਜਾਂਦੀ ਸੀ ਉਥੇ ਜਾਂ ਤਾਂ ਇਹ ਖਤਮ ਹੋ ਰਿਹਾ ਹੈ ਜਾਂ ਦਿਨੋ-ਦਿਨ ਅੰਗਰੇਜ਼ੀ ਭਾਸ਼ਾ ਸਿੱਖਿਆ ਦੇ ਮਾਧਿਅਮ ਵੱਜੋਂ ਖਤਮ ਹੁੰਦੀ ਜਾ ਰਹੀ ਹੈ। ਦੂਜੇ ਖੇਤਰਾਂ ਵਿੱਚ ਵੀ ਇਵੇਂ ਹੀ ਹੋ ਰਿਹਾ ਹੈ।

2000 ਦੇ ਨੇੜੇ-ਤੇੜੇ ਇੰਟਰਨੈੱਟ ਤੇ 80 ਫੀਸਦੀ ਤੋਂ ਵੱਧ ਜਾਣਕਾਰੀ ਅੰਗਰੇਜ਼ੀ ਵਿੱਚ ਪ੍ਰਾਪਤ ਹੁੰਦੀ ਸੀ। ਹੁਣ ਇਹ ਪ੍ਰਤੀਸ਼ਤ 35 ਤੋਂ ਵੀ ਘੱਟ ਹੈ ਅਤੇ ਹੁਣ ਇੰਟਰਨੈੱਟ ਤੇ ਸੈਂਕੜੇ ਭਾਸ਼ਾਵਾਂ ਵਿੱਚ ਜਾਣਕਾਰੀ ਹਾਸਿਲ ਹੈ।

ਭਾਰਤ ਦੀ ਗੱਲ ਹੀ ਕਰੀਏ ਤਾਂ ਮਾਈਕਰੋਸੌਫਟ ਕੰਪਨੀ ਅਨੁਸਾਰ ਭਾਰਤ ਦਾ 95 ਫੀਸਦੀ ਵਪਾਰ ਗੈਰ-ਅੰਗਰੇਜ਼ੀ ਭਾਸ਼ਾਵਾਂ ਰਾਹੀਂ ਹੁੰਦਾ ਹੈ ਅਤੇ ਕੇਵਲ 5 ਫੀਸਦੀ ਅੰਗਰੇਜ਼ੀ ਰਾਹੀਂ।

ਦੁਨੀਆਂ ਦੀ ਅੱਜ ਇਹ ਸਥਿਤੀ ਬਣ ਚੁੱਕੀ ਹੈ ਕਿ ਜੇ ਕਿਸੇ ਨੂੰ ਸਿਰਫ ਅੰਗਰੇਜ਼ੀ ਭਾਸ਼ਾ ਆਉਂਦੀ ਹੋਵੇ ਤੇ ਦੂਜੀ ਕੋਈ ਭਾਸ਼ਾ ਨਾ ਆਉਂਦੀ ਹੋਵੇ ਤਾਂ ਕੋਈ ਵੀ ਕੰਪਨੀ ਉਸਨੂੰ ਸਭ ਤੋਂ ਬਾਅਦ ਵਿੱਚ ਨੌਕਰੀ ਦੇਵੇਗੀ। ਪਿੱਛੇ ਜਿਹੇ ਪ੍ਰਸਿੱਧ ਅੰਗਰੇਜ਼ੀ ਰਸਾਲੇ ‘ਦ ਇਕਾਨਾਮਿਸਟ’ ਵਿੱਚ ਇੱਕ ਲੇਖ ਆਇਆ ਸੀ ਜਿਸ ਵਿੱਚ ਲਿਖਿਆ ਸੀ ਕਿ ਬਰਤਾਨੀਆਂ (ਇੰਗਲੈਂਡ) ਵੱਡੇ ਘਾਟੇ ਦੀ ਅਵਸਥਾ ਵਿੱਚ ਹੈ ਕਿਉਂਕਿ ਇੰਗਲੈਂਡ ਵਾਸੀਆਂ ਨੂੰ ਸਿਰਫ ਅੰਗਰੇਜ਼ੀ ਆਉਂਦੀ ਹੈ। ਹੇਠਲੀਆਂ ਟੂਕਾਂ ਇਸ ਗੱਲ ਦਾ ਸਬੂਤ ਹਨ ਕਿ ਦੁਨੀਆਂ ਦੀ ਭਾਸ਼ਾਈ ਮੁਹਾਰ ਕਿਧਰ ਨੂੰ ਹੈ:

          ”ਅੱਜ ਦੇ ਕੰਮਕਾਰਾਂ ਨੂੰ ਅੰਗਰੇਜ਼ੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਵਿੱਚ ਬੋਲਣ ਅਤੇ ਲਿਖਣ ਦੀ ਸੰਚਾਰ ਸਮਰੱਥਾ ਦੀ ਲੋੜ ਹੈ।” @ (Stephanie Bell Rose, The Goldman Sachs Foundation; Vishakha Desai, The Asia Society www).

”ਜਿਵੇਂ-ਜਿਵੇਂ ਦੂਜੇ ਦੇਸ ਵਿਦੇਸ਼ੀ ਭਾਸ਼ਾਵਾਂ ਦੀ ਪੜ੍ਹਾਈ ਨੂੰ ਉਤਸਾਹਤ ਕਰਨ ਲਈ ਵਿੱਤੀ ਅਤੇ ਨੀਤੀਗਤ ਕਦਮ ਚੁੱਕ ਰਹੇ ਹਨ, ਮਾਹਿਰਾਂ ਦਾ ਵਿਚਾਰ ਹੈ ਕਿ ਅਮਰੀਕੀ ਵਿਦਿਆਰਥੀ ਇਸ ਵਿੱਚ ਪਿੱਛੇ ਰਹਿ ਰਹੇ ਹਨ ਅਤੇ ਗਲੋਬਲੀ ਮੰਡੀ ਵਿੱਚ ਨੁਕਸਾਨ ਉਠਾ ਸਕਦੇ ਹਨ।” @ (Asia Society news 2nd April, 2009, www).

          ”ਅੰਗਰੇਜ਼ੀ ਨੇ ਜੋ ਇਜਾਰੇਦਾਰਾਨਾ ਪੁਜੀਸ਼ਨ 20ਵੀਂ ਸਦੀ ਦੇ ਅੰਤ ਤੱਕ ਹਾਸਲ ਕਰ ਲਈ ਸੀ, 21ਵੀਂ ਸਦੀ ਵਿੱਚ ਅਜਿਹੀ ਇਜਾਰੇਦਾਰਾਨਾ ਸਥਿਤੀ ਕਿਸੇ ਵੀ ਇੱਕ ਭਾਸ਼ਾ ਦੀ ਨਹੀਂ ਰਹੇਗੀ।” @ (David Graddol. 2000 (1997). 

          ”ਅੰਗਰੇਜ਼ੀ ਅਤੇ ਸੂਚਨਾ ਤਕਨਾਲੋਜੀ ਵਿੱਚਲਾ ਨੇੜਲਾ ਰਿਸ਼ਤਾ ਥੋੜ੍ਹ-ਚਿਰਾ ਹੋ ਸਕਦਾ ਹੈ। ਜਿਵੇਂ ਅੰਗਰੇਜ਼ੀ ਬੁਲਾਰੇ ਸਭ ਤੋਂ ਵਧੀਆ ਅਤੇ ਸਭ ਤੋਂ ਨਵੀਂ ਤਕਨਾਲੋਜੀ ਦਾ ਲਾਭ ਉਠਾਉਂਦੇ ਸਨ, ਇਹ ਹੁਣ ਸੱਚ ਨਹੀਂ ਹੈ।” (ਉਹੀ)। ਧਿਆਨਯੋਗ ਹੈ ਕਿ ਇਹ ਕਿਤਾਬ ਬਰਿਟਿਸ਼ ਕੌਂਸਿਲ ਵੱਲੋਂ ਛਾਪੀ ਗਈ ਹੈ, ਜਿਸਦੀ ਜਿੰਮੇਵਾਰੀ ਦੁਨੀਆਂ ਵਿੱਚ ਅੰਗਰੇਜ਼ੀ ਦਾ ਪਰਚਾਰ-ਪਰਸਾਰ ਅਤੇ ਅਧਿਆਪਨ ਕਰਨਾ ਹੈ।

ਪੂਰੀ ਦੁਨੀਆਂ ਦੇ ਵਿਕਸਤ ਦੇਸ਼ਾਂ ਦੇ ਲਗਭਗ ਸਾਰੇ ਸਕੂਲਾਂ ਵਿੱਚ ਮਾਤ ਭਾਸ਼ਾ ਤੋਂ ਇਲਾਵਾ ਹੋਰ ਭਾਸ਼ਾਵਾਂ ਦੀ ਸਿੱਖਿਆ ਦੇਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਅਤੇ ਇਹ ਦੂਜੀਆਂ ਭਾਸ਼ਾਵਾਂ ਕੇਵਲ ਅੰਗਰੇਜ਼ੀ ਨਹੀਂ ਹਨ।

ਇਥੋਂ ਤੱਕ ਕਿ ਅਮਰੀਕਾ ਵਿੱਚ ਚੀਨੀ ਭਾਸ਼ਾ ਮਾਧਿਅਮ ਰਾਹੀਂ ਸਿੱਖਿਆ ਦੇਣ ਵਾਲੇ ਸਕੂਲ ਖੁਲ੍ਹ ਗਏ ਹਨ ਅਤੇ ਇਹਨਾਂ ਵਿੱਚ 90 ਫੀਸਦੀ ਤੋਂ ਵੱਧ ਵਿਦਿਆਰਥੀ ਗੈਰ-ਚੀਨੀ ਭਾਸ਼ੀ ਹਨ (ਹੈ ਤਾਂ ਇਹ ਨੀਤੀ ਵੀ ਗਲਤ, ਪਰ ਇਸ ਤੋਂ ਪਤਾ ਲੱਗਦਾ ਹੈ ਕਿ ਦੁਨੀਆਂ ਵਿੱਚ ਚੀਨੀ ਭਾਸ਼ਾ ਦਾ ਉਭਾਰ ਕਿਵੇਂ ਹੋ ਰਿਹਾ ਹੈ)।

ਅਮਰੀਕਾ ਵਿੱਚ 2007 ਵਿੱਚ ਚੀਨੀ ਭਾਸ਼ਾ ਸਿੱਖਣ ਵਾਲਿਆਂ ਦੀ ਗਿਣਤੀ 2000 ਦੇ ਮੁਕਾਬਲੇ 10 ਗੁਣਾ ਸੀ (USA Today, 20th November, 2007)

ਅਮਰੀਕਾ ਵਿੱਚ ਤਾਂ ਮਾਂ-ਪਿਉ ਗੈਰ-ਅੰਗਰੇਜ਼ੀ ਭਾਸ਼ਾਵਾਂ ਸਿੱਖਣ ਲੱਗ ਰਹੇ ਹਨ, ਤਾਂ ਕਿ ਉਹ ਆਪਣੇ ਬੱਚਿਆਂ ਦੀ ਦੂਜੀਆਂ ਭਾਸ਼ਾਵਾਂ ਸਿੱਖਣ ਵਿੱਚ ਮਦਦ ਕਰ ਸੱਕਣ (Education Update, 15 March 2013, www)।

          ”ਵਿਸ਼ਵ ਅਰਥਚਾਰੇ ਵਿੱਚ ਚੀਨ ਦੇ ਵਧ ਰਹੇ ਪ੍ਰਭਾਵ ਨੂੰ ਕਬੂਲਦੇ ਹੋਏ, ਪਨਾਮਾ ਸਾਰੇ ਸਕੂਲਾਂ ਵਿੱਚ ਚੀਨੀ ਦੀ ਪੜ੍ਹਾਈ ਜ਼ਰੂਰੀ ਕਰਨ ਵੱਲ ਵਧ ਰਿਹਾ ਹੈ।” @ BBC News (www) 6th December, 2007).

ਇਥੋਂ ਤੱਕ ਕਿ ਅੰਗਰੇਜ਼ੀ ਪ੍ਰਧਾਨ ਦੇਸ਼ਾਂ ਵਿੱਚ ਵੀ ਗੈਰ-ਅੰਗਰੇਜ਼ੀ ਭਾਸ਼ੀ ਲੋਕ ਅੰਗਰੇਜ਼ੀ ਨੂੰ ਛੱਡ ਰਹੇ ਹਨ। ਅਮਰੀਕਾ ਵਿੱਚ 1990 ਵਿੱਚ 3 ਕਰੋੜ 18 ਲੱਖ ਲੋਕਾਂ ਨੇ ਦਰਜ ਕਰਾਇਆ ਸੀ ਕਿ ਉਹ ਘਰ ਵਿੱਚ ਅੰਗਰੇਜ਼ੀ ਨਹੀਂ ਬੋਲਦੇ।  2000 ਜੀ ਜਨ-ਗਣਨਾ ਵਿੱਚ ਇਹ ਸੰਖਿਆ 4 ਕਰੋੜ 70 ਲੱਖ ਹੋ ਗਈ ਹੈ। ਇਹ ਵਾਧਾ ਇਹਨਾਂ ਭਾਸ਼ਾਵਾਂ ਦੇ ਬੋਲਣ ਵਾਲਿਆਂ ਦੀ ਅਬਾਦੀ ਵਿੱਚ ਵਾਧੇ ਤੋਂ ਕਿਧਰੇ ਜ਼ਿਆਦਾ ਹੈ। ਇਹਨਾਂ ਸਾਲਾਂ ਵਿੱਚ ਸਪੇਨੀ ਭਾਸ਼ਾ ਦਰਜ ਕਰਾਉਣ ਵਾਲਿਆਂ ਵਿੱਚ 60 ਫੀਸਦੀ ਵਾਧਾ ਹੋਇਆ ਹੈ।

1980 ਤੋਂ 2011 ਤੱਕ ਅਮਰੀਕਾ ਵਿੱਚ ਘਰ ਵਿੱਚ ਗੈਰ-ਅੰਗਰੇਜ਼ੀ ਭਾਸ਼ਾਵਾਂ ਬੋਲਣ ਵਾਲਿਆਂ ਦੀ ਗਿਣਤੀ ਵਿੱਚ 140 ਫੀਸਦੀ ਦਾ ਵਾਧਾ ਹੋਇਆ ਹੈ। ਜਦੋਂ ਕਿ ਇਹਨਾਂ ਸਾਲਾਂ ਵਿੱਚ ਅਮਰੀਕੀ ਅਬਾਦੀ ਵਿੱਚ ਕੇਵਲ 40 ਫੀਸਦੀ ਦਾ ਹੀ ਵਾਧਾ ਹੋਇਆ ਹੈ।

ਪੂਰਬਲੇ ਅੰਗਰੇਜ਼ੀ ਉਪਨਿਵੇਸ਼ਾਂ ਵਿੱਚ ਕਿਵੇਂ ਅੰਗਰੇਜੀ ਸੰਚਾਰ-ਤੰਤਰ (media) ‘ਚੋਂ ਬਾਹਰ ਹੋ ਰਹੀ ਹੈ ਇਸ ਦਾ ਚੰਗਾ ਸਬੂਤ ਅਰਜਨਟਾਈਨਾ ਦੇ ਇਹ ਅੰਕੜੇ ਹਨ: 1983 ਵਿੱਚ ਅਰਜਨਟਾਈਨਾ ਦੇ ਸੰਚਾਰ-ਤੰਤਰ ਦਾ 49 ਫੀਸਦੀ ਦੇਸ਼ ਤੋਂ ਬਾਹਰੋਂ ਸੀ ਜੋ 1996 ਵਿੱਚ ਘਟ ਕੇ 22 ਫੀਸਦੀ ਹੀ ਰਹਿ ਗਿਆ।

ਇੰਜ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਜਿਹੜੇ ਖੇਤਰਾਂ ਵਿੱਚ ਪਹਿਲਾਂ ਅੰਗਰੇਜ਼ੀ ਦੀ ਪ੍ਰਧਾਨਤਾ ਸੀ ਉਹਨਾਂ ਖੇਤਰਾਂ ਵਿਚੋਂ ਅੰਗਰੇਜ਼ੀ ਦਿਨੋ-ਦਿਨ ਘੱਟ ਹੁੰਦੀ ਜਾ ਰਹੀ ਹੈ।

ਭਾਸ਼ਾ ਅਧਾਰਤ ਅਨੇਕਾਂ ਕਿਸਮ ਦੀ ਤਕਨਾਲੋਜੀ (ਇੰਟਰਨੈੱਟ, ਕੰਪਿਊਟਰ, ਮੋਬਾਈਲ, ਬਿਜਲ-ਕਿਤਾਬਾਂ (ਈ-ਬੁਕਸ) ਆਦਿ) ਵਿੱਚ ਸਥਾਨਕ ਭਾਸ਼ਾਵਾਂ ਦੇ ਵਣਜ-ਵਿਉਪਾਰ ‘ਤੇ ਪ੍ਰਭਾਵ ਨੂੰ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ।

ਇਸ ਗੱਲ ‘ਤੇ ਵੀ ਬੜਾ ਧਿਆਨ ਦੇਣ ਦੀ ਲੋੜ ਹੈ ਕਿ ਅੰਗਰੇਜ਼ੀ ਭਾਸ਼ਾ ਕਾਰਣ ਸਾਡੇ ਕਿੰਨੇ ਸਿੱਖਿਆਵੀ, ਆਰਥਕ, ਵਪਾਰਕ ਅਤੇ ਭਾਸ਼ਾਈ ਨੁਕਸਾਨ ਹੋ ਰਹੇ ਹਨ।

V. ਅੰਗਰੇਜ਼ੀ ਭਾਸ਼ਾ ‘ਤੇ ਟੇਕ ਰੱਖਣ ਦੇ ਕੁਝ ਹੋਰ ਗੰਭੀਰ ਨੁਕਸਾਨ

ਅੱਜ ਦੁਨੀਆਂ ਦੇ ਲਗਭਗ ਸਾਰੇ ਦੇਸ਼ ਲੋੜ ਵਜੋਂ ਦੂਜੇ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖਣ ਵਿੱਚ ਲੱਗਦੇ ਜਾ ਰਹੇ ਹਨ। ਪਰ ਅਸੀਂ ਅੰਗਰੇਜ਼ੀ ਦੀ ਸਮਾਧੀ ਨਾਲ ਚੰਬੜੇ ਬੈਠੇ ਹਾਂ। ਅਸੀਂ ਅੰਰਗੇਜ਼ੀ ਤੋਂ ਇਲਾਵਾ ਕਿਸੇ ਵੀ ਵਿਦੇਸ਼ੀ ਭਾਸ਼ਾ ਨੂੰ ਸਿੱਖਣ ਵੱਲ ਧਿਆਨ ਨਹੀਂ ਦੇ ਰਹੇ। ਇਸ ਕਾਰਣ ਬਹੁਤ ਵੱਡੇ ਵਪਾਰਕ ਅਤੇ ਆਰਥਕ ਨੁਕਸਾਨ ਹੋ ਰਹੇ ਹਨ। ਜੇ ਅਸੀਂ ਦੂਜੇ ਦੇਸ਼ਾਂ ਦੀਆਂ ਭਾਸ਼ਾਵਾਂ ਨਹੀਂ ਸਿੱਖਾਂਗੇ ਤਾਂ ਆਉਣ ਵਾਲੇ ਥੋੜੇ ਹੀ ਸਮੇਂ ਵਿੱਚ ਨਿੱਖੜ ਜਾਵਾਂਗੇ। ਅੱਜ ਸਾਡੇ ਲਈ ਅੰਗਰੇਜੀ ਨਾਲੋਂ ਵੀ ਵੱਧ ਜ਼ਰੂਰੀ ਚੀਨੀ ਅਤੇ ਸਪੇਨੀ ਜਿਹੀਆਂ ਭਾਸ਼ਾਵਾਂ ਹਨ। ਪਰ ਅਸੀਂ ਭਵਿੱਖ ਤਾਂ ਕੀ ਵਰਤਮਾਨ ਤੋਂ ਵੀ ਅੱਖਾਂ ਬੰਦ ਕਰੀ ਬੈਠੇ ਹਾਂ। ਜਿੱਥੇ ਵੀ ਅੰਗਰੇਜ਼ੀ ਭਾਸ਼ਾ ਮਾਤ ਭਾਸ਼ਾਵਾਂ ਦੀ ਥਾਂ ਮੱਲੀ ਬੈਠੀ ਸੀ ਉਥੇ ਹੀ ਅੱਜ ਦੁਨੀਆਂ ਦੇ ਸਾਰੇ ਦੇਸ਼ ਅੰਗਰੇਜ਼ੀ ਨੂੰ ਬਾਹਰ ਕੱਢੀ ਜਾ ਰਹੇ ਹਨ। ਪਰ ਅਸੀਂ ਆਪਣੀ ਸਾਰੀ ਸਿੱਖਿਆ, ਸਭਿਆਚਾਰ ਅਤੇ ਸੰਚਾਰ ਅੰਗਰੇਜ਼ੀ ਦੇ ਹਵਾਲੇ ਕਰਦੇ ਜਾ ਰਹੇ ਹਾਂ।

ਸਭਿਆਚਾਰਕ ਤਬਾਹੀ ਦੀ ਤਾਂ ਗੱਲ ਹੀ ਨਾ ਕੀਤੀ ਜਾਵੇ ਤਾਂ ਚੰਗਾ ਹੈ। ਇੱਕ ਅਜਿਹੀ ਖੁੱਡਾ-ਪੀੜ੍ਹੀ ਤਿਆਰ ਹੋ ਰਹੀ ਹੈ ਜੋ ਨਾ ਆਪਣੀ ਭਾਸ਼ਾ, ਨਾ ਇਤਿਹਾਸ, ਨਾ ਸਾਹਿਤ, ਨਾ ਧਰਮ, ਨਾ ਗਿਆਨ-ਵਿਗਿਆਨ ਅਤੇ ਨਾ ਆਪਣੇ ਲੋਕਾਂ ਨਾਲ ਕੋਈ ਗੂੜ੍ਹਾ ਸਬੰਧ ਬਣਾ ਸਕਦੀ ਹੈ, ਅਤੇ ਨਾ ਹੀ ਕਲਾਤਮਕ ਸਿਰਜਣਾ ਦੇ ਕਿਸੇ ਡੂੰਘੇ ਅਹਿਸਾਸ ਨਾਲ ਨੇੜਤਾ ਬਣਾ ਸਕਦੀ ਹੈ। ਬਾਬੇ ਨਾਨਕ ਨੇ ਉਦੋਂ ਵਿਦੇਸ਼ੀ ਭਾਸ਼ਾ ਫਾਰਸੀ ਬੋਲਣ ਵਾਲਿਆਂ ਨੂੰ ਮਲੇਛ ਭਾਸ਼ਾ ਗਾਹਣ ਵਾਲੇ ਆਖਿਆ ਸੀ। ਅੱਜ ਬਾਬੇ ਨਾਨਕ ਦੇ ਪੈਰੋਕਾਰ ਗੁਰੂ ਗ੍ਰੰਥ ਦੀ ਭਾਸ਼ਾ ਨੂੰ ਮਾਰਨ ਵਿੱਚ ਚੇਤ-ਅਚੇਤ ਵਿਦੇਸ਼ੀ ਹਾਕਮਾਂ ਨੂੰ ਵੀ ਪਿੱਛੇ ਛੱਡ ਰਹੇ ਹਨ। ਸੋ, ਹੁਣ ਜਦੋਂ ਭਾਰਤੀ ਉੱਚ ਵਰਗ ਨੇ ਬਾਬੇ ਨਾਨਕ ਤੱਕ ਦੇ ਸੰਦੇਸ਼ ਨੂੰ ਡੂੰਘਾ ਦਫਨਾ ਦਿੱਤਾ ਹੈ ਤਾਂ ਵਿਚਾਰੇ ਗਾਂਧੀ ਮਹਾਤਮਾ ਦੀ ਕੌਣ ਸੁਣੇਗਾ। ਉਹ ਤਾਂ ਸਿਰਫ਼ ਧੋਤੀ ਪਹਿਨਦਾ ਸੀ। ਭਾਰਤੀ ਸਭਿਆਚਾਰ ਨੂੰ ਬਾਏ-ਬਾਏ ਆਖ ਕੇ ਟਾਈ-ਵਾਈ ਲਾਂਦਾ ਹੁੰਦਾ ਤਾਂ ਗੱਲ ਹੋਰ ਹੁੰਦੀ।

VI. ਭਾਸ਼ਾਵਾਂ ਖਤਮ ਕਿਵੇਂ ਹੁੰਦੀਆਂ ਹਨ

ਹੇਠਲੀਆਂ ਟੂਕਾਂ ਭਾਸ਼ਾਵਾਂ ਦੇ ਲੋਪ ਹੋ ਜਾਣ ਦੇ ਦੋ ਸਭ ਤੋਂ ਵੱਡੇ ਕਾਰਣਾਂ ਨੂੰ ਉਜਾਗਰ ਕਰਦੀਆਂ ਹਨ:

“ਲੋਕ ਆਪਣੀ ਭਾਸ਼ਾ ਵਰਤਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਅਤੇ ਵਧੇਰੇ ਵਕਾਰੀ ਭਾਸ਼ਾ ਦੇ ਹੱਕ ਵਿੱਚ ਇਸ ਨੂੰ ਤਜ ਦੇਂਦੇ ਹਨ। ਆਖਰਕਾਰ, ਉਹ ਵਿਰਸੇ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਨਹੀਂ ਦੇਂਦੇ। ਇੰਜ ਘੱਟ ਗਿਣਤੀ ਭਾਸ਼ਾ ਦੇ ਬੁਲਾਰੇ ਇਸ ਨੂੰ ਪਿੱਠ ਦੇ ਜਾਂਦੇ ਹਨ। ਇੰਜ ਭਾਸ਼ਾ ਦੀ ਵਰਤੋਂ ਦੇ ਖੇਤਰ ਲਗਾਤਾਰ ਘਟਦੇ ਜਾਂਦੇ ਹਨ, ਜਿੰਨਾ ਚਿਰ ਨਵੀਂ ਭਾਸ਼ਾ ਇਸ ਦੀ ਥਾਂ ਪੂਰੀ ਤਰ੍ਹਾਂ ਨਹੀਂ ਮੱਲ ਲੈਂਦੀ। (McMahon,1994:285).

”ਸਿੱਖਿਆ ਪ੍ਰਣਾਲੀ ਵਿੱਚ ਸਥਾਨਕ ਭਾਸ਼ਾਵਾਂ ਦੀ ਗੈਰਹਾਜ਼ਰੀ ਕਰਕੇ ਵੀ ਭਾਸ਼ਾਵਾਂ ਮਿਟ ਜਾਂਦੀਆਂ ਹਨ। ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਨੂੰ ਬਚਾਈ ਰੱਖਣ ਅਤੇ ਨਤੀਜੇ ਵੱਜੋਂ ਉਹਨਾਂ ਦੇ ਸਭਿਆਚਾਰ ਨੂੰ ਬਚਾਈ ਰੱਖਣ ਵਿੱਚ ਸਕੂਲਾਂ ਦਾ ਕੇਂਦਰੀ ਰੋਲ ਹੁੰਦਾ ਹੈ।” @ ( Eckert. T. et al, 2006).

ਕਈ ਵਾਰ ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਜੇ ਪੰਜਾਬੀ ਨੂੰ ਸਦੀਆਂ ਤੋਂ ਜਿਉਂਦੀ ਤੇ ਵਧਦੀ-ਫੁੱਲਦੀ ਆ ਰਹੀ ਹੈ ਤਾਂ ਹੁਣ ਵੀ ਕੋਈ ਖਤਰ ਨਹੀਂ ਹੋਣਾ ਚਾਹੀਦਾ। ਪਰ ਅਜਿਹੀ ਦਲੀਲ ਦੇਣ ਵਾਲੇ ਅੱਜ ਦੀਆਂ ਤੇ ਪਹਿਲਾਂ ਦੀਆਂ ਸਥਿਤੀਆਂ ਵਿਚਲਾ ਫਰਕ ਨਹੀਂ ਵੇਖਦੇ। ਸਕੂਲੀ ਸਿੱਖਿਆ ਦੀ ਅਣਹੋਂਦ ਕਰਕੇ ਪਹਿਲਾਂ ਪੰਜਾਬੀ ਭਾਸ਼ੀ ਬੱਚਿਆਂ ਦਾ ਵਾਹ ਕਿਸੇ ਹੋਰ ਭਾਸ਼ਾ ਨਾਲ ਨਹੀਂ ਸੀ ਪੈਂਦਾ। ਇਸ ਲਈ ਉਹਨਾਂ ਦੀ ਭਾਸ਼ਾ ਮੂਲ ਰੂਪ ਵਿੱਚ ਪੰਜਾਬੀ ਹੀ ਰਹਿੰਦੀ ਸੀ। ਪਰ ਅੱਜ ਹਰ ਬੱਚਾ ਸਕੂਲ ਜਾ ਰਿਹਾ ਹੈ ਅਤੇ ਸਿੱਖਿਆ ਦੇ ਮਾਧਿਅਮ ਵਾਲੀ ਭਾਸ਼ਾ ਹੀ ਦੇਰ-ਸਵੇਰ ਉਸ ਦੀ ਪਹਿਲੀ ਭਾਸ਼ਾ ਬਣ ਜਾਣ ਵਾਲੀ ਹੈ, ਕਿਉਂਕਿ ਬੱਚੇ ਦੀ ਮਾਧਿਅਮ ਵਾਲੀ ਭਾਸ਼ਾ ਵਿੱਚ ਸਮਰੱਥਾ ਮਾਤ ਭਾਸ਼ਾ ਵਿੱਚ ਸਮਰੱਥਾ ਨਾਲੋਂ ਵੀ ਵੱਧ ਹੋ ਜਾਂਦੀ ਹੈ (ਭਾਵੇਂ ਕਿ ਉਹ ਵੀ ਬਹੁਤ ਚੰਗੀ ਨਹੀਂ ਹੋ ਸੱਕਦੀ)। ਇੰਜ ਅੱਜ ਦੀਆਂ ਹਾਲਤਾਂ ਵਿੱਚ ਜੋ ਭਾਸ਼ਾਵਾਂ ਸਿੱਖਿਆ ਦਾ ਮਾਧਿਅਮ ਨਹੀਂ ਰਹਿਣਗੀਆਂ ਉਹਨਾਂ ਦਾ ਵਿਕਾਸ ਤਾਂ ਕੀ ਹੋਣਾ ਹੈ ਉਹਨਾਂ ਦਾ ਜਿੰਦਾ ਰਹਿਣਾ ਵੀ ਮੁਸ਼ਕਲ ਹੈ।

ਇਹਨਾਂ ਟਿੱਪਣੀਆਂ ਦੀ ਲੋਅ ਵਿੱਚ ਜੇ ਭਾਰਤ ਤੇ ਝਾਤ ਮਾਰੀਏ ਤਾਂ ਭਾਰਤ ਦੀਆਂ ਬਹੁਤ ਭਾਸ਼ਾਵਾਂ ਦੇ ਮਿਟ ਜਾਣ ਦਾ ਖਤਰਾ ਹਕੀਕੀ ਹੈ। ਮੈਂ ਆਪਣੇ ਇੱਕ ਲੇਖ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬੀ ਵਰਗੀ ਪੁਰਾਣੀ ਤੇ ਸਮਰੱਥ ਭਾਸ਼ਾ ਵੀ, ਜਿਸਦਾ ਅੰਗਰੇਜ਼ੀ ਨਾਲੋਂ ਪੁਰਾਣਾ ਤੇ ਅਮੀਰ ਸਾਹਿਤਕ ਵਿਰਸਾ ਹੈ, ਜਿਸਨੂੰ ਬੋਲਣ ਵਾਲਿਆਂ ਦੀ ਗਿਣਤ) 14 ਕਰੋੜ ਦੇ ਕਰੀਬ-ਕਰੀਬ ਹੈ ਉਹ ਵੀ ਉਸ ਅਮਲ ਵਿੱਚ ਦਾਖਲ ਹੋ ਗਈ ਹੈ ਜੋ ਕਿਸੇ ਭਾਸ਼ਾ ਦੇ ਖਾਤਮੇ ਵੱਲ ਲਏ ਜਾਂਦਾ ਹੈ। ਇਹੀ ਹਾਲਤ ਭਾਰਤ ਦੀਆਂ ਦੂਜੀਆਂ ਅਨੁਸੂਚਿਤ ਭਾਸ਼ਾਵਾਂ ਦੀ ਹੈ (ਹਿੰਦੀ ਸਮੇਤ)। ਗੈਰ-ਅਨੁਸੂਚਿਤ ਬਹੁਤ ਭਾਸ਼ਾਵਾਂ ਤਾਂ ਆਖਰੀ ਸਾਹ ਲੈਂਦੀਆਂ ਲੱਗਦੀਆਂ ਹਨ। ਭਾਰਤੀ ਭਾਸ਼ਾਵਾਂ ਅਤੇ ਸਭਿਆਚਾਰਾਂ ਪ੍ਰਤੀ ਇਹ ਯੋਗਦਾਨ ਹੈ ਅਜ਼ਾਦ ਭਾਰਤ ਦੇ ਹਾਕਮਾਂ ਦਾ! ਖੱਟੀ ਕੀ ਹੋਈ ਹੈ ਤੇ ਕੀ ਹੋ ਰਹੀ ਹੈ, ਇਸਦਾ ਬਿਓਰਾ ਆਪਾਂ ਉੱਤੇ ਵੇਖ ਹੀ ਲਿਆ ਹੈ। (ਭਾਸ਼ਾ ਲੋਪ ਹੋਣ ਦੀ ਪਰਕਿਰਿਆ ਬਾਰੇ ਯੂਨੈਸਕੋ (2003) ਦੀ ਰਿਪੋਰਟ ਦੇ ਹਵਾਲੇ ਨਾਲ ਪੰਜਾਬੀ ਭਾਸ਼ਾ ਦੀ ਸਥਿਤੀ ਜਾਣਨ ਲਈ ਇਸ ਦਸਤਾਵੇਜ ਦੇ ਲੇਖਕ ਵੱਲੋਂ ਲਿਖਿਆ ਲੇਖ (ਪੰਜਾਬੀ ਨੂੰ ਕਿੰਨਾ ਕੁ ਖਤਰਾ, ਫਿਲਹਾਲ, ਅੰਕ 17, ਮਾਰਚ 2013) ਜਾਂ http://punjabiuniversity.academia.edu/JogaSingh/papers ਤੋਂ ਵੇਖੋ)।

ਧੰਨਵਾਦ: ਇਸ ਦਸਤਾਵੇਜ ਵਿੱਚ ਬਹੁਤ ਵਿਦਵਾਨਾਂ ਦੀਆਂ ਬਹੁਤ ਸਾਰੀਆਂ ਖੋਜਾਂ ਵਿਚੋਂ ਟੂਕਾਂ ਦਿੱਤੀਆਂ ਗਈਆਂ ਹਨ। ਉਹਨਾਂ ਸਭਨਾਂ ਵਿਦਵਾਨਾਂ ਦਾ ਮੈਂ ਹਾਰਦਿਕ ਧੰਨਵਾਦ ਕਰਦਾ ਹਾਂ। ਇਹ ਉਹਨਾਂ ਦੀ ਮਿਹਨਤ ਅਤੇ ਪ੍ਰਤੀਬੱਧਤਾ ਦਾ ਹੀ ਨਤੀਜਾ ਹੈ ਕਿ ਮਾਤ ਭਾਸ਼ਾਵਾਂ ਨੂੰ ਏਨਾ ਵੱਡਾ ਵਿਚਾਰਧਾਰਕ ਅਧਾਰ ਮਿਲ ਪਾ ਰਿਹਾ ਹੈ।

ਮੱਕੜ-ਜਾਲ ਤੰਦ: ਭਾਸ਼ਾ ਦੇ ਮਾਮਲਿਆਂ ਬਾਰੇ ਮੇਰੇ ਵੀਡੀਓ https://www.youtube.com/channel/UCcuqlzPpaMJogbwN3I6DLkg/videos?view_as=subscriber&fbclid=IwAR201FwT3EKmLXp3alGGegfxfHeLZszzg4Glao__zMmF9_hU-LFlIYFMt0A  ਪਤੇ ਤੋਂ ਵੇਖੇ ਜਾ ਸੱਕਦੇ ਨੇ। ਇਹ ਲਿਖਤ ਪੰਜਾਬੀ (ਗੁਰਮੁਖੀ ਤੇ ਸ਼ਾਹਮੁਖੀ), ਹਿੰਦੀ, ਡੋਗਰੀ, ਤਾਮਿਲ, ਤੇਲੁਗੂ, ਕੰਨੜ, ਮੈਥਿਲੀ, ਨੇਪਾਲੀ, ਮਰਾਠੀ, ਕੋਸਲੀ, ਅਤੇ ਅੰਗਰੇਜ਼ੀ ਵਿੱਚ ਅਤੇ ਕੁਝ ਹੋਰ ਲਿਖਤਾਂ https://archive.org/details/@joga_virk?tab=uploads ਅਤੇ http://punjabiuniversity.academia.edu/JogaSingh/papers  ਪਤਿਆਂ ਤੋਂ ਪੜ੍ਹੀਆਂ ਜਾ ਸੱਕਦੀਆਂ ਨੇ।

ਹਵਾਲੇ :

Alisjabana S. Takdir. 1972. Writing a Normative Grammar for Indonesian. Language Sciences (Feb. 1972) : 11-14.

_____ . 1976. Language Planning for Modernization: The Case of Indonesian and Malaysian. The Hague: Mouton.

Ammon, Ulrich. 2009. Book Review. Medium of Instruction Policies. Which Agenda? Whose Agenda? by J.W. Tollefson and A.B.M. Tsui (eds). Mahwah, NJ and London: Lawrence, Erlbaum, 2004.

Bell, R. T. 1976 Sociolinguistics: Goals, Approaches and Problems. New York: St. Martins’ Press.

Benson, Carol. 2005. The Importance of Mother Tongue-based Schooling for Educational Quality,

Commissioned study for EFA Global Monitoring Report. Centre for Research on Bilingualism. Stockholm University.

Bernstein, B. 1966. Elaborated and Restricted Code: An Outline. Sociological Inquiry. 362:254-61.

_____ . 1971 Class, Codes and Control: Theoretical Studies towards a Sociology of Language. Lodon: Routedge & Kegan Paul.

_____ . 1974. A Brief Accont of the Theory of Codes. Appendex to Bernstein 1971.

Boas, F. 1911. Handbook of American Indian Languages. Washington: Smithsonian Inst.

Bokmla, E & J. Tlou. 1977. The Consequences of the Language Policies of African States vis-avis Education. In P. Kotey and H. Der-Houssikian, Language and Linguistic Problems of Africa Colunbia. SC: Hornbeam press.

Branko, F. 1980. Laguage Planning and Language Policies in Yugoslavia with Special Reference to Croation and Macedonian. Lingua. 51.1:55-72.

Cronian, S. 1978. Nation Building and the Irish Language Revival Movement. Eire Ireland, 13:7-14.

Davis, F. B. (ed.). 1967. Philippine Language Teaching Experiments. Quezon City: Alemar Phoenix.

De Silva, M. W. S. 1976. Diglossia and Literacy. Mysore: Central Instiute of Indian Languages.

Dua, H. R. 1976. Language Planning and Political Theory. International Jounral of Sociology of Language 118:1-6.

Eckert, T. et al. 2006. Is English a ‘killer language’, The globalisation of a code. Ethistling 1:106-18

Fasold, R. 1984. The Sociolinguistics of Society. Basil Blackwell.

Ferguson, C. 1968. Language Development. In C. Ferguage & J. Das Gupta (eds.) pp. 27-36.

Ferguage, C. & J. Das Gupta. 1968. Language Problems of Developing Countries. New York: John Wiley and Sons.

Fishman, J. 1964. Language Maintenance and Language shift as Fields of Inquiry. Linguistics. 9: 32-70.

_____ . 1965. Who Speaks what Language to Whom and When. Linguistics. 2:67-8.

_____  (ed.) 1968. Readings in the Sociology of Language. The Heague: Mounton.

_____  (ed.) 1974. Advances in Language Planning. The Hague : Moton.

_____ . 1975. The official Languages of Israel : Their Status in Law and Police Attitudes and Knowledge Concerning Them. In J. Savard and R. Vignaault (eds.), Multilingual Political Systems: Problems and Solutions. Quebec: Les preses de I’Universite’ Laval pp. 497 535.

Ferguson, C. 1977. Linguistic Theory. In Bilingual Education: Current Perspectives. Vol. 2 Linguistics. pp. 43-52.

Garvin, P.& M. Mathiot. 1956. The Urbanization of guarani Language. In A.F.C Wallac (ed.), Men and Cultures: Selected Papers from the Fifth Internatinal Conference of Anthropological and Ethnological Sciences. Phiadelphia: University of Pennsylvania Press. pp. 365-74.

Gonzatez, G. 1977. Teaching Bilingual Children. In, Bilingual Education Current Perspectives. Linguistics. pp. 53-9.

Graddol, David. 2000 (1997).  The Future of English? A Guide to Forecasting the Popularity of the English Language in the 21st century. The Bitish Council.

Halliday, M.A.K. 1973. The Linguistics Sciences and Language Teaching. Longman.

Halliday, M.A.K. 1973. Explorations in the Functions of Language. Edward Arnold.

_____ . 1978. Language as Social Semiotic. Edward Arnold.

Harries, L. 1976. The Nationalization of Swahili in Kenya. Language Sciences 5. 2:153-64.

Haugen, E. 1966. Language Conflict and Language planning: The Case of Modern Norwegian. Cambridge, MA: Harvard University Press.

_____ .1966. Linguistics and Language. In W. Bright (ed.) Socioliguistics. The Hague: Mouton. pp. 50-71.

_____ .1968. Language Planning in Modern Noway. In J. Fishman (ed.). pp 673-86.

Hopkins, T. 1977. The Development and Implementation of the National Language policy in Kenya. in Kotey & Der Houssikian. pp. 84-96.

Hymes, D. 1972. Models of the Interaction of Language and Social Life. In J.J. Gumperz and D. Hymes, Directions in Socioliguistics: The Ethrography of Communication. Holt Rinehart, and Winston Inc. pp. 35-71.

Jakobson, R. 1960. Closing Statement: Linguistics and Poetics. In T. A. Sebeok (ed.), Style in Language. MIT. pp. 350-77.

Jernudd, B. 1973. Language Planning as a Type of Language Treatment. In J. Rubin & R. Shuy (eds), Language Planning : Current issues and Research. Washington, DC: Georgetown University Press. pp. 11-23.

Labov, W. 1966. The Social Stratification of English in New York City. Washington, DC: Centre for Applied Linguistics.

_____ .1970. The study of Language in its Social Context. Studium Generale. 23:3087.

Le’vi Strauss, C. 1972. Structural Anthropology. Penguin.

Li, C. and S. A. Thompson. 1979. Chinese: Dialect Variation and Language Reform. In T.Shopen (ed.), Language and Their Status. Cambridge, MA: Winthrop Publishers. pp. 295-332.

Modiano, N. 1966. Reading Comprehension in the National Language: A Comparative Study of Bilingual and All Spanish Approaches to Reading Instruction in Selected Indian Schools in the Highlands of Chiapas. Mexico. Ph.D. Dissertation, University of New York.

_____ . 1973. Indian Education in the Chiapas Highlands. New York: Holt, Rinchart, and Winston.

Neustupny, J. 1977. Language Planning for Australia. Language Sciences 45:28-31.

Paulston, C.B. 1977. Research in Bilingual Education : Current Perspectives. Linguistics. pp. 87-151.

Polome’, E. and C.P. Hill. 1980. Language in Tanzania. Oxford: Oxford University Press for the International African Institute.

Ramos, M. et al. The Determination and Implementation of Language Policy Dobbs Ferry, NY: Oceana Publications.

Rawat, P.S. 1985 (1995). Midline Medical Dictionary. New Delhi: B Jain Pvt. Publishers Ltd.

Ray, P.S. 1968. Language Standardization. In Fishman (ed.). pp. 754-65.

RICARDO MA. DURAN NOLASCO. 2009. 21 Reasons why Filipino children learn better while using their Mother Tongue: A PRIMER on Mother Tongue-based Multilingual Education (MLE) & Other Issues on Language and Learning in the Philippines. Guro Formation Forum, University of the Philippines.

Robinson, W.R. 1972. Language and Social Behaviour. Penguin.

Rubin, J. 1973. Language Planning: Discusstion on Some Current Issues. In Rubin and Shuy (eds.). pp. 1-10.

Rubin, J. and B. Jernudd (eds.). 1971. Can Languages be Planned. Honolulu: University Press of Hawaii.

Rubin, J. & R. Shuy (eds.). 1973. Language Planning: Current Issues and Research. Washington, DC : Georgetown University Press.

Singh, Joga. 2002. Maat bhaasha da mahatav. Samdarshi.

Singh, Joga. 2013 panjabi nu kinna ku khatra (The Intensity of Endangerment to Punjabi, in Punjabi). Philhal 17:143-58.

Singh, Joga. 2013. International Opinion on Language Issues: Mother Tongue is the Key to Education, Science, Knowledge, and English Learning. Patiala: Madan Publications.

Singh, Joga. 2013. Bhaasha ke baare me antarrashTriya khoj: matri bhaasha kholti hai shiksha, gyan aur angrezi ke darvaze (in Hindi). Shahdara (Delhi): Lokmittar Parkashan.

Skutnabb-Kangas, T. 1975. Bilingualism, Semibilinguism, and Social Achievment. Paper Presented at the 4th Internaitonal Congress of Applied Linguistics. Stuttgart.

_____ . and P. Toukomaa. 1976. Teaching Migrant Children’s Mother-Tongue and Learning the Language of the Host Country in the Context of the Socio-cultural Situation of the Migrant Family. Helsinki: The Finnish National Commission for UNESCO.

Spolsky, B. 1977. American Indian Bilingual Education. Linguistics 19:57-72.

Tucker, G.R., 1977. Bilingual Education: Current Perspectives, Vol. 2. Linguistics. Arlington, VA: Centre for Applied Linguistics.

UNDP Report. 2004.

Unesco. 1953. The Use of Vernacular Languages in Education. Monographs on Fundamental Education, No. 8. Paris.

Unesco. 1953. The Use of Vernacular Languages in Education. Monographs on Fundamental Education, No. 8. Paris.

Unesco. 1968. The Use of Vernacular Languages in Education. In Joshua A. Fishman (ed.),

Unesco. 2008. The Improvement in the Quality of Mother Tongue – Based Literacy and Learning. Bankok: Unesco.

Wijnstra, J. 1978. Education of Children with Frisian Home Language. Paper Presented at the 19th International Conference on Applied Psychology. Munich.

Whorf, B.L. 1962. Language, Thought and Reality. MIT.

ਡਾ. ਜੋਗਾ ਸਿੰਘ, ਪੀ-ਐੱਚ.ਡੀ. (ਯੌਰਕ, ਯੂ.ਕੇ.); ਕਾਮਨਵੈਲਥ ਵਜੀਫ਼ਾ ਪ੍ਰਾਪਤ (1990-93); ਪ੍ਰੋਫ਼ੈਸਰ ਅਤੇ ਸਾਬਕਾ ਮੁਖੀ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ; ਸਾਬਕਾ ਡਾਇਰੈਕਟਰ, ਸੈਂਟਰ ਫ਼ਾਰ ਡਾਇਸਪੋਰਾ ਸਟੱਡੀਜ, ਪੰਜਾਬੀ, ਯੂਨੀਵਰਸਿਟੀ, ਪਟਿਆਲਾ-147002 (ਪੰਜਾਬ), ਕੋਆਰਡੀਨੇਟਰ, ਪੰਜਾਬੀ ਸੰਪਾਦਕੀ ਸਮੂਹ, ਰਾਸ਼ਟਰੀ ਅਨੁਵਾਦ ਮਿਸ਼ਨ, ਭਾਰਤ ਸਰਕਾਰ, ਕੇਂਦਰੀ ਭਾਰਤੀ ਭਾਸ਼ਾਵਾਂ ਸੰਸਥਾਨ, ਮੈਸੂਰ, ਭਾਰਤ; ਮੋਢੀ ਤੇ ਹਾਲੀਆ ਪ੍ਰਧਾਨ: ਕੈਮਪੇਨ ਫ਼ਾਰ ਲੈਂਗੁਏਜ ਇਕੁਐਲਿਟੀ ਐਂਡ ਰਾਈਟਸ।

ਜੇਬੀ: +91-9915709582; ਬਿਜ-ਡਾਕ: virkjoga5@gmail.com & jogasinghvirk@yahoo.co.in

ਸਰਬੱਤ ਦਾ ਭਲਾ!

Post Author: admin

Leave a Reply

Your email address will not be published. Required fields are marked *