ਦੇਸ਼ ਭਾਰਤ ਵਿੱਚ ਕੋਰੋਨਾ ਤੋਂ ਬਿਨ੍ਹਾਂ ਹੋਰ ਬਿਮਾਰੀਆਂ ਨਾਲ ਹਰ ਰੋਜ਼ ਔਸਤਨ 25,270 ਮੌਤਾਂ ਹੋ ਰਹੀਆਂ ਹਨ। ਇੱਕ ਰਿਪੋਰਟ ਅਨੁਸਾਰ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਦਾ ਕਾਰਨ ਵੱਖੋ-ਵੱਖਰੀਆਂ ਬੀਮਾਰੀਆਂ ਹਨ। ਇਹਨਾ ਮੌਤਾਂ ਦੇ ਕਾਰਨਾਂ ਦੀ ਗਿਣਤੀ 32 ਆਂਕੀ ਗਈ ਹੈ, ਪਰ 10 ਬਿਮਾਰੀਆਂ ਹੀ ਮੁੱਖ ਤੌਰ ਤੇ ਮੌਤ ਦਾ ਵੱਡਾ ਕਾਰਨ ਹਨ, ਜਿਹਨਾਂ ਵਿਚੋਂ ਤਿੰਨ ਕਾਰਨ ਦਿਲ ਦੇ ਰੋਗ, ਕੈਂਸਰ ਤੇ ਸਾਹ ਸਬੰਧੀ ਬਿਮਾਰੀਆਂ ਹਨ। ਦੁਨੀਆਂ ਭਰ ਵਿੱਚ ਹਰ ਰੋਜ਼ 48,742 ਲੋਕ ਦਿਲ ਦੀਆਂ ਬਿਮਾਰੀਆਂ ਕਾਰਨ, 26181 ਕੈਂਸਰ ਕਾਰਨ ਅਤੇ 10,724 ਸਾਹ ਦੇ ਰੋਗਾਂ ਕਾਰਨ ਮਰਦੇ ਹਨ । ਹੋਰ ਬਿਮਾਰੀਆਂ ਨੂੰ ਵੀ ਜੇਕਰ ਮੌਤਾਂ ਦੇ ਕਾਰਨਾਂ ‘ਚ ਸ਼ਾਮਲ ਕਰ ਲਈਏ ਤਾਂ ਬੀਮਾਰੀਆਂ ਨਾਲ ਮਰਨ ਵਾਲੇ ਲੋਕਾਂ ਦੀ ਰੋਜ਼ਾਨਾ ਗਿਣਤੀ 1,47, 118 ਹੈ। ਜਦਕਿ ਕੋਰੋਨਾ ਕਾਰਨ 11 ਮਾਰਚ ਤੋਂ 15 ਮਈ ਤੱਕ ਦੁਨੀਆਂ ‘ਚ ਰੋਜ਼ਾਨਾ ਮੌਤਾਂ ਦੀ ਔਸਤ 4517 ਹੈ। ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਭਾਰਤ ਹੈ ਜਿਥੇ ਕੋਰੋਨਾ ਤੋਂ ਇਲਾਵਾ ਹੋਰ ਕਾਰਨਾਂ ਕਰਕੇ ਰੋਜ਼ਾਨਾ 25,270 ਮੌਤਾਂ ਹੁੰਦੀਆਂ ਹਨ।
ਅਸਲ ਵਿੱਚ ਅੱਤਵਾਦ ਦੇ ਹਊਏ ਵਾਂਗਰ ਕੋਰੋਨਾ ਵੀ ਇੱਕ ਹਊਆ ਬਣ ਚੁੱਕਾ ਹੈ। ਰਤਾ ਧਿਆਨ ਕਰੋ ਕਿ ਦੁਨੀਆ ਭਰ ‘ਚ ਅੱਤਵਾਦ ਕਾਰਨ ਔਸਤਨ 72 ਮੌਤਾਂ ਰੋਜ਼ਾਨਾ ਹੁੰਦੀਆਂ ਹਨ। ਦੇਸ਼ ਇਸ ਵੇਲੇ ਬੇਮਿਸਾਲ ਸਿਹਤ ਸੰਕਟ ਵਿਚੋਂ ਗੁਜ਼ਰ ਰਿਹਾ ਹੈ। ਸਿਹਤ ਸੰਕਟ ‘ਤੇ ਲਗਾਮ ਲਾਉਣ ਦੇ ਮਾਮਲੇ ‘ਚ ਵੱਡੀਆਂ ਕੋਸ਼ਿਸ਼ਾਂ ਦੀ ਲੋੜ ਹੈ। ਸਿਰਫ਼ ਗੱਲਾਂ ਨਾਲ ਢਿੱਡ ਨਹੀਂ ਭਰਨੇ, ਜ਼ਮੀਨੀ ਪੱਧਰ ਉਤੇ ਸਿਹਤ ਸਹੂਲਤਾਂ ‘ਚ ਇਹੋ ਜਿਹੇ ਸੁਧਾਰ ਦੀ ਲੋੜ ਹੈ ਤਾਂ ਕਿ ਸਹੂਲਤਾਂ ਆਮ ਆਦਮੀ ਤੱਕ ਪਹੁੰਚਣ ਤੇ ਲੋਕ ਕੋਰੋਨਾ ਤੋਂ ਇਲਾਵਾ ਦੂਜੀਆਂ ਬਿਮਾਰੀਆਂ ਦੇ ਇਲਾਜ਼ ਦੀ ਸਹੂਲਤ ਵੀ ਪ੍ਰਾਪਤ ਕਰ ਸਕਣ।