ਕਹਾਣੀ/ ਬੂਟਾ ਰਾਮ ਪੂਰਾ ਹੋ ਗਿਐ ! / ਲਾਲ ਸਿੰਘ

 

 

ਕਿੰਨਾ ਈ ਚਿਰ ਤੋਂ ਮੈਂ ਉਸ ਨਾਲ ਦੁਆ-ਸਲਾਮ ਨਹੀਂ ਸੀ ਕੀਤੀ । ਨਾ ਈ ਉਸ ਨੇ ਮੇਰਾ ਰਾਹ ਰੋਕ ਕੇ ,ਮੇਰੇ ਮੇਢੇ ਤੇ ਹੱਥ ਰੱਖ ਕੇ ਹੁਣ ਕਦੀ ਪੁੱਛਿਆ ਸੀ – ਕੀ ਹਾਲ ਐ ਭਾਅ ਤੇਰੀ ਪੜ੍ਹਾਈ ਲਿਖਾਈ ਦਾਆ ….?

ਅਸੀਂ ਜਦ ਦੇ ਇਕ ਦੂਜੇ ਨਾਲ ਘਿਓ-ਖਿਚੜੀ ਹੋਏ ਸਾਂ ਉਹ ਮੈਨੂੰ ਕਈ ਵਾਰ ਇਹੋ ਗੱਲ ਆਖ ਚੁੱਕਾ ਸੀ – ਭਾਅ ਜੀ ਤੂੰ ਲਿਖਣ-ਪੜ੍ਹਨ ਆਲਾ ਬੰਦਾ ਐਂ ,ਇਲਮ-ਵਿਦਿਆ ਨਾ ਧੋਖਾ ਨਾ ਕਰੀਂ । ਜੋ ਕੁਸ਼ ਤੇਰਾ ਅੰਦਰਲਾ ਆਖੇ , ਓਹੀ ਅਪਣੀ ਕਲਮ ਦੀ ਜੀਭ ਤੇ ਲਿਆਈਂ …..। ਏਹੀ ਤੇਰੀ ਅਸਲ ਕਮਾਈ ਐ…..।

ਪਿੰਡ ਦੇ ਹੋਰਨਾਂ ਮੁੰਡਿਆਂ ਨੂੰ ਵੀ ਉਹ ਚੰਗੀਆਂ-ਸੋਹਣੀਆਂ ਗੱਲਾਂ ਦੱਸਣਾ । ਕਿਸੇ ਨੂੰ ਪੜ੍ਹਨ-ਲਿਖਣ ਦੀਆਂ,  ਕਿਸੇ ਨੂੰ ਖੇਤੀ-ਨੌਕਰੀ ਦੀਆਂ, ਕਾਰ-ਕਿੱਤੇ ਦੀਆਂ ,ਸੈਰ- ਕਸਰਤ ਬਾਰੇ ਜਾਂ ਕੁਸ਼ਤੀ ਲੜਨ ਬਾਰੇ । ਆਪਣੇ ਤੋਂ ਛੋਟਿਆਂ ਨੂੰ ਵੀ , ਆਪਣੇ ਤੋਂ ਵੱਡਿਆਂ ਨੂੰ ਵੀ  । ਕਹਿੰਦਾ ਉਹ ਸਭ ਨੂੰ ਭਾਅ ਜੀ ਈ ।

ਬਚਨਾ ਉਸ ਦੀ ਇਕੋ ਨਸੀਅਤ ਨਾਲ ਤੰਦਰੁਸਤ ਹੋ ਗਿਆ । ਦਿਨਾਂ ਅੰਦਰ ਹੀ ਫਿਰਨ-ਤੁਰਨ ਲੱਗ ਪਿਆ ,ਘੋੜੇ ਵਾਂਗ । ਸਵੇਰ ਦੀ ਗਜ਼ਾ ਕਰਦਾ, ਉਹ ੳਚੇਚ ਨਾਲ ਇਕ ਦਿਨ ਉਸ ਦੇ ਘਰ ਜਾ ਕੇ ਆਖ ਆਇਆ – ਭਾਅ ਜੀ ਤੂੰ ਰੇਜ ਅੱਡੇ ਤੱਕ ਸੈਰ ਕਰਿਆ ਕਰ । ਇਕ ਮੀਲ ਆਉਣ ਇਕ ਜਾਣ । ਆਉਂਦੀ ਵੇਰੀ ਮੈਨੂੰ ਮਿਲ ਕੇ ਆਉਣਾ, ਬਰ ਜ਼ਰੂਰ ….।ਹੁਣ ਮੀਂਹ ਜਾਏ ਹਨ੍ਹੇਰੀ ਜਾਏ , ਬਚਨੇ ਨੂੰ ਸੈਰ ਕਰਨੀ ਨਈਂ ਭੱਲੀ । ਕਈ ਸਾਲ ਹੋ ਗਏ ।

ਕੀੜੀ ਦਾ ਨਸ਼ਾ-ਪੱਤਾ ਵੀ ਬਾਬੇ ਨੇ ਚੁਟਕੀ ਚ ਵਗਾਹ ਮਾਰਿਆ । ਆਖਣ ਲੱਗਾ –“ ਭਾਅ ਕੀੜੀ ਸਿਆਂ, ਜਿਸਲੇ ਪੀਣ ਨੂੰ ਜੀਅ ਕਰੇ , ਐਥੇ ਪਹੁੰਚ ਜਿਆ ਕਰ ਨੱਠ ਕੇ । ਅੱਗੇ ਮੈਂ ਜਾਣਾ ਮੇਰਾ ਕੰਮ….। ਓਹੀ ਗੱਲ ਹੋਈ । ਕੁਟੀਆ ਪਹੁੰਚ ਕੀੜੀ ਨੂੰ ਸ਼ਰਦਾਈ ਮਿਲਦੀ ਠੰਢੀ-ਠਾਰ । ਚਾਹ ਮਿਲਦੀ ਲੌਂਗ-ਲੈਚੀਆਂ ਵਾਲੀ , ਤਰ –ਗਰਮ । ਕੀੜੀ ਦੀ ਬਾਏ-ਖੁਸ਼ਕੀ ਜੜ੍ਹੋਂ ਚੁੱਕੀ ਗਈ ।ਕੀੜੀ ਨੇ ਹੁਣ ਤੱਕ ਬਾਬੇ ਦੇ ਪੈਰ ਨਈਂ ਛੱਡੇ- ਤੂੰ ਤਾਂ ਬਾਬਾ ਰੱਖ ਵਖਾਈ ਆ । ਮੈਂ ਤੇਰਾ ਹਸਾਨ ਜ਼ਿੰਦਗੀ ਭਰ ਨਈਂ ਭੁਲਦਾ….। ਇਹੋ ਹਾਲ ਬਾਗੇ ਦਾ ਸੀ , ਬਾਗੇ ਜੱਫਲ ਦਾ ।ਉਹਦੀ ਘਰਦਿਆਂ ਨਾਲ ਕੜਈਂ ਨਈਂ ਸੀ ਬਣਦੀ । ਹਰ ਵੇਲੇ ਵੰਢੂੰ-ਖਾਊਂ , ਵੱਢੂੰ-ਖਾਊਂ ਕਰਦਾ ਰਹਿੰਦਾ – ਮੈਂ ਓਨਾ ਚਿਰ ਕਰਨਾ ਕੱਖ ਨਈਂ । ਡੱਕਾ ਦੋਹਰਾ ਨਹੀਂ ਕਰਨਾ ਜਿੰਨਾ ਚਿਰ ਅੱਧੀ ਪੈਲੀ ਮੇਰੇ ਨਾਂ ਨਈਂ ਲੱਗਦੀ । ਮੈਂ ਅਨਪੜ੍ਹ-ਗਵਾਰ ਛੋਟੇ ਦੇ ਮੂੰਹ ਅੱਲ ਦੇਖੂੰ ! ਉਹਨੇ ਤਾਂ ਰੁੱਗਾਂ ਦੇ ਰੁੱਗ ਲਿਆਉਣੇ ਆਂ ਅਫਸਰ ਬਣ ਕੇ । ਮੈਂ ਕਿਉਂ ਗੋਡੇ ਤੜਾਮਾਂ ਕਿਸੇ ਲਈ ! ਅੱਗੋ ਦੇਖ ਈ ਲਿਆ ਤਾਏ ਨੇ ਕਿੱਦਾਂ ਕੀਤੀ ਆ, ਪੇਅ ਸਾਡੇ ਨਾ….। ਉਹਦਾ ਹਿਰਖ਼ ਬਾਬਾ ਕਈ ਚਿਰ ਸੁਣਦਾ ਰਿਹਾ । ਕਈ ਚਿਰ ਉਸ ਨੂੰ ਮਿੱਠਿਆਂ-ਪਿਆਰੀਆਂ ਸੁਣਾਉਂਦਾ ਰਿਹਾ ।ਪਰ, ਬਾਗੋ ਦੀ ਪਾਣ ਰਤਾ-ਮਾਸਾ ਵੀ ਮੱਠੀ ਨਾ ਪਈ ।ਹਾਰ ਕੇ ਬਾਬੇ ਨਾ ਇਕ ਦਿਨ ਉਸ ਨੂੰ ਮਸ਼ਕਰੀ ਜਿਹੀ ਕੀਤੀ –   ਜੇ ਨਈਂ ਚਿੱਤ ਖੁੱਭਦਾ ਕੰਮ ਚ , ਤਾਂ ਆ ਬਹਿ ਐਥੇ ,ਮੇਰੇ ਲਾਗੇ । ਸਾਧ ਬਣ ਜਾ ਸਾਧ ਮੇਰੇ ਅਰਗਾ । ਮਿਹਨਤ –ਮੁਸ਼ੱਕਤ ਤੋਂ ਬਚਣ ਦਾ ਇਹ ਰਾਹ ਵਧੀਆ । ਗਜ਼ਾ ਕਰ  ਛੱਡੀ , ਦਾਲ ਫੁਲਕਾ ਖਾ ਛੱਡਿਆ ।ਬਾਕੀ ਸਭ ਠੀਕ-ਠਾਕ ! ਬਾਗੇ ਦੀ ਜੱਟ-ਹਊਂ ਉਸ ਦਿਨ ਪਤਾ ਨਈਂ ਵੱਟ ਜਿਹਾ ਖਾ ਗਈ, ਪਤਾ ਨਈਂ ਹੋਰ ਕੋਈ ਸੰਸਾ ਉਸ ਦਾ ਅੰਦਰ ਮੱਲ ਬੈਠਾ । ਅੱਗੇ ਤੋਂ ਘਰਦਿਆਂ ਅੱਗੇ ਚੂੰ ਨਈਂ ਕੀਤੀ ਉਹਨੇ ।ਪੂਰਾ ਖੁੱਭ ਕੇ ਖੇਤੀ ਕੀਤੀ ।ਐਨ ਡਟ ਕੇ ਸੇਵਾ ਕੀਤੀ ਬਾਗਾਂ ਦੀ ।ਗੁੱਲੂ ਬਾਗਬਾਨੀ ਦਾ ਈ ਕੋਈ ਖਾਸ ਵਿਗਿਆਨੀ ਬਣ ਗਿਆ । ਕਈ ਵਾਰ ਬਾਹਰਲੇ ਦੇਸੀਂ ਜਾਂਦੀ , ਸਲਾਹਾਂ ਦੇਣ ।ਉਸ ਦੀਆਂ  ਫੋਟੋਆਂ ਅਖ਼ਬਾਰਾਂ ਵਿੱਚ ਛਪਦੀਆਂ । ਬਾਗਾ ਬੜੇ ਮਾਣ ਨਾਲ ਬਾਬੇ ਨੂੰ ਦਿਖਾਉਂਦਾ । ਪੂਰਾ ਹੁੱਬ ਕੇ ਭਰਾ ਦੀ ਗੱਲ ਕਰਦਾ – ਆਹ ਦੇਖੋ ਆਪਣਾ ਗੁੱਲੂ , ਕਿੰਨੀ ਟੋਹਰ ਆ ਘੋਲੂ ਜਿਏ ਦੀ ।ਪਛਾਣ ਹੁੰਦਾ ਕਿਤੇ ! ਹੈਂਅ ਦੇਖ ਲਾਆ ਕਿੱਡਾ ਅਪਸਰ ਲਗਦਾ ….।ਬਾਬਾ ਉਹਦੀ ਕੰਡ ਤੇ ਹੱਥ ਰੱਖ ਕੇ ਮੁਸਕਰਾ ਛੱਡਦਾ । ਉਹਨੂੰ ਕਹਿੰਦਾ ਕੁਝ ਨਾ ।

ਮੇਰੀ ਪੜ੍ਹਾਈ-ਲਿਖਾਈ ਵੀ ਇਕ ਤਰ੍ਹਾਂ ਨਾਲ ਬਾਬੇ ਦੀ ਹੱਲਾ-ਸ਼ੇਰੀ ਨਾਲ ਈ ਸਿਰੇ ਚੜ੍ਹੀ ਸੀ ।ਪੰਜ ਭੈਣ-ਭਰਾ ਸੀ ਅਸੀਂ । ਸਾਰੇ ਮੈਥੋਂ ਛੋਟੇ । ਪਿਉ ਦਿਹਾੜੀ-ਦੱਪਾ  ਕਰਦਾ, ਕਦੀ ਗੋਡੀ-ਵਾਡੀ ਜਾਂ ਲਾਵੀ-ਝੋਕੀ ।ਮਸਾਂ ਡੰਗ ਸਰਦਾ । ਦਸਵੀਂ ਤੱਕ ਉਹਨੇ ਹਿੰਮਤ ਬਣਾਈ ਰੱਖੀ । ਅੱਗੇ ਨੰਨਾ ਨਾ ਧਰਿਆ । ਧਰਿਆ ਵੀ ਕਾਦ੍ਹੇ ਆਸਰੇ ! ਅਗਲੇ ਖ਼ਰਚੇ ਵੀ ਕਿਹੜੇ ਛੋਟੇ ਸੀ ਕਾਲਿਜਾਂ ਦੇ । ਓਧਰ ਮਾਂ ਦਾ ਦਾਰੂ-ਦਰਮਲ ਈ ਸਾਹ ਨਈਂ ਸੀ ਲੈਣ ਦਿੰਦਾ। ਪਤਾ ਨਈਂ ਕੀ ਕਸਰ ਸੀ ਉਹਨੂੰ ! ਦੋ ਦਿਨ ਰਾਜ਼ੀ ਚਾਰ ਦਿਨ ਮੰਜੇ ਤੇ । ਕਦੀ ਹੱਡ-ਗੋਡੇ ਦੁਖਦੇ , ਕਦੀ ਸਿਰ ਮੱਥੇ ਚ ਹੁੱਲਾਂ ਪੈਂਦੀਆਂਬਾਪੂ ਆਪ ਮੰਨੀਆਂ ਥੱਪਦਾ । ਬਾਲ-ਬੱਚਾ ਵੀ ਸਾਂਭਦਾ ਤੇ ਦਿਹਾੜੀ ਵੀ ਕਰਦਾ । ਉਹਨੂੰ ਹੱਕ ਸਾੜਦਾ ਦੇਖ , ਮਾਂ ਹੋਰ ਝੂਰਦੀ – ਤੂੰ ਵੱਡੇ ਨੂੰ ਵਿਆਹ ਲਾਆ ,ਕਿਉਂ ਜਾਨ ਗਾਲਦਾਂ ? ਬਾਪੂ ਕਦੀ ਹਾਮੀਂ ਭਰਦਾ , ਕਦੀ ਨਾ ਵੀ ।ਉਂਝ ਉਹ ਵਿਹੜੇ ਦੇ ਹੋਰਨਾ ਬੰਦਿਆਂ ਵਰਗਾ ਨਈਂ ਸੀ- ਓਧਰ ਮੁੰਡੇ ਨੇ ਸਿਰ ਚੁੱਕਿਆ, ਏਧਰ ਫਾਹ ਕੇ  ਲਾਂਭੇ ਕੀਤਾ । ਮਾਜੀ ਜਾਏ ਟੱਕਰਾਂ ਅਗਲਾ ਟੋਕਰੀ-ਕੈਹੀ ਨਾਲ, ਰੰਬੇ-ਖੁਰਪੇ ਨਾਲ ਸਾਰੀ ਉਮਰ । ਬਾਪੂ ਕਹਿੰਦਾ – ਜੇੜ੍ਹਾ ਹੋਵੇਈ ਏਸੇ ਲੈਕ, ਉਨ੍ਹੇ ਤਾਂ ਫਾਹੇ ਲੱਗਣਾ ਈ ਲੱਗਣਾ । ਜੇੜ੍ਹਾ ਬਚ ਸਕਦਾ, ਉਹ ਤਾਂ ਬਚੇ, ਏਸ ਦਲਿੱਦਰ ਤੋਂ …..।

ਘਰ ਦੀ ਹਾਲਤ ਦੇਖ-ਸਮਝ ਕੇ , ਮੈਂ ਟਾਈਪ ਸਿੱਖਣ ਲੱਗ ਪਿਆ । ਮਹੀਨਾ –ਖੰਡ ਗਿਆ ਵੀ ਸ਼ਹਿਰ ਸਾਈਕਲ ਤੇ । ਪਰ ਚਿੱਤ ਜਿਹਾ ਖੁੱਭਿਆ ਨਾ ਪੂਰੀ ਤਰ੍ਹਾਂ । ਇਕ ਤਾਂ ਪਾੜ੍ਹੇ ਮੁੰਡਿਆਂ ਨਾਲ ਤੁਰਿਆ ਮੈਂ ਹੀਣਾ-ਹੀਣਾ ਮਹਿਸੂਸ ਕਰਦਾ ਸਾਂ, ਦੂਜੇ ਊਈਂ ਉਬਲੀ ਜਾਂਦਾ ਸੀ ਕੁੱਛ, ਮੇਰੇ ਅੰਦਰ । ਇਸ ਦੀ ਸਮਝ ਮੈਨੂੰ ਕਾਫੀ ਚਿਰ ਪਿੱਛੋਂ ਜਾ ਕੇ ਪਈ ।ਕਾਲਿਜ਼ ਦੀ ਪੜ੍ਹਾਈ ਚਾਲੂ ਕਰਕੇ । ਬਾਪੂ ਤਾਂ ਏਸ ਅਦਲਾ-ਬਦਲੀ ਤੇ ਰਾਜ਼ੀ ਨਹੀਂ ਸੀ ਬਹੁਤਾ ,ਬਾਬੇ ਨੇ ਈ ਜ਼ੋਰ ਮਾਰਿਆ । ਬਾਪੂ ਨੂੰ ਆਖਣ ਲੱਗਾ – ਫੀਸਾਂ ਤੁਆਡੀਆਂ ਮਾਫ਼ । ਵਜ਼ੀਫਾ ਨਾਲ ਮਿਲਦਾ । ਕਿਤਾਬਾਂ ਕਾਲਜੋਂ ਇਸ਼ੂ ਹੋ ਜਾਂਦੀਆਂ । ਫੇਰ ਰਹਿ ਕੀ ਗਿਆ ? ਝੱਗਾ-ਪਜਾਮਾ ! ਏਨੀ ਕੁ ਮਦਾਦ ਮੈਂ ਕਰ ਦੂੰ । ਮੁੰਡਾ ਕਿਸੇ ਸਿਰੇ ਲੱਗੂ । ਘਰ ਦਾ ਮੂੰਹ –ਮੱਥਾ ਸੁਆਰੂ । ਮੈਡੀਕਲ , ਨਾਲ-ਮੈਡੀਕਲ ਪਾਸ ਕਰ ਲਏ ਤਾਂ ਸੁਧਾ ਈ ਸੋਨਾ ।

ਬਾਬੇ ਦੇ ਕਹਿਣ-ਸੁਨਣ ਤੇ ਬਾਪੂ ਦਾ ਤੌਖ਼ਲਾ ਤਾਂ ਘਟ ਗਿਆ, ਪਰ ਮੈਨੂੰ ਅਚੋਆਈ ਜਿਹੀ ਲੱਗ ਗਈ – ਬਾਬੇ ਨੂੰ ਐਨਾ ਕੁਸ਼ ਕਿੱਦਾਂ ਪਤਾ ਆ…..! ਮੈਨੂੰ ਉਸ ਦੇ ਗਿਆਨ ਤੇ ਸ਼ੱਕ ਹੋਣ ਲੱਗ ਪਿਆ ।

ਉਂਝ ਤਾਂ ਪਿੰਡ ਦੀ ਸਾਰੀ ਮੁਢੀਰ ਈ ਬਾਬੇ ਦੀ ਸ਼ਰਧਾਲੂ ਸੀ – ਸ਼ਰਦਾਈ ਚਾਹ ਵਾਲੇ ਵੱਖਰੇ , ਡੰਡ-ਬੈਠਕਾਂ ਵਾਲੇ ਤੇ ਗੱਲਾਂ-ਗੜੱਪਾਂ ਵਾਲੇ ਵੱਖਰੇ । ਮੇਰੀ ਜੋਟੀ ਬਾਗੇ-ਬਚਨੇ –ਕੀੜੀ ਨਾਲ ਸੀ । ਮੈਂ ਉਹਨਾਂ ਤੋਂ ਅੱਗੇ-ਪਿਛੇ ਵੀ ਉਸ ਕੋਲ ਚਲਾ ਜਾਂਦਾ ।ਬਾਬੇ ਨੂੰ ਵੀ ਇਹ ਗੱਲ ਚੰਗੀ-ਚੰਗੀ ਲੱਗਦੀ । ਉਹ ਕਿਤਾਬਾਂ ਦੀਆਂ ,ਸਲੇਬਸ ਦੀਆਂ ,ਆਮ ਵਾਕਫੀ ਦੀਆਂ ਗੱਲਾਂ ਪੁੱਛਦਾ-ਦੱਸਦਾ , ਮੈਨੂੰ ਹੋਰ ਵੀ ਹੈਰਾਨ ਕਰ ਦਿੰਦਾ ।

ਉਸ  ਦੇ ਕਹਿਣ ਮੂਜਬ ਹੀ ਮੇਂ ਕਾਲਜ ਪਹੁੰਚ ਕੇ ਸਾਇੰਸ ਰੱਖੀ ਸੀ । ਉਹ ਚੱਲੀ ਨਾ, ਕੌਮਰਸ ਲੈ ਲਿਆ। ਉਹ ਵੀ ਨਾ ਤੁਰਿਆ , ਆਰਟਸ ਤੇ ਪਹੁੰਚ  ਗਿਆ । ਮੇਰਾ ਚਿੱਤ ਫਿਰ ਡੋਲ ਗਿਆ – ਕੇੜ੍ਹਾ ਭੜੂਆ ਨੌਕਰੀ ਦਊ , ਹਿਸਟਰੀ-ਪੰਜਾਬੀ ਆਲੇ ਨੂੰ …..! ਮੈਂ ਆਪਣੀ ਨਿਰਾਸ਼ਾਂ ਬਾਬੇ ਨੂੰ ਜਾ ਦੱਸੀ । ਉਹਨੇ ਅੱਗੋਂ ਬੜੇ ਹੀ ਸਹਿਜ-ਭਾਅ ਨਾਲ ਉੱਤਰ ਦਿੱਤਾ – ਪੜ੍ਹਾਈ-ਲਿਖਾਈ ਸਿਰਫ ਨੌਕਰੀ ਲੱਭਣ ਲਈ ਈ ਕਰੀਦੀ ਐ ? ਆਪਣਾ ਆਪ ਸੁਆਰਨ ਲਈ, ਆਲਾ-ਦੁਆਲਾ ਵਾਚਣ ਲਈ , ਦੀਨ-ਦੁਨੀਆਂ ਜਾਨਣ ਲਈ ਕੀ ਪੜ੍ਹਨਾ-ਲਿਖਣਾ ਜ਼ਰੂਰੀ ਨਈਂ….?

ਬਹੁਤ ਜ਼ਰੂਰੀ ਐ ਬਾਬਾ ਜੀ , ਪਰ ਤੁਸੀਂ ਤਾਂ ਜਾਣਦੇ ਈ ਓ ਮੇਰੇ ਘਰ ਹੀ ਹਾਲਤ …..।

ਤੇਰਾ ਕੱਲਾ ਈ ਘਰ ਨਈਂ ਐਹੋ ਜਿਹਾ , ਮੁਲਕ ਭਰਿਆ ਪਿਆ ਸਾਰਾ , ਤੇਰੇ ਅਰਗੇ  ਬੁੜਿਆਂ ਘਰਾਂ ਨਾਲ ।ਜਿਨ੍ਹਾਂ ਦੇ ਲਾਇਕ ਤੋਂ ਲਾਇਕ ਧੀਆਂ-ਪੁੱਤ ਸਿਰਫ ਏਸ ਲਈ ਅੱਗੇ ਨਈਂ ਜਾਣ ਦਿੱਤੇ ਜਾਂਦੇ ਕਿ ਖੇਤਾਂ-ਫਾਰਮਾਂ ਦੀ ਲਾਵੀ ਕੌਣ ਕਰੂ ,ਪਿੱਛੇ । ਗਲੀਆਂ-ਨਾਲੀਆਂ ਦਾ ਗੰਦ ਕੌਣ ਚੱਕੂ , ਐਥੇ ।

ਬਾਬੇ ਦੀਆਂ ਸਾਰੀਆਂ ਗੱਲਾਂ ਬੀ.ਏ. ਟੂ ਚ ਪੜ੍ਹਦੇ ਮੱਟੂ ਨਾਲ ਮਿਲਦੀਆਂ ਹੋਣ ਕਰ ਕੇ , ਮੈਂ ਉਸ ਨੂੰ ਬਾਬੇ ਦੀ ਥਾਂ ਬਾਬਾ ਜੀ ਕਹਿਣ ਲੱਗ ਪਿਆ ।

ਮੱਟੂ ਸਾਡੀ ਕਾਲਜ-ਸਭਾ ਦਾ ਆਗੂ ਸੀ । ਦਲੇਰ ਤੇ ਸਾਫ਼ਗੋ ।ਵਿਦਿਆਰਥੀ ਜੱਥੇਬੰਦੀ ਦਾ ਅਹੁਦੇਦਾਰ ਵੀ ਸੀ ਉਹ । ਉਸ ਦਾ ਸੰਗਤਾ ਕਰਦਿਆਂ ਮੇਰਾ ਰੁਕਿਆ ਅੰਦਰ ਜਿਵੇਂ ਆਪ-ਮੁਹਾਰੇ ਵਗ ਤੁਰਿਆ । ਖਿੱਝਿਆ-ਖੱਪਿਆ ਚਿੱਤ ਹਲਕਾ-ਫੁਲਕਾ ਹੁੰਦਾ ਗਿਆ ਤੇ ਨਾ ਸਮਝ ਆਉਣ ਵਾਲੀਆਂ ਗੱਲਾਂ ਹੌਲੀ-ਹੌਲੀ ਸਮਝ ਪੈਣ ਲੱਗੀਆਂ । ਤੇ…ਤੇ ਗੂੰਗੇ-ਗੂੰਗੇ ਜਿਹੇ ਮੇਰੇ ਬੋਲ ਬੋਲ ਗੀਤ-ਕਵਿਤਾਵਾਂ ਬਣ ਕੇ ਬਾਹਰ ਆਉਣ ਲੱਗੇ । ਪਹਿਲਾਂ ਕਲਾ-ਸਭਾ ਅੰਦਰ ਫਿਰ ਕਾਲਿਜ ਸਟੇਜਾਂ ਤੇ , ਫਿਰ ਅੱਗੇ ਵੀ । ਤੁਰਦੀ-ਤੁਰਦੀ ਗੱਲ ਬਾਬੇ ਤੱਕ ਵੀ ਪਹੁੰਚ ਗਈ । ਉਸ ਨੂੰ ਜਿਵੇਂ ਚਾਅ ਜਿਹਾ ਚੜ੍ਹ ਗਿਆ ।ਮੈਨੂੰ ਰਾਹ ਚ ਘੇਰ ਕੇ ਆਖਣ ਲੱਗਾ – ਸੁਣਿਆਂ ਜਿੰਨਾ ਕੁਸ਼ ਪੜ੍ਹ ਕੇ ਅੰਦਰ ਲੰਘਾਉਂਦੈਂ , ਉਹਤੋਂ ਬਹੁਤਾ ਬਾਹਰ ਕੱਢਣ ਲੱਗ ਪਿਐਂ । ਸੱਚੀ ਗੱਲ ਆ ਇਹ ? ਮੈਂ ਸ਼ਰਮਿੰਦਾ ਜਿਹਾ ਹੋਇਆ ਨੀਵੀਂ ਪਾਈ ਖੜ੍ਹਾ ਰਿਹਾ ।….ਕੋਈ ਮਾਤ੍ਹਤਾਂ ਨੂੰ ਵੀ ਦੱਸ ਛੱਡਣਾ ਸੀ ਚਮਤਕਾਰ ….! ਮੈਂ ਮਾਣ ਜਿਹੇ ਨਾਲ ਬਗਲ-ਝੋਲੇ ਚੋਂ ਡਾਇਰੀ ਕੱਢ ਕੇ ਉਸ ਵੱਲ ਧਮਾ ਦਿੱਤੀ ।

ਐਂ ਨਈਂ , ਕੁਟੀਆ  ਅੰਦਰ ਚੱਲ ਕੇ , ਰਮਾਨ ਨਾਲ ਬੈਠ ਕੇ ….।

ਇੱਕਲਵੰਜੇ ਬੈਠ , ਮੈਂ ਪਹਿਲਾਂ ਦੋ-ਚਾਰ ਗੀਤ ਸੁਣਾਏ ਫਿਰ ਪੰਜ-ਸੱਤ ਕਵਿਤਾਵਾਂ । ਸੁਣਦਾ-ਸੁਣਦਾ ਉਹ ਮੈਨੁੰ ਝਈ ਲੈ ਕੇ ਪਿਆ – ਚੱਲ ਬੱਸ ਕਰ, ਬਥੇਰਾ ਸੁਣ ਲਿਆ ਹੁਣ…..!ਮੇਰੇ ਨਾਲ ਪਹਿਲੇ ਕਦੀ ਇਵੇਂ ਨਹੀਂ ਸੀ ਹੋਈ – ਨਾ ਕਾਲਿਜ,ਨਾ ਗੁਰਦਵਾਰੇ ਨਾ ਕਿਸੇ ਮੇਲੇ ਚ ! ਉਨ੍ਹਾਂ ਥਾਈਂ ਤਾਂ ਮੇਰੀ ਵਾਹ-ਵਾਹ ਦੇ ਪੁਲ ਬੱਝਿਆ ਕਰਦੇ ਸਨ, ਵੱਡੇ-ਵੱਡੇ ।ਮਾਇਆ –ਛਾਪਿਆ ਵੀ ਲੱਭ ਜਾਂਦੀ , ਖ਼ਰਚ-ਪਾਣੀ ਲਈ । ਪਰ ਬਾਬੇ ਦੀ ਬੇ-ਰੁਖੀ ਨੇ ਮੇਰਾ ਸਾਰਾ ਈ ਉਤਸ਼ਾਹ ਮਾਰ ਦਿੱਤਾ ।ਮੈਂ ਤਾਂ ਉਦਾਸ ਹੋਣਾ ਈ ਹੋਣਾ ਸੀ , ਉਹ ਮੈਥੋਂ ਵੀ ਜਿਆਦਾ ! ਪੈਰ ਘਸੀਟਦਾ ਉਹ ਓਸਲੇ ਕੁੱਲੀ ਅੰਦਰ ਚਲਾ ਗਿਆ ।ਅੰਦਰੋਂ ਦੋ-ਤਿੰਨ ਕਾਇਦੇ ਜਿਹੇ ਲਿਆ ਕੇ ਫੜਾਉਂਦਾ ਹਿਰਖ ਜਿਹੇ ਨਾਲ ਕਹਿਣ ਲੱਗਾ – ਪਹਿਲਾਂ ਆਹ ਪੜ੍ਹ ਧਿਆਨ ਨਾਲ, ਫੇਰ ਕਰੀਂ ਹਾਅ ਦਿਮਾਗੀ ਕਸਰਤ….।

ਮੈਨੂੰ ਬਾਬੇ ਦੀ ਆਖੀ ਨਸ਼ਤਰ ਵਾਂਗ ਵਿੰਨ੍ਹ ਗਈ ।

ਉਹ ਛੋਟੇ-ਛੋਟੇ ਕੈਦੇ ਮੈਂ ਚੰਗੀ ਤਰ੍ਹਾਂ ਪੜ੍ਹੇ । ਇਕ ਵਾਰ ਹੋਰ ਪੜ੍ਹੇ । ਉਹਨਾਂ ਲਿਖਿਆ ਸਾਰਾ ਕੁਝ ਮੇਰੇ ਲਈ ਨਵਾਂ ਸੀ । ਨਵਾਂ ਤੇ ਅਜੀਬ । ਅਜੀਬ ਤੇ ਸੱਚ । ਮੇਰੇ ਕਿਆਸੇ ਸੱਚ ਨਾਲੋਂ ਕਈ ਗੁਣਾ ਵੱਡਾ ਤੇ ਵੱਖਰੀ ਕਿਸਮ ਦਾ । ਜਿਸ ਸਾਹਮਣੇ ਆਪਦੇ ਗੀਤ-ਸ਼ੀਤ ਬਿਲਕੁਲ ਕੂੜਾ  ਲੱਗੇ ਮੈਨੂੰ ।ਕੜੀਆਂ –ਕਵਿਤਾਵਾਂ ਖੇਹ-ਸੁਆਹ ਜਾਪੀਆਂ ਸਾਰੀਆਂ ।

ਕਿੰਨਾ ਈ ਚਿਰ ਮੈਥੋਂ ਫਿਰ ਕੁਝ ਵੀ ਨਾ ਲਿਖਿਆ ਗਿਆ । ਫਿਰ ….ਕਾਲਿਜ ਚ ਕੋਈ ਦਿਨ ਮਨਾਉਣਾ ਸੀ ।ਸ਼ਾਇਕ ਛੱਬੀ ਜਨਵਰੀ ਜਾਂ ਪੰਦਰਾਂ ਅਗਸਤ । ਮੈਂ ਵੀ ਕਵਿਤਾ ਲਿਖੀ । ਲਿਖੀ ਤੇ ਬੋਲੀ ।……ਅਗਲੇ ਦਿਨ ਈ ਪ੍ਰਿੰਸੀਪਲ ਦਫ਼ਤਰ ਫਾਲਿਨ । ਕਾਲਿਜੋਂ ਕੱਢੇ ਜਾਣ ਦਾ ਨੋਟਿਸ ਮੇਰੇ ਹੱਥਾਂ ਚ ਸੀ । ਮੈਂ ਓਹੀ ਫ਼ਰਲਾ ਮੱਟੂ ਨੂੰ ਜਾ ਫੜਾਇਆ ਓਦਾਂ ਈ । ਉਹਨੂੰ ਅੱਗਂ ਤੇਸ਼ ਚੜ੍ਹ ਗਿਆ  – ਅਸੀਂ ਐਂ ਨਈਂ ਤੇਰੀ ਕਲਾ ਦੀ ਪਿੱਠ ਲੱਗਣ  ਦਿੰਦੇ । ਬੱਸ ਤੂੰ ਕੈਮ ਰਹਿ । ਹੁਣ ਤੋਂ ਸਾਡਾ ਅਮਲ ਸ਼ੁਰੂ । …ਅਗਲੀ ਘੰਟੀ ਸਭ ਕਲਾਸਾਂ ਕਮਰਿਆਂ ਚੋਂ ਬਾਹਰ । ਅਗਲੇ ਦਿਨ ਵੀ ਉਹੀ ਹਾਲ । ਤੀਜੇ ਦਿਨ ਜਾ ਕੇ ਸਮਝੌਤਾ ਹੋਇਆ । ਮੇਰੀ ਮੁਅੱਤਲੀ ਰੱਦ ਕੀਤੀ ਗਈ । ਬੱਸ ਐਨੀ ਕੁ ਸ਼ਰਤ ਲੱਗੀ ਮੇਰੇ ਤੇ ਨੈਸ਼ਨਲ ਡੇਅਜ਼ ਤੇ ਜਿਹੀਆਂ ਕਵਿਤਾਵਾਂ ਨਾ ਪੜ੍ਹੀਆਂ ਜਾਣ….ਬਾਕੀ ਦਿਨਾਂ ਤੇ ਖੁਲ੍ਹ ਐ ।

ਉਸ ਦਿਨ ਬਾਬੇ ਨੇ ਮੈਨੂੰ ਅੱਡਿਓਂ ਉਤਰਦੇ ਨੂੰ ਈ ਬੋਚ ਲਿਆ ।ਘੁੱਟ ਕੇ ਜੱਫੀ  ਪਾਈ । ਅੱਖਾਂ ਚ ਢੇਰ ਸਾਰੀ ਚਮਕ ਭਰ ਕ ਆਖਣ ਲੱਗਾ –“ਹੁਣ ਤੇਰੀ ਮਿਹਨਤ ਨੂੰ ਕਿਸੇ ਝੰਜਟ-ਝਾਟੇ ਦਾ ਡਰ ਨਈਂ ….। ਹੁਣ ਹਰ ਹੀਲੇ ਇਹ ਉਨ੍ਹਾਂ ਤੱਕ ਪੁੱਜੂ , ਜਿਨ੍ਹਾਂ ਦੀ ਅਮਾਨਤ ਐ ….ਸਾਬਾਸ਼ । ਅੱਜ ਥੋੜ੍ਹਾ ਕੁ ਮਟੀਰੀਅਲ ਹੋਰ ਲੈ ਜਾਈਂ, ਸ਼ਾਮੀ । ਬਚਨੇ-ਬਾਗੇ-ਕੀੜੀ ਤੋਂ ਅੱਖ ਬਚਾ ਕੇ ਮੈਂ ਹਨੇਰੇ ਪਏ ਕੁਟੀਆ ਜਾ ਪੁੱਜਾ । ਸੁਣਾਓ ਭਾਅ ਜੀ ਈ , ਕੀ ਹਾਲ ਐ ਤੁਆਡੀ ਪੜ੍ਹਾਈ-ਲਿਖਾਈ ਦਾਆ….?ਉਸ ਦਿਨ ਉਸ ਨੇ ਮੈਨੂੰ ਇਹ ਵਾਕ ਸੁਭਾਵਕ ਪੁੱਛਿਆ ਸੀ ਜਾਂ ਜਾਣ-ਬੁੱਝ ਕੇ – ਇਸ ਗੱਲ ਦੀ ਤਾਂ ਮੈਨੂੰ ਸਮਝ ਨਾ ਲੱਗੀ, ਪਰ ਜਿਹੜੀ ਗੱਲ ਹੁਣ ਤੱਕ ਮੈਂ ਚੰਗੀ ਤਰ੍ਹਾਂ ਸਮਝ ਸਕਿਆ ਸੀ , ਉਹ ਸਾਫ਼-ਸਾਫ਼ ਆਖ ਦੱਸੀ – ਬਾਬਾ ਜੀ , ਪੜ੍ਹਾਈ-ਲਿਖਾਈ ਦੀ ਤਾਂ ਏਸ ਸ੍ਹਾਬ ਨਾਲ ਮੈਂ ਪੂਣੀ ਵੀ ਨਹੀਂ ਛੋਹੀ ਲਗਦੀ ! ਇਸ ਵਾਰ ਬਾਬੇ ਦੀਆਂ ਅੱਖਾਂ ਚ ਚਮਕ ਨਹੀਂ , ਸਿਲ੍ਹ ਸੀ । ਸੰਘਣੀ ਸਿਲ੍ਹ, ਜਿਹੜੀ ਉਸ ਦੇ ਰੋਕਦਿਆਂ-ਰੋਕਦਿਆਂ ਵੀ ਉਸ ਦੀਆਂ ਪਲਕਾਂ ਤੇ ਲਮਕ ਪਈ । ਅੱਖ ਬਚਾ ਕੇ ਉਹਨੇ ਅੱਖਾਂ ਪੂੰਝ ਲਈਆਂ । ਸਿਰ੍ਹਾਣੇ ਹੇਠ ਰੱਖੇ ਕਿੰਨੇ ਕਿਤਾਬਚੇ ਮੇਰੀ ਵੱਲ ਧਮਾ ਕੇ ਆਖਣ ਲੱਗਾ – ਜਿੱਥੋਂ ਨਾ ਸਮਝ ਲੱਗੇ, ਨਿਸੰਗ ਪੁੱਛ ਲਈਂ …..।

ਮੈਂ ਪ੍ਰਸ਼ਾਦ ਲੈਣ ਵਾਂਗ ਦੋਨਾਂ ਹੱਥਾਂ ਵਿਚ ਸਾਰਾ ਕੁਝ ਸਾਂਭ ਲਿਆ । ਕੀਲੀ ਨਾਲ ਲਟਕਦੀ ਲਾਲਟੈਨ ਲਾਗੇ ਖਲੋ ਕੇ ਰਿਸਾਲੇ-ਪੁਸਤਕਾਂ ਫਰੋਲਣ ਲੱਗਾ । ਰਿਸਾਲੇ-ਪੁਸਤਕਾਂ ਫਰੋਲਦਾ ਮੈਂ ਕਦੀ ਕੁਟੀਆ ਵੱਲ ਦੇਖ ਲੈਂਦਾ , ਕਦੀ ਕਰਮੰਡਲ ਵਲ੍ਹ, ਖੂੰਟੇ ਵਲ੍ਹ, ਖੜਾਵਾਂ ਵਲ੍ਹ । ਮੇਰੀ ਸ਼ੱਕ ਤੇ ਸ਼ੱਕ ਕਰਦਾ ਉਹ ਇਕ ਦਮ ਉੱਠ ਪੜੋਇਆ –  ਤੂੰ ਭਾਅ ਹੁਣ ਜਾਹ ….! ਮੈਂ ਉਸ ਦੇ ਆਦੇਸ਼ ਸੁਣ ਕੇ ਹਿੱਲਿਆ ਨਾ । ਸਗੋਂ ਮੋਟੀ-ਮੋਟੀ ਉਲੱਦ-ਪਲੱਦ ਕਰਦਾ , ਹੋਰ ਅੰਦਰ-ਧਿਆਨ ਹੁੰਦਾ ਗਿਆ । ਖਾਸ ਕਰ ਇਕ ਨਾਂ ਨੂੰ ਪੜ੍ਹਦਾ । ਬੂਟਾ ਨਾਮ ਦੇ ਦੋ-ਅੱਖਰੇ ਸ਼ਬਦ ਨੂੰ । ਜਿਹੜਾ ਹਰ ਕਿਤਾਬਚੇ ਦੇ ਅੰਦਰਲੇ ਕਵਰ ਤੇ ਵਾਰ-ਵਾਰ ਲਿਖਿਆ ਪਿਆ ਸੀ । ਕਾਲੀ, ਨੀਲੀ,ਹਰੀ ਜਾਂ ਲਾਲ ਸਿਆਹੀ ਨਾਲ । ਖੁਸ਼ਖਤ ਕਰ ਕੇ । ਪਰ , ਅੱਗੜ-ਦੁਗੜੀਆਂ ,ਵਿੰਗ-ਤੜਿੰਗੀਆਂ ਪਾਲਾਂ ਅੰਦਰ ।

ਇਹ ਬੂਟਾ ਕੌਣ ਹੋਇਆ ? ਤੁਆਡਾ ਨਾਂ ਆ ਇਹ ਕਿ ਕਿਸੇ ਹੋਰ ਦਾਆ ? ਮੇਰੀ ਇਸ ਪੁੱਛ ਦੀ ਬਾਬੇ ਨੇ ਕੋਈ ਰੋਕ-ਟੋਕ ਨਾ ਕੀਤੀ । ਸਗੋਂ ਭਰਵੀਂ ਜਿਹੀ ਮੁਸਕਾਨ ਸਾਰੇ ਚਿਹਰੇ ਤੇ ਖਿਲੇਰਦਿਆਂ ਆਖਿਆ – ਅਸੀਂ ਸਾਰੇ ਬੂਟੇ ਈ ਆਂ ਭਾਅ ਜੀ, ਰੁੱਖੀ-ਬੰਜਰ ਧਰਤੀ ਤੇ ਠੰਡੀ-ਮਿੱਠੀ ਛਾਂ ਕਰਨ ਵਾਲੇ  ਛਾਂ-ਦਾਰ ਬੂਟੇ- ਤੂੰ, ਮੈਂ ਤੇ ਹੋਰ ਵੀ ਕਿੰਨੇ ਜਣੇ …..।

ਉਸ ਦਾ ਗੋਲ-ਮੋਲ ਉੱਤਰ ਸੁਣ ਕੇ ਮੇਰੀ ਦੁਬਿਧਾ ਹੋਰ ਵਧ ਗਈ । ਬੇਚੈਨ ਜਿਹਾ ਹੋਇਆ ਅਜੇ ਕੁਝ ਬੋਲਣ-ਪੁੱਛਣ ਈ ਲੱਗਾ ਸੀ ਕਿ ਉਸ ਨੇ ਤਲਖੀ ਮਹਿਸੂਸਦਿਆਂ ਆਖਿਆ – ਹੁਣ…. ਹੁਣ ਜਲ-ਪਾਨ ਦਾ ਵੇਲਾ ਆ , ਬਾਕੀ ਦਾ ਫੇਅਰ ! …ਹਾਅ ਪੜ੍ਹ ਤੂੰ ਅਜੇ …..।

ਉਸ ਦਾ ਹੁਕਮ ਮੰਨ ਕੇ ਮੈਂ ਮਹੀਨੇ ਖੰਡ ਚ ਸਾਰੀ ਸਮੱਗਰੀ ਪੜ੍ਹ ਮੁਕਾਈ । ਪਰ ਪੂਰੀ ਤਰ੍ਹਾਂ ਖੁੱਭਿਆ ਨਾ ਗਿਆ , ਉਸ ਚ । ਧਿਆਨ ਬਹੁਤ ਕਰਕੇ ਉਖੜਿਆ ਰਿਹਾ – ਇਕ ਬਾਬੇ ਦੇ ਰਹਿਣ-ਵਿਚਰਨ ਦੇ ਢੰਗ-ਤਰੀਕੇ ਕਰ ਕੇ , ਦੂਜੇ ਉਸ ਦੇ ਗਿਆਨ-ਭੰਡਾਰ ਦੀ ਵੰਨ-ਸੁਵੰਨਤਾ ਕਰ ਕੇ ।

ਵੇਲਾ ਤਾੜ ਕੇ ਮੈਂ ਥੋੜ੍ਹੇ ਕੁ ਦਿਨੀਂ ਉਸ ਨੂੰ ਆਪਣੀ ਉਠਝਟ ਫਿਰ ਆਖ ਸੁਣਾਈ । ਉਸ ਨੇ ਕਿਸੇ ਵੀ ਤਰ੍ਹਾਂ ਦਾ ਸੰਸਾ ਨਾ ਕੀਤਾ । ਮੇਰੇ ਮੋਢੇ ਤੇ ਹੱਥ ਰੱਖ ਕੇ ਬੜੇ ਸਹਿਜ-ਭਾਅ ਨਾਲ ਆਖਣ ਲੱਗਾ – ਵਹਿਮ ਨਾ ਕਰ ਤੂੰ ਭਾਅ…..। ਤੇਰਾ ਸਾਰਾ  ਤੌਖਲਾ ਦੂਰ ਹੋ  ਜਾਊ । ਸਭ ਕੁਝ ਪਤਾ ਲੱਗ ਜੂ ਤੈਨੂੰ ….ਹੈਨਾਂ ਪੁਸਤਕਾਂ ਚੋਂ । ਚੰਗੀ ਤਰ੍ਹਾਂ ਪੜ੍ਹ ਇਹ, ਪੂਰੇ ਧਿਆਨ  ਨਾਲ…..।

ਸੱਚ-ਮੁੱਚ ਪੂਰੇ ਧਿਆਨ ਨਾਲ ਪੜ੍ਹਨ-ਵਾਚਣ ਤੇ ਉਹ ਕਿਤਾਬਚੇ  ਮੈਨੂੰ ਬਹੁਤ ਵੱਡਾ ਖਜ਼ਾਨਾ ਲੱਗੇ । ਵੱਡਾ ਤੇ ਕੀਮਤੀ । ਅਤੇ ਪਿੰਡ ਦੀ ਉਜਾੜ-ਝਿੜੀ ਚ ਕੁਟੀਆ ਬਣਾਈ ਬੈਠਾ ਭਾਅ ਜੀ ਇਕ ਹੀਰਾ , ਇਕ ਅਮੋਲ ਰਤਨ । ਜਿਸ ਨੇ ਪਿੰਡ ਦੇ ਕਿਸੇ ਜੀਆਂ ਨੂੰ ਆਪਣੇ ਤੇ ਸ਼ੱਕ ਨਹੀਂ ਸੀ ਹੋਣ ਦਿੱਤਾ ।ਉਹ ਬਾਲਾਂ ਚ ਬਾਲ, ਗੱਭਰੂਆਂ ਚ ਗੱਭਰੂ, ਸਿਆਣਿਆਂ ਚ ਸਿਆਣਾ, ਬਣ ਕੇ ਰਹਿੰਦਾ ਰਿਹਾ । ਪਿੰਡ ਦੀ ਹਰ ਧੀ ਭੈਣ ਉਸ ਨੂੰ ਆਪਣੀ ਸਕਾ ਭਰਾ ਗਿਣਦੀ । ਮੇਰਾ ਵੀ ਉਹ ਪਹਿਲਾਂ ਪਹਿਲ ਨਿਰਾ ਭਾਅ  ਈ ਸੀ , ਹੋਰਨਾਂ ਵਰਗਾ । ਫਿਰ ਉ ਮੇਰਾ ਭਾਅ-ਜੀ ਬਣ ਗਿਆ । ਫਿਰ ਗੂੜ੍ਹਾ ਮਿੱਤਰ ਤੇ ਹਮਰਾਜ਼ । ਇਸ ਵਿਚ ਸਾਡਾ ਦੋਨਾਂ ਦਾ ਭਲਾ ਸੀ । ਮੈਨੂੰ ਆਪਣੇ ਆਪ ਦੀ , ਆਲੇ-ਦੁਆਲੇ ਦੀ , ਜਗਤ-ਵਰਤਾਰੇ ਦੀ ਹੌਲੀ-ਹੌਲੀ ਸਮਝ ਪੈਂਦੀ ਗਈ ਤੇ ਉਸ ਨੂੰ ….. ਉਸ ਦੇ ਦਿਲ-ਦਿਮਾਗ ਤੇ ਪਿਆ ਮਣਾਂ-ਮੂਹੀਂ ਭਾਰ ਸਹਿਜੇ-ਸਹਿਜੇ ਹੌਲਾ ਹੁੰਦਾ ਗਿਆ । ਮੇਰੇ ਤੇ ਕਾਫੀ ਸਾਰਾ ਵਿਸ਼ਵਾਸ਼ ਬਣਿਆ ਜਾਣੇ ਕੇ , ਥੋੜ੍ਹਾ-ਬਹੁਤ ਆਪਣੇ ਬਾਰੇ ਦੱਸਦਾ ਉਹ ਕਦੀ ਉਦਾਸ ਹੋ ਜਾਂਦਾ ਕਦੀ ਉਤੇਜਤ ।

…..ਮੇਰੇ ਵਾਂਗ ਉਹ ਵੀ ਕੰਮੀ-ਕਮੀਣ ਘਰ ਚ ਜੰਮਿਆ-ਪਲਿਆ ਸੀ । ਮੋਚੀ ਸੀ ਉਹਦਾ ਪਿਉ । ਪਿੰਡ ਖਾਸਾ ਵੱਡਾ ਸੀ ਉਹਨਾਂ ਦਾ । ਕਈ ਸਾਰੀਆਂ ਹੱਟੀਆਂ ਸਨ ਇਕੱਠੀਆਂ , ਵਿਚਕਾਰ ਜਿਹੇ । ਭੌਣ ਵਾਲੀ ਖੂਹੀ ਲਾਗੇ । ਉਹਦਾ  ਪਿਉ ਹੱਟੀ ਕਰਦਾ ਸੀ ਬੋਹੜ ਹੇਠਾਂ ।ਥੜ੍ਹੀ ਤੇ । ਆਪਣਾ ਧੌੜੀ ਦੀਆਂ ਜਾਂ ਕੁਰਮ ਦੀਆਂ । ਦੇਸੀ , ਫੈਨਸੀ ਦੋਨੋਂ । ਇਕ ਤਾਂ ਉਹ ਸੀ ਕੱਲਾ ਸਾਰੇ ਬਾਜ਼ਾਰ ਚ , ਦੂਜੇ ਮਾਲ ਬਹੁਤ ਪੁਖ਼ਤਾ ਤਿਆਰ ਕਰਦਾ । ਐਨ ਸਿੱਕੇ-ਮੰਦ । ਕਰੀਬ ਹਰ-ਰੋਜ਼ ਉਹਦੀ ਵਟਕ ਹੁੰਦੀ । ਬਾਕੀ ਦੀ ਗੰਢ-ਤੁੱਪ ਵਾਫ਼ਰ । ਆਪਣੇ ਦੋਨੋਂ ਬੱਚਿਆਂ ਨੂੰ ਉਹਨੇ ਕਦੀ ਤੰਗ ਨਹੀਂ ਸੀ ਹੋਣ ਦਿੱਤਾ ਕਿਸੇ ਗੱਲੋਂ । ਬੇੱਚੇ ਵੀ ਦੋਨੋਂ ਹੁਸ਼ਿਆਰ , ਐਨ ਸਿਰੇ  ਦੇ ਲਾਇਕ । ਇਕ ਦੂਜੇ ਤੋਂ ਵੱਧ-ਚੜ੍ਹ ਕੇ ਨਾਮਣਾ ਖੱਟਦੇ । ਪੜ੍ਹਾਈ ਚ ਵੀ । ਵੱਡਾ ਨਿੰਦਰ ਤਾਂ ਉੱਪਰ ਤੱਕ ਪੜ੍ਹ ਕੇ ਡਾਕਟਰੀ ਕਰ ਗਿਆ । ਤੇ ਛੋਟਾ, ਜਿਹੜਾ ਸਾਡਾ ਭਾਅ ਜੀ ਸੀ , ਸਾਡੀ ਪਿੰਡ ਦੀ ਮਸਾਣ-ਝਿੜੀ ਚ ਕੁੱਲੀ ਬਣਾ ਕੇ ਰਹਿੰਦਾ ਸੀ , ਪੜ੍ਹਾਈ ਪੂਰੀ ਕੀਤੇ ਬਿਨਾਂ ਈ ਨਿਕਲ ਤੁਰਿਆ ।ਹੇਠਲੀ-ਉੱਪਰ ਕਰਨ, ਯੁੱਗ-ਗਰਦੀ ਲਿਆਉਣ ਤੇ ਇਕ ਗਰਮਾਂ-ਗਰਮ ਜੋਸ਼ੋ-ਕਰਮ ਵਾਲੀ ਥਿਊਰੀ ਨੂੰ ਅਮਲੀ ਰੂਪ ਦੇਣ । ….ਆਪਣੀ ਕਵਿਤਾ ਤੇ ਜ਼ੋਰ ਨਾਲ, ਭਾਸ਼ਨਾਂ ਦੀ ਗਰਮੀ ਨਾਲ ਜਾਂ ਸੰਗਠਨਕਾਰੀ ਤਾਕਤ ਨਾਲ । ਇਹ ਤਿੰਨੇ ਗੁਣ  ਉਸ ਦੇ ਵਿਸ਼ੇਸ਼ ਗੁਣ ਸਨ ਕਦੇ । ਵਰਦਾਨ ਸਮਝਦਾ ਸੀ ਉਹ ਇਹਨਾਂ ਨੂੰ ਪੜ੍ਹਾਈ ਕਰਦਿਆਂ । ਪਰ ਹੁਣ  ਉਹ ਇਹਨਾਂ ਨੂੰ ਸਰਾਪ ਆਖਦਾ – ਏਨ੍ਹਾਂ ਗੁਣਾਂ ਨੇ ਈ ਮੈਨੂੰ ਪੱਟਿਆ,ਨਈਂ ਹੁਣ ਨੂੰ ਮੈਂ ਵੀ ਕਿਸੇ ਸਿਰੇ ਲੱਗਾ ਹੁੰਦਾ , ਵੱਡੇ ਭਾਈ ਵਾਂਗ….।

ਵੱਡੇ ਭਾਈ ਨਿੰਦਰ ਨਾਲ ਹੁਣ ਉਸ ਨੂੰ ਈਰਖਾ ਰਹੀ ਸੀ , ਨਾ ਰਸ਼ਕ । ਨਾ ਮੋਹ ਰਿਹਾ ਸੀ ਨਾ ਨਫ਼ਰਤ । ਸਤਿਕਾਰ ਵਜੋਂ ਉਹ ਉਸ ਨੂੰ ਨਾ ਭਾਈ-ਸਾਬ੍ਹ ਆਖ ਕੇ ਚੇਤੇ ਕਰਦਾ , ਨਾ ਘਿਰਣਾ  ਦੀ ਰੋਅ ਚ ਉਹਨੂੰ ਬੁਰਾ-ਭਲਾ ਈ ਕਹਿੰਦਾ । ਜਿਵੇਂ ਨਿੰਦਰ ਫਿਟਕਾਰ ਦਿੰਦਾ ਸੀ ਉਸਨੂੰ । ਗੱਲ ਗੱਲ ਤੇ ਹੇਠੀ ਕਰ ਦਿਆ ਕਰਦਾ ਸੀ ਉਸਦੀ  , ਵੇਲੇ –ਕੁਵੇਲੇ ਘਰ ਆਏ ਦੀ – ਹੇਨਾਂ ਲੱਛਣਾਂ ਨੇ ਤੈਨੂੰ , ਨਾ ਘਰ ਜੋਗਾ ਰੈਣ ਦੇਣਾ ਨਾ ਘਾਟ ਜੋਗਾ….ਮੇਰੀ ਗੱਲ ਯਾਦ ਰੱਖੀਂ ਤੂੰ , ਹਾਂਆਂ…..।

ਤੇ ਸੱਚ-ਮੱਚ ਅੱਠੀਂ-ਦਸੀਂ ਸਾਲੀਂ ਜਦ ਉਹ ਹਾਰ-ਥੱਕ ਕੇ ਘਰ ਪਰਤ ਆਇਆ, ਹੱਥ-ਪੱਲੇ ਵੀ ਕੁਝ ਨਾ ਪਿਆ ਉਸਦੇ , ਤਾਂ ਵੱਡੇ ਨਿੰਦਰ ਨੇ ਪੈਂਦੀ ਸੇੱਟੇ ਈ ਸਿਰੇ ਦੀ ਆਖ ਦਿੱਤੀ – ਆਪ ਤਾਂ ਤੂੰ ਮਰਿਆਂ , ਸਾਨੂੰ ਕਾਤ੍ਹੇ ਮੂਰਆਉਨਾ ? ਲੋਕ ਕੀ ਆਖਣਗੇ , ਇਕ ਭਰਾ ਅਫ਼ਸਰ ਇਕ ਆਵਾਰਗਰਦ ਲੁੱਚਾ-ਲਫੰਗਾ ਤੇ ਨਿਕੰਮਾ । …..ਨਾ ਬਈ ਨਾ , ਆਪਣੀ ਬੇ-ਵਾਹ ਐ ।

ਮੈਨੂੰ ਜਿਉਂ ਜਿਉਂ ਪਤਾ ਲਗਦਾ ਗਿਆ ਉਸ ਬਾਰੇ, ਮੈਂ ਨਾਲੋ-ਨਾਲ ਦੱਸਦਾ ਗਿਆ ।ਮੱਟੂ ਨੂੰ । ਪਰਦੇ ਨਾਲ  । ਪਰ ਉਸ ਲਈ ਜਿਵੇਂ ਇਹ ਆਮ ਜਿਹੀ ਗੱਲ ਹੋਵੇ । ਉਹ ਕੋਈ ਖਾਸ ਹੈਰਾਨ ਨਾ ਹੁੰਦਾ , ਜਿਵੇਂ ਮੈਂ ਹੁੰਦਾ ਸੀ ।ਬਾਬੇ ਦੀਆਂ ਗੱਲਾਂ ਸੁਣ ਕੇ । ਉਸ ਦੀ ਜੀਵਨ-ਕਥਾ ਜਾਣ ਕੇ । ਮੈਨੂੰ ਤਾ ਜਿਵੇਂ ਪਾਣ ਜਿਹੀ ਚੜ੍ਹਦੀ ਗਈ । ਕਾਵਿ-ਉਡਾਰੀ ਹੋਰ ਤਿੱਖੀ ਹੁੰਦੀ ਗਈ-ਗਰਮ ਤੇ ਜੋਸ਼ੀਲੀ । ਮੈਂ ਅੱਠੇ-ਪਹਿਰ ਹਵਾ-ਮੰਡਲ ਚ ਰਹਿੰਦਾ । ਮੱਟੂ ਹੋਰਾਂ ਦੀ ਦੋਸਤੀ ਨੇ ਮੈਨੂੰ ਹੋਰ ਉਤਾਂਹ ਚੁੱਕੀ ਰੱਖਿਆ । ਬਾਬਾ  ਵੀ ਜਦ ਮੇਰੀ ਪੜ੍ਹਾਈ-ਲਿਖਾਈ ਬਾਰੇ ਪੁੱਛਦਾ, ਮੈਂ ਅੱਗੇ ਟੁਣਕਵਾਂ ਉੱਤਰ ਦਿੰਦਾ – ਚੜ੍ਹਦੀ ਕਲਾ ਆ ਕਿ ਪੂਰੀ ,ਕਾਟੋ ਐਨ ਫੁੱਲਾਂ ਤੇ ਆ ਕਿ….

ਮੈਂ ਆਪਣੀ ਏਸ ਕਾਟੋ ਦੀ ਗੱਲ ਕਦੇ-ਕਦਾਈਂ ਬਾਪੂ ਨੂੰ ਦੱਸਦਾ ।ਬੜੇ ਮਾਣ ਨਾਲ ਬੜੇ ਉਤਸ਼ਾਹ ਨਾਲ ।ਬਾਪੂ ਅੱਗੋਂ ਝਈ ਲੈ ਕੇ ਪੈਦਾ ਮੈਨੁੰ – ਓਥੇ ਪੜ੍ਹਨ ਜਾਨਾ ਕਿ  ਹਾਅ ਕੋਲੇ ਜੇਹੈ ਕੇੱਠੇ ਕਰਨ ? ਕਾਵਿ-ਮੁਕਾਬਲਿਆਂ ਕ ਜਿੱਤੇ ਕੱਪਾਂ ਨੁੰ ਬਾਪੂ ਕੋਲੇ ਜਿਹੇ ਆਖ ਕੇ ਫਿਟ-ਕਾਰਦਾ । ਮੈਂ ਬੜੀ ਹਲੀਮੀ ਨਾਲ ਉਸ ਨੂੰ ਕੱਪਾਂ-ਟਰਾਫਿਆਂ ਦੀ ਅਹਿਮੀਅਤ ਸਮਝਾਉਂਦਾ – ਇਹ ਮੇਰੀ ਜ਼ਿੰਦਗੀ ਦੇ ਗਹਿਣੇ ਆ ਗਹਿਣੇ ਬਾਪੂ, ਕਾਮਾ-ਜਮਾਤ ਦੀ ਬੰਦ-ਖਲਾਸੀ ਦੇ ਚਿੰਨ੍ਹ ਤੇ ਜੁੱਗ-ਬਦਲੀ ਦੀ ਗਰੰਟੀ । ਏਨ੍ਹਾਂ ਦਾ ਝੌਲਾ-ਭਰੀ ਮੈਂ ਜੇੜ੍ਹੇ ਜੇੜ੍ਹੇ ਰਾਹੇ ਵੀ ਲੰਘੂ , ਉਨ੍ਹਾਂ ਉਪਰਲੇ ਸਾਰੇ ਵਸੀਲੇ ਝੱਟ ਤੇਰੀ ਝੋਲੀ ਚ ਆ ਡਿਗਣੇ ।….ਤੇਰਾ ਸਭ ਕੁਝ ਬਦਲਿਆ ਜਾਊ ਘਰ-ਬਾਰ,ਕਾਰ-ਕਿੱਤਾ, ਰੈਹਣੀ-ਬੈਹਣੀ ।

ਬਾਪੂ ਮੇਰੀ ਖੁਸ਼-ਫਹਿਮੀ ਤੇ ਕਲਪਦਾ । ਮੇਰੀ ਖੁਲ੍ਹੀ-ਕਵਿਤਾ ਸੁਣ ਕੇ ਮੱਥੇਤੇ ਹੱਥ ਮਾਰਦਾ ਤੁਆਡੀਆਂ ਹਾਅ ਗੱਲਾਂ ਸੁਣਦਿਆਂ ਉਮਰ ਲੰਘ ਗਈ ਮੇਰੀ …..। ਮੇਰਾ ਨਾ ਈ ਕੁਸ਼ ਬਦਲਿਆ ਤੇ ਨਾ ਈ ਬਦਲਨਾ….। ਬਾਪੂ ਭਾਵੇਂ ਲਾਵੀ ਈ ਕਰਦਾ ਸੀ ,ਬਹੁਤਾ ਕਰਕੇ ਪਿੰਡ ਦੀ । ਪਰ ਖ਼ਬਰ ਸਾਰੀ ਰੱਖਦਾ ਸੀ ਉਹ । ਆਲੇ-ਦੁਆਲੇ ਦੀ , ਸਮਿਆਂ ਦੀ , ਸਸਕਾਰਾਂ ਦੀ । ਛੋਟੋ-ਵੱਡੈ ਲੋਕਾਂ ਦੀ । ਉਸ ਦੀ ਇਸ ਜਾਣਕਾਰੀ ਕਰਕੇ ਈ ਬਾਬੇ ਦਾ ਸਾਡੇ ਘਰ ਆਉਣ-ਜਾਣ ਵਧਿਆ ।ਮੈਨੂੰ ਕਾਲਿਜ ਭੇਜਣ ਲਈ ਵੀ ਇਸੇ ਲਈ ਮੰਨ ਗਿਆ ਸੀ ਬਾਪੂ ,ਔਖਾ ਸੌਖਾ । ਨਈਂ ਤਾਂ ਹੋਰ ਵੀ ਕਿੰਨੀ ਸਾਰੀ ਮੁਢੀਰ ਸੀ , ਵਿਹਲੇ ਦੀ । ਅੱਵਲ ਤਾਂ ਉਹ ਸਾਰੇ ਦਸਵੀਂ ਦੇ ਰਾਹ ਚ ਈ ਰਹਿ ਗਏ । ਜੇ ਕੋਈ ਪਹੁੰਚਿਆ ਈ ਪਹੁੰਚਿਆ ਪਹਿਲੀ ਪਉੜੀ ਤੇ ਕਿਸੇ ਦੇ ਘਰਦਿਆਂ ਸ਼ਹਿਰ ਨਾ ਭੇਜਿਆ । ਬਰਾਬਰ ਦੀ ਦਿਹਾੜੀ ਲੈਣ ਵਾਲੇ ਮੁੰਡੇ ਨੂੰ ਅੱਗੇ ਪੜ੍ਹਾਉਣ ਲਈ ਹਾਮੀ ਨਾ ਭਰੀ – ਕਰਮਾ ਸੀ । ਫੀਲਾ ਸੀ , ਨਿੰਬੋ ਸੀ , ਪਾਸ਼ਾ ਸੀ ,ਐਬੂ ਸੀ , ਭਜਨੀ ਸੀ , ਰੁਲਦਾ ਸੀ ,ਨਾਨਕੂ ਸੀ । ਸਭ ਘਰੇਈ ਘੁੰਮਦੇ ਸਨ । ਡਗਾਰੇ-ਲਾਵੀਆਂ ਕਰਦੇ । ਕਣਕਾਂ ਵਢਦੇ , ਗੋਡੀਆਂ ਕਰਦੇ । ਝੋਨੇ ਲਾਉਂਦੇ , ਤਾਲ ਕਰਦੇ , ਆਲੂ ਬੀਜਦੇ , ਪੁਟਦੇ ਜਾ ਹੋਰ ਕੋਈ ਦਿਹਾੜੀ-ਦੱਪਾ ।ਐਧਰ-ਓਧਰ , ਕਿਸੇ ਵੀ ਥਾਂ । ਕਿਸੇ ਵੀ ਰਾਜ-ਮਿਸਤਰੀ ਨਾਲ ਜਾਂ ਕਿਸੇ ਠੇਕੇਦਾਰ ਕੋਲ ।ਚਾਰੇ ਸਿਰੇ ਜੇ ਨਾ ਈ ਕੋਈ ਸਬੱਬ ਬਣੇ, ਤਾਂ ਸ਼ਹਿਰ ਚਲੇ ਜਾਦੇ । ਇਮਲੀ-ਚੌਕ ਚ ਜਾ ਬੈਠਦੇ , ਸਾਝਰੇ ਦੀ ਸਵੇਰੇ ।ਉਥੇ ਵਾਹਵਾ ਮੰਡੀ ਲਗਦਾ ਦਿਹਾੜੀਦਾਰਾਂ ਦੀ ਕਲੀਗੀਰਾਂ ਦੀ ਜਾਂ ਛੋਟੇ-ਮੋਟੇ ਰਾਜ ਮਿਸਤਰੀਆਂ, ਲੱਕੜ-ਮਿਸਤਰੀਆਂ ਦੀ । ਉਥੇ ਜਿਹੜਾ ਵੀ ਖ਼ਰੀਦਾਰ ਆਉਂਦਾ ਪਹਿਲਾਂ ਮੁੱਲ ਕਰਦਾ । ਇਹ ਜੇ ਵੀਹ ਮੰਗਣ ,ਅਗਲਾ ਅਠਾਰਾ ਦਿੰਦਾ । ਕੋਈ ਸੋਲਾਂ-ਪੰਦਰਾਂ ਵੀ । ਅੱਠ ਵੱਜਣ ਤਕ ਬਹੁਤੇ ਚਲੇ ਜਾਂਦੇ ਕੰਮੀ-ਕਾਰੀਂ , ਬਾਕੀ ਬਰੰਗ । ਉਹ ਰੋਟੀ ਪਰਨੇ ਨਾਲ ਲਟਕਾਈ  ਘਰੀਂ ਪਰਤ ਆਉਂਦੇ – ਉਦਾਸ, ਗ਼ਮਗੀਨ ਤੇ ਅਧਮੋਏ ਜਿਹੇ ।

ਮੈਂ ਜਿੰਨੇ ਵੀ ਕੱਪ ਜਿੱਤੇ , ਜਿੰਨੀਆਂ ਵੀ ਸ਼ੀਲਡਾਂ ਆਂਦੀਆਂ , ਸਭ ਇਨ੍ਹਾਂ ਉੱਤੇ ਲਿਖੀਆਂ ਆਈਟਮਾਂ ਨੂੰ ਹੀ  ਪ੍ਰਾਪਤ ਹੋਈਆਂ ਸਨ ।ਸਿੱਧੀਆਂ ਇਨ੍ਹਾਂ ਦੇ ਨਾਵਾਂ ਹੇਠ , ਏਨ੍ਹਾ ਦੇ ਘਰਾਂ ਦੇ ਰੇ ਜੀਆਂ ਦੇ ਨਕਸ਼ੇ ਖਿੱਚ ਕੇ । ਜਿਹਨਾਂ ਦਾ ਵਰਨਣ ਜਿੰਨਾਂ ਮੈਂ ਵਧੀਆ ਕਰ ਸਕਦਾ ਸੀ , ਹੋਰ ਕੋਈ ਨਹੀਂ ਸੀ ਕਰ ਸਕਦਾ । ਨਾ ਆਪਣੇ ਕਾਲਿਜ ਚ , ਨਾ  ਹੋਰਨੀਂ ਥਾਈਂ । ਸਰੋਤੇ ਅਸ਼-ਅਸ਼ ਕਰ ਉੱਠਦੇ ਮੇਰੇ ਬੋਲਾਂ ਤੇ ਮੇਰੀ ਪੇਸ਼ਕਾਰੀ ਤੇ । ਖਾਸ ਕਰ ਖਾਂਦੇ-ਪੀਂਦੇ ਘਰਾਂ ਦੇ ਕੁੰੜੀਆਂ-ਮੰਡੇ ।ਉਂਝ ਤਾਂ ਮੇਰੀ ਯਾਰੀ ਟੌਰ੍ਹ ਠੋਰ ਵਾਲੇ ਮੁੰਡਿਆਂ ਨਾਲ ਬਹੁਤੀ ਨਹੀਂ ਸੀ , ਪਰ ਉਹ ਮੈਨੂੰ ਖਿੱਚ ਕੇ ਆਪਣੇ ਨਾਲ ਨਾਲ ਰੱਖਦੇ । ਧੂਹ ਕੇ ਕੰਨਟੀਨ ਲੈ ਜਾਂਦੇ ਚਾਹ-ਕੌਫੀ ਪਿਲਾਉਂਦੇ ਮੇਰੀ ਸਿਫ਼ਤ ਕਰਦੈ ।ਮੇਰੀ ਸ਼ਾਇਰੀ ਦੀ ਵੀ । ਪਕੌੜੇ-ਬਰਫੀ ਖਾਂਦੇ ਉਹ ਬਹੁਤੀ ਵਾਰ ਇਕੋ ਈ ਫ਼ਰਮਾਇਸ਼ ਕਰਦੇ – ਉਹ-ਉਹ ਸੁਣਾ ਯਾਰ , ਓਦਣ ਆਲੀ ਪੋਇਮ , ਫੈਸਟੀਬਲ ਆਲੀ । ਕੀ ਨਾ ਆ ਉਦ੍ਹੀ ਹੀਰੋਇਨ ਦਾ ?….ਰਜਨੀ , ਨਈਂ ਸੱਚ , ਰੱਜੋ –ਰੱਜੋ । ਕਿਆ ਬਾਤ ਐ ਉਹ ਕੁੜੀ । ਨਿਰੀ ਅੱਗ ,ਧਰਮ ਨਾ ਨਿਰਾ ਨਿਰਾ ਈ ਇਨਕਲਾਬ ! ਐਹੋ ਜੇਏ  ਪਾਤਰ , ਕਿਥੋਂ ਲੱਭਦੈ ਤੂੰ ਬ੍ਰਦਰ…..? ਮੈਂ ਦਿਨ ਰਾਤ ਉਨ੍ਹਾਂ ਚ ਰਹਿਨਾਂ ਵੀਰੇ , ਲੱਭਣ ਕਿਥੇ ਜਾਣਾ ! ਉਨ੍ਹ਼ਂ ਵਾਂਗ ਵਿਚਰਦਾ ਮੈਂ ,ਹਰ ਤਰਾਂ ਦੀ ਸਾਂਝ ਆ ਹਰੇਕ ਨਾਲ ਮੇਰੀ …. ਮੈਂ ਬੜੇ ਮਾਣ ਨਾਲ ਆਪਣੇ ਵਿਸ਼ੇ-ਵਸਤੂ ਦੀ ਲੱਭਤ ਬਾਰੇ ਦੱਸਣਾ । ਫੇਅਰ ਤੇ ਤੂੰ ਬਉਂਤ ਲੱਕੀ ਏ ਪਾਰਟਰਨਰ …..। ਜੇਦ੍ਹੇ ਕੋਲ ਐਨਾ ਵਧੀਆ ਰਾਅ-ਮੈਟੀਰੀਅਲ ਹੇਵੇ, ਉਦ੍ਹੀ ਇੰਨਡਸਟਰੀ ਘਾਟੇ ਚ ਜਾ ਈ ਨੀ ਸਕਦੀ । ਉਨੂੰ ਤਾਂ ਹਰ ਸਟੇਜ ਤੇ ਪਰਫਿੱਟ ਈ ਪਰਾਫਿੱਟ ਐ । ਅੱਜ ਨਹੀਂ ਤਾਂ ਕਲ੍ਹ ਤੂੰ ਵੱਡਾ ਸ਼ੈਅਰ ਬਣਿਆ ਲੈ , ਸਟਾਰ ਪੇਇਟ ! ਫੇਰ ਤਾ ਸਾਰਾ ਮੀਡੀਆ ਸਾਡੇ ਯਾਰ ਮਗਰ ਘੁਮੂੰ – ਮਰੀਕ ਚੰਦ ਮਗਰ । ….ਸੋਰੀ ਅਮਰੀਕ ਚੰਦ ਮੀਕੇ ਮਗਰ….।

ਉਹਨਾਂ ਨਾਲ ਮੇਰੀ ਇਸ ਸਾਂਝ ਭਿਆਲੀ ਨੂੰ ਮੱਟੂ ਨੇ ਕਈ ਵਾਰ ਟੋਕਿਆ । ਦਰਸ਼ਨ ਨੇ ਵੀ । ਪਾਲੇ ਨੇ ਤਾਂ   ਦੋ ਤਿੰਨ ਵਾਰ ਝਿੜਕਿਆ ਵੀ । ਪਰ ਮੈਂ ਕਲਾ ਤੇ ਪ੍ਰਸੰਸਾ ਦੇ ਆਪਸੀ ਸੰਬੰਧਾਂ ਦੀ ਵਿਆਖਿਆ ਕਰਦਾ, ਉਹਨਾਂ ਨੂੰ ਅੱਗਿਉਂ ਵਗਲ ਲੈਂਦਾ। ਬਹੁਤ ਸਾਰੇ ਅਧਿਆਪਕ ਵੀ ਮੇਰੇ ਨਾਲ ਸਹਿਮਤ ਸਨ । ਉਹ ਡਟ ਕੇ ਮੇਰਾ ਪੱਖ ਪੂਰਦੇ । ਬਾਬੇ ਤੋਂ ਵੀ ਮੈਂ ਇਹੋ ਆਸ ਰੱਖ਼ਦਾ ਸਾਂ । ਪਰ, ੳਸਨੇ ਕਦੀ ਮੇਰੀ ਸੱਧਰ ਪੂਰੀ ਨਹੀਂ ਸੀ ਕੀਤੀ । ਇਕ ਦਿਨ ਤਾਂ ਉਸਨੇ ਮੇਰੀ ਊਈਂ ਝੰਡ ਕਰ ਦਿੱਤੀ – ਆਪਣੀ ਈ ਭੁੱਖ-ਨੰਗ ਦਾ ਰਮਾਂਚੀਕਰਣ ਕਰਕੇ ਕਿੰਨਾ ਚੁ ਚਿਰ ਸਵੈ-ਧੋਖੇ ਚ ਵਿਚਰਕੇ ਰਹੋਗੇ , ਸ਼ਾਇਰ-ਸਾਬ੍ਹ….। ਪੈਂਦੀ ਸੱਟੇ ਤਾਂ ਮੈਨੂੰ ਉਹਦੀ ਗੱਲ ਸਮਝ ਨ ਆਂਈ, ਫਿਰ ਕਈ ਸਾਰੀਆਂ ਗਿਆਨ-ਗੋਸ਼ਟੀਆਂ ਪਿਛੋਂ ਆਈ ਈ ਆਈ ਤਾਂ ਪਾਸਾ ਈ ਪਲਟ ਗਿਆ ।ਰੰਗ-ਤਰੰਗ ਈ ਜਾਂਦਾ ਰਿਹਾ  , ਸ਼ਾਇਰੀ ਦਾ । ਪਹਿਲੇ ਵਰਗਾ ਵੇਗ ਈ ਨਾ ਰਿਹਾ ।ਖੁਸ਼ਕ ਹੋ ਗਿਆ ਕਿਸੇ ਰੇਗਸਤਾਨ ਚ  । ਫਿਰ ਜਦ  ਕਿਧਰੇ ਦੋ ਅੱਖਰ ਲਿਖੇ ਈ ਜਾਂਦੇ , ਉਹ ਏਨੇ ਬੋਝਲ ਹੁੰਦੇ  ਏਨੇ ਖੁਸ਼ਕ ਹੁੰਦੇ  ਕਿ ਸੁਣਦਾ ਈ ਕੋਈ ਨਾ । ਨਾ ਹਾਣੀ-ਬੇਲੀ , ਨਾ ਮਿੱਤਰ-ਯਾਰ । ਉਹ ਤਾਂ ਸਗੋਂ ਟਕੋਰਾਂ ਕਰਕੇ ਅੱਗੇ – ਕੀ ਹੋ ਗਿਆ ਤੈਨੂੰ ਮੀਕਿਆ ? ਤੇਰਾ ਖੇਤਰ ਫਿਲਾਸਫੀ ਨਈਂ ਮਰੀਕ ਚੰਦਾ ਸ਼ੈਅਰੀ ਆ ਸ਼ੈਅਰੀ ! ਤੇ ਨਿਰੋਲ ਸ਼ਾਇਰੀ ਕਰਨ ਲਈ ਭਾਵਨਾਵਾਂ ਦੀ ਕਦਰ ਕਰਨੀ ਪੈਂਦੀ ਐ , ਤਰਕ  ਦੀ ਨਈਂ …..। ਗੱਲ , ਉਹ ਵੀ ਬੇ-ਅਰਥ ਨਹੀਂ ਸੀ ਕਰਕੇ , ਤੇ ….ਤੇ ਬਾਬੇ ਦਾ ਆਖਿਆ  ਵੀ ਪੂਰਾ ਮੁੱਲ ਰੱਖਦਾ ਸੀ – ਨਿਰੀਆਂ ਭਾਵਨਾਵਾਂ ਹਵਾ ਚ ਉਡਦੇ  ਗੁਬਾਰਿਆ ਵਾਂਗ ਸੁੰਦਰ-ਸੁਹਾਣੀਆਂ ਤਾਂ ਜ਼ਰੂਰ ਲਗਦੀਆਂ , ਪਰ ਰਤਾ ਕੁ ਸੇਕ ਲੱਗਣ ਜਾ ਠੋਕਰ ਵੱਜਣ ਤੇ ਠਾਹ , ਫਟ ਕੇ ਔਹ ਜਾਂਦੀਆਂ । ਤੂੰਬਾ ਤੂੰਬਾ ਹੋ ਕੇ ਖਿੱਲਰ ਜਾਂਦੀਆਂ ।ਅੱਗੇ ਤੂੰ ਆਪਣਾ ਰਾਹ ਆਪ ਚੁਣ , ਤੈਨੂੰ ਕਿਹੜਾ ਮਨਜੂਰ ਆ-ਸਵੈ-ਧੋਖੇ ਦਾ ਜਾਂ ਸਵੈ-ਸੂਝ ਦਾਆ….!

ਇਹਨਾਂ ਦੋਨਾਂ ਟਿੱਪਣੀਆਂ ਵਿਚਕਾਰ ਫਸਿਆ ਮੈਂ ਕਿੰਨਾ ਚਿਰ ਕੋਈ ਨਿਰਣਾ ਨਾ ਕਰ ਸਕਿਆ । ਫਿਰ ਮੈਨੂੰ ਬਾਬੇ ਨੇ ਇਕ ਕਿਤਾਬ ਦਿੱਤੀ , ਵੱਡੀ ਸਾਰੀ । ਕਲਾ-ਸਿਧਾਂਤਾ ਬਾਰੇ ਸੀ ।  ਨਾਂ ਤਾ ਹੁਣ ਮੇਰੇ ਚੇਤੇ ਨਹੀਂ ਸੀ ਬਹੁਤ ਔਖੀ ਬਹੁਤ ਸਾਰੇ ਚਿੰਤਕਾਂ ਦੇ ਵਿਚਾਰ ਸਨ ਉਸ ਵਿਚ । ਮੇਰਾ ਬਹੁਤ ਸਾਰਾ ਸਮਾਂ ਉਹ ਕਿਤਾਬ ਖਾਂਦੀ । ਜਾਂ ਉਹੋ ਜਿਹੀਆਂ ਹੋਰ ਵੀ ।ਜਿਹੜੀਆਂ  ਮੈਂ ਵੀ ਹੁਣ ਖ਼ਰੀਦਣੀਆਂ ਸਿੱਖ ਗਿਆ ਸਾਂ । ਸ਼ਹਿਰੋਂ , ਬੁੱਕ-ਸਟਾਲਾਂ ਤੋਂ ਜਾਂ ਪੁਸਤਕ-ਪ੍ਰਦਰਸ਼ਨੀਆਂ ਚੋਂ । ਉਹਨਾਂ ਦੀ ਪੜ੍ਹਾਈ ਨਾਲ ਮੇਰੀ ਸ਼ਾਇਰੀ ਦੀ ਗਿਣਤੀ –ਮਿਣਤੀ ਈ ਬਦਲ ਗਈ । ਹੁਣ ਜੋ ਵੀ ਲਿਖਿਆ ਜਾਂਦਾ , ਬੜਾ ਸਮਝ –ਸੋਚ ਮਾਪ-ਤੋਲ ਕੇ । ਇਸ ਨਾਲ ਮੇਰੇ ਸਰੋਤੇ ਤਾ ਘਟਣੇ ਈ ਘਟਣੇ ਸਨ, ਪ੍ਰਸੰਸਕ ਵੀ ਜਾਂਦੇ ਰਹੇ ।ਮੈਨੂੰ ਚਾਹ-ਪਕੌੜੇ ਪੇਸ਼ ਕਰਨ ਵਾਲੇ ਪਾਸਾ ਵੱਟ ਕੇ ਲੰਘ ਜਾਂਦੇ । ਦਰਸ਼ਨ ਪਾਲਾ ਵੀ ਇਵੇਂ ਈ ਕਰਦੇ । ਉਹ ਹੁਣ ਪਹਿਲਾਂ ਵਾਲੇ ਦਰਸ਼ਨ-ਪਾਲਾਂ ਰਹੇ ਵੀ ਕਿੱਥੇ ਸਨ । ਮੱਟੂ ਦੀ ਪੜ੍ਹਾਈ ਮੁੱਕਣ ਤੇ ਉਹਨਾਂ ਸਭ ਕੁਝ ਬਦਲ ਲਿਆ-ਗਰੁੱਪ ਵੀ ਗੱਲ-ਬਾਤ ਵੀ ,ਬਹਿਣੀ-ਬਹਿਣੀ ਵੀ । ਸਿੰਘ ਸਜ ਗਏ ਸਨ ਉਹ ਪੂਰੇ । ਪੀਲੀਆਂ ਦਸਤਾਰਾਂ , ਗਲੀ ਗਾਤਰੇ । ਹਰ ਵੇਲੇ ਮਾਰਧਾੜ ਦੀਆਂ ਗੱਲਾਂ ਕਰਦੇ । ਮੈਨੂੰ ਉਹਨਾਂ ਤੋਂ ਭੈਅ ਜਿਹਾ ਆਉਂਦਾ । ਮੈਂ ਉਹਨਾਂ ਤੋਂ ਬਚ ਕੇ ਰਹਿੰਦਾ, ਉਹ ਮੈਥੋਂ ਹਟਵੇ ਹਟਵੇ ਲੰਘਦੇ ।

ਦਰਸ਼ਨ-ਪਾਲੇ ਦੀ ਬੇਰੁਖੀ ਦੀ ਮੈਨੂੰ ਲਾਭ ਵੀ ਬੜਾ ਹੋਇਆ । ਮੈਂ ਕਾਫੀ ਸਾਰਾ ਧਿਆਨ ਕਲਾਸ ਪੜ੍ਹਾਈ ਵੱਲ ਦੇਣ ਲੱਗਾ । ਤੀਜੇ ਸਾਲ ਚ ਪਹੁੰਚ ਕੇ ਮੈਂ ਵਾਹਵਾ ਹਿੰਮਤ ਮਾਰੀ । ਆਰਟਸ ਵਿਸ਼ਿਆਂ ਚੋਂ ਦੂਜੇ ਦਰਜੇ ਦੇ ਨੰਬਰ ਪ੍ਰਾਪਤ ਕਰ ਲਏ ।

ਚੌਦਾਂ ਪਾਸ ਕਰਕੇ ਮੈਂ ਬਾਬੇ ਨਾਲ ਫਿਰ ਸਲਾਹ ਕੀਤੀ । ਉਸ ਨੇ ਕਿਹਾ ਟਰੇਨਿੰਗ ਕਰ ਲੈ । ਟੀਚਰ ਲਾਈਨ ਚ ਬੜਾ ਸਮਾਂ ਕਲਾ-ਕੋਸ਼ਲਤਾ ਪ੍ਰਫੁੱਲਤ ਕਰਨ ਦਾ । ਅੱਜ ਦੇ ਨੱਥੇ ਪ੍ਰਸੈਂਟ ਸ਼ਾਇਰ ਟੀਚਰੀ ਕਰਕੇ ਜਾਂ ਪ੍ਰੋਫੈਸਰੀ । ਸਕੂਲਾਂ ਚ ਤਾਂ ਮਾੜਾ-ਮੋਟਾ ਕਿਧਰੇ ਕਰਨਾ ਈ ਪੈਦਾ ਕੁਛ, ਕਾਲਿਜਾਂ ਚ ਵਿਹਲ ਵੀ ਵਿਹਲ ਆ । ਜੀਅ ਕਰਦਾ ਘੰਟੀ ਲਾਓ , ਜੀਅ ਕਰਦਾ ਨਾ ਲਾਓ । ਰਜਿਸਟਰ ਪੂਰਾ ਹੋਣਾ ਚਾਹੀਦਾ , ਹਾਜ਼ਰੀ ਵਾਲਾ , ਕਿਤੇ ਵੀ ਬੈਠ ਕੇ ਜਾਂ ਖੜੋ ਕੇ , ਲਾਅਨ ਚ ਕੰਨਟੀਨ ਚ ਜਾਂ ਸਟਾਫ਼ ਰੂਮ ਚ ……। ਬਾਬੇ ਦੀਆਂ ਗੱਲਾਂ ਸੁਣ ਕੇ ਮੇਰੇ ਤੇ     ਪ੍ਰੋਫੈਸਰੀ ਭਾਰੂ ਹੋ ਗਈ । ਉਹ ਵੀ ਕਾਲਿਜ ਦੀ, ਸਰਕਾਰੀ ਕਾਲਿਜ ਦੀ ।…..ਮੈਂ ਚੇਤਨ ਆ , ਸ਼ਾਇਰ ਆ ਮਿਹਨਤੀ ਆ , ਮੇਰੇ ਲਈ ਐਮ.ਏ. ਕਰਨੀ ਕੀ ਔਖੀ ! ਰਿਜਰਵ ਕੋਟੇ ਚੋਂ ਪ੍ਰੋਫੈਸਰੀ ਵੀ ਫੱਟ ਮਿਲਜੂ , ਨਿਕਲਦੇ ਨੂੰ ….। ਹੈਅ ਕਿੰਨੇ ਕੁ ਐ.ਏ. ਸਾਡੇ ਚੋਂ । ਐਧਰ ਲਾਗੇ –ਚਾਗੇ ਤਾਂ ਦੀਹਦਾ ਕੋਈ ਨਹੀਂ ਮੈਨੂੰ ….।

ਏਸੇ ਵੇਗ ਚ ਘੁੰਮਦੇ ਨੇ ਮੈਂ ਆਪਣੀ ਮੰਗ ਬਾਪੂ ਅੰਗੇ ਜਾ ਰੱਖੀ ।ਸ਼ਾਮ ਕੁ ਦਾ ਵੇਲਾ ਸੀ । ਬਾਪੂ ਅਜੇ ਆਇਆ ਈ ਸੀ , ਪਾਣੀ ਲਾ ਕੇ । ਸ਼ਾਇਦ ਨਿਹਾਲੇ-ਹੋਣਾਂ ਦੀ ਮੱਕੀ ਨੂੰ । ਮੀਂਹ ਪਿਆ ਨਹੀਂ ਸੀ ਐਂਤਕੀਂ । ਹੁਸੜ ਬਹੁਤ ਸੀ ….ਗਰਮੀ ਰੱਜ ਕੇ । ਬਾਪੂ ਨੇ ਖੂੰਜੇ ਚ ਲਿਆ ਰੱਖੀ ਕੈਹੀ ਸਿੱਧੀ ਉਲਾਰ ਲਈ ਉੱਪਰ ਨੂੰ । ਮੇਰੇ ਮਾਰਨ ਲਈ ਜਾਂ ਆਪਣੇ ਸਿਰ ਚ ? ਸਮਝ ਨਾ ਲੱਗੀ ਉਸਲੇ । ਪਰ ਮੈਂ ਦਹਿਲ ਬਹੁਤ ਗਿਆ । ਉਸਨੇ ਪਹਿਲਾਂ ਐ ਕਦੀ ਨਹੀਂ ਸੀ ਕੀਤੀ । ਮੈਂ ਝੱਟ ਦੇਣੀ ਉਸ ਦੀ ਬਾਂਹ ਜਾ ਫੜੀ । ਜਾਨ ਉਸ ਚ ਕਿਥੇ ਸੀ ।ਕੈਹੀ ਹੱਥੋ, ਛੁੱਟ ਗਈ । ਸਿੱਧੀ ਉਸਦੇ ਪੈਰ ਤੇ ਆ ਡਿੱਗੀ । ਤਿੰਨ ਉੱਗਲਾਂ ਲੂੜ੍ਹਕ ਗਈਆਂ ,ਅੰਗੂਠੇ ਸਮੇਤ । ਬਾਪੂ ਨੇ ਖੂੰਜੇ ਚ ਲਿਆ ਰੱਖੀ ਕੈਹੀ ਸਿੱਧੀ ਉਲਾਰ ਲਈ ਉੱਪਰ ਨੂੰ ।ਮੇਰੇ ਮਾਰਨ ਲਈ ਜਾਂ ਆਪਣੇ ਸਿਰ ਚ ? ਸਮਝ ਨਾ ਲੱਗੀ ਉਸਲੇ । ਪਰ ਮੈਂ ਦਹਿਲ ਬਹੁਤ ਗਿਆ । ਉਸਨੇ ਪਹਿਲਾਂ ਐ ਕਦੀ ਨਹੀਂ ਸੀ ਕੀਤੀ । ਮੈਂ ਝੱਟ ਦੇਣੀ ਉਸ ਦੀ ਬਾਂਹ ਜਾ ਫੜੀ । ਜਾਨ ਉਸ ਚ ਕਿਥੇ ਸੀ । ਕੈਹੀ ਹੱਥੋ, ਛੁੱਟ ਗਈ । ਸਿੱਧੀ ਉਸਦੇ ਪੈਰ ਤੇ ਆ ਡਿੱਗੀ । ਤਿੰਨ ਉਂਗਲਾਂ ਲੂੜ੍ਹਕ ਗਈਆਂ , ਅੰਗੂਠੇ ਸਮੇਤ । ਬਾਪੂ ਲਹੂ-ਲੁਹਾਣ ਹੋ ਗਿਆ । ਉਹ ਡੈਬਰਿਆਂ ਵਾਂਗ ਮੇਰੀ ਵੱਲ ਦੇਖੀ ਗਿਆ । ਪੈਰ ਦੀ ਉਸ ਨੂੰ ਰਤਾ ਭਰ ਵੀ ਚਿੰਤਾ ਨਹੀਂ ਸੀ ਲਗਦੀ । ਮੈਂ ਉਸਨੂੰ ਮੋਢੇ ਲਾ ਕੇ ਡਿਸਪੈਂਸਰੀ ਲੈ ਗਿਆ । ਟੰਕੇ ਲੱਗੇ ਕਈ ਸਾਰੇ । ਉਹ ਮਹੀਨਾ ਭਰ ਮੱਜੇ ਤੇ ਰਿਹਾ ।  ਟੀਕੇ ਲਗਦੇ ਰਹੇ । ਪੱਟੀਆਂ ਹੁੰਦੀਆਂ ਰਹੀਆਂ । ਕਲੀਆਂ-ਕੈਪਸੂਲ ਚਲਦੇ ਰਹੇ ।  ਪਰ ਉਸ ਨੇ ਸੀਈ ਤਕ ਨਾ ਆਖੀ ਮੂੰਹੋਂ । ਨਾ ਕੋਈ ਰੋਸਾ-ਗਿਲਾ ਕੀਤਾ । ਉਂਝ ਬਿਨਾਂ ਬੋਲੇ ਹੀ ਬਹੁਤ ਕੁਝ ਆਖ ਚੁੱਕਾ ਸੀ ਉਹ । ਮੈਂ ਉਸਦੀ ਅਵਸਥਾ ਚੰਗੀ ਤਰ੍ਹਾਂ ਸਮਝ ਲਈ । ਮੈਨੂੰ ਉਸ ਤੇ ਰੋਹ ਨਈਂ ਤਰਸ ਆਉਣ ਲੱਗਾ ।ਬਾਬੇ ਨੂੰ ਵੀ । ਬਾਬਾ ਪਹਿਲੋਂ ਈ ਵਾਕਫ ਸੀ ਸਾਡੇ ਘਰ ਤੋਂ । ਸਵੇਰ ਦੀ ਗਜ਼ਾ ਵੇਲੇ ਉਹ ਬਾਪੂ ਨੂੰ ਜ਼ਰੂਰ ਮਿਲ ਕੇ ਜਾਂਦਾ । ਉਸ ਦ ਸਲਾਹ ਤੇ ਮੈਂ ਨੌਕਰੀ ਕਰ ਲਈ ਸ਼ਹਿਰ । ਉਸਦੇ ਅੱਛੇ-ਖਾਸ ਜਾਣੂ-ਪਛਾਣੂ ਵਕੀਲ ਕੋਲ । ਬਤੌਰ ਮੁਣਸ਼ੀ । ਹੋਰ ਹੋ ਵੀ ਕੀ ਸਕਦਾਂ ਸੀ ਖੜ੍ਹੇ ਪੈਰ ।

ਮੁਣਸ਼ੀਗੀਰੀ ਦੇ ਕਾਰੋਬਾਰ ਨੇ ਮੇਰਾ ਸਾਰਾ ਕੁਝ ਈ ਬਦਲ ਦਿੱਤਾ ਸਿਰ  ਤੋਂ ਲੈ ਕੇ ਪੈਰਾਂ ਤਕ । ਕਈ ਸੁਪਨੇ ਚਕਨਾਚੂਰ ਹੋ ਗਏ । ਸ਼ਾਇਰੀ ਦੇ ਵੀ ਪ੍ਰੋਫੇਸਰੀ ਦੇ ਵੀ । ਰੰਗ-ਬਰੰਗੇ ਮਹੱਲਾ ਦੇ ਸੁਪਨੇ ਦੇਖਦਾ ਮੈਂ ਪਟਾਕ ਕਰਦਾ ਹੇਠਾਂ ਆ ਡਿੱਗਿਆ ਧਰਤੀ ਤੇ । ਧਰਤੀ ਵੀ ਉਹ ਜਿਹਦਾ ਹਰ ਕਿਣਕਾ, ਹਰ ਨੁੱਕਰ , ਹਰ ਕੋਣਾਂ  ਅੱਸੀਆਂ ਵਾਲਾ ਛਿਲਤਰਾਂ ਭਰਿਆ । ਕੋਈ ਕਿਸੇ ਰੁੱਖ ਬੈਠੇ ਚੋਭ ਲੱਗਣੀ ਈਂ ਲੱਗਣੀ ਹੁੰਦੀ । ਛਿਲਤਰ ਖੁੱਭਣੀ ਈ ਖੁੱਭਣੀ ਹੁੰਦੀ । ਬੇ-ਕਸੂਰ ਦੇ ਵੀ ਕਸੂਰਵਾਰ ਦੇ ਵੀ । ਨਿਆਂ-ਕਾਨੂੰਨ ਨਾਮ ਦੀ ਏਥੇ ਕੋਈ ਸ਼ੈਅ  ਨਹੀਂ ਸੀ ਦੇਖਣ ਨੂੰ । ਏਥੇ ਸਿਰਫ਼ ਇਕੋ-ਇਕ ਵਸਤ ਪ੍ਰਧਾਨ ਸੀ –ਵਕਾਲਤ । ਸੱਚ ਵਿਰੁੱਧ ਝੂਠ ਦੀ ਵਕਾਲਤ ਦੇ ਝੂਠ ਵਿਰੁੱਧ ਸੱਚ ਦੀ । ਨਿਤਾਪ੍ਰਤੀ ਜੀਵਨ ਨਾਲੋਂ ਕਈ ਗੁਣਾਂ ਬਹੁਤੀ । ਬਹੁ-ਦਿਸ਼ਾਵੀ, ਬਹੁ-ਪਸਾਰੀ ਤੇ ਯੋਜਨਾ-ਬੱਧ । ਮੈਂ ਵੀ ਇਹਨਾਂ ਯੋਜਨਾਵਾਂ ਦੇ ਲਿਫਾਫੇ ਗਿਣਦਾ, ਸਭ ਕੁਝ ਭੁੱਲਣ ਲੱਗ ਪਿਆ । ਆਪਣਾ ਆਪ ਆਪਣਾ ਆਲਾ-ਦੁਆਲਾ , ਆਪਣੇ ਆਦਰਸ਼ ।  ਜਿਹਨਾਂ ਨੂੰ ਪਿਛਲੇ ਚੌਹ-ਪੰਜਾਂ ਸਾਲਾਂ ਚ ਮੈਂ ਬੜੀ ਮੁਸ਼ਕਲ ਨਾਲ ਸਮਝਿਆ ਸੀ ।

ਕਚਹਿਰੀ ਪਹੁੰਚ ਕੇ ਜਿਹੜੀ ਮੈਂ ਖਾਸ ਨਵੀਂ ਚੀਜ਼ ਸਿੱਖੀ, ਉਹ ਸੀ ,ਠੱਗੀ-ਠੋਰੀ । ਗਾਹਕ ਲੱਭਣ ਵਿਚ ਵੀ, ਸਾਇਲ ਸਾਂਭਣ ਵਿਚ ਵੀ । ਇਸ ਤੋਂ ਬਿਨਾਂ ਗੁਜ਼ਾਰਾ ਈ ਨਹੀਂ ਸੀ ਏਥੇ । ਜਿੰਨਾ ਕੋਈ ਵਕੀਲ-ਮੁਣਸ਼ੀ ਚੰਟ ਓਨੀ ਈ ਉਸਦੀ ਵਕਾਲਤ ਕਾਮਯਾਬ । ਮੇਰਾ ਵਕੀਲ ਹੋਰ ਕਿਸਮ ਦਾ ਬੰਦਾ ਸੀ । ਮੜੇ-ਮੁਕੱਦਮਿਆਂ ਨਾਲ ਬਹੁਤਾ ਲਗਾਉਂ ਨਹੀਂ ਸੀ ਉਸਨੂੰ । ਉਹ ਤਾਂ ਬੈਠਣ ਖਾਤਰ ਦੀ ਕਚਹਿਰੀ ਬੈਠਦਾ ਸੀ ।ਧਿਆਨ ਉਹਦਾ ਹੋਰਨਾਂ ਕੰਮਾਂ ਚ ਬਹੁਤਾ ਰਹਿੰਦਾ । ਆਹੀ , ਇੰਮਪੋਰਟ-ਐਕਸਪੋਰਟ ਚੋਂ, ਢੋਆ-ਢੁਆਈ ਚ , ਐਧਰ ਦਾ ਮਾਲ , ਓਧਰ ਤੇ ਓਧਰਲਾ ਐਧਰ । ਉਹਦੀ ਕੁੱਲੀ ਚ ਆਉਂਦੇ –ਜਾਂਦੇ ਬੰਦੇ ਵੀ ਔਹੋ ਜਿਹੇ ਈ ਸਨ-ਜੈਂਡ ਦੇ ਜੈਂਡ । ਜੀਪਾਂ-ਕਾਰਾਂ ਵਾਲੇ ।ਸੋਨੇ ਦੀਆਂ ਮੁਰਕੀਆਂ ਵਾਲੇ । ਖੜਕਦੇ ਚਾਦਰਿਆਂ ਵਾਲੇ । ਨੋਕਦਾਰ ਖੁੱਸਿਆਂ ਵਾਲੇ । ਮੈਨੂੰ ਉਹ ਊਈਂ ਪੰਜਾਹ-ਸੌ ਫੜਾ ਜਾਂਦੇ , ਜਾਣ ਲੇੱਗੇ । ਮੈਨੂੰ ਫਿਰ ਹੋਰ ਫਰਜੰਟੀ ਮਾਰਨ ਦੀ ਲੋੜ ਈ ਨਾ ਰਹਿੰਦੀ । ਉਂਝ ੳਸ ਵੱਲੋਂ ਪੂਰੀ ਖੁਲ੍ਹ ਸੀ । ਮੇਰੇ ਵਕੀਲ ਵੱਲੋਂ । ਸੰਧੂ-ਸਾਬ੍ਹ ਵੱਲੋਂ । ਉਹ ਤਾਂ ਸਿੱਧਾ ਕਹਿ ਦਿਆ ਕਰਦਾ – ਤੂੰ ਭਾਅ ਆਪਦੇ ਜੋਗੇ ਬਣਾ ਲਿਆ ਕਰ , ਤਰੀਕਾਂ-ਸ਼ਰੀਕਾਂ ਲੈ ਦੇ ਕੇ , ਮੇਰਾ ਸੁੱਖ ਲੇਖਾ…..। ਪਰ, ਮੇਰਾ , ਇਉਂ ਮਨ ਜਿਹਾ ਨਾ ਮੰਨਦਾ । ਆਖੇ ਜਿਹਾ ਨਾ ਲਗਦਾ ,ਨਿਰਾਈ ਝੂਠ  ਤੋਲਣ ਨੂੰ । ਹੋਰਨਾਂ ਮੁਣਸ਼ੀਆਂ ਵਾਂਗ । ਜਿਹੜੇ ਸਾਰਾ ਦਿਨ ਘੱਞਰੀ ਘੁਮਾਉਂਦੇ ਰਹਿੰਦੇ –ਆਉਂਦੇ ਲੋਕਾਂ ਮਗਰ । ਜਾਂਦੇ ਸਾਇਲਾਂ ਪਿੱਛੇ ।

ਕੰਮਕਾਰ ਭਾਵੇਂ ਬਹੁਤਾ ਨਹੀਂ ਸੀ ਮੇਰੇ ਕੋਲ, ਪਰ ਪਿੰਡ ਆਉਣਾ ਔਖਾ ਸੀ , ਹਰ ਰੋਜ਼ । ਵਕੀਲ ਸਾਬ੍ਹ ਨੇ ਮੈਨੂੰ ਕਮਰਾ ਲੈ ਦਿੱਤਾ । ਟਾਈਪ ਰਾਈਟਰ ਨਵੀਂ ਲੈ ਲਈ । ਥੋੜ੍ਹਾ ਬਓਤ ਕੰਮ ਰਾਤ ਨੁੰ ਵੀ ਕਰਦਾ, ਬਾਕੀ ਸਮਾਂ ਆਪਣੇ ਲਈ । ਆਪਣੀ ਸ਼ਾਇਰੀ ਲਈ  ਬੰਦ-ਖੁੱਲ੍ਹੀਆਂ ਕਵਿਤਾਵਾਂ ਲਿਖਣ ਲਈ । ਲਿਖ ਕੇ ਕੱਟਣ-ਵੱਡਣ ਲਈ  ਹਾਲਾਤ ਈ ਐਸੇ ਸਨ ਹੁਣ । ਇਕ ਦਿਨ ਦੀ ਲਿਖੀ ਦੂਜੇ ਦਿਨ ਤੇ ਲਾਗੂ ਈ ਨਹੀਂ ਸੀ ਹੁੰਦੀ । ਅਰਥ ਈ ਬਦਲ ਜਾਂਦੇ ਸਨ ਉਸਦੇ । ਜੋ ਕੁਝ ਹੋ ਰਿਹਾ  ਸੀ ਦਿਨੋ-ਦਿਨ , ਜੋ ਵਾਪਰ ਰਿਹਾ ਸੀ , ਪਰ ਰੋਜ਼-ਏਨਾ ਦਰਦਨਾਕ ਸੀ , ਏਨ ਡਰਾਉਣਾ ਸੀ ਕਿ ਕਲਮ ਦੀ ਜੀਭ ਈ ਤਾਲੂ ਨਾਲ ਜਾ ਲਗਦੀ ।

ਅੱਵਲ ਤਾਂ ਕਿੰਨਾ ਕਿੰਨਾ ਚਿਰ ਕੁਝ ਲਿਖਿਆ-ਬੋਲਿਆ ਈ ਨਾ ਜਾਂਦਾ । ਜੇ ਖਿੱਚ-ਧੂਹ ਕਰਕੇ ਕੁਝ ਹੱਥ ਪੱਲੇ ਪੈਂਦਾ ਈ ਪੈਂਦਾ ਤਾਂ ਉਹ ਹਲਕਾ ਏਨਾਂ ਫੁਸਫੁਸਾ ਹੁੰਦਾ ਕਿ ਉਸ ਵਿੱਚੋਂ ਕਵਿਤਾ ਨਾਂ ਕੀ ਕੋਈ ਵਸਤ ਲੱਭਿਆ ਨਾ ਲੱਭਦੀ । ਲੱਭਦੀ ਵੀ ਕਿੱਦਾਂ । ਤੌਰ-ਤਰੀਕੇ ਈ ਬਦਲ ਗਏ ਸੀ ਮੇਰੇ ਕਚਹਿਰੀ ਆ ਕੇ । ਲਿਖਣ-ਸੋਚਣ ਦੇ ਵੀ , ਰਹਿਣ-ਸਹਿਣ ਦੇ ਵੀ । ਸੁਰਤੀ ਸਾਰਾ ਦਿਨ ਹੋਰ-ਹੋਰ ਪਾਸੇ ਈ ਖਿੰਡਰੀ ਰਹਿੰਦੀ । ਗੱਲਾਂ-ਗੜੱਪਾਂ ਵਲ੍ਹ ਜਾਂ ਦਾਰੂ-ਸਿੱਕੇ ਵਲ੍ਹ। ਓਧਰ ਹਰ ਐਤਵਾਰ ਪਿੰਡ ਆਉਣ ਤੇ ਬਾਬੇ ਦੀ ਪੁੱਛ-ਪੜਤਾਲ ਰਾਹ ਰੋਕੀ ਖੜ੍ਹੀ ਹੁੰਦੀ – ਕੀ ਹਾਲੇ ਆ ਤੇਰੀ ਪੜ੍ਹਾਈ-ਲਿਖਾਈ ਦਾ ਮੁਣਸ਼ੀ ਭਾਅ  ਜੀ ..?ਬਾਬੇ ਦੀ ਸੁਭਾਵਕ ਪੁੱਛ=ਗਿੱਛ ਮੈਨੂੰ ਧੁਰ ਅੰਦਰੋਂ ਹਿਲੂਣ ਦਿੰਦੀ । ….ਬੱਸ ਠੀਅਕ ਈ ਆ ,ਚੱਲੀ ਜਾਂਦੀ ਮਾੜੀ-ਮੋਟੀ …. ਆਖ ਕੇ ਕਾਹਲੀ ਨਾਲ ਉਸਦੀ ਕੁਟੀਆ ਲਾਗਿਓਂ ਲੰਘ ਜਾਂਦਾ , ਸ਼ਰਮਿੰਦਾ ਜਿਹਾ ਹੋਇਆ । ਛੁੱਟੀ ਵਾਲਾ ਸਾਰਾ ਦਿਨ ਵੀ ਮੈਂ ਉਸ ਤੋਂ ਬਚਾ-ਬਚਾ ਕੇ ਗੁਜ਼ਾਰਦਾ । ਸਵੇਰੇ ਦੀ ਗਜ਼ਾ ਵੇਲੇ ਵੀ , ਮੈਂ ਹੁਣ ਕਦੀ ਆਪਣੇ ਹੱਥੀਂ ਰੋਟੀ ਨਹੀਂ ਸੀ ਰੱਖੀ ਉਸ ਦੇ ਕਰਮੰਡਲ ਚ । ਨਾ ਕਦੀ ਚਾਹ-ਲੱਸੀ ਦਾ ਗਲਾਸ ਦਿੱਤਾ ਸੀ , ਉਹਨੂੰ । ਇਹ ਕੰਮ ਮੇਰੀ ਮਾਂ ਕਰਦੀ ਸੀ ਜਾਂ ਪਤਨੀ । ਮੈਂ ਰਾਤ ਦੇਰ ਤਕ ਪੜ੍ਹਦੇ ਰਹਿਣ ਦਾ ਬਹਾਨਾ ਕਰਕੇ, ਬਿਸਤਰੇ ਚ ਈ ਗੁੱਛਾ ਹੋਇਆ ਰਹਿੰਦਾ। ਬਾਬਾ ਬਾਹਰੋ ਈ ਹਾਜ਼ਰੀ ਲੁਅ ਕੇ ਮੁੜ ਜਾਂਦਾ – ਪਾੜ੍ਹਾ ਹਜੇ ਉੱਠਿਆ ਨਈਂ ਭਾਈ ….?

ਪਰ ਇਹ ਸਿਲਸਲਾ ਬਹੁਤੀ ਦੇਰ ਨਾ ਚੱਲਿਆ । ਇਕ ਸ਼ਨਿੱਚਰ ਸ਼ਾਮੀਂ ਉਸ ਨੇ ਅੱਡਿਉਂ ਨਿਕਲਦੇ ਈ ਮੇਰੀ ਪੈੜ ਨੱਪ ਲਈ । ਅੱਗੜ ਪਿੱਛੜ ਅਸੀਂ ਪਿੰਡ ਵੱਲ ਨੂੰ ਹੋ ਤੁਰੇ । ਓਪਰੇ ਜਿਹੇ ਬਣੇ । ਚਾਣਚੱਕ ਮੇਰੀ ਪਿੱਠ ਤੇ ਕਿਸੇ ਧੈਰ ਕਰਦਾ ਹੱਥ ਆ ਧਰਿਆ – ਕੀ ਹਾਲ ਆ ਤੇਰੀ ਲਿਖਾਈ-ਪੜ੍ਹਾਈ ਦਾ, ਕੀ ਸਰਗਰਮੀਂ ਆਂ ਅੱਜ ਕੱਲ ..? ਬਾਬੇ ਦੀ ਆਵਾਜ਼ ਚ ਅਜੀਬ ਕਿਸਮੇ ਦੀ ਤਲ਼ਖੀ ਸੀ ।ਮੈਂ ਇਸ ਅਚਿੰਤੇ ਵਾਰ ਤੋਂ ਘਬਰਾ ਜਿਹਾ ਗਿਆ । ਫਿਰ ਥੋੜ੍ਹਾ ਸੰਭਲ ਕੇ ਆਖਿਆ – ਠੀਅਕ ਈ ਐ ਪਰ ਪਹਿਲੇ ਅਰਗੀ ਖੁਲ੍ਹ ਹੈਅ ਨਈਂ ਹੁਣ ! ਹਰ ਗੱਲ ਬੜੇ ਸੰਕੋਚ ਨਾਲ ਕਰਨੀ ਪੈਂਦੀ ਆ…ਅੱਗਾ –ਪਿੱਛਾ ਦੇਖ ਕੇ ਲਿਖਣਾ ਪੈਂਦਾ ….ਕੀ ਪਤਾ ਕੇੜ੍ਹੇ ਲੇਏ ਕਿਧਰੋਂ….!

ਏਦ੍ਹਾ ਮਤਲਬ , ਸੱਚ ਬੋਲਣ ਲਈ ਝੂਠ ਦਾ ਆਸਰਾ ਲੈਣਾਂ ਪੈਂਦਾ ! ਆਲੇ-ਦੁਆਲੇ ਤੋਂ ਬਚਨ ਲਈ ਮਖੌਟੇ ਚਾੜ੍ਹਨੇ….। ਉਸ ਦਾ ਖੁੱਲ੍ਹਾ ਖ਼ਲਾਸਾ ਵਾਕ ਅਜੇ ਪੂਰਾ ਨਹੀਂ ਸੀ ਹੋਇਆ ਕਿ ਮੇਰੀ  ਤੋਰ ਥਾਏ ਜੰਮ ਗਈ । ਉਹ ਵੀ ਰਤਾ ਕੁ ਵਿੱਥ ਤੇ ਖੜੋ ਗਿਆ । ਮੇਰੀ ਵੱਲ ਸਿੱਧਾ ਝਾਕਦਾ ਉਹ ਪਹਿਲਾਂ ਥੋੜ੍ਹਾ ਕੁ ਮੁਸਕਰਾਇਆ , ਫਿਰ ਖੂਬ ਹੱਸਿਆ ਉੱਚੀ ਉੱਚੀ । ਮੈਨੁੰ ਉਸ ਦ ਇਹ ਤਨਜ਼ ਸਾਫ ਸਮਝ ਪੈ ਗਈ । ਇਕ ਵਾਰ ਤਾਂ ਮੇਰੇ ਮਨ ਚ ਆਈ ਕਿ ਬਾਬੇ ਨੂੰ ਮੋੜਵਾਂ ਉੱਤਰ ਦਿਆਂ । ਉਸਨੂੰ ਠੋਕ-ਵਜਾ ਕੇ ਆਖਾਂ – ਤੈਨੂੰ ਕੀ ਪਤਾਅ ਬਾਬਿਆਂ , ਬਾਹਰ ਕੀ ਝਖੜ ਝੁਲਿਆ,ਪਿਆ ? ਕਿੰਨੀ ਅੱਗ ਵਰ੍ਹਦੀ ਐ ਲੋਕਾਂ ਤੇ ? ਕਿੰਨੀ ਮਾਰ-ਧਾੜ ਮੱਚੀ ਪਈ ਆ ਹਰੇਕ ਥਾਂ ?ਦੁਨੀਆਂ ਐ ਥੋੜ੍ਹਾ ਵਸਦੀ ਆ ਸਾਰੀ ਕਿ ਗਜਾ ਕਰ ਛੱਡੀ , ਲੱਸੀ ਪੀ ਛੱਡੀ , ਬਾਕੀ ਸਭ ਰਾਜੀ-ਬਾਜੀ ! ਪਰ ਮੇਰੇ ਅੰਦਰਲੇ ਸਤਿਕਾਰ ਨੇ ਉਸਨੂੰ ਕੁਝ ਵੀ ਨਾ ਕਹਿਣ ਦਿੱਤਾ ।ਐਵੇਂ ਮਾੜੀ-ਮੋਟੀ ਸਾਬ੍ਹ-ਸਲਾਮ ਪਿੱਛੋਂ ਮੈਂ ਚਾਲ  ਰਤਾ ਕੁ ਤੇਜ਼ ਕਰ ਲਈ । ਉਹ ਮਸਤ ਚਾਲੇ ਤੁਰਿਆ , ਮੈਥੋਂ ਕਾਫੀ ਸਾਰਾ ਪਿਛਾਂਹ ਰਹਿ ਗਿਆਂ ।

ਉਹ ਐਤਵਾਰ ਮੈਂ ਬਹੁਤ ਔਖਾ ਹੋ ਕੇ ਪਿੰਡ ਕੱਟਿਆ । ਅਗਲੀ, ਛੁੱਟੀ ਊਂਈ ਘਰ ਨਾ ਆਇਆ । ਉਸ ਤੋਂ ਅਗਲੀ ਵੀ । ਵੀਹੀਂ ਕੁ ਦਿਨੀਂ ਜਾ ਮੈਂ ਕੁਟੀਆ ਲਾਗਿਓਂ ਲੰਘਿਆ ਤਾਂ ਸਭ ਪਾਸੇ ਸੁੰਨਮਸਾਨ ਸੀ । ਨਾ ਦੀਵਾ ਨਾ ਬੱਤੀ , ਨਾ ਹੂੰ ਨਾ ਹਾਂਅ । ਨਾ ਉਸਦੀ ਜੈ ਹੋਓਅ ਦੀ ਅਸ਼ੀਰਵਾਦੀ ਹੇਕ, ਜਿਹੜੀ ਹਰ ਕਿਸੇ ਦੀ ਪੈੜਚਾਲ ਪਛਾਣ ਕੇ ਈ ਰਾਹ ਚ ਆ ਖਿਲਰਦੀ ਸੀ ।

ਮੈਨੂੰ ਕੁਟੀਆ ਦੀ ਉਜਾੜ ਦਸ਼ਾ ਤੇ ਵਹਿਮ ਜਿਹਾ ਹੋ ਗਿਆ । ਭੈੜੇ ਭੈੜੇ ਵਿਚਾਰ ਭੜਥੂ ਪਾਉਣ ਲੱਗੇ । ਘਰ ਪਹੁੰਚਿਆ , ਤਾਂ ਤਨ ਬਦਨ ਈ ਮਿੱਟੀ ਬਣ ਗਿਆ । ਬਾਪੂ ਨੇ ਬੂਹੇ ਵੜਦੇ ਨੂੰ ਈ ਖ਼ਬਰ ਦੱਸ ਦਿੱਤੀ – ਬਾਬੇ ਨੂੰ ਕਾਕਾ ਪੁਲਸ ਫੜ ਕੇ ਲੈ ਗਈ ….। ਹਥਿਆਰ ਨਿਕਲੇ ਓਦ੍ਹੇ ਕੋਲੋਂ ।…..ਖ਼ਬਰੇ ਸੱਚ ਆ ਕਿ ਝੂਠ ।ਕੇੜ੍ਹੇ ਬਾਬੇ ਨੂੰ ਬੂਝੜ ਨੂੰ ….?     ਮੈਂ ਸਹਿ-ਸੁਭਾ ਈ ਪੁੱਛਿਆ । ਉਨੂੰ ਕਾਨੂੰ ! ਉਹ ਤਾਂ ਹੈਥੇ ਈ ਫਿਰਦਾ ਟੁੰਡ ਲਮਕਾਈ , ਧੈੜ-ਧੁੱਲਾ ਜਿਆਂ । …..ਮੜ੍ਹੀਆਂ ਆਲੇ ਬਾਬੇ ਨੂੰ । ਕੈਂਦ੍ਹੇ ਅਸਲਾ ਫੜਿਆ ਗਿਆ, ਕੁਟੀਆ ਚੋਂ ।ਮੈਂ ਜਿੱਥੇ ਖੜ੍ਹਾ ਈ ਰਹਿ ਗਿਆ ।ਡੌਰ-ਭੌਰ ਹੋਇਆ । ਨਾ ਅੱਗੇ ਪੈਰ ਪੁੱਟਿਆ ਗਿਆ ਨਾ ਪਿੱਛੇ । ਮੇਰੇ ਅੰਦਰ ਜਿਵੇਂ ਤੂਫਾ ਜਿਹਾ ਉੱਠ ਖੜਾ ਹੋਇਆ ਜੇੜ੍ਹੇ ਅਸਲ  ਦੋਸ਼ੀ ਆ, ਆਇਆਂ ਗਿਆਂ ਨੂੰ ਸਾਂਭਦੇ ਆ, ਉਹ ਖੁੱਲ੍ਹੇ ਫਿਰਦੇ , ਹਿੱਕਾਂ ਚੌੜੀਆਂ ਕਰਕੇ ਬੂਟੇ ਬੂਝੜ ਅਰਗੇ ….।

…ਬੂਟਾ , ਕਾਬਲ ਦਾ ਛੋਟਾ ਭਰਾ ,ਫੌਜੀ ਕਾਬਲ ਦਾ ।ਪਿਉ ਉਹਨਾਂ ਦਾ ਵਾਹਵਾ ਚਿਰ ਸਿੰਘਾਪੁਰ ਰਿਹਾ । ਵਾਹਵਾ ਕਮਾਈ ਕੀਤੀ ਉਹਨੇ । ਚੰਗੀ-ਚੌਖੀ ਪੈਲੀ ਬਣਾ ਲਈ , ਪਿੰਡ ਲੰਬੜਾਂ ਬਰੋਬਰ ਮੰਜੀ ਡਹਿਣ ਲੱਗੀ , ਉਹਦੀ । ਵੱਡਾ ਮੁੰਡਾ ਕਾਬਲ ਫੌਜ ਚ ਭਰਤੀ ਸੀ । ਛੋਟਾ ਪਹਿਲਾਂ ਵਿਆਹਿਆ ਗਿਆ, ਬੂਟਾ । ਫੌਜੀ ਜਦ ਛੁੱਟੀ ਆਉਂਦਾ ਬੂਟਾ ਹਵੇਲੀ ਜਾਂ ਸੌਦਾ । ਕਾਬਲ ਨੂੰ ਸੁਰਤ ਈ ਨਈਂ ਆਉਣ ਦਿੱਤੀ ਵਿਆਹ ਦੀ , ਨੌਕਰੀ ਸਮੇਂ । ਤੇ ਜਿਸ ਦਿਨ ਪੈਨਸ਼ਨ ਲੈ ਕੇ ਗੱਡੀਉਂ ਉਤਰਿਆ , ਰਾਹ ਚ ਈ ਬੋਚ ਲਿਆ ਕਿਸੇ ਇੱਲ-ਬਲਾ ਨੇ । ਲੱਭਾ ਈ ਨਈਂ ਮੁੜ ਕੇ । ਦਿਸਿਆ ਈ ਨਈਂ ਕਿਸੇ ਨੂੰ , ਕਿੱਥੇ ਗਿਆ । ਬੂਟੇ ਨੂੰ ਜਿਵੇਂ ਕਿਸੇ ਗੱਲ ਦਾ ਪਤਾ ਈ ਨਾ ਹੋਵੇ । ਉਹ ਵਿਚਾਰਾ ਜਿਹਾ ਬਣ ਕੇ ਅੱਖਾਂ ਮਲ੍ਹਦਾ ਰਹਿੰਦਾ । ਹਉਕੇ ਭਰਦਾ ਰਹਿੰਦਾ – ਹੁਣ ਨੁੰ ਖਿਲਾਰਦਾ ਉਹ ਬਾਹਲਾ ਈ ਹਿਰਖ਼ ਜਿਹਾ ਕਰਦਾ – ਅੱਛਿਆ ਮਾਲਕਾ, ਜਿੱਦਾਂ ਤੇਰੀ ਰਜ਼ਾ…ਐਥੇ ਆ ਕੇ ਬੰਦਾ ਫੇਅਲ ਆ …..ਹੱਥ ਬੱਸ ਈ ਕੁਸ਼ ਨਈਂ ਕਿਸੇ ਦੇ …..।

ਮੂੰਹ ਤੇ ਤਾਂ ਉਸਨੂੰ ਕਦੀ ਕਿਸੇ ਉਭਾਸਰ ਕੇ ਕਿਹਾ ਕੁਝ ਨਾ, ਉਸ ਦੇ ਪਰ੍ਹੇ-ਉਰੇ ਹੋਣ ਤੇ ਸਾਰੇ ਹੀ ਉਸਦ ਖਿੱਲੀ ਉਡਾਉਂਦੇ – ਸਾਲਾ ਮਕਰਾ, ਖੇਖਨ ਕਰਦਾ । ਸ਼ੁਕਰ ਕਰ ਬਚ ਗਿਆ ਤੂੰ , ਨਈਂ ਅਗਲਿਆਂ ਤੇਰੇ ਵਿਚੋਂ ਈ ਕੱਢ ਲੈਣਾ ਸੀ ਕਾਬਲ । ….ਉਦ੍ਹਾ ਵੀ ਧੀ-ਪੁੱਤ ਹੁੰਦਾ ਜੇ ਕੋਈ !

ਪਰ ਬੂਟੇ ਚੋਂ ਕਿਸੇ ਨੇ ਕੁਝ ਨਾ ਕੱਢਿਆ ।ਉਹਨੇ ਉਲਟਾ ਕਈਆਂ ਨੂੰ ਕੁੱਟ ਪੁਆਈ । ਸ਼ੱਕ ਮੂਜਬ । ਬਾਹੋਆਲੀਆਂ ਨੂੰ ਵੀ । ਉਹਨਾਂ ਦਾ ਬੰਨਾ ਸਾਂਝਾ ਸੀ ਬੂਝੜਾਂ ਨਾਲ । ਇਕੋ ਖੇਤ ਦਾ । ਆੜ ਲੰਘਦੀ ਸੀ ਵਿਚਕਾਰੋਂ ਸਾਂਝੈ ਹਲਟ ਦੀ, ਪਹਿਲੀਆਂ ਚ । ਹੁਣ ਬੰਬੀਆਂ ਸਨ ਦੋਨਾਂ ਕੋਲ । ਉਹ ਕਹਿਣ – ਆੜ ਸਾਡੀ ਆ, ਅਸੀਂ ਵਾਹੁਣੀ । ਇਹ ਕਹੇ – ਮੇਰੀ ਆ, ਤੁਸੀਂ ਮਾਮੇ ਲਗਦੇਂ ।  ਬੱਸ ਐਨੀ ਕੁ ਗੱਲ ਤੇ ਖਿੱਚਾ ਧੂਈ ਹੁੰਦੀ  ਰਹੀ । ਪੁਟਆਰ-ਖਾਨਿਆਂ ਚ ਵੱਖਰੀ , ਠਾਣਿਆਂ-ਕਚਹਿਰੀਆਂ ਚ ਵੱਖਰੀ । ਸੱਟਾਂ ਵੱਖਰੀਆਂ ਲੱਗੀਆਂ ਇਕ ਦੂਜੇ ਨੂੰ । ਬਾਹੋਆਲੀਏ ਬੰਦਿਆਂ ਵਾਲੇ ਬੰਦੇ ਸੀ , ਧੱਕੇ ਨਾਲ ਵਾਹ ਗਏ । ਬੂਟੇ ਨੇ ਰੜਕ ਰੱਖੀ । ਹੁਣ ਸਾਰੀ ਕੱਢ ਲਈ , ਕਾਬਲ ਦੀ ਆੜ ਚ ….। ਅਗਲੇ ਕਿਹੜੇ ਕੰਗਣ ਪਾਈ ਬੈਠੇ ਸੀ । ਉਹਨਾਂ ਬੂਟੇ ਦੀ ਇਕ ਬਾਂਹ ਹੀ ਲਾਹਤੀ । ਸਾਲ ਖੰਡ ਅੰਦਰ ਰਹੇ । ਵੱਡੀ ਅਪੀਲੇ ਬਾਹਰ ਆ ਗਏ । ਘਰ ਪਹੁੰਚੇ ਫਿਰ ਉਹੀ ਸਿਲਸਿਲਾ । ਪਰ ਬੂਟਾ ਹੁਣ ਉੱਪਰਲੇ ਜੋੜਾਂ ਚ ਸੀ । ਉਹਨੇ ਰਾਤ-ਬਰਾਤੇ ਘੁੰਮਣ-ਫਿਰਨ ਵਾਲਿਆਂ ਨਾਲ ਯਾਰੀ ਗੰਢ ਲਈ । ਆਪ ਤਾਂ ਉਹ ੳਹਨਾਂ ਪਾਸ ਚੱਲ ਕੇ ਨਈਂ ਗਿਆ । ਪਰ ਅਗਲਿਆਂ ਆਪੇ ਈ ਲੱਭ ਲਿਆ, ਕੰਮ ਦਾ ਬੰਦਾ । ਸੇਵਾ ਕਰਨ ਵਾਲਾ, ਸੇਵਾ ਕਰਾਉਣ ਵਾਲਾ । ਇਕ ਦੋ ਵਾਰ ਫੜਿਆ ਵੀ ਗਿਆ , ਪਰ ਛੇਤੀ ਈ ਬਰੀ ਹੁੰਦਾ ਰਿਹਾ । ਪੁਰਾਣਾ ਖੁੰਢ ਸੀ ਨਾ । ਬਾਹਰ ਆ ਕੇ , ਸਗੋਂ ਚੌੜਾ ਹੋ ਕੇ ਫਿਰਦਾ , ਟੁੰਡ ਲਮਕਾਈਂ ।

….ਵਿਹੜੇ ਵਿਚਕਾਰ ਖੜ੍ਹਾ, ਮੈਂ ਸਿਰ ਤੋਂ ਪੈਰਾਂ  ਤਕ ਸੁੰਨ ਹੋ ਗਿਆ –‘ਇਹ ਕਿੱਦਾਂ ਹੋਇਆ ? ਬਾਬਾ ਤਾਂ ਹਥਿਆਰ ਨੀਤੀ ਦਾ ਮੁੱਢ ਤੋਂ ਈ ਵਿਰੋਧੀ, ਖੂਨ-ਖ਼ਰਾਬੇ ਦਾ ਕੱਟੜ ਦੁਸ਼ਮਣ । ….ਹਥਿਆਰ ਕਿਸੇ ਦੇ ਹੱਥ ਚ ਹੋਵੇ ਜਾ ਮੋਢੇ ਤੇ , ਉਹ ਖੂਨ  ਮੰਗੇਗਾ ਖੂਨ….ਤੇ ਖੂਨ-ਰੰਗੀ ਧਰਤੀ ਕਿਸੇ ਨੂੰ ਮੁਆਫ਼ ਨਹੀਂ ਕਰਦੀ – ਨਾ ਰਾਜੇ ਨੂੰ ,ਨਾ ਰੰਕ ਨੂੰ । ਨਾ ਦੋਸਤ ਨੂੰ , ਨਾ ਦੁਸ਼ਮਣ ਨੂੰ ….,, ਉਹ ਅਕਸਰ ਆਖਦਾ । ਉਹਦੇ ਆਪਣੇ ਬੰਦਿਆਂ ਨਾਲ ਵੀ ਉਸਦੀ ਏਸੋ ਗੱਲ ਤੇ ਵਿਗੜੀ ਸੀ । ਵਿਅਕਤੀਗਤ ਸਫਾਏ ਦੀ ਲਾਇਨ ਤੇ । ਉਸਦਾ ਸਟੈਂਡ ਸੀ – ਸਿਆਸੀ ਲੜਾਈ ਸਿਆਸਤ ਤੋਂ ਸ਼ੁਰੂ ਕਰਨੀ ਚਾਂਈਦੀ ਐ ਗੋਲੀ ਤੇ ਨਈਂ । ਗੋਲੀ ਸਿੱਕਾ ਅਗਲਿਆਂ ਕੋਲ ਸਾਡੇ ਨਾਲੋਂ ਲੱਖਾਂ ਟਨ ਬਹੁਤਾ ਐ, ਉਸਦੇ ਬੰਦਿਆਂ ਉਸੇਲੇ ਪਾਰਟੀ ਅੰਦਰ ਬੈਠੇ ਉਲਟ-ਇਨਕਲਾਬੀ ਨੂੰ ਪਾਸੇ ਕਰਨ ਦਾ ਮਤਾ ਪਾ ਲਿਆ । ਪਰ , ਐਨ ਵੇਲੇ ਸਿਰ ਸੂਹ ਲੱਗਣ ਤ ਉਹ ਬਚ ਨਿਕਲਿਆ । ਲੁਕਦਾ-ਛਿਪਦਾ ਘਰ ਪਹੁੰਚ ਗਿਆ , ਵੱਡੋ ਭਾਈ ਕੋਲ । ਅੱਗੋਂ ਹੋਰ ਵੀ ਅਵੈੜੀ ਠੋਕਰ ਵੱਜੀ । ਹਾਰ ਕੇ ਐਥੇ ਆ ਟਿਕਿਆ ,ਭਗਵੇਂ ਪਾ ਕੇ । ਪਰ , ਉਹਦੇ ਅੰਦਰ ਉੱਗਿਆ ਰੋਹ , ਰਤਾ ਵੀ ਮੱਠਾ ਨਾ ਪਿਆ ।…ਸਾਡੇ ਪਿੰਡ ਦੀ ਮਸਾਣ-ਝਿੜੀ ਚ ਬੈਠਾ ਕਿਸੇ ਨੂੰ ਕੁਝ ਸਿਖਾਉਂਦਾ ,ਕਿਸੇ ਨੂੰ ਕੁਝ …ਘੁਲਣਾ,ਖੇਲ੍ਹਣਾ, ਪੜ੍ਹਨਾ ,ਲਿਖਣਾ ਜਾਂ ਹੋਰ ਕੋਈ ਕੰਮ ਜਿਸਦਾ ਕੋਈ ਉਲਾਮਾ ਨਾ ਹੋਵੇ ।ਮੈਂ ਉਸਦੇ ਹਰ ਕੰਮ ਨੂੰ ਗਹੁ ਨਾਲ ਵਾਚਦਾ ।ਉਹ ਨੇ ਵੀ ਮੇਰੀ ਨਿਗਾਹ ਛੇਤੀ ਈ ਤਾੜ ਲਈ । ਬਚਨੇ-ਬਾਗੇ-ਕੀੜੀ ਤੋਂ ਅੱਖ ਬਚਾ ਕੇ ਮੈਂ ਉਸਲੂੰ ਇਕੱਲਿਆਂ ਮਿਲਦਾ ।ਉਸ ਜਿਹੜੀ ਵੀ ਗੱਲ ਕਰਦਾ, ਬੇਹੱਦ ਸੰਜਮ ਨਾਲ, ਜਿਵੇਂ ਉਹ ਬਹੁਤ ਭਾਰੇ ਬੋਝ ਹੇਠ ਦੱਬ ਹੋਇਆ ਹੋਵੇ । ਕਈ ਵਾਰ ਤਾਂ ਉਸਦੀ ਉਦਾਸੀ ਮੈਨੂੰ ਵੀ ਬੇਚੈਨ ਕਰ ਦਿੰਦੀ । ਮੇਰੀਆਂ ਅੱਖਾਂ ਵੀ ਉਹਦੇ ਕੋਇਆਂ ਵਾਂਗ ਸੁਲ੍ਹਾਭੀਆਂ ਜਾਂਦੀਆਂ । …ਉਸ ਦੀ ਗਰਿਫ਼ਤਾਰੀ ਦੀ ਖ਼ਬਰ ਦੱਸ ਕੇ ਬਾਪੂ ਨੈ ਮੈਨੂੰ ਬੇ-ਸੁੱਧ ਈ ਕਰ ਦਿੱਤਾ ।

ਵੱਡੇ ਅੰਦਰ ਵੱਲ ਜਾਣ ਦੀ ਥਾਂ ਮੈਂ ਮੁੜ ਬਾਹਰ ਵੱਲ ਨੂੰ ਹੋ ਤੁਰਿਆ ।

…ਤੂੰ ਹੁਣ ਕਿੱਧਰ ਨੂੰ ਐਸਲੇ ? ਬਾਪੂ ਦੀ ਝਿੜਕ ਸੁਣ ਕੇ ਮੇਰੀ ਗੁਆਚੀ ਸੁਰਤ ਥੋੜ੍ਹਾ ਕੁ ਪਰਤੀ , …..ਤੇਰੀ ਜਾਚੇ ਪਿੰਡ ਅਵੇਸਲਾ ਬੈਠਾ । ਦਸ ਦਿਨ ਹੋ ਗਏ ਘੁੰਮਦਿਆਂ ਨੁੰ । ਕੋਈ ਪੱਲਾ ਈ ਨਈਂ ਫੜਾਉਂਦਾ। ਤਸੀਲ ਆਲੇ ਕੈਂਦ੍ਹੇ ਆ, ਅਸੀਂ ਨਈਂ ਲਿਆਂਦਾ , ਉਪਰੋਂ ਪਤਾ ਕਰੇ । ਜ਼ਿਲੇ ਆਲੇ ਕੈਂਦੇ ਆ, ਹੇਠਾਂ ਹੋਊ ਕਿਤੇ , ਸਾਡ ਕੋਅ ਐਨੀ ਵਿਹਲ ਕਿੱਥੇ । ਕੱਲ੍ਹ ਨੂੰ ਫੇਅਰ ਚੱਲਣਾਂ ਸਾਰਿਆਂ । ਤੂੰ ਰਮਾਨ ਕਰ ਹੁਣ ਸਵੇਰੇ ਦੇਖੀ ਜਾਊ ।

ਅਗਲੇ ਦਿਨ ਫਿਰ ਓਹੀ ਦੌੜ-ਭੱਜ । ਕਦੀ ਉੱਪਰ ਕਦੀ ਹੇਠਾਂ । ਠਾਣੇ ਤੋਂ ਜ਼ਿਲੇ , ਜ਼ਿਲੇ ਤੋਂ ਸਟਾਫ਼ । ਸਟਾਫ਼ ਤੋਂ ਫਿਰ ਨਾਣੇ । ਪਰ ਹੱਥ-ਪੱਲੇ ਕੁਝ ਨਾ ਪਿਆ । ਆਖਿਰ ਬੂਟੇ ਟੁੰਡੇ ਦੀ ਵਾਕਫੀ ਕੰਮ ਆਈ । ਉਸਨੇ ਇਕ ਮੁਣਸ਼ੀ ਨਾਲ ਸੀਟੀ ਮਿਲਾ ਕੇ ਬਾਬੇ ਦਾ ਪਤਾ ਕਰ ਲਿਆ – ਬਾਬਾ ਓਦਣ ਦਾ ਈ ਜ਼ਿਲਾ ਸਟਾਫ਼ ਕੋਲ ਸੀ । ਕਿਸੇ ਖਾਸ ਤਫਤੀਸ਼  ਹੇਠ । ਕਈ ਸਾਰੀਆਂ ਅੜਚਨਾਂ ਦੂਰ ਕਰਕੇ ਸਾਰਾ ਪਿੰਡ ਬਾਬੇ ਤਕ ਮਸਾਂ ਪੁੱਜਾ । ਬਾਬਾ ਮਧੋਲਿਆ ਬੈਠਾ ਸੀ , ਇਕ ਸਟੂਲ ਤੇ ।ਇਕ ਬੰਦਾ ਉਸ ਦੇ ਪਿੱਛੇ ਖੜ੍ਹਾ ਸੀ ,ਆਸਰਾ ਦੇਣ ਲਈ । ਤਫ਼ਤੀਸ਼ੀ ਅਫ਼ਸਰ ਜ਼ਰਾ ਹਟਵਾਂ ਬੈਠਾ ਸੀ , ਮੇਜ਼ ਕੁਰਸੀ ਡਾਹੀ ।ਅੰਦਰ ਲੰਘਦਿਆਂ ਸਾਨੂੰ ਉਸ ਨੇ ਆਪਦੀ ਵੱਲੇ ਸੱਦ ਲਿਆ – ਕੀ ਨਾ ਤੁਆਡੇ ਬੰਦੇ ਦਾਆ ? ਅਸੀ ਬਾਬਾ ਜੀ , ਬਾਬਾ ਜੀ ,ਆਹਨੇ ਆਂ ਉਨੂੰ , ਨਾ ਦਾ ਤਾਂਆਂ …..ਪੱਕ……।ਬਾਪੂ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਮੈਂ ਪਿੱਛੇ ਖੜੋਤੇ ਨੇ ਉੱਚੀ ਸਾਰੀ ਕਿਹਾ – ਬਾਬਾ ਬੂਟਾ ਜੀ , ਬੂਟਾ…..ਹਆ ਕੇੜ੍ਹਾ ਆ ਬੂਟੇ ਆਲਾ, ਕਰੋ ਏਨੂੰ ਜ਼ਰਾ ਅੱਗੇ …., ਅਫ਼ਸਰ ਦੀ ਤਲਖੀ ਮੇਰੇ ਸਾਹਮਣੇ ਹੁੰਦਿਆਂ ਥੋੜੀ ਮੱਠੀ ਪੇ ਗਈ – ਅੱਛਿਆ,ਮੁਣਸ਼ੀ ਹੋਈ ਆ, ਮਰੀਕ ਚੰਦ ਹੋਣੀ ।….ਔਹ ਜਾਚ ਲਓ ਤਾਡ੍ਹਾ ਈ ਆਦਮੀ ਆ ? ਸਾਡਾ ਸਭ ਦਾ ਧਿਆਨ ਪਹਿਲੇ ਈ ਬਾਬੇ ਵੱਲ ਸੀ ।  ਉਸਦੀ ਉੱਖੜੀ-ਪੁੱਖੜੀ ਦਸ਼ਾ ਵੱਲ ।ਮਾਰੀ-ਭੰਨੀ ਦੇਹ ਵੱਲੇ । ਬਿਰਖੇ ਕੇਸ, ਝਰੀਟਿਆ ਮੱਥਾ, ਢਿਲਕੇ ਭਰਵੱਟੇ , ਖੁਸ਼ਕ ਅੱਖਾਂ , ਜ਼ਰਦ  ,ਪੀਲਾ ਰੰਗ, ਜਿਹੜਾ ਦਸ ਦਿਨ ਪਹਿਲਾਂ ਗੁਲਾਬੀ ਭਾਅ ਮਾਰਦਾ ਝੱਲਿਆ ਨਹੀਂ ਸੀ ਜਾਂਦਾ । ਬਾਬੇ ਦੇ ਤਨ-ਬਦਨ ਦੀ ਸਾਰੀ ਟਹਿਕ ਜਿਵੇਂ ਕਿਸੇ ਨੇ ਖਰੋਚ ਕੇ ਖਾ ਲਈ ਹੋਵੇ । ਉਹਦੀ ਵੱਲ ਵੇਖਦਿਆ ਦੇ ਸਾਡੇ ਸਭ ਦੇ ਮੂੰਹ ਇਕ ਦਮ ਸੀਤੇ ਰਹੇ । ਕਿਸੇ ਤੋਂ ਉੱਚੀ ਸਾਹ ਤਕ ਨਾ ਭਰਿਆ ਗਿਆ ।

ਸਾਡੀ ਚੁੱਪ ਦੀ ਪਿਛਵਾੜੀਉਂ ਇਕ ਦਬਾਕਾ ਹੋਰ ਉੱਠਿਆ ਪਤਆ  ਕੌਣ ਏਹ ? ਦਫ਼ਤਰੋਂ ਨਿਕਲਿਆ ਹੌਲਦਾਰ ਝਿੜਕ ਮਾਰਨ ਵਾਂਗ ਬੋਲਿਆ – ਏਹ ਭਜਨਾ ਆ ਭਜਨਾ, ਨਕਸਲਵਾੜੀਆ ਭਜਨਾ, ਤਿੰਨ  ਸੌ ਖੂਨ ਕੀਤੇ ਏਨ੍ਹੇ । ….ਹੁਣ ਖਾੜਕੂਆਂ ਨਾ ਰਲਿਆ ਫਿਰਦਾ । ਪੁੱਛੋਂ ਖਾਂ ਏਨੂੰ , ਰੋਟੀਆਂ ਨਈਂ ਢੋਂਦਾ ਉਨ੍ਹਾਂ ਲਈ ? ਰਾਤਾਂ ਨਈਂ ਰੱਖਦਾ ਉਨ੍ਹਾਂ ਨੂੰ ਆਪਣੇ ਕੋਅਲ…..! ਹੌਲਦਾਰ ਦਾ ਗੜ੍ਹਕਾ ਸਾਨੂੰ ਸਾਰਿਆਂ ਨੂੰ ਮੂਰਫਤ ਕਰ ਗਿਆ।

ਮੋਰਾ ਤਾਂ ਜਿਵੇਂ ਹੇਠਲਾ ਸਾਹ ਹੇਠਾਂ , ਉੱਪਰਲਾ ਉੱਪਰ ਅਟਕ ਗਿਆ – ਭਜਨਾ ! ਸਾਥੀ ਹਰਭਜਨ !  ….ਮੱਟੂ ਗੱਲ-ਗੱਲ ਤੇ ਉਦ੍ਹੀ ਗੱਲ  ਜੋੜਦਾ ਸੀ ।ਉਦ੍ਹੀ ਸਿਆਣਪ ਦੀ ,ਉਦ੍ਹੀ ਸੂਝ-ਬੂਝ ਦੀ । ਸਾਨੂੰ ਜਦ ਕਦੀ ਕੋਈ ਔਖੀ ਘਾਟੀ ਲੰਘਣੀ ਪੈਂਦੀ, ਕੋਈ ਖ਼ਤਕਨਾਕ ਚੋਟੀ ਸਰ ਕਰਨੀ ਪੈਂਦੀ, ਮੱਟੂ ਝੱਟ ਆਖ ਦਿੰਦਾ – ਐਥੇ ਈ ਰੁਕ ਜਾਓ ,ਅਗਲਾ ਸਟੈੱਪ ਭਜਨ ਤੋਂ ਪੁੱਛ ਕੇ…..। ਸੱਚ-ਮੁੱਚ ਅਗਲਾ ਸਟੈੱਪ ਭਜਨੇ ਦੀ ਦੂਰ-ਦ੍ਰਿਸ਼ਟੀ ਦਾ ਚਮਤਕਾਰ ਹੁੰਦਾ ।ਸਾਰੇ ਅਚੰਭਤ ਹੋ ਜਾਂਦੇ ।ਪਾਲਾ-ਦਰਸ਼ਨ ਵੀ ,ਮੈਂ ਵੀ । ਅਸੀਂ , ਮੱਟੂ ਨੂੰ ਕਈ ਵਾਰ ਹੁਕਮ ਵੀ ਕੀਤਾ , ਬੇਨਤੀ ਵੀ – ਯਾਰ, ਭਜਨ ਕਾਮਰੇਡ ਦੇ ਦਰਸ਼ਨ-ਪਰਸ਼ਨ ਈ ਕਰਾ ਛੱਡ ਸਾਨੂੰ ….। ਉਹ ਅੱਗੋਂ ਹਲਕਾ ਜਿਹਾ ਮੁਸਕਰਾ ਕੇ ਟਾਲ ਛੱਡਦਾ ਜ਼ਰੂਰ-ਜ਼ਰੂਰ ਜਦ ਆਖੋਂ , ਕਹੋਂ ਤਾਂ ਅੱਜ ਈ….।ਪਰ,  ਉਹਨੇ ਸਾਨੂੰ ਹਰਭਜਨ ਨਾਲ ਮਿਲਾਇਆ ਨਾ । ਨਾ ਈ ਕੋਈ ਮੀਟਿੰਗ ਕਰਵਾਈ ਉਸ ਨਾਲ। ਇਹ ਉਹਦਾ ਕੰਮ-ਢੰਗ ਦਾ ਤਰੀਕਾ ਸੀ ਜਾਂ ਕੋਈ ਹੋਰ ਭੇਤ । ਇਸ ਗੱਲ ਨੂੰ ਦਰਸ਼ਨ ਪਾਲਾ ਤਾਂ ਭਾਵੇਂ ਨਾ ਸਮਝੇ ਹੋਣ ਮੈਂ ਜ਼ਰੂਰ ਸਮਝ ਗਿਆ – ਕਿ ਸਾਥੀ ਹਰਭਜਨ ਕੋਈ ਵੱਡੀ ਤੇ ਮਹਾਨ ਸ਼ਖਸ਼ੀਅਤ ਐ ਪੜ੍ਹੀ-ਗੁੜ੍ਹੀ । ਪੜ੍ਹੀ-ਗੁੜ੍ਹੀ ਤੇ ਗਹਿਰ-ਗੰਭੀਰ ,ਜਿਸ ਨੂੰ ਮਿਲਦਾ , ਮੀਟਿੰਗ ਕਰਨ ਹਾਰੀ –ਸਾਰੀ ਦਾ ਕੰਮ ਨਈਂ । ਪਰ …..ਪਰ ਜ਼ਿਲਾ ਸਟਾਫ ਦੇ ਇਹਾਤੇ ਅੰਦਰ ਸਟੂਲ ਤੇ ਬੈਠੇ ਭਜਨੇ ਦਾ ਕੱਦ-ਬੁੱਤ ਨਾਪਦਾ ਮੈਂ ਸਿਰੋਂ-ਪੈਰੋਂ ਹਿੱਲ ਗਿਆ ।ਦੇਖੇ ਸੁਣੇ ਚ ਏਨਾ ਫ਼ਰਕ….! ਮੇਰੀ ਸਾਰੀ ਸੁਰਤ-ਸਮਝ ਮੁੱਢੋਂ-ਸੁੱਢੋਂ ਗੁੰਮ ਜਿਹੀ ਹੋ ਗਈ ।

ਤਫਤੀਸ਼ੀ ਅਫ਼ਸਰ ਤੋਂ ਆਗਿਆ ਲੈ ਕੇ ਮੈਂ ਉਸ ਦੇ ਲਾਗੇ ਜਾ ਖੜ੍ਹਾ ਹੋਇਆ । ਉਸਨੇ  ਅੱਧ ਝੁਕਿਆ ਸਿਰ ਹੋਰ ਨੀਵਾਂ ਕਰ ਲਿਆ। ਅੱਖ ਪੱਟ ਕੇ ਵੀ ਮੇਰੀ ਵੱਲੋ ਨਾ ਦੇਖਿਆ ।

ਕੁਰਸੀ ਤੇ ਬੈਠੇ ਅਫ਼ਸਰ ਦੇ ਭਾਰੇ ਬੋਲ ਫਿਰ ਉੱਭਰੇ – ਵੱਗਦੇ ਹੋਵੇ ਹੁਣ, ਅਸਾਂ ਹੋਰ ਵੀ ਕੰਮ ਕਰਨੇ ਵਾ…..।

ਸ਼ਹਿਰੋਂ ਵਾਪਸ ਆਉਂਦਿਆਂ, ਮੈਂ ਜਿਵੇਂ ਕੋਹਲੂ-ਘਾਣੀ ਵਾਂਗ ਨਪੀੜ ਹੁੰਦੀ ਗਿਆ – ਬਾਬੇ ਤੇ ਹੋਏ ਤਸ਼ੱਦਦ ਕਰਕੇ ਵੀ, ਉਸ ਵੱਲੋਂ ਰੱਖੇ ਉਹਲੇ ਕਰਕੇ ਵੀ । …ਐਨਾ ਕੁਝ ਦੱਸ ਕੇ ਉਨ੍ਹੇ ਮੈਥੋਂ ਇਹ ਗੱਲ ਕਿਉਂ ਛੁਪਾਈ ਰੱਖੀ । ਆਪਣੇ ਅਸਲੀ ਨਾਂ ਵਾਲੀ ।

ਉਸ ਤੇ ਪਈ ਸ਼ੱਕ ਘਟਣ ਦੀ ਬਜਾਏ ਸਗੋਂ ਵੱਧਦੀ ਗਈ ।

ਪਿੰਡ ਪਹੁੰਚਣ ਤਕ ਮੇਰੀ ਦੇਹ ਪੰਜ-ਪਹਾੜ ਭਖਣ ਲੱਗ ਪਈ । ਕਈ ਦਿਨ ਉੱਠਿਆ ਨਾ ਗਿਆ । ਬੁਖਾਰ ਸੀ ਜਾਂ ਨਮੋਸ਼ੀ , ਨਾ ਮੈਨੂੰ ਸਮਝ ਲੱਗੀ , ਨਾ ਡਾਕਟਰ ਨੂੰ । ਦਸੀਂ ਕੁ ਦਿਨੀਂ ਕਚਹਿਰੀ ਜਾ ਕੇ ਚਿੱਤ ਹੋਦਰੇ ਪਾਉਣ ਦੇ ਯਤਨ ਕੀਤੇ , ਪਰ ਵਿਅਰਥ । ਮੈਨੂੰ ਜਿੰਨਾ ਉਸਨੂੰ ਆਪਣੇ ਲਾਗਿਉਂ ਪਰ੍ਹਾਂ ਧੱਕਦਾ , ਓਨਾ ਈ ਉਹ ਮੇਰੇ ਲਾਗੇ ਲਾਗੇ ਹੋ ਢੁੱਕਦਾ । ਐਨਾ ਸਿਰ ਤੇ ਆ ਬੈਠਦਾ ।

ਸਿਰ ਦਾ ਭਾਰ ਹੋਲਾ ਕਰਨ ਲਈ ,ਮੈਂ ਕਈ ਵਾਰ ਸਟਾਫ਼ ਦਫ਼ਤਰ ਗਿਆ ।ਕੱਲਾ ਵੀ , ਪੰਚਾਇਤ ਨਾਲ ਵੀ । ਹਰ ਵਾਰ ਓਹੀ ਬੋਲ ਸੁਣਦੇ ਪੈਂਦੇ ਅੱਗੋਂ – ਬੰਦਾ ਤੇਰਾ ਬਓਤ ਖ਼ਤਰਨਾਕ ਐ, ਉਪਰਲੇ ਹੁਕਮਾਂ ਬਿਨਾਂ ਛੱਡਿਆ ਨਈਂ ਜਾਣਾ ….।

ਉਪਰਲੇ ਹੁਕਮ ਪ੍ਰਾਪਤ ਕਰਨ ਲਈ ਮੈਂ ਸੰਧੂ ਸਾਬ੍ਹ ਨਾਲ ਗੱਲ ਤੋਰੀ । ਆਪਣੇ ਵਕੀਲ ਸਾਬ੍ਹ ਨਾਲ । ਉਨ੍ਹਾਂ ਅੱਗੋਂ ਝੱਟ ਆਖਿਆ – ਤੂੰ ਪਹਿਲੋਂ ਨਈਂ ਦੱਸਿਆ , ਅੱਜ ਈ ਕਰਦੇ ਆਂ ਬੰਦੋਬਸਤ….। ਉਹ ਕੇੜ੍ਹਾ ਖਾੜਕੂਆਂ ਚ ਫੜਿਆ ….।ਅਸਲ ਚ ਉਨ੍ਹਾਂ ਹੋਰ ਕੰਮ ਲਈ ਡੱਕਿਆ ਉਹਨੂੰ ,ਆਪਣੇ ਕੰਮ ਲਈ । ਉਹ ਹਾਂ ਈ ਨਈਂ ਕਰਦਾ ਅੱਗੋਂ । ਬੜੀ ਢੀਡ ਹੱਡੀ ਆ….,ਸੰਧੂ ਸਾਬ੍ਹ ਦੀ ਵਾਕਫੀ ਨੇ ਮੇਰੇ ਲੂੰ-ਕੰਡੇ ਹੋਰ ਅੜ੍ਹੇ ਕਰ ਛੱਡੇ ।

ਬਾਬੇ ਤੇ ਬਣੀ ਤੇ ਬਣੀ ਰਹਿੰਦੀ –ਬਚਦੀ ਸ਼ਰਧਾ ਹੋਰ ਤਿੜਕਣੇ ਤੋਂ ਤਾਂ ਬਚ ਗਈ , ਪਰ ਅੰਦਰ ਲੱਗਾ ਧੁੜਕੂ ਉਵੇਂ ਦਾ ਉਵੇਂ ਖੋਰੂ ਕਰਦਾ ਰਿਹਾ । …..ਮੈਨੂੰ ਨਾ ਰਾਤ ਚੈਨ ਆਉਂਦੀ ਨਾ ਦਿਨੇ ।

ਅਗਲੇ ਹਫ਼ਤੇ , ਦਿਨ-ਡੁੱਬੇ ਮੈਂ ਅੱਡਿਉ ਉਤਰਕੇ ਜਦ ਡੇਰੇ ਕੋਲ੍ਹ ਪੁੱਜਾ, ਤਾਂ ਕੁਟੀਆ ਅੰਦਰ ਮੱਧਮ ਜਿਹੀ ਲੋਅ ਸੀ । ਬਾਰ ਦੀਆਂ ਵਿਰਲਾਂ ਵਿਚੋਂ ਦੀ ਬਾਹਰ ਝਰਦੀ ਸੀ ਵਿਹੜੇ ਚ । ਮੈਂ ਕੋਈ ਖਾਸ ਗਹੁ ਨਾ ਕੀਤਾ । ਆਪਣੀ ਚਾਲੇ ਤੁਰਿਆ ਅਗਾਂਹ ਲੰਘ ਗਿਆ, ਪਿੰਡ ਵੱਲ ਨੂੰ । ਚਾਲੀ-ਪੰਜਾਹ ਕਦਮ ਅੱਗੇ ਜਾ ਕੇ ਮੇਰੀ ਤੋਰ ਫਿਰ ਥੰਮ ਗਈ । ਪਰ, ਪਿਛਾਂਹ ਪਰਤਣ ਨੂੰ ਚਿੱਤ ਨਾ ਮੰਨਿਆ । ਬਾਬੇ  ਨਾਲ ਹੋਈ ਰੰਜਸ਼ ਕਰਕੇ । ਉਸ ਦੇ ਕਾਮਨਾਮੇ ਤੇ ਆਈ ਗਿਲਾਨੀ ਕਰਕੇ –ਕੀ ਲੋੜ ਸੀ ਉਸਨੂੰ ਕਿਸੇ ਨੂੰ ਰਾਤ ਰੱਖਣ ਦੀ ,ਰੋਟੀਆ   ਢੋਣ ਦੀ, ਬਚਾਉਣ ਸਾਂਭਣ ਦੀ ਉਨ੍ਹਾਂ ਨੂੰ ਜੇੜ੍ਹੇ ਅਸਾਲਟ-ਮਾਓਜ਼ਰ, ਦਾਗਣ ਤੇ ਸਿਵਾ ਜਾਣਦੇ-ਬੁਝਦੇ ਈ ਕੁਝ ਨਈਂ –ਨਾ ਦਲੀਲ ਦੀ ਬੋਲੀ , ਨਾ ਤਰਸ ਦੀ ਭਾਸ਼ਾ । ਚਾਰ ਦਿਨ ਜਿਦ੍ਹੇ ਲੰਗਰ-ਪਾਣੀ ਛਕਿਆ ,ਆਉਂਦੀ ਵੇਰ ਉਦ੍ਹਾ ਈ ਟੱਬਰ-ਟੀਰ ਖ਼ਤਮ , ਬਾਲ—ਬੱਚਾ ਮਲੀਆ –ਮੇਟੀ । ਲੜਾਈ ਕਿਸੇ ਨਾਲ ਆ ਉਨ੍ਹਾਂ ਦੀ, ਘਾਣ ਉਸ ਕਿਸੇ ਦਾ ਕਰੀ ਜਾਂਦੇ ਆ, ਵੱਡੇ ਸੂਰਮੇ…ਅੰਦਰ ਜਿਵੇਂ ਕਚਹਿਰੀ ਦੀ ਹਵਾ ਬੋਲਦੀ ਹੋਵੇ ..ਚੱਲ ਜੇ ਅਗਲੇ ਤੜੀ ਨਾਲ, ਡਰਾ-ਧਮਕਾ ਕੇ ਆਉਣ-ਠਹਿਰਨ ਲੱਗ ਈ ਪਏ ਸੀ ,ਤਾਂ ਦੱਸਿਆ ਕਿਉਂ ਨਈਂ ? ਮੈਨੂੰ , ਸੰਧੂ ਸਾਬ੍ਹ ਨੂੰ ਜਾਂ ਸੁਰੱਖਿਆ ਅਮਲੇ ਚੋਂ ਕਿਸੇ ਨੂੰ ! ਦੁਨੀਆਂ ਭਰ ਦੀ ਵਾਕਫੀ ਰੱਖਣ ਵਾਲੀ ਸੂਝ-ਬੂਝ ਐਥੇ ਕਿਉਂ ਸਹਿਮ ਗਈ ? ਹੋਰਨਾਂ ਲਈ ਰੱਖੇ ਉਪਦੇਸ਼ ਆਪਣੇ ਤੇ ਲਾਗੂ ਕਿਉਂ ਨਾ ਹੋਏ ?….ਕਿਤੇ ਸੱਚ-ਮੁੱਚ ਈ ਤਾ ਨਈਂ ਉਨ੍ਹਾਂ ਨਾਲ !

ਨਈਂ,ਨਈਂ ਇਉਂ ਹੋ ਸਕਦਾ …. , ਬਾਬੇ ਸਿਰ ਸਿਰੇ ਦਾ ਦੋਸ਼ ਮੜ੍ਹ ਕੇ ਮੈਂ ਸ਼ਰਮਿੰਦਾ ਜਿਹਾ ਹੋਣ ਲੱਗਾ – ਐ ਨਈਂ ਡੋਲ ਸਕਦਾ ਉਹ । ਕਲਾ ਤੇ ਜ਼ਿੰਦਗੀ ਲਈ ਲੜ-ਮਰਨ ਵਾਲਾ ਸਿਪਾਹੀ ਐਉਂ ਜੇ ਡੋਲਿਆ ਹੁੰਦਾ , ਤਾਂ ਇਹ ਹਾਲ ਨਈਂ ਸੀ ਹੋਣ ਉਦ੍ਹਾ । ਉਨੂੰ ਕ ਨਈਂ ਸੀ ਆਉਦਾ – ਲੁਕਣਾ, ਛਿਪਣਾ, ਹਮਲਾ ਕਰਨਾ, ਰੋਕਣਾ ! ਸਭ ਜਾਣਦਾ ਸੀ ਉਹ ।….ਉਹ ਤਾਂ ਸਗੋਂ ਕੱਟੜ ਵਿਰੋਧੀ ਸੀ ਇਹੋ –ਜਿਹੀ ਅਪਰਾਧ ਨੀਤੀ ਦਾ,ਮਨੁੱਖ ਹੱਥੋਂ ਮਨੁੱਖ ਦੇ ਖਾਤਮੇ ਦਾ। ਫੇਰ…ਫਿਰ ਦੱਸਿਆ ਕਿਉਂ ਨਈਂ ਉਨ੍ਹੇ , ਸੱਚ ਜਾਂ ਝੂਠ । ਜੋ ਵੀ ਸੀ, ਹਾਂ ਜਾਂ ਨਾਂਹ । ਕਿਉਂ ਉਸ ਦੀ ਜੀਭ ਉਦ੍ਹੇ ਢਿੱਡ ਚ ਉਤਰ ਗਈ ? ਏਨਾ ਹੀ ਦਹਿਲ ਗਿਆ ਸੀ ਉਨ੍ਹਾਂ ਤੋਂ !…ਮੱਟੂ ਤਾਂ ਸਗੋਂ ਬਿਲਕੁਲ ਉਲਟ ਦੱਸਦਾ ਸੀ ਉਦ੍ਹੇ ਬਾਰੇ ।

ਬਾਬੇ ਤੇ ਹਿਰਖ਼ ਛਾਂਟਦਾ , ਮੈਂ ਫਿਰ ਪਿੰਡ ਵੱਲ ਨੂੰ ਹੋ ਤੁਰਿਆ । ਲੜਖੜਾਉਂਦਾ ਜਿਹਾ । ਦੁਬਿਧਾ-ਗ੍ਰਸਤ । ਦੋ-ਚਾਰ ਲਾਂਘਾਂ ਭਰ ਕੇ ਮੇਰੇ ਪੈਰ ਫਿਰ ਜੁੜ ਗਏ ।ਸੰਧੂ ਸਾਬ੍ਹ ਦੀ ਟਿੱਪਣੀ ਸੁੜ ਤੋਂ ਮੇਰਾ ਰਾਹ ਮੱਲ ਖਲੋਤੀ – ਅਸਲ ਚ ਉਨਾਂ ਹੋਰ ਕੰਮ ਲਈ ਡੱਕਿਆ ਉਨੂੰ ,ਆਪਣੇ ਕੰਮ ਲਈ , ੳਹ ਮੰਨਦਾ ਈ ਨਈਂ, ਹਾਂ ਈ ਨਈਂ ਕਰਦਾ ਅੱਗੋਂ ….।

…ਕੇੜ੍ਹੇ ਕੰਮ ਲਈ ? ਮੁਖ਼ਬਰੀ ਕਰਨ ਲਈ । ਰਾਤ ਬਰਾਤੇ ਆ ਠਹਿਰਦੇ ਰਾਹੀਆਂ ਦੀ ਸੂਹ ਦੇਣ ਲਈ !…ਨਈਂ ਇਹ ਵੀ ਨਈਂ ਸੀ ਹੋਣਾਂ ਉਸ ਤੋਂ । ਤਨੋ-ਮਨੋ ਚਾਹੁੰਦਿਆਂ ਹੋਇਆਂ ਵੀ ਨਈਂ ਸੀ ਹੋ ਸਕਣਾ ਉਸ ਤੋਂ-ਹਥਿਆਰਬੰਦ ਅਪਰਾਧੀਆਂ ਨੂੰ ਹਥਿਆਰਬੰਦ ਕਸਾਈਆਂ ਹਵਾਲੇ ਕਰਨ ਦਾ ਕੰਮ ਨਈਂ ਸੀ ਕਰ ਸਕਦਾਂ ਉਹ । ….ਉਹ ਤਾਂ ਬਹੁਤ ਚੰਗੀ ਤਰ੍ਹਾਂ ਵਾਕਫ਼ ਸੀ ਪੁਲਸੀ ਢੰਗ-ਤਰੀਕੇ ਤੋਂ । ਉਦ੍ਹੇ ਕਈ ਸੰਗੀ-ਸਾਥੀ ਊਈਂ ਮਾਰ-ਖੱਪਾ ਛਡੇ ਸਨ, ਪੁਲਸ ਨੇ ।ਕੁੱਤੇ-ਬਿੱਲੀਆਂ ਸਮਝ ਕੇ । ਪਤਾ ਈ ਨਈਂ ਸੀ ਲੱਗਣ ਦਿੱਤਾ, ਕਿੱਧਰੋਂ ਫੜੇ ਕਿੱਧਰ ਗਏ ….! ਮੇਰੇ ਅੰਦਰਲੇ ਕਾਨੂੰਨ ਨੇ ਉਸ ਨੂੰ ਸਾਫ਼ ਬਰੀ ਕਰਦਿਆਂ , ਕਿੰਨਾ ਸਾਰਾ ਦੋਸ਼ ਆਪਣੇ ਸਿਰ ਲੈ ਲਿਆ …ਮੈਂ…ਮੈਂ ਭਲਾ ਉਸ ਦੀ ਸਾਰ ਕਿਉਂ ਨਾ ਲਈ, ਐਨਾ ਚਿਰ ? ਕਿਉਂ ਮੈਂ ਉਸ ਨਾਲ ਦੁਆ-ਸਲਾਮ ਬੰਦ ਕੀਤੀ ਰੱਖੀ , ਐਵੇਂ ਨਿਗੁਣੀ ਜਿਹੀ ਗੱਲ ਕਰਕੇ, ਕੋਈ ਚੰਗੀ ਲਿਖਤ ਨਾ ਲਿਖੀ ਜਾਣ ਕਰਕੇ । ਉਹਨੇ ਖ਼ਬਰੇ ਕਿਹੜੀ ਨਮੋਸ਼ੀ ਕਾਰਨ, ਕਈ ਚਿਰ ਤੋਂ ਮੇਰਾ ਰਾਹ ਰੋਕ ਕੇ , ਮੇਰੀ ਨਿਗਾਹ ਚ ਨਿਗਾਹ ਗੱਡ ਕੇ ਵਾਰ ਵਾਰ ਪੁੱਛੀ , ਹੁਣ ਕਦੀ ਮੁੜ ਉਹੀ ਗੱਲ ਨਹੀਂ ਸੀ , ਪੁੱਛੀ –ਕੀ ਹਾਲ ਆ ਭਾਅ ਤੇਰੀ ਪੜ੍ਹਾਈ –ਲਿਖਾੲ. ਦਾਆ….। ਪਛਤਾਵੇ ਚ ਘਿਰਿਆ, ਮੈਂ ਆਖਿਰ ਪਿਛਾਂਹ ਪਰਤ ਆਇਆ । ਸਿੱਧਾ ਅੰਦਰ ਲੰਘ ਗਿਆ ਕੁਟੀਆ ਵੱਲ । ਅੰਦਰੋਂ ਕੋਈ ਆਵਾਜ਼ ਨਾ ਆਈ ।ਕਿਸੇ ਬੀੱਡੇ-ਟਿੱਡੇ ਦੀ ਵੀ ਨਾ । ਪੋਲੇ ਪੈਰੀਂ ਤੁਰਿਆ ਬਾਰ ਲਾਗੇ ਜਾ ਖੜ੍ਹਾ ਹੋਇਆ ।ਕੰਨ ਅੰਦਰ ਜੁੜੇ ਪਏ ਸਨ । ਬਾਬੇ ਨੂੰ ਹੂੰਗਦਾ ਸੁਣਨ ਲਈ । ਪਰ ਕੁੱਲੀ ਅੰਦਰ ਜਿਵੇਂ ਕਬਰ ਵਗਰੀ ਚੁੱਪ ਸੀ ।ਜ਼ਰਾ ਕੁ ਹੋਰ ਲਾਗੇ ਹੋ ਕੇ ਦੇਖਿਆ, ਕੁਟੀਆ ਬਾਹਰੋਂ ਬੰਦ ਸੀ । ਕੁੰਡਾ ਲੱਗਾਸੀ , ਭਿੱਤ ਨੂੰ । ਸਹਿਮੇ ਜਿਹੇ ਨੇ ਮੈਂ ਕੁੰਡਾ ਖੋਲ ਕੇ ਅੰਦਰ ਝਾਕਿਆ- ਨਾ ਬਾਬਾ,ਮੰਜਾਂ , ਨਾ ਬਿਸਤਰਾ । ਸਿਰਫ਼ ਦੀਵਾ ਜਗਦਾ ਸੀ , ਕੌੜੇ ਤੇਲ ਦਾ , ਵੱਡੇ ਆਲੇ ਚ । ਕਰਮੰਡਲ ਉਸਦਾ ਕੀਲੀ ਨਾਲ ਸੀ , ਅਡੋਲ ਚੁੱਪ-ਚਾਪ ਲਟਕਦਾ। ਜਿਵੇਂ ਥੱਕ ਗਿਆ ਹੋਵੇ ,ਸੇਵਾ ਕਰਦਾ । ਤੇ ਖੂੰਟਾ, ਕੋਕਿਆਂ ਵਾਲਾ ਖੂੰਟਾ ਜਿਹਾੜਾ ਗਜ਼ਾ ਵੇਲੇ ਨਾਲ ਹੁੰਦਾ ਸੀ ਉਹਦੇ , ਆਸਰਾ ਦੇਣ ਲਈ ਜਾਂ ਉਂਝ ਈ ਦਰਵੇਸ਼ੀ ਵਜੋਂ, ਸਹਿਮਿਆਂ ਖੜ੍ਹਾ ਸੀ ਇਕ ਖੂੰਜੇ ।

ਮੈਨੂੰ ਸਾਰੀ ਕਥਾ ਝੱਟ ਸਮਝ  ਪੈ ਗਈ । ਨਿਢਾਲ ਜਿਹੇ ਹੋਏ  ਨੇ ਭਿੱਤ ਉਵੇਂ ਬੰਦ ਕਰ ਦਿੱਤੇ ।ਲੱਤਾਂ-ਪੈਰ ਘਸੀਟਦਾ, ਪਿੰਡ ਨੂੰ ਤੁਰ ਪਿਆ, ਅੱਧੋਰਾਣਾ ਜਿਹਾ , ਗੁਆਚਾ-ਗੁਆਚਾ । ਕੁਟੀਆ ਦੇ ਸਾਰੇ ਹਮਲਾਕਾਰੀਆਂ ਨੂੰ ਲੜੀ-ਵਾਰ ਕਰਦਾ । ਹਰ ਇਕ ਦੇ ਹਿੱਸੇ ਨੂੰ ਹਿੱਸਾ-ਵਾਰ ਕਰਦਾ – ਆਪਣਾ, ਡਾਕਟਰ ਨਿੰਦਰ ਦਾ, ਸੰਧੂ ਸਾਬ੍ਹ ਦੀ, ਖਾੜਕੂਆਂ ਦਾ, ਪੁਲਿਸ ਦਾ, ਜਿੰਨਾ  ਜਿੰਨਾ ਵੀ ਕਿਸੇ ਦਾ ਬਣਦਾ ਸੀ , ਬਾਬੇ ਨੂੰ ਮੁੱਕਦਾ ਕਰਨ ਵਿੱਚ ।…..ਘਰ ਪੁੱਜਾ ਤਾ ਬਾਪੂ ਓਟੋ ਲਾਗੇ ਬੈਠਾ ਸੀ ,ਮੂੜ੍ਹੇ ਤੇ ।ਗੋਡਿਆਂ ਚ ਸਿਰ ਸੁੱਟੀ । ਮੇਰੀ ਪੈੜ-ਚਾਲ ਸੁਣ ਕੇ ਰਤਾ ਕੁ ਹਿੱਲਿਆ । ਵੱਡਾ ਸਾਰਾ ਹਓਕਾ ਭਰਕੇ । ਉਹਨੇ ਨਿੱਕੀ ਜਿੰਨੀ ਖ਼ਬਰ ਕਿੰਨਾ ਈ ਚਿਰ ਲਾ ਕੇ ਪੂਰੀ ਸੁਣਾਈ – ਬਾਬਾ…ਤਾਂ….ਪੂਰਾ….ਹੋ…..ਗਿਆ….ਓਧਰੋਂ…..ਆਉਂਦਾ…ਈ…. ਕਾਕਾ । ….ਬੂਟਾ….ਰਾਮ….ਬਾਬਾ……।

ਮੈਨੂੰ ਜਿਵੇਂ ਉਸ ਦੀ ਗੱਲ ਸੁਣੀ ਈ ਨਾ ਹੋਵੇ ।

ਮੈਂ ਆਪਣੇ ਧਿਆਨ ਸਿੱਧਾ ਵੱਡੇ ਅੰਦਰ ਲੰਘ ਗਿਆ। ਹੱਥਲਾ ਬੈਗ ਕੀਲੀ ਨਾਲ ਟੰਗ ਕੇ, ਫਿਰ ਬਾਹਰ ਆ ਖੜਾ ਹੋਇਆ ,ਵਿਹੜੇ ਚ । ਵਿਹੜੇ ਚ ਸਾਹ-ਸੂਤਵੀਂ ਚੁੱਪ ਸੀ,ਬਾਹਰਲੀ ਫਿਰਨੀ ਵਰਗੀ , ਤੇ ਫਿਰਨੀ ਨਾਲ ਜੁੜਵੇਂ ਬੂਟੇ ਬੂਝੜ ਤੇ ਖੇਤਾਂ ਵਰਗੀ । ਚੁੱਪ ਤੇ ਪਲੋ-ਪਲ ਵੱਧਦੀ ਰਾਤ ਦੀ ਕਾਲਖ਼ । ਜਿਸ ਨੂੰ ਚੀਰ ਕੇ ਲੰਘਦੀਆਂ ਇਕ-ਦੋ ਕਿਰਨਾਂ ਕੁੱਲੀ ਚ ਸੁੱਤੇ-ਸਿਧ ਈ ਪਿੰਡ ਪਹੁੰਚ ਰਹੀਆਂ ਸਨ, ਪਿੰਡ ਦੇ ਘਰਾਂ-ਕੋਠਿਆਂ ਤੱਕ ।

ਆਪਦੀ ਇਕੱਠ ਚ ਲੁਕਿਆ ,ਮੈਂ ਕਿੰਨਾ ਈ ਚਿਰ ਕੁਟੀਆ ਦੇ ਬੰਦ ਭਿੱਤਾਂ ਚੋਂ ਝਰਦੀ ,ਮੱਧਮ ਜਿਹੀ  ਰੌਸ਼ਨੀ ਵੱਲ ਦੇਖੀ ਗਿਆ….ਦੇਖੀ ਗਿਆ ।

ਬੜੇ ਚਿਰ ਪਿੱਛੋਂ ਮੇਰੇ ਅੰਦਰ ਜਿਵੇਂ ਦੱਬ ਹੋਏ, ਸੁੱਤੇ ਪਏ ਬੋਲਾਂ ਨੂੰ ਮੁੜ ਕੇ ਜਾਗ ਆ ਗਈ ਹੋਵੇ….।

ਇਕ ਪ੍ਰਸ਼ਨ-ਵਾਚਕ ਕਵਿਤਾ ਤੇ ਆਵੇਗ ਨੇ ਆਪ-ਮੁਹਾਰੇ ਮੇਰੀ ਜੀਭ ਤੇ ਪਰ ਖਿਲਾਰ ਲਏ – ਬੂਟਾ ਰਾਮ ਪੂਰਾ ਹੋ ਗਿਐ ।ਸੱਚ-ਮੁੱਚ ਪੂਰਾ ਹੋ ਗਿਐ …ਬੂਟਾ ਰਾਮ ? ….ਰੁੱਖੀ –ਬੰਜਰ ਧਰਤੀ ਤੇ ਠੰਢੀ-ਮਿੱਠੀ ਛਾਂ ਕਰਨ ਵਾਲਾ ਬੂਟਾ…ਰਾਮ….।


                                                       ————————–

 

ਲਾਲ ਸਿੰਘ ਦਸੂਹਾ

ਨੇੜੇ ਸੈਂਟ ਪਾਲ ਕਾਨਵੈਂਟ ਸਕੂਲ,ਵਾਰਡ ਨੰਬਰ -6

ਨਿਹਾਲਪੁਰ , ਦਸੂਹਾ(ਹੁਸ਼ਿਆਰਪੁਰ)

Mobile No : 094655-74866

ਵੈਬ-ਸਾਇਟ –  www.lalsinghdasuya.yolasite.com

Post Author: admin

Leave a Reply

Your email address will not be published. Required fields are marked *