ਮਿੰਨੀ ਕਹਾਣੀ / ਰੁੜ੍ਹਦੀ ਜਾਂਦੀ ਸ਼ਰਵਣ ਦੀ ਬੈਹਿੰਗੀ / ਰਵਿੰਦਰ ਚੋਟ

                                                                         

                ਇਹ ਕਰਫਿਊ ਲੱਗਣ ਤੋਂ ਕੁਝ ਦਿਨ ਪਹਿਲਾਂ ਦੀ ਗੱਲ ਹੈ । ਕਰੋਨਾ ਵਾਇਰਸ ਦੀ ਹਸਪਤਾਲਾਂ ਵਿੱਚ ਘੁਸਰ ਮੁਸਰ ਹੋਣ ਲੱਗ ਪਈ ਸੀ। ਲੋਕਾਂ ਦੇ ਮਨਾ ਵਿੱਚ ਦਹਿਸ਼ਤ ਫੈਲ ਰਹੀ ਸੀ। ਸਾਡੇ ਮਰੀਜ਼ ਨੂੰ ਜਲੰਧਰ ਤੋਂ ਜੁਬਾਬ ਮਿਲ ਗਿਆ ਸੀ । ਉਹਨਾਂ ਨੇ ਲੁਧਿਆਣੇ ਦੇ ਵੱਡੇ ਹਸਪਤਾਲ ਲਈ ਰੈਫਰ ਕਰ ਦਿਤਾ ਸੀ। ਜਲੰਧਰੋਂ ਤੁਰਨ ਲੱਗਿਆਂ ਡਾਕਟਰ ਨੇ ਸਾਨੂੰ ਦੱਸ ਦਿਤਾ ਸੀ ਕਿ ਵੀਹ ਕੁ ਫੀਸਦੀ ਬਚਣ ਦੀ ਆਸ ਹੈ ।ਉਹ ਆਪਣੇ ਸਿਰ ਉਲਾਂਭਾ ਨਹੀ ਲੈਣਾ ਚਾਹੰਦੇ ਸਨ-ਕਾਹਲੀ ਵਿੱਚ ਆਪਣਾ ਬਿੱਲ ਬਣਾ ਕੇ, ਜਮ੍ਹਾਂ ਕਰਵਾਉਣ ਲਈ ਕਹਿ ਕੇ ਡਿਸਚਾਰਜ ਸਲਿਪ ਸਾਡੇ ਹੱਥ ਫੜਾਈ ਸੀ। ਬੰਦੇ ਦਾ ਜਦੋਂ ਤਕ ਸਾਹ ਚਲਦਾ ਆਸ ਬਣੀ ਰਹਿੰਦੀ ਹੈ ਤੇ ਅਸੀਂ ਹਰ ਹੀਲਾ ਕਰਨ ਲਈ ਤਿਆਰ ਸਾਂ। ਕਹਿੰਦੇ ਹਨ ਆਸ ਨਾਲ ਹੀ ਜਹਾਨ ਹੈ ।ਅਸੀਂ ਸ਼ਾਮ ਦੇ ਛੇ ਕੁ ਵਜੇ ਲੁਧਿਆਣੇ ਹਸਪਤਾਲ ਪਹੁੰਚ ਗਏ ਸਾਂ।ਐਮਰਜੈਂਸੀ ਵਾਰਡ ਵਿੱਚ ਦਾਖਲ ਕਰਕੇ ਉਹਨਾਂ ਨੇ ਭਾਰੀ ਰਕਮ ਅਡਵਾਂਸ ਜਮ੍ਹਾਂ ਕਰਵਾਉਣ ਲਈ ਸਲਿਪ ਫੜਾ ਦਿਤੀ ਸੀ।

             “ਹੁਣੇ ਵੈਂਟੀਲੇਟਰ ਤੇ ਲਾਉਣਾਂ ਪੈਣਾ…..ਤੇ ਬਲੱਡ ਦੀ ਵੀ ਲੋੜ ਪਵੇ ਗੀ…..ਪ੍ਰਬੰਧ ਕਰ ਲਓ”। ਡਾਕਟਰ ਨੇ ਸਹਿਜੇ ਜਿਹੇ ਹੀ ਕਹਿ ਦਿਤਾ ਸੀ। ਜਲੰਧਰ ਵਾਲਿਆਂ ਨੇ ਸਾਰੇ ਟੈਸਟ ਕੀਤੇ ਸਨ ਪਰ ਇਹਨਾਂ ਨੇ ਦੁਬਾਰਾ ਫਿਰ ਉਹੀ ਟੈਸਟ ਕਰਨ ਲਈ ਬਲੱਡ ਸੈਂਪਲ ਲਏ ਸਨ-ਮਰੀਜ਼ ਦੀ ਹਾਲਤ ਵੇਖਦਿਆਂ ਸਾਡੈ ਵਿੱਚ  ਕੋਈ ਸਵਾਲ ਕਰਨ ਦੀ ਹਿੰਮਤ ਨਹੀ ਸੀ। ਮੇਰਾ ਰਿਸ਼ਤੇਦਾਰ ਜਿਹੜਾ ਕਿ ਲੁਧਿਆਣੇ ਹੀ ਰਹਿੰਦਾ ਹੈ –ਪੈਸੇ ਲੈ ਕੇ ਹੁਣੇ ਪਹੁੰਚਿਆ ਸੀ ਕਿਉਂਕਿ ਤੁਰਨ ਲੱਗਿਆ ਸਾਡੇ ਕੋਲੋ ਘਰ ਨਹੀ ਸੀ ਜਾਇਆ ਗਿਆ ਤੇ ਪੈਸੇ ਘੱਟ ਸਨ। ਮੈਂ ਉਸ ਨਾਲ ਬਲੱਡ ਦਾ ਪ੍ਰਬੰਧ ਕਰਨ ਬਾਰੇ ਗੱਲਾਂ ਕਰ ਰਿਹਾ ਸਾਂ- ਕਿਉਂਕਿ ਅਸੀਂ ਘਰ ਦੇ ਮੈਂਬਰ ਜਿਹੜੇ ਬਲੱਡ ਦੇਣ ਦੇ ਯੋਗ ਸਾਂ ਜਲੰਧਰ ਦੇ ਹਸਪਤਾਲ ਵਿੱਚ ਖੂਨ ਦੇ ਚੁਕੇ ਸਾਂ।  ਇਕ ਅਣਜਾਣ ਸੁਹਣਾ ਸੁਨੱਖਾ ਨੌਜਵਾਨ ਸਾਡੇ ਕੋਲੋ ਲੰਘਦਾ ਲੰਘਦਾ ਸਾਡੀ ਗੱਲ ਸੁਣ ਕੇ ਰੁੱਕ ਗਿਆ।

            “ਆਂਕਲ ਮੈਂ ਬਲੱਡ ਦੇ ਦਿੰਦਾ ਹਾਂ….ਤੁਸੀਂ ਕੋਈ ਫਿਕਰ ਨਾ ਕਰੋ”।ਮੈਂ ਅਜੇ ਸੋਚ ਹੀ ਰਿਹਾਂ ਸਾਂ ਕਿ ਇਹ ਕੌਣ ਹੋ ਸਕਦਾ ਹੈ-ਬਲੱਡ ਦੇਣ ਤੋਂ ਤਾਂ ਆਪਣੇ ਵੀ ਭੱਜ ਜਾਦੇਂ ਹਨ। ਮੈਂ ਸੋਚ ਰਿਹਾ ਸੀ ਇਸ ਨੇ ਸਾਡੀ ਗੱਲ ਕਿਵੇਂ ਸੁਣ ਲਈ ।

“ਬੇਟੇ ਤੁਸੀ ਏਥੇ ਕਿਵੇਂ ਆਏ ਹੋ? ਲੁਧਿਆਣੇ ਹੀ ਰਹਿੰਦੇ ਹੋ?”ਮੈਂ ਉਸ ਨੂੰ ਪੁਛਿਆ ।

              “ਆਂਕਲ ਕੀ ਦੱਸਾ ….ਅਸੀ ਵੀ ਅਮ੍ਰਿਤਸਰ ਤੋ ਆਪਣਾਂ ਮਰੀਜ਼ ਲੈਕੇ ਇਥੇ ਆਏ ਸਾਂ..ਪਰ ਇਹਨਾਂ ਨੇ ਵੀ ਚੈਕ ਕਰਕੇ ਅੱਗੇ ਪੀ. ਜੀ. ਆਈ ਚੰਡੀਗੜ੍ਹ ਨੂੰ ਰੈਫਰ ਕਰ ਦਿਤਾ” ਉਹ ਕੁਝ ਦੇਰ ਲਈ ਰੁਕਿਆ ।ਮੈਨੂੰ ਉਸਦੀ ਗੱਲ ਵਿੱਚ ਦਿਲਚਸ਼ਪੀ ਪੈਦਾ ਹੋ ਗਈ ਸੀ-ਇਕ ਦੁੱਖੀ ਨੂੰ ਦੂਸਰੇ ਦੁੱਖੀ ਨਾਲ ਹਮਦਰਦੀ ਹੋਣਾ ਸੁਭਾਵਕ ਹੀ ਹੈ।

               “ਇਥੋ ਇਕ ਸਾਡਾ ਰਿਸ਼ਤੇਦਾਰ ਨਾਲ ਰਲ ਗਿਆ…ਗੱਡੀ ਵਿੱਚ ਥਾਂ ਘੱਟ ਸੀ ਉਹ ਮੈਨੂੰ ਇਥੇ ਛੱਡ ਗਏ  ਤੇ ਮਰੀਜ਼ ਨੂੰ ਲੈ ਕੇ ਚੰਡੀਗੜ੍ਹ ਨੂੰ ਚਲੇ ਗਏ….ਮੈਨੂੰ ਕਹਿ ਗਏ ਤੂੰ ਵਾਪਿਸ ਚਲੇ ਜਾ ਪਰ ਹੁਣ ਮੈਂ ਦੇਖਿਆ ਕਿ ਮੇਰਾ ਬਟੂਆ ਤਾਂ ਗੱਡੀ ਵਿੱਚ ਰਹਿ ਗਿਆ…..ਆਂਕਲ ਮੇਰੀ ਹੈਲਪ ਕਰ ਸਕਦੇ ਹੋ ..ਮੈਨੂੰ ਅੱਸੀ ਰੁਪਏ ਅਮ੍ਰਿਤਸਰ ਜਾਣ ਲਈ ਟਰੇਨ ਦਾ ਕਿਰਾਇਆ ਚਾਹੀਦਾ..ਪਲੀਜ਼ ਆਂਕਲ”। ਮੈਂ ਅਜੇ ਉਸ ਦੀ ਗੱਲ ਬਾਰੇ ਸੋਚ ਹੀ ਰਿਹਾ ਸੀ ਮੇਰੇ ਕੋਲ ਖੜਾ ਮੇਰਾ ਬੇਟਾ ਕਹਿੰਦਾ “ਦੇ ਦਿਓ ਪਾਪਾ ਇਹ ਵਿਚਾਰਾ ਆਪਣੇ ਘਰ ਪਹੁੰਚ ਜਾਵੇਗਾ…ਇਥੇ ਹਸਪਤਾਲ ਵਾਲੇ ਵੀ ਤਾਂ ਬੇ-ਹਿਸਾਬੇ ਲਈ ਜਾ ਰਹੇ ਹਨ ,ਹਸਪਤਾਲ ਵਾਲਿਆ  ਦੀਆਂ ਪਰਚੀਆਂ ਫੜ ਫੜ ਬੇ ਹਿਸਾਬੇ ਪੈਸੇ ਜਮ੍ਹਾਂ ਕਰਵਾਈ ਜਾ ਰਹੇ ਹਾਂ ”। ਮੈ  ਤਾਂ ਪਹਿਲਾ ਹੀ ਵੈਂਟੀਲੇਟਰ ਤੇ ਪਏ ਆਪਣੇ ਮਰੀਜ਼ ਦੀ ਬੁਰੀ ਹਾਲਤ ਕਰਕੇ ਅੰਦਰੌਂ ਹਿਲਿਆ ਪਿਆ ਸੀ। ਅੰਦਰੋਂ ਟੁੱਟ ਚੁੱਕੇ ਬੰਦੇ ਦੇ ਵਿੱਚ ਕਿੰਤੂ-ਪ੍ਰੰਤੂ ਕਰਨ ਦੀ ਤਾਕਤ ਨਹੀ ਰਹਿੰਦੀ। ਮੈਂ ਆਪਣਾ ਬਟੂਆ ਕੱਢਿਆ ਤੇ ਸੌ ਰੁਪਿਆ ਉਸ ਦੇ ਹੱਥ ਫੜਾਇਆ। ਪੈਸੇ ਫੜ ਕੇ ਉਹ ਕਾਹਲੇ ਕਦਮੀਂ ਹਸਪਤਾਲ ਦੇ ਗੇਟ ਵਲ ਤੁਰ ਪਿਆ। ਗੱਲਾਂ ਗੱਲਾਂ ਵਿੱਚ ਬਲੱਡ ਲੈਣ ਵਾਲੀ ਗੱਲ ਤਾਂ ਅਸੀ ਭੁੱਲ ਹੀ ਗਏ ਸਾਂ। ਮੈਂ ਵੀ ਉਸ ਦੇ ਮਗਰ ਗੇਟ ਤਕ ਗਿਆ –ਉਹ ਪਲਾਂ ਵਿਚ ਹੀ ਅੱਖੌਂ ਓਹਲੇ ਹੋ ਗਿਆ। ਗੇਟ ਕੀਪਰ ਉਸ ਨੂੰ ਜਾਂਦੇ ਨੂੰ ਵੇਖਦਾ ਰਿਹਾ। ਮੈਂ ਫਿਰ ਐਮਰਜੈਂਸੀ ਵਾਰਡ ਅੱਗੇ ਖੜਾ ਸੋਚਾ ਦੇ ਵਹਿਣ ਵਿੱਚ ਵਹਿ ਤੁਰਿਆ ਸੀ। ਮਨ ‘ਚ ਪਹਿਲਾ ਖਿਆਲ ਇਹ ਆਇਆ ਕਿ ਉਹ ਲੜਕਾ ਸੱਚ ਹੀ ਬੋਲਦਾ ਹੋਵੇਗਾ। ਮੰਗਣਾ ਕੋਈ ਸੌਖਾ ਨਹੀ-ਨਾਲੇ ਅੱਜ ਤਕ ਕਦੇ ਕੋਈ ਸਰਦਾਰ ਮੰਗਤਾ ਦੇਖਿਆ-ਮੇਰੇ ਅੰਦਰੌਂ ਅਵਾਜ਼ ਆਈ। ਉਸਦੀ ਦਿੱਖ ਤੋਂ ਕਿਸੇ ਚੰਗੇ ਘਰ ਦਾ ਮੁੰਡਾ ਲਗਦਾ ਸੀ। ਕੋਈ ਸੌ ਰੁਪਏ ਖਾਤਰ ਝੂਠ ਤਾਂ ਨਹੀ ਬੋਲਣ ਲੱਗਾ। ਹਸਪਤਾਲ ਦੇ ਮੁਲਾਜ਼ਮਾਂ ਨੇ ਮੇਰੇ ਉਥੇ ਦੇਖਦਿਆਂ ਦੇਖਦਿਆਂ ਦੋ ਲਾਸ਼ਾ ਉਹਨਾਂ ਦੇ ਵਾਰਸਾਂ ਨੂੰ ਸੌਪੀਆ। ਮੇਰਾ ਵੀ ਦਿਲ ਬੈਠਦਾ ਜਾ ਰਿਹਾ ਸੀ ਤੇ ਮੈਂ ਮਨ ਅੰਦਰ ਹੀ ਆਪਣੇ ਮਰੀਜ਼ ਦੀ ਸਿਹਤਯਾਬੀ ਲਈ ਅਰਦਾਸਾਂ ਕਰਨ ਲੱਗਾ।

         “ਕਿਉਂ ਸਰਦਾਰ ਜੀ ਉਹ ਨੀਲੀ ਕਮੀਜ਼ ਵਾਲਾ ਲੜਕਾ ਤੁਹਾਡੇ ਕੋਲੋ ਪੈਸੇ ਤਾਂ ਨਹੀ ਮੰਗਦਾ ਸੀ”? ਉਹੀ ਗੇਟ ਕੀਪਰ ਮੇਰੇ ਕੋਲੋ ਲੰਘਦਾ ਪੁੱਛ ਰਿਹਾ ਸੀ। ਮੈਨੂੰ ਥੋੜਾ ਜਿਹਾ ਅਜੀਬ ਮਹਿਸੂਸ ਹੋਇਆ “ ਕਿਉਂ ਕੀ ਗੱਲ ਹੋਈ”? ਮੈਂ ਉਸ ਨੂੰ ਪੁਛਿਆ।

           “ਇਹ ਤਾਂ ਦੂਜੇ ਤੀਜੇ ਦਿਨ ਇਥੇ ਫਿਰਦਾ ਰਹਿੰਦਾ…ਨਸ਼ੇ ਕਰਦਾ…ਲੋਕਾਂ ਕੋਲੋ ਪੈਸੇ ਬਟੋਰਦਾ ਰਹਿੰਦਾ”। ਗੇਟ ਕੀਪਰ ਕਹਿ ਕੇ ਅੱਗੇ ਤੁਰ ਗਿਆ। ਮੈਂ ਡੂੰਘੀ ਸੋਚ ਵਿੱਚ ਡੁਬ ਗਿਆ ਕਿ ਸਾਡੀ ਮਾਣ ਮਰਜ਼ਾਦਾ ਸਭ ਨਸ਼ਿਆ ਦੇ ਦਰਿਆ ਵਿੱਚ ਵਹਿਦੀ ਜਾ ਰਹੀ ਹੈ। ਆਖਿਰ  ਸਾਡੀ ਜਵਾਨੀ ਨੂੰ ਇਹ ਨਸ਼ਿਆ ਦਾ ਦਰਿਆ ਲੈ ਡੁਬੇ ਗਾ। ਕਰੋਨਾ ਦੇ ਸਹਿਮ ਦੇ ਮਹੌਲ ਵਿੱਚ ਵੀ ਨਸ਼ਾ ਇਸ ਦੀ ਪਹਿਲੀ ਲੋੜ ਹੈ।  ਜਿਨ੍ਹਾਂ ਮਾਪਿਆ ਦਾ ਇਹ ਪੁੱਤ ਹੋਵੇਗਾ ਉਹਨਾਂ ਤੇ ਕੀ ਬੀਤਦੀ ਹੋਵੇਗੀ। ਬਜ਼ੁਰਗਾਂ ਦੀ ਬੈਹਿੰਗੀ ਕਿਹੜਾ ਸਰਵਣ ਪੁੱਤ ਚੁੱਕੇਗਾ।  ਚੰਗੇ ਭਲੇ ਮਾਪਿਆ ਨੂੰ ਬੱਚਿਆਂ ਬਾਰੇ ਉਸ ਸਮੇਂ ਪਤਾ ਲੱਗਦਾ ਜਦੋ ਉਹ ਨਸ਼ਿਆਂ ਦੇ ਭੰਵਰ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹੁੰਦੇ ਹਨ ਜਿਥੋ ਵਾਪਿਸ ਆਉਣਾ ਬਹੁਤ ਔਖਾ ਹੁੰਦਾ ਹੈ।

ਰਵਿੰਦਰ ਚੋਟ/ਫੋਨ-9872673703

ਆਬਕਾਰੀ ਤੇ ਕਰ ਅਫਸਰ(ਰਿਟਾ)

246,ਅਰਬਨ ਐਸਟੇਟ ਫਗਵਾੜਾ.

Post Author: admin

Leave a Reply

Your email address will not be published. Required fields are marked *