ਭਵਿੱਖਬਾਣੀ / ਮਿੰਨੀ ਕਹਾਣੀ/ ਮਹਿੰਦਰ ਸਿੰਘ ਮਾਨ


ਕਰਮ ਸਿੰਘ ਨੇ ਕੱਪੜਿਆਂ ਦੀ ਡੱਗੀ ਨੂੰ ਸਾਈਕਲ ਦੇ ਕੈਰੀਅਰ ‘ਤੇ ਰੱਖ ਕੇ ਚੰਗੀ ਤਰ੍ਹਾਂ ਘੁੱਟ ਕੇ ਬੰਨ੍ਹਣ ਪਿੱਛੋਂ ਆਪਣੀ ਪਤਨੀ ਨੂੰ ਆਖਿਆ, “ਬਲਵੀਰ ਕੁਰੇ, ਲਿਆ ਫਿਰ ਰੋਟੀ ਤੇ ਖਾ ਕੇ ਆਪਣੇ ਆਹਰੇ ਲੱਗੀਏ।”
“ਹੁਣੇ ਲਿਆਈ ਜੀ।”ਕਹਿ ਕੇ ਉਸ ਦੀ ਪਤਨੀ ਉਸ ਲਈ ਫਟਾ ਫਟ ਰੋਟੀ ਲੈ ਆਈ। ਰੋਟੀ ਖਾਣ ਪਿੱਛੋਂ ਜਦੋਂ ਉਹ ਆਪਣੇ ਘਰ ਦਾ ਗੇਟ ਖੋਲ੍ਹਣ ਲੱਗਾ, ਤਾਂ ਇਕ ਹੱਥ ਵੇਖਣ ਵਾਲਾ ਜੋਤਸ਼ੀ ਅੰਦਰ ਆ ਵੜਿਆ। ਉਸ ਨੇ ਕਰਮ ਸਿੰਘ ਨੂੰ ਆਖਿਆ, “ਸਰਦਾਰ ਜੀ ਹੱਥ ਵਿਖਾ ਲਉ। ਅਸੀਂ ਹੱਥ ਵੇਖ ਕੇ ਜਿਹੜੀ ਭਵਿੱਖਬਾਣੀ ਕਰਦੇ ਹਾਂ, ਕਦੇ ਝੂਠੀ ਨਹੀਂ ਨਿਕਲਦੀ।”
ਕਰਮ ੰਿਸੰਘ ਨੇ ਸੋਚਿਆ, ਚਲੋ ਦੋ ਮਿੰਟ ਜੋਤਸ਼ੀ ਨਾਲ ਸ਼ੁਗਲ ਹੀ ਕਰ ਲੈਂਦੇ ਹਾਂ।“ਲਉ ਫਿਰ ਵੇਖੋ ਮੇਰਾ ਹੱਥ।”ਕਰਮ ਸਿੰਘ ਨੇ ਆਪਣਾ ਸੱਜਾ ਹੱਥ ਜੋਤਸ਼ੀ ਦੇ ਅੱਗੇ ਕਰਦਿਆਂ ਆਖਿਆ।
ਕਰਮ ਸਿੰਘ ਦੀ ਬੰਨ੍ਹੀ ਹੋਈ ਦਾੜ੍ਹੀ, ਸਿਰ ਤੇ ਠੋਕ ਕੇ ਬੰਨ੍ਹੀ ਹੋਈ ਪੱਗ ਅਤੇ ਪੈਂਟ, ਕਮੀਜ਼ ਪਾਈ ਵੇਖ ਕੇ ਜੋਤਸ਼ੀ ਬੋਲਿਆ, “ਸਰਦਾਰ ਜੀ, ਤੁਸੀਂ ਬੜੇ ਅੱਛੇ ਭਾਗਾਂ ਵਾਲੇ ਹੋ। ਤੁਹਾਡੀ ਬਹੁਤ ਛੇਤੀ ਪਰਮੋਸ਼ਨ ਹੋਣ ਵਾਲੀ ਆ। ਪਰਮੋਸ਼ਨ ਪਿੱਛੋਂ ਤੁਹਾਡੀ ਤਨਖਾਹ ਵਿੱਚ ਕਾਫੀ ਵਾਧਾ ਹੋ ਜਾਵੇਗਾ।”
“ਜੋਤਸ਼ੀ ਜੀ, ਕਾਹਤੋਂ ਝੂਠ ਬੋਲੀ ਜਾਂਦੇ ਹੋ? ਮੈਂ ਤਾਂ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚਲਾਨਾ ਆਂ।”ਕਰਮ ਸਿੰਘ ਨੇ ਆਖਿਆ।
“ਸਰਦਾਰ ਜੀ, ਮੈਂ ਸੱਚ ਕਹਿਨਾ। ਮੈਂ ਝੂਠ ਨੀ੍ਹ ਬੋਲਦਾ।ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾਂ ਕਿ ਸਾਡੀ ਭਵਿੱਖਬਾਣੀ ਕਦੇ ਝੂਠੀ ਨ੍ਹੀ ਨਿਕਲਦੀ।”ਜੋਤਸ਼ੀ ਨੇ ਬੜੇ ਆਤਮ ਵਿਸ਼ਵਾਸ ਨਾਲ ਆਖਿਆ।
ਕਰਮ ਸਿੰਘ ਨੂੰ ਉਸ ਦੇ ਸੌ ਪ੍ਰਤੀਸ਼ਤ ਝੂਠ ਬੋਲਣ ਤੇ ਗੁੱਸਾ ਆ ਗਿਆ।ਉਸ ਨੇ ਜੋਤਸ਼ੀ ਤੋਂ ਆਪਣਾ ਹੱਥ ਛੱਡਾ ਕੇ ਆਪਣੇ ਸਾਈਕਲ ਵੱਲ ਇਸ਼ਾਰਾ ਕਰਕੇ ਆਖਿਆ, “ਔਹ ਸਾਮ੍ਹਣੇ ਸਾਈਕਲ ਖੜਾ ਦਿੱਸਦਾ ਤੈਨੂੰ, ਉਹ ਸਾਈਕਲ ਮੇਰਾ ਆ। ਮੈਂ ਰੋਜ਼ ਪਿੰਡਾਂ ‘ਚ ਜਾ ਕੇ ਕੱਪੜੇ ਵੇਚਦਾ ਆਂ ਤੇ ਆਪਣੇ ਟੱਬਰ ਨੂੰ ਪਾਲਦਾ ਆਂ।ਤੂੰ ਮੇਰੀ ਪਰਮੋਸ਼ਨ ਦੀਆਂ ਗੱਲਾਂ ਕਰਦਾਂ ਆਂ।”ਇਹ ਸੁਣ ਕੇ ਜੋਤਸ਼ੀ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਅਤੇ ਉਹ ਕਾਹਲੀ ਨਾਲ ਕਰਮ ਸਿੰਘ ਦੇ ਘਰ ਦੇ ਗੇਟ ਤੋਂ ਬਾਹਰ ਹੋ ਗਿਆ।

 

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
{ਸ.ਭ.ਸ.ਨਗਰ}9915803554

Post Author: admin

Leave a Reply

Your email address will not be published. Required fields are marked *