ਮਨੁੱਖ ਨੇ ਆਪਣੀਆਂ ਸੁਵਿਧਾਵਾਂ ਅਤੇ ਸੁੱਖਾਂ ਲਈ ਵਾਤਾਵਰਨ ਨਾਲ ਲਗਾਤਾਰ ਛੇੜਛਾੜ ਕੀਤੀ ਹੈ, ਜਿਸਦੇ ਸਿੱਟੇ ਵਜੋਂ ਮਨੁੱਖ ਨੂੰ ਕੁਦਰਤ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਦੂਸ਼ਣ, ਜੋ ਮਨੁੱਖ ਨੇ ਆਪਣੇ ਹੱਥੀਂ ਸਹੇੜਿਆ ਹੈ, ਉਸਦੇ ਬਹੁਤ ਹੀ ਭੈੜੇ ਨਤੀਜੇ ਵੇਖਣ ਨੂੰ ਮਿਲ ਰਹੇ ਹਨ। ਪਲਾਸਟਿਕ ਦਾ ਬੋਲ ਬਾਲਾ ਹੋ ਗਿਆ ਹੈ। ਇਲੈਕਟ੍ਰਾਨਿਕ ਕਚਰੇ ਨੇ ਮਨੁੱਖ ਦੀ ਸਾਵੀਂ-ਪੱਧਰੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸਿੱਟੇ ਵਜੋਂ ਨਵੀਆਂ ਬਿਮਾਰੀਆਂ ਨਵੇਂ ਵਾਇਰਸ ਮਨੁੱਖ ਉਤੇ ਹਮਲਾਵਰ ਹੋ ਕੇ ਉਸਨੂੰ ਪ੍ਰੇਸ਼ਾਨ ਕਰ ਰਹੇ ਹਨ।
ਇੱਕ ਪ੍ਰਦੂਸ਼ਣ ਸਾਨੂੰ ਵਿਖਾਈ ਦਿੰਦਾ ਹੈ। ਦੂਜਾ ਪ੍ਰਦੂਸ਼ਣ ਅਦਿੱਖ ਹੈ, ਜੋ ਸਾਡੇ ਮਨਾਂ ‘ਚ ਵਸਿਆ ਹੈ। ਇਹ ਮਾਨਸਿਕ ਪ੍ਰਦੂਸ਼ਣ ਸਾੜਾ, ਲਾਲਚ ਦੇ ਰੂਪ ‘ਚ ਮਨੁੱਖ ਦੀ ਪੈਸੇ ਦੀ ਹੋੜ ਦਾ ਨਤੀਜਾ ਹੈ, ਜੋ ਮਨੁੱਖ ਨੂੰ ਕੁਦਰਤੀ ਵਸੀਲਿਆ ਨਾਲ ਛੇੜਛਾੜ ਕਰਨ ਲਈ ਪ੍ਰੇਰਿਤ ਕਰਦਾ ਹੈ।

ਲੋੜ ਇਸ ਵੇਲੇ ਪ੍ਰਦੂਸ਼ਣ ਖ਼ਤਮ ਕਰਨ ਦੀ ਹੈ। ਜੰਗਲਾਂ ਨਾਲ ਸਾਂਝ ਪਾਉਣ ਦੀ ਹੈ, ਦਰਖਤ ਲਗਾਉਣ ਦੀ ਹੈ ਅਤੇ ਉਹ ਸੁਖ-ਸੁਵਿਧਾਵਾਂ ਤਿਆਗਣ ਦੀ ਹੈ, ਜਿਹਨਾ ਦੇ ਬਿਨ੍ਹਾਂ ਮਨੁੱਖ ਸਧਾਰਨ ਜ਼ਿੰਦਗੀ ਬਿਤਾ ਕੇ ਸਕੂਨ ਪ੍ਰਾਪਤ ਕਰ ਸਕਦਾ ਹੈ।