ਭਾਰ / ਮਿੰਨੀ ਕਹਾਣੀ / ਮਹਿੰਦਰ ਸਿੰਘ ਮਾਨ


ਭਾਵੇਂ ਕਮਲੇਸ਼ ਦਾ ਵਿਆਹ ਹੋਏ ਨੂੰ ਦੋ ਸਾਲ ਹੋ ਗਏ ਸਨ,ਪਰ ਉਸ ਦੇ ਹਾਲੇ ਕੋਈ ਬੱਚਾ ਨਹੀਂ ਹੋਇਆ ਸੀ। ਉਸ ਦਾ ਪਤੀ ਵੀ ਬੱਚੇ ਲਈ ਬਹੁਤਾ ਉਤਸੁਕ ਨਹੀਂ ਸੀ ਜਾਪਦਾ, ਇਸੇ ਲਈ ਉਸ ਨੇ ਬੱਚੇ ਲਈ ਹਾਲੇ ਕਿਸੇ ਲੇਡੀ ਡਾਕਟਰ ਤੋਂ ਸਲਾਹ ਨਹੀਂ ਸੀ ਲਈ।ਦੂਜੇ ਪਾਸੇ ਉਸ ਦੀ ਜਠਾਣੀ ਪਰਮਜੀਤ ਦੇ ਲਗਾਤਾਰ ਚਾਰ ਕੁੜੀਆਂ ਨੇ ਜਨਮ ਲੈ ਲਿਆ ਸੀ।ਕਮਲੇਸ਼ ਨੂੰ ਵਿਆਹੀ ਆਈ ਨੂੰ ਹਾਲੇ ਦਸ ਦਿਨ ਹੀ ਹੋਏ ਸਨ,ਜਦੋਂ ਪਰਮਜੀਤ ਨੇ ਚੌਥੀ ਕੁੜੀ ਨੂੰ ਜਨਮ ਦਿੱਤਾ ਸੀ। ਕਮਲੇਸ਼ ਨੂੰ ਚੰਗੀ ਤਰ੍ਹਾਂ ਯਾਦ ਸੀ,ਚੌਥੀ ਕੁੜੀ ਦੇ ਜਨਮ ਲੈਣ ‘ਤੇ ਪਰਮਜੀਤ ਨੇ ਰੋ ਰੋ ਆਪਣਾ ਬੁਰਾ ਹਾਲ ਕਰ ਲਿਆ ਸੀ।ਕਿਉਂ ਕਿ ਉਸ ਦਾ ਸਹੁਰਾ ਪਰਿਵਾਰ ਕੁੜੀਆਂ ਦੇ ਜਨਮ ਲਈ ਉਸ ਨੂੰ ਹੀ ਦੋਸ਼ੀ ਸਮਝਦਾ ਸੀ।ਭਾਵੇਂ ਕਮਲੇਸ਼ ਨੇ ਉਸ ਨੂੰ ਇਹ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਕਿ ਔਰਤ ਕੁੜੀ ਦੇ ਜਨਮ ਲਈ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ ਹੈ,ਫਿਰ ਵੀ ਉਸ ਨੂੰ ਆਪਣੇ ਆਪ ਨੂੰ ਸੰਭਾਲਣ ਵਿੱਚ ਕਾਫੀ ਸਮਾਂ ਲੱਗ ਗਿਆ ਸੀ।
ਅੱਜ ਫਿਰ ਪਰਮਜੀਤ ਨੇ ਪੰਜਵੀਂ ਕੁੜੀ ਨੂੰ ਜਨਮ ਦਿੱਤਾ ਸੀ।ਸਾਰਾ ਸਹੁਰਾ ਪਰਿਵਾਰ ਫਿਰ ਕੁੜੀ ਹੋਣ ਤੇ ਉਦਾਸੀ ਦੇ ਸਮੁੰਦਰ ਵਿੱਚ ਡੁੱਬ ਗਿਆ।ਇਹ ਵੇਖ ਕੇ ਪਰਮਜੀਤ ਦਾ ਸਰੀਰ ਬਿਲਕੁਲ ਠੰਡਾ ਪੈ ਗਿਆ।ਕਮਲੇਸ਼ ਨੇ ਹਿੰਮਤ ਕਰਕੇ ਆਪਣੇ ਪਤੀ ਨੂੰ ਲਾਗਲੇ ਪਿੰਡ ਤੋਂ ਡਾਕਟਰ ਲਿਆਣ ਲਈ ਕਿਹਾ। ਡਾਕਟਰ ਨੇ ਆ ਕੇ ਪਰਮਜੀਤ ਦਾ ਚੈੱਕ ਅੱਪ ਕੀਤਾ। ਉਸ ਦਾ ਬਲੱਡ ਪ੍ਰੈਸ਼ਰ ਕਾਫੀ ਘੱਟ ਸੀ। ਡਾਕਟਰ ਨੇ ਪਰਮਜੀਤ ਦੇ ਇਕ ਟੀਕਾ ਲਾਇਆ ਅਤੇ ਗੋਲੀਆਂ ਖਾਣ ਨੂੰ ਦਿੱਤੀਆਂ। ਇਕ ਘੰਟੇ ਪਿੱਛੋਂ ਉਸ ਦੀ ਸਿਹਤ ਕੁਝ ਠੀਕ ਹੋ ਗਈ। “ਕਮਲੇਸ਼ ਮੈਂ ਤਾਂ ਐਤਕੀਂ ਰੱਬ ਅੱਗੇ ਵੀ ਬੜੀਆਂ ਅਰਦਾਸਾਂ ਕੀਤੀਆਂ ਕਿ ਉਹ ਮੈਨੂੰ ਪੁੱਤ ਦੀ ਦਾਤ ਬਖਸ਼ ਦੇਵੇ ਤੇ ਮੇਰੇ ਮੱਥੇ ਤੇ ਜਿਹੜਾ ਕੁੜੀਆਂ ਜੰਮਣ ਦਾ ਕਲੰਕ ਲੱਗਾ ਆ,ਉਹ ਮਿਟ ਜਾਵੇ।ਪਰ ਉਸ ਨੇ ਵੀ ਮੇਰੀ ਅਰਦਾਸ ਨਹੀਂ ਸੁਣੀ।”ਏਨਾ ਕਹਿ ਕੇ ਪਰਮਜੀਤ ਨੇ ਅੱਖਾਂ ਭਰ ਲਈਆਂ।ਕਮਲੇਸ਼ ਨੇ ਉਸ ਦੀਆਂ ਅੱਖਾਂ ਤੌਲੀਏ ਨਾਲ ਸਾਫ ਕੀਤੀਆਂ ਅਤੇ ਆਖਿਆ, “ਦੀਦੀ, ਤੂੰ ਇਹ ਕੁੜੀ ਮੇਰੀ ਝੋਲੀ ਪਾ ਦੇ।ਮੇਰੇ ਕਿਹੜਾ ਹਾਲੇ ਕੋਈ ਬੱਚਾ ਹੋਇਆ।ਮੈਂ ਇਸ ਨੂੰ ਆਪ ਪਾਲਾਂਗੀ, ਪੜ੍ਹਾਵਾਂਗੀ,ਉੱਚੇ ਅਹੁਦੇ ਤੇ ਲੁਆਵਾਂਗੀ ਤੇ ਉਨ੍ਹਾਂ ਦੇ ਮੂੰਹ ਬੰਦ ਕਰਾਂਗੀ,ਜੋ ਕੁੜੀਆਂ ਨੂੰ ਭਾਰ ਸਮਝਦੇ ਆ।”

***

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

Post Author: admin

Leave a Reply

Your email address will not be published. Required fields are marked *