ਮਿੰਨੀ ਕਹਾਣੀ / ਫਿਕਰਾਂ ਦੀ ਪੰਡ / ਮਹਿੰਦਰ ਸਿੰਘ ਮਾਨ


ਅੱਜ ਐਤਵਾਰ ਦਾ ਦਿਨ ਹੋਣ ਕਰਕੇ ਮੈਂ ਸਕੂਲ ਨਹੀਂ ਗਿਆ।ਅਚਾਨਕ ਮੇਰੇ ਘਰ ਦਾ ਗੇਟ ਕਿਸੇ ਨੇ ਖੜਕਾਇਆ ਹੈ।ਮੈਂ ਗੇਟ ਖੋਲ੍ਹ ਕੇ ਦੇਖਿਆ,ਬਾਹਰ ਮੇਰਾ ਵੱਡਾ ਭਰਾ ਖੜਾ ਸੀ।ਉਹ ਪਿੰਡ ਤੋਂ ਮੇਰੀ ਪਤਨੀ ਬਲਜੀਤ ਦੀ ਖਬਰ ਲੈਣ ਆਇਆ ਸੀ, ਜੋ ਕਿ ਦੋ ਮਹੀਨਿਆਂ ਤੋਂ ਪੀਲੀਏ ਦੀ ਬੀਮਾਰੀ ਨਾਲ ਜੂਝ ਰਹੀ ਸੀ।ਮੈਂ ਉਸ ਨੂੰ ਆਪਣੀ ਪਤਨੀ ਬਲਜੀਤ ਕੋਲ ਬਿਠਾ ਕੇ ਉਸ ਲਈ ਚਾਹ-ਪਾਣੀ ਦਾ ਪ੍ਰਬੰਧ ਕਰਨ ਚਲਾ ਗਿਆ।ਉਸ ਨੇ ਮੇਰੀ ਪਤਨੀ ਤੋਂ ਉਸ ਦੀ ਬੀਮਾਰੀ ਅਤੇ ਚਲ ਰਹੇ ਡਾਕਟਰੀ ਇਲਾਜ ਬਾਰੇ ਪੁੱਛਿਆ।ਚਾਹ,ਪਾਣੀ ਦਾ ਪ੍ਰਬੰਧ ਕਰਨ ਪਿੱਛੋਂ ਮੈਂ ਉਸ ਕੋਲ ਆ ਕੇ ਬੈਠ ਗਿਆ। ਚਾਹ ਪੀਂਦਿਆਂ ਮੈਂ ਆਪਣੇ ਭਰਾ ਨੂੰ ਪੁੱਛਿਆ, “ ਹੋਰ ਫਿਰ ਭਾਬੀ , ਜੀਤੇ ਤੇ ਕਮਲਜੀਤ ਦਾ ਕੀ ਹਾਲ ਆ? ਕਮਲਜੀਤ ਲਈ ਕੋਈ ਮੁੰਡਾ ਲੱਭਾ ਕਿ ਨਹੀਂ।ੳਹ ਤਾਂ 28 ਸਾਲ ਤੋਂ ਵੀ ਟੱਪ ਚਲੀ ਆ।ਇਹ ਉਸ ਦੇ ਵਿਆਹ ਦੀ ਸਹੀ ਉਮਰ ਆ।”
ਜਿਵੇਂ ਮੈਂ ਆਪਣੇ ਭਰਾ ਦੇ ਦਿਲ ਦੀ ਗੱਲ ਬੁਝ ਲਈ ਹੋਵੇ,ਉਹ ਇੱਕ ਦਮ ਬੋਲ ਉੱਠਿਆ, “ਮੈਂ ਬਲਜੀਤ ਦੀ ਖਬਰ ਲੈਣ ਆਇਆ ਸੀ।ਬਹੁਤ ਫਿਕਰ ਲੱਗਾ ਹੋਇਆ ਸੀ। ਅੱਜ ਕੱਲ੍ਹ ਬੀਮਾਰੀਆਂ ਬੜੀਆਂ ਭੈੜੀਆਂ-ਭੈੜੀਆਂ ਆ ਗਈਆਂ ਆਂ।ਨਾਲੇ ਮੈਂ ਆਖਿਆ ਤੈਨੂੰ ਦੱਸ ਆਵਾਂ ਕਿ ਕਮਲਜੀਤ ਦਾ ਰਿਸ਼ਤਾ ਬਡੇਸਰਂੋ ਪੱਕਾ ਹੋ ਗਿਆ ਆ।ਮੁੰਡਾ ਆਪਣੀ ਗੱਡੀ ਚਲਾਂਦਾ ਆ।ਅੱਜ ਕੱਲ੍ਹ ਨੌਕਰੀ ਲੱਗੇ ਮੁੰਡੇ ਕਿੱਥੇ ਮਿਲਦੇ ਆ?”
“ਇਹ ਤਾਂ ਬਹੁਤ ਚੰਗਾ ਹੋਇਆ।ਵਿਆਹ ਕਦੋਂ ਦਾ ਰੱਖਿਆ?” “ਵਿਆਹ ਤੈਨੂੰ ਪੁੱਛ ਕੇ ਹੀ ਰੱਖਣਾ ਆਂ।ਨਾਲੇ ਤੈਨੂੰ ਪਤਾ ਹੀ ਆ ਮੇਰੇ ਕੋਲ ਕਿਹੜਾ ਵਿਆਹ ਜੋਗੇ ਪੈਸੇ ਆ।ਦਿਹਾੜੀਦਾਰਾਂ ਲਈ ਵਿਆਹ ਕਰਨੇ ਬੜੇ ਔਖੇ ਆ।ਮਹਿੰਗਾਈ ਨੇ ਸਭ ਦਾ ਲੱਕ ਤੋੜ ਛੱਡਿਆ ਆ।”
“ਵੀਰਿਆ,ਤੂੰ ਆਪ ਅਨਪੜ੍ਹ ਰਹਿ ਕੇ ਮੈਨੂੰ ਪੜ੍ਹਨ ਦਾ ਮੌਕਾ ਦਿੱਤਾ ਆ।ਤੇਰੇ ਕਰਕੇ ਮੈ ਚਾਰ ਅੱਖਰ ਪੜ੍ਹ ਕੇ ਸਕੂਲ ਟੀਚਰ ਲੱਗਾ ਆਂ।ਹੁਣ ਮੇਰਾ ਵੀ ਫਰਜ਼ ਬਣਦਾ ਆ ਕਿ ਮੈਂ ਤੇਰਾ ਖਿਆਲ ਰੱਖਾਂ।ਕਮਲਜੀਤ ਦੇ ਵਿਆਹ ਦਾ ਫਿਕਰ ਨਾ ਕਰੀਂ।ਉਸ ਦੇ ਵਿਆਹ ਤੇ ਜਿੰਨਾ ਖਰਚ ਆਏਗਾ,ਮੈ ਕਰਾਂਗਾ।”
ਮੇਰੀਆਂ ਗੱਲਾਂ ਸੁਣ ਕੇ ਮੇਰੇ ਭਰਾ ਨੂੰ ਲੱਗਾ ਜਿਵੇਂ ਮੈਂ ਫਿਕਰਾਂ ਦੀ ਪੰਡ ਉਸ ਦੇ ਸਿਰ ਤੋਂ ਲਾਹ ਦਿੱਤੀ ਹੋਵੇ।ਉਹ ਹੌਲਾ ਫੁੱਲ ਹੋ ਕੇ ਮੇਰੇ ਕੋਲੋਂ ਆਗਿਆ ਲੈ ਕੇ ਮੇਰੇ ਘਰ ਤੋਂ ਚਲਾ ਗਿਆ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

 

Post Author: admin

Leave a Reply

Your email address will not be published. Required fields are marked *